ਕਮਜ਼ੋਰ ਨਿਊਕਲੀ ਬਲ

ਮੇਘ ਰਾਜ ਮਿੱਤਰ

ਕਮਜ਼ੋਰ ਨਿਊਲੀ ਬਲ ਕਾਰਨ ਨਿਊਟ੍ਰਾਨ, ਪ੍ਰੋਟਾਨਾਂ ਵਿੱਚ ਬਦਲ ਜਾਂਦੇ ਹਨ। ਕਿਉਂਕਿ ਇਹ ਤਬਦੀਲੀਆਂ ਪ੍ਰਮਾਣੂ ਦੇ ਕੇਂਦਰ ਵਿੱਚ ਹੁੰਦੀਆਂ ਹਨ ਇਸ ਲਈ ਇਸੇ ਬਲ ਕਾਰਨ ਤੱਤਾਂ ਦੇ ਕੇਂਦਰ ਦੀ ਬਣਤਰ ਬਦਲ ਜਾਂਦੀ ਹੈ। ਸਿੱਟੇ ਵਜੋਂ ਤੱਤ ਹੀ ਕਿਸੇ ਹੋਰ ਤੱਤ ਵਿੱਚ ਬਦਲ ਜਾਂਦੇ ਹਨ। ਇਹਨਾਂ ਨੂੰ ਰੇਡੀਓ ਐਕਟਿਵ ਡਿਕੇ ਵੀ ਕਿਹਾ ਜਾਂਦਾ ਹੈ। ਇਸ ਬਲ ਕਾਰਨ ਹੀ ਫਾਸਿਲਾਂ ਦੀ ਉਮਰ ਪਤਾ ਕੀਤੀ ਜਾਂਦੀ ਹੈ। ਕਿਉਂਕਿ ਕਾਰਬਨ ਚੌਦਾਂ, ਕਾਰਬਨ ਬਾਰ੍ਹਾਂ ਵਿੱਚ ਬਦਲ ਜਾਂਦੀ ਹੈ। ਪੋਟਾਸ਼ੀਅਮ ਆਰਗਨ ਵਿੱਚ ਅਤੇ ਯੂਰੇਨੀਅਮ ਸਿੱਕੇ ਵਿੱਚ ਇਸੇ ਬਲ ਕਾਰਨ ਤਬਦੀਲ ਹੁੰਦਾ ਰਹਿੰਦਾ ਹੈ।
ਇਸ ਤਰ੍ਹਾਂ ਇਸ ਫੈਲ ਰਹੇ ਅਤੇ ਸੁੰਗੜਨਸ਼ੀਲ ਬ੍ਰਹਿਮੰਡ ਦੇ ਫੈਲਣਾ ਸ਼ੁਰੂ ਕਰਨ ਸਮੇਂ ਕੀ ਵਾਪਰਿਆ। ਇਸ ਸਮੇਂ ਸਮਾਂ, ਪੁਲਾੜ ਤੇ ਪਦਾਰਥ ਇੱਕ ਹੀ ਬਿੰਦੂ ਵਿੱਚ ਸਮੋਏ ਹੋਏ ਸਨ। ਉਸ ਤੋਂ ਪਹਿਲਾਂ ਨਾ ਸਮੇਂ ਦੀ ਹੋਂਦ ਸੀ ਅਤੇ ਨਾ ਹੀ ਪੁਲਾੜ ਦੀ ਅਤੇ ਇਸ ਤਾਪਮਾਨ ਤੇ ਪਦਾਰਥ ਆਪਣੀ ਹੋਂਦ ਨਹੀਂ ਰੱਖ ਸਕਦਾ ਤੇ ਸਿਰਫ਼ ਊਰਜਾ ਤੇ ਕੇਵਲ ਊਰਜਾ ਹੀ ਰਹਿ ਸਕਦੀ ਹੈ। ਅਤੇ ਇਸ ਅਨੰਤ ਘਣਤਾ ਅਤੇ ਅਨੰਤ ਤਾਪਮਾਨ ਵਾਲੇ ਗੋਲੇ ਵਿੱਚ ਵਿਸਫੋਟ ਹੋਣ ਦੇ ਇੱਕ ਸਕਿੰਟ ਦੇ ਸੰਖ ਦੇ ਇੱਕ ਸੌ ਸੰਖਵੇਂ ਭਾਗ ਦੇ ਸਮੇਂ ਵਿੱਚ ਇਸ ਨੇ ਬਹੁਤ ਸ਼ਕਤੀਸ਼ਾਲੀ ਕਣ ਪੈਦਾ ਕੀਤੇ। ਜਿਉਂ ਜਿਉਂ ਇਹ ਫੈਲਦਾ ਗਿਆ। ਕਣਾਂ ਦਾ ਤਾਪਮਾਨ ਘਟਣਾ ਸ਼ੁਰੂ ਹੋ ਗਿਆ ਤੇ ਧਮਾਕੇ ਦੇ ਇੱਕ ਸਕਿੰਟ ਵਿੱਚ ਹੀ ਇਹ ਤਾਪਮਾਨ ਇੱਕ ਹਜ਼ਾਰ ਕਰੋੜ ਡਿਗਰੀ ਸੈਲਸੀਅਸ ਤੇ ਆ ਗਿਆ ਜਿਹੜਾ ਅੱਜ ਦੇ ਸੂਰਜ ਦੇ ਤਾਪਮਾਨ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਸੀ। ਇਸ ਸਮੇਂ ਇਸ ਵਿੱਚ ਪ੍ਰੋਟੋਨ, ਇਲੈਕਟ੍ਰਾਨ ਤੇ ਨਿਊਟ੍ਰਿਨੋ, ਪ੍ਰੋਟੋਨਜ਼, ਨਿਊਟ੍ਰੋਨਜ਼ ਅਤੇ ਇਨ੍ਹਾਂ ਦੇ ਪ੍ਰਤੀਕਣ ਪੈਦਾ ਹੋ ਗਏ। ਇਸ ਸਟੇਜ ਤੇ ਜਦੋਂ ਕਣਾਂ ਦੀ ਪੈਦਾਇਸ਼ ਹੋ ਗਈ ਤਾਂ ਉਸ ਦੇ ਨਾਲ ਹੀ ਕੁਦਰਤੀ ਬਲ ਵੀ ਆਪਣੇ ਜੌਹਰ ਵਿਖਾਉਣ ਲੱਗ ਪਏ। ਜਿਉਂ ਜਿਉਂ ਇਹ ਪਦਾਰਥ ਫੈਲਦਾ ਗਿਆ ਤਾਪਮਾਨ ਦਾ ਡਿੱਗਣਾ ਜਾਰੀ ਰਿਹਾ। ਆਪਸੀ ਟੱਕਰਾਂ ਨਾਲ ਜਿਹੜੇ ਇਲੈਕਟ੍ਰੋਨਾਂ ਅਤੇ ਐਂਟੀ ਇਲੈਕਟ੍ਰੋਨਾਂ ਦੇ ਜੋੜੇ ਬਣ ਰਹੇ ਸਨ ਦੀ ਦਰ ਉਸ ਦਰ ਤੋਂ ਘਟ ਗਈ ਜਿਸ ਦਰ ਨਾਲ ਉਹ ਇੱਕ ਦੂਜੇ ਨੂੰ ਹੜੱਪ ਕਰਕੇ ਖਤਮ ਕਰ ਰਹੇ ਸਨ। ਇਸ ਲਈ ਬਹੁਤੇ ਇਲੈਕਟ੍ਰਾਨ ਅਤੇ ਐਂਟੀ ਇਲੈਕਟ੍ਰਾਨ ਨੇ ਇੱਕ ਦੂਜੇ ਨੂੰ ਹੜੱਪ ਲਿਆ ਸੀ। ਇਸ ਤੋਂ ਕੁਝ ਫੋਟੋਨਜ਼ ਪੈਦਾ ਹੋ ਗਏ। ਇਸ ਤਰ੍ਹਾਂ ਥੋੜ੍ਹੀ ਮਾਤਰਾ ਵਿੱਚ ਇਲੈਕਟ੍ਰਾਨ ਵੀ ਬਚ ਗਏ। ਇਸ ਸਟੇਜ ਤੇ ਨਿਊਟ੍ਰੀਨੋਜ਼ ਨੇ ਐਂਟੀ ਨਿਊਟ੍ਰੀਨੋਜ਼ ਨੂੰ ਨਾ ਹੜੱਪਿਆ। ਕਿਉਂਕਿ ਇਹਨਾਂ ਵਿੱਚ ਟਕਰਾਓ ਕਮਜ਼ੋਰ ਕਿਸਮ ਦਾ ਹੁੰਦਾ ਹੈ। ਇਸ ਲਈ ਇਹ ਅੱਜ ਵੀ ਸਾਡੇ ਬ੍ਰਹਿਮੰਡ ਵਿੱਚ ਮੌਜੂਦ ਹਨ। ਬ੍ਰਹਿਮੰਡ ਦੇ ਇਸ ਬਿਗ ਬੈਂਗ ਧਮਾਕੇ ਦੀ ਕਲਪਨਾ ਸਭ ਤੋਂ ਪਹਿਲਾਂ 1948 ਵਿੱਚ ਜਾਰਜ ਗੈਮੋਵ ਅਤੇ ਗਲਪ ਐਲਫਰ ਅਤੇ ਹੰਸ ਬੈਥੇ ਨੇ ਕੀਤੀ ਸੀ। ਉਹਨਾਂ ਨੇ ਭਵਿੱਖ ਬਾਣੀ ਕੀਤੀ ਸੀ ਕਿ ਉਸ ਸਮੇਂ ਪੈਦਾ ਹੋਏ ਫੋਟੋਨਜ਼ ਵਿਕੀਰਣਾਂ ਦੇ ਰੂਪ ਵਿੱਚ ਬਹੁਤ ਘੱਟ ਤਾਪਮਾਨ ਤੇ ਅੱਜ ਵੀ ਮੌਜੂਦ ਹੋਣੇ ਚਾਹੀਦੇ ਹਨ। ਉਹਨਾਂ ਦੁਆਰਾ ਕੀਤੀ ਭਵਿੱਖਬਾਣੀ ਨੂੰ 1965 ਵਿੱਚ ਦੋ ਵਿਗਿਆਨੀਆਂ ਪੈਨਜ਼ੀਆਂ ਅਤੇ ਵਿਲਸਨ ਨੇ ਲੱਭ ਹੀ ਲਿਆ। ਅਮਰੀਕਾ ਦੇ ਸ਼ਹਿਰ ਨਿਊ ਜਰਸੀ ਦੀ ਪ੍ਰਯੋਗਸ਼ਾਲਾ ਬੈੱਲ ਟੈਲੀਫੋਨ ਵਿੱਚ ਜਦੋਂ ਉਹ ਪ੍ਰਯੋਗ ਕਰ ਰਹੇ ਸਨ ਤਾਂ ਉਹਨਾ ਨੇ ਵੇਖਿਆ ਕਿ ਉਹਨਾਂ ਦੇ ਉਪਕਰਣ ਵਿੱਚ ਸਭ ਪਾਸਿਆਂ ਤੋਂ ਬੇਲੋੜੀ ਊਰਜਾ ਆ ਰਹੀ ਸੀ। ਪਹਿਲਾਂ ਉਹਨਾਂ ਨੇ ਇਸ ਨੂੰ ਉਪਕਰਣ ਵਿੱਚ ਨੁਕਸ ਹੀ ਸਮਝਿਆ ਪਰ ਜਦੋਂ ਇਹ ਉਪਕਰਣ ਨੂੰ ਵਾਰ ਵਾਰ ਠੀਕ ਕੀਤੇ ਜਾਣ ਦੇ ਬਾਵਜੂਦ ਵੀ ਨਾ ਹਟੀ ਤਾਂ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇਹ ਵੱਡੇ ਧਮਾਕੇ ਵੇਲੇ ਪੈਦਾ ਹੋਏ ਫੋਟੋਨਜ਼ ਦੀ ਊਰਜਾ ਹੈ ਜਿਹੜੀ ਸਭ ਦਿਸ਼ਾਵਾਂ ਤੋਂ ਬਰਾਬਰ ਮਾਤਰਾ ਵਿੱਚ ਆ ਰਹੀ ਹੈ ਜਿਸਦਾ ਤਾਪਮਾਨ ਤਿੰਨ ਹਜ਼ਾਰ ਕੈਲਵਿਨ ਤੋਂ ਘਟ ਕੇ ਹੁਣ ਸਿਰਫ਼ ਤਿੰਨ ਡਿਗਰੀ ਕੈਲਵਿਨ ਰਹਿ ਗਿਆ ਸੀ। ਪੈਨਜ਼ੀਆ ਅਤੇ ਵਿਲਸਨ ਦੀ ਇਸੇ ਖੋਜ ਕਾਰਨ ਉਹਨਾਂ ਨੂੰ 1978 ਵਿੱਚ ਨੌਬਲ ਇਨਾਮ ਦਿੱਤਾ ਗਿਆ।

Back To Top