ਤਰਕਸ਼ੀਲ ਲਹਿਰ ਦੀਆਂ

– ਮੇਘ ਰਾਜ ਮਿੱਤਰ

ਕੁਝ ਸਰਗਰਮੀਆਂ ਕਾਰਨ ਮੈਨੂੰ ਬਹੁਤ ਸਾਰੇ ਪਿੰਡਾਂ ਤੇ ਸ਼ਹਿਰਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਵੱਖ-ਵੱਖ ਸਾਥੀਆਂ ਨੇ ਮੈਨੂੰ ਸਾਧਾਂ, ਸੰਤਾਂ, ਡਾਕਟਰਾਂ, ਤਰਕਸ਼ੀਲਾਂ ਤੇ ਸਾਧਾਰਣ ਲੋਕਾਂ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ। ਇਹਨਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਵੀ ਹਨ ਜਿਹੜੀਆਂ ਸਾਡੇ ਨਾਲ ਖੁਦ ਵੀ ਵਾਪਰਦੀਆਂ ਹਨ। ਪਾਠਕਾਂ ਨੂੰ ਅਸੀਂ ਇਹ ਗੱਲਾਂ ਵੀ ਜ਼ਰੂਰ ਪੜ•ਾਉਣਾ ਚਾਹੁੰਦੇ ਹਾਂ ਤਾਂ ਜੋ ਉਹ ਇਹਨਾਂ ਦੇ ਹਾਂ ਪੱਖੀ ਜਾਂ ਨਾਂਹ ਪੱਖੀ ਸਿੱਟੇ ਖੁਦ ਹੀ ਵੇਖਣ। ਹੋ ਸਕਦਾ ਹੈ ਇਹ ਗੱਲਾਂ ਉਹਨਾਂ ਲਈ ਕਿਸੇ ਵੇਲੇ ਲਾਹੇਵੰਦ ਹੋ ਜਾਣ।
ਟੋਹਾਣੇ ਦੇ ਨੇੜੇ ਦੇ ਪਿੰਡ ਦੀ ਘਟਨਾ ਹੈ। ਇਕ ਸੰਤ ਨੇ ਪਿੰਡ ਵਿਚ ਇਹ ਅਫਵਾਹ ਉਡਾਈ ਕਿ ਇਹ ਸੰਤ ਬਹੁਤ ਹੀ ਕਰਨੀ ਵਾਲੇ ਹਨ। ਇਹ ਆਪਣੀ ਦੇਹ ਪਲਟ ਲੈਂਦੇ ਹਨ। ਕਦੇ ਇਹ ਝੋਟੇ ਬਣ ਜਾਂਦੇ ਹਨ ਕਦੇ ਘੋੜੇ ਬਣ ਜਾਂਦੇ ਹਨ ਕਦੇ ਹਾਥੀ ਬਣ ਜਾਂਦੇ ਹਨ। ਪਿੰਡ ਦੇ ਨੌਜਵਾਨਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਨਾਂ ਨੇ ਇਕ ਸਕੀਮ ਬਣਾਈ। ਉਸੇ ਰਾਤ ਇਹਨਾਂ ਸ਼ਰਾਰਤੀ ਨੌਜਵਾਨਾਂ ਨੇ ਇਸ ਸੰਤ ਨੂੰ ਇੱਕ ਖੇਤ ਵਿੱਚੋਂ ਲੰਘਣ ਸਮੇਂ ਕੁੱਟ ਦਿੱਤਾ। ਸਵੇਰ ਸਾਰ ਹੀ ਸੰਤ ਨੇ ਪਿੰਡ ਦੀ ਪੰਚਾਇਤ ਵਿਚ ਮਸਲਾ ਰੱਖਿਆ। ਨੌਜਵਾਨਾਂ ਨੂੰ ਸੱਦਿਆ ਗਿਆ। ਨੌਜਵਾਨਾਂ ਨੇ ਭਰੀ ਪੰਚਾਇਤ ਵਿਚ ਕਹਿ ਦਿੱਤਾ “ਅਸੀਂ ਸੰਤ ਜੀ ਨੂੰ ਹੱਥ ਵੀ ਨਹੀਂ ਲਾਇਆ। ਸਗੋਂ ਇੱਕ ਝੋਟਾ ਸਾਡੀ ਫਸਲ ਚਰ ਰਿਹਾ ਸੀ। ਉਸ ਦੇ ਜ਼ਰੂਰ ਪੰਜ ਸੱਤ ਸੋਟੀਆਂ ਮਾਰੀਆਂ ਸਨ। ” ਪੰਚਾਇਤ ਨੇ ਨੌਜਵਾਨਾਂ ਨੂੰ ਬਰੀ ਕਰ ਦਿੱਤਾ। ਪਰ ਸੰਤ ਦੀ ਹਾਲਤ ਵੇਖਣ ਯੋਗ ਸੀ। ਲੋਕ ਹੈਰਾਨ ਸਨ।
ਬਰਨਾਲੇ ਦੀ ਘਟਨਾ ਹੈ। ਇਕ ਸਵਾਮੀ ਜੀ ਇਕ ਹਫ਼ਤਾ ਇੱਥੋਂ ਦੇ ਇਕ ਰੱਜੇ ਪੁੱਜੇ ਘਰ ਵਿਚ ਠਹਿਰੇ। ਘਰ ਵਾਲਿਆਂ ਨੇ ਸੰਤਾਂ ਦੀ ਆਓ ਭਗਤ ਵਿਚ ਕਿਸੇ ਕਿਸਮ ਦੀ ਕੋਈ ਕਸਰ ਨਾ ਛੱਡੀ। ਸੰਤਾਂ ਲਈ ਹਰ ਰੋਜ਼ ਖੀਰ ਬਣਾਈ ਜਾਂਦੀ। ਪਰ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਇਹ ਸਵਾਮੀ ਜੀ ਉਸ ਘਰ ਦੀ ਨੌਜਵਾਨ ਸੁੰਦਰ ਲੜਕੀ ਨੂੰ ਲੈ ਕੇ ਭੱਜ ਗਏ। ਘਰ ਵਾਲਿਆਂ ਦੀ ਹਾਲਤ ਵੇਖਣ ਯੋਗ ਸੀ।
ਇਹ ਘਟਨਾ ਜ਼ਿਲ•ਾ ਸਰਸਾ ਦੀ ਹੈ। ਇਕ ਕਾਰਖਾਨੇ ਵਿਚ ਕੰਮ ਕਰ ਰਹੇ ਮਜ਼ਦੂਰ ਦੀ ਇਕ ਘੜੀ ਚੋਰੀ ਹੋ ਗਈ। ਇਸ ਤੋਂ ਬਾਅਦ ਮਜ਼ਦੂਰਾਂ ਵਿਚ ਇਹ ਅਫ਼ਵਾਹ ਫੈਲ ਗਈ ਕਿ ਕੋਈ ਸ਼ੈਅ ਕਾਰਖਾਨੇ ਵਿੱਚੋਂ ਚੀਜ਼ਾਂ ਚੁੱਕ ਲੈ ਜਾਂਦੀ ਹੈ। ਮਜ਼ਦੂਰ ਕੰਮ ਛੱਡ ਕੇ ਜਾਣ ਲੱਗ ਪਏ। ਕਾਰਖਾਨੇਦਾਰ ਨੇ ਇੱਕ ਸਾਦੇ ਆਦਮੀ ਦੇ ਹੀ ਭਗਵੇਂ ਕੱਪੜੇ ਪੁਆ ਲਿਆਂਦੇ। ਇਸ ਆਦਮੀ ਨੇ ਮਜ਼ਦੂਰਾਂ ਨੂੰ ਇਕੱਠੇ ਕੀਤਾ। ਕੁਝ ਮੰਤਰ ਪੜਨ ਤੋਂ ਬਾਅਦ ਉਸਨੇ ਇੰਜਣ ਵਾਲੇ ਕਮਰੇ ਵਿਚ ਇੰਜਣ ਦੇ ਕੋਲ ਹੀ ਇਕ ਕੀਲੀ ਗੱਡ ਦਿੱਤੀ, ਸਰੋਂ ਦਾ ਤੇਲ ਤੇ ਸੰਧੂਰ ਉਸ ਕੀਲੀ ਨੂੰ ਲਾ ਦਿੱਤਾ ਗਿਆ। ਸਾਰੇ ਮਜ਼ਦੂਰਾਂ ਨੂੰ ਕਹਿ ਦਿੱਤਾ ਗਿਆ ਕਿ ਸਭ ਨੇ ਹੀ ਕੀਲੀ ਨੂੰ ਜਾ ਕੇ ਹੱਥ ਵਿਚ ਫੜਨਾ ਹੈ। ਜਿਸ ਨੇ ਚੋਰੀ ਕੀਤੀ ਹੋਵੇਗੀ ਉਸ ਨੂੰ ਕੀਲੀ ਨੇ ਫੜ ਲੈਣਾ ਹੈ ਅਤੇ ਇੰਜਣ ਵਿਚ ਦੇ ਦੇਣਾ ਹੈ। ਮਜ਼ਦੂਰਾਂ ਨੇ ਬਹੁਤ ਡਰ ਡਰ ਕੇ ਕੰਬਦੇ ਹੱਥਾਂ ਨਾਲ ਉਸ ਕੀਲੀ ਨੂੰ ਹੱਥ ਵਿਚ ਫੜਿਆ। ਭਾਵੇਂ ਕਿਸੇ ਕਾਰਨ ਚੋਰ ਤਾਂ ਨਾ ਫੜਿਆ ਗਿਆ ਪਰ ਮੁੜ ਉਸ ਕਾਰਖਾਨੇ ਵਿਚ ਚੋਰੀ ਦੀ ਕੋਈ ਘਟਨਾ ਨਾ ਵਾਪਰੀ ਅਤੇ ਕਾਰਖਾਨੇ ਵਿੱਚੋਂ ਜਾ ਰਹੇ ਮਜ਼ਦੂਰ ਵੀ ਆਪਣੇ ਕੰਮ ਤੇ ਟਿਕ ਗਏ।
ਅੱਜ ਤੋਂ ਦੋ ਕੁ ਸਾਲ ਪਹਿਲਾਂ ਬਰਨਾਲੇ ਵਿਖੇ ਹੀ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਵਿਅਕਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਸ ਕਾਰਨ ਹੀ ਇਹ ਆਪਣਾ ਘਰ ਛੱਡ ਕੇ ਬਰਨਾਲੇ ਵਿਖੇ ਐਸ.ਡੀ. ਕਾਲਜ ਦੇ ਨੇੜੇ ਦੀਆਂ ਗਲੀਆਂ ਵਿਚ ਨੰਗ ਧੜੰਗਾ ਹੀ ਫਿਰਨ ਲੱਗ ਪਿਆ। ਇਸਦਾ ਨਾਂ ਹਜ਼ਾਰੀ ਸੀ ਅਤੇ ਇਹ ਜਰਦਾ ਲਾਉਣ ਦਾ ਵੀ ਆਦੀ ਸੀ। ਜੇ ਕੋਈ ਰੋਟੀ ਦੇ ਦਿੰਦਾ ਤਾਂ ਖਾ ਛੱਡਦਾ ਰਾਤ ਨੂੰ ਜਿੱਥੇ ਥਾਂ ਮਿਲਦੀ ਸੌਂ ਛੱਡਦਾ। ਦਸ ਸਾਲ ਇਸ ਤਰ੍ਹਾਂ ਦੀ ਲਾਵਾਰਸ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਇਕ ਗਲੀ ਵਿਚ ਹੀ ਇਸ ਦੀ ਮੌਤ ਹੋ ਗਈ। ਪਰ ਗਲੀ ਵਾਲਿਆਂ ਨੇ ਇਸ ਦਾ ਸੰਸਕਾਰ ਚੰਗੇ ਢੰਗ ਨਾਲ ਕੀਤਾ ਅਤੇ ਇਸਦੀ ਯਾਦ ਵਿਚ ਪਾਠ ਆਦਿ ਕਰਵਾਏ ਗਏ ਪਰ ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ ਕਿ ਬਰਨਾਲੇ ਵਿਖੇ ਇਕ ਸੰਤ ਹਜ਼ਾਰੀ ਪੱਲ ਜੀ ਸਵਰਗ ਸਿਧਾਰ ਗਏ।
ਟੋਹਾਣੇ ਵਿਖੇ ਨਹਿਰ ਦੇ ਪੁਲ ਕੋਲ ਜੋਤਸ਼ੀ ਪਟੜੀ ਤੇ ਬੈਠੇ ਸਨ। ਇਕ ਸ਼ਰਧਾਲੂ ਦਾ ਹੱਥ ਉਹਨਾਂ ਆਪਣੇ ਹੱਥ ਵਿਚ ਫੜਿਆ ਹੋਇਆ ਸੀ। ਜੋਤਸ਼ੀ ਜੀ ਸ਼ਰਧਾਲੂ ਨੂੰ ਦੱਸ ਰਹੇ ਸਨ ਕਿ ਤੇਰੀ ਉਮਰ ਘੱਟੋ-ਘੱਟ ਅੱਸੀ ਸਾਲ ਦੀ ਹੈ। ਅਚਾਨਕ ਹੀ ਇਕ ਮੋਟਰ ਸਾਈਕਲ ਮੋੜ ਮੁੜਨ ਸਮੇਂ ਉਹਨਾਂ ਦੇ ਉਪੱਰ ਹੀ ਆ ਚੜਿਆ। ਦੂਸਰਿਆਂ ਦੀ ਉਮਰ ਦੱਸਣ ਵਾਲੇ ਇਸ ਜੋਤਸ਼ੀ ਜੀ ਨੂੰ ਆਪਣੇ ਅੰਤ ਦਾ ਵੀ ਪਤਾ ਨਹੀਂ ਸੀ।
ਸਾਡੇ ਸ਼ਹਿਰ ਦੇ ਹੀ ਇਕ ਜੋਤਸ਼ੀ ਜੀ ਲੋਕਾਂ ਦੇ ਮੁੰਡਿਆਂ ਤੇ ਕੁੜੀਆਂ ਦੇ ਵਿਆਹਾਂ ਸਮੇਂ ਉਹਨਾਂ ਦੀਆਂ ਜਨਮ ਕੁੰਡਲੀਆਂ ਮੇਲ ਕੇ ਦੱਸਿਆ ਕਰਦੇ ਹਨ ਕਿ ਉਹਨਾਂ ਦੇ ਲਗਣ ਸ਼ੁੱਭ ਹਨ ਜਾਂ ਅਸ਼ੁੱਭ ਪਰ ਲੋਕਾਂ ਦੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਉਹਨਾਂ ਦੇ ਸਪੁੱਤਰ ਦੀ ਘਰਵਾਲੀ ਦੀ ਜਵਾਨੀ ਵਿਚ ਹੀ ਮੌਤ ਹੋ ਗਈ। ਲੋਕ ਉਹਨਾਂ ਦੇ ਸਪੁੱਤਰ ਨਾਲ ਵਾਪਰੀ ਇਸ ਮਾੜੀ ਘਟਨਾ ਲਈ ਅਫ਼ਸੋਸ ਵੀ ਪ੍ਰਗਟ ਕਰਨ ਆ ਰਹੇ ਸਨ ਪਰ ਉਹਨਾਂ ਦੀਆਂ ਸਵਾਲੀਆਂ ਨਜ਼ਰਾਂ ਸਾਹਮਣੇ ਜੋਤਸ਼ੀ ਜੀ ਨੂੰ ਕੁਝ ਸੁਝ ਨਹੀਂ ਰਿਹਾ ਸੀ।
ਸਾਡੇ ਸ਼ਹਿਰ ਦੇ ਹੀ ਇਕ ਜੋਤਸ਼ੀ ਦਾ ਦਾਅਵਾ ਸੀ ਕਿ ਉਸ ਪਾਸ ਭ੍ਰਿਗੂ ਗਰੰਥ ਹੈ ਜੋ ਬਹੁਤ ਘੱਟ ਜੋਤਸ਼ੀਆਂ ਕੋਲ ਹੁੰਦਾ ਹੈ। ਬੜੀ ਦੂਰ ਤੋਂ ਲੋਕ ਇਸ ਪਾਸ ਆਪਣੀ ਕਿਸਮਤ ਬਾਰੇ ਜਾਨਣ ਲਈ ਆਉਂਦੇ ਸਨ। ਲੋਕਾਂ ਨੂੰ ਉਹਨਾਂ ਦੀ ਕਿਸਮਤ ਦੇ ਨਾਲ ਨਾਲ ਇਹ ਉਹਨਾਂ ਦੀਆਂ ਗੁਆਚੀਆਂ ਚੀਜ਼ਾਂ ਬਾਰੇ ਦੱਸਦਾ ਰਹਿੰਦਾ ਸੀ। ਪਰ ਇਕ ਦਿਨ ਉਸਦੀ ਆਪਣੀ ਧੀ ਗੁਆਚ ਗਈ। ਜਦੋਂ ਪੰਜ ਸੱਤ ਦਿਨ ਦੀ ਖੱਜਲ ਖੁਆਰੀ ਬਾਅਦ ਵੀ ਲੜਕੀ ਦੀ ਕੋਈ ਉਘ-ਸੁੱਘ ਨਾ ਨਿਕਲੀ ਤਾਂ ਲੋਕਾਂ ਨੇ ਜੋਤਸ਼ੀ ਨੂੰ ਆਪਣਾ ਭ੍ਰਿਗੂ ਗਰੰਥ ਫਰੋਲਣ ਲਈ ਕਿਹਾ। ਪਰ ਜੋਤਸ਼ੀ ਸ਼ਰਮਿੰਦਾ ਸੀ। ਆਖਰ ਉਸਦੀ ਧੀ ਇਕ ਏਜੰਟ ਕੋਲੋਂ ਮਿਲ ਗਈ ਜੋ ਉਸਨੇ ਗਾਹਕਾਂ ਨੂੰ ਘੇਰ ਕੇ ਆਪਣੇ ਕੋਲ ਲਿਆਉਣ ਲਈ ਰੱਖਿਆ ਹੋਇਆ ਸੀ। ਇਸ ਏਜੰਟ ਨਾਲ ਉਸਦਾ ਠੱਗੀ ਦੇ ਮਾਲ ਨੂੰ ਵੰਡਣ ਤੇ ਝਗੜਾ ਹੋ ਗਿਆ ਸੀ।
ਇਹ ਗੱਲ ਫਗਵਾੜੇ ਦੀ ਹੈ। ਬਹਿਸ ਚੱਲ ਰਹੀ ਸੀ ਕਿ ਭੂਤਾਂ ਹੁੰਦੀਆਂ ਹਨ ਜਾਂ ਨਹੀਂ। ਅੰਤ ਵਿਚ ਕੁਝ ਨੌਜਵਾਨ ਦੂਸਰੇ ਨੂੰ ਕਹਿਣ ਲੱਗੇ ਕਿ “ਜੇ ਤੂੰ ਭੂਤਾਂ ਨੂੰ ਨਹੀਂ ਮੰਨਦਾ ਤਾਂ ਉਸ ਪਿੱਪਲ ਹੇਠਾਂ ਸਿਵੇ ਦੇ ਦੁਆਲੇ 7 ਗੇੜੇ ਕੱਢ ਕੇ ਇਕ ਕੀਲੀ ਗੱਡ ਦੇਵੀਂ। ਜੇ ਤੂੰ ਬਚ ਗਿਆ ਤਾਂ ਮੰਨ ਲਵਾਂਗੇ ਕਿ ਭੂਤਾਂ ਨਹੀਂ ਹੁੰਦੀਆਂ। ” ਉਸ ਬਹਾਦਰ ਨੌਜੁਆਨ ਨੇ ਸਿਵੇ ਦੁਆਲੇ ਸੱਤ ਗੇੜੇ ਕੱਢੇ ਅਤੇ ਕੀਲੀ ਗੱਡ ਦਿੱਤੀ। ਜਦੋਂ ਵਾਪਸ ਮੁੜਨ ਲੱਗਿਆ ਤਾਂ ਉਸ ਨੇ ਮਹਿਸੂਸ ਕੀਤਾ ਕਿ ਉਸਦਾ ਚਾਦਰਾ ਕਿਸੇ ਚੀਜ਼ ਨੇ ਮਗਰੋਂ ਫੜ ਲਿਆ ਹੈ। ਉਹ ਨੌਜੁਆਨ ਬੇਹੋਸ਼ ਹੋ ਗਿਆ। ਦੂਸਰੇ ਵਿਅਕਤੀਆਂ ਨੇ ਵੇਖਿਆ ਕਿ ਇਸ ਨੌਜੁਆਨ ਨੇ ਭੁਲੇਖੇ ਨਾਲ ਆਪਣੇ ਹੀ ਚਾਦਰੇ ਵਿਚ ਕੀਲੀ ਗੱਡ ਦਿੱਤੀ ਸੀ।
ਅੱਧੀ ਰਾਤ ਦਾ ਵੇਲਾ ਸੀ। ਸਾਡੇ ਪਿੰਡ ਦੇ ਹੀ ਕੁਝ ਨੌਜੁਆਨ ਖੇਤ ਨੂੰ ਪਾਣੀ ਦੀ ਵਾਰੀ ਲਾਉਣ ਜਾ ਰਹੇ ਸਨ। ਜਦੋਂ ਇਹ ਪਿੰਡ ਦੇ ਸਿਵਿਆਂ ਕੋਲੋਂ ਲੰਘਣ ਲੱਗੇ ਤਾਂ ਉਹਨਾਂ ਨੇ ਸਿਵਿਆਂ ਵਿਚ ਇਕ ਪਰਛਾਵਾਂ ਵੇਖਿਆ। ਨੌਜਵਾਨਾਂ ਦੀ ਉਤਸੁਕਤਾ ਹੋਰ ਵੱਧ ਗਈ। ਉਹ ਸਿਵਿਆਂ ਦੇ ਨੇੜੇ ਚਲੇ ਗਏ। ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹਨਾਂ ਨੇ ਵੇਖਿਆ ਕਿ ਪਿੰਡ ਦਾ ਹੀ ਇਕ ਅਧਖੜ ਉਮਰ ਦਾ ਸਾਊ ਜਿਹਾ ਵਿਅਕਤੀ ਚੈਂਚਲ ਇਕ ਜਲ ਰਹੇ ਸਿਵੇ ਤੇ ਛੱਲੀਆਂ ਭੁੰਨ ਕੇ ਖਾ ਰਿਹਾ ਸੀ।
ਜ਼ਿਲ•ਾ ਬਠਿੰਡਾ ਦੇ ਇਕ ਪਿੰਡ ਵਿਚ ਅਸੀਂ ਇਕ ਕੇਸ ਦੇ ਸੰਬੰਧ ਵਿਚ ਗਏ। ਘਰ ਦੇ ਮੁੱਖੀ ਨੂੰ ਜਦੋਂ ਅਸੀਂ ਦੱਸਿਆ ਕਿ ਅਸੀਂ ਨਾਸਤਿਕ ਹਾਂ ਤਾਂ ਉਹ ਕਹਿਣ ਲੱਗਿਆ “ਕੁਝ ਸਮਾਂ ਪਹਿਲਾਂ ਮੈਂ ਵੀ ਇਕ ਨਾਸਤਿਕ ਹੁੰਦਾ ਸੀ। ਸਾਡੇ ਘਰ ਵਿਚ ਹੋ ਰਹੇ ਸਾਰੇ ਨੁਕਸਾਨ ਮੇਰੇ ਨਾਸਤਿਕ ਹੋਣ ਕਰਕੇ ਸ਼ੁਰੂ ਹੋਏ ਹਨ। ਅੱਜ ਤੋਂ ਚਾਰ ਸਾਲ ਪਹਿਲਾਂ ਸਾਡੇ ਘਰ ਇਕ ਸੰਤ ਖੈਰ ਮੰਗਣ ਲਈ ਆਇਆ। ਜਦੋਂ ਉਹ ਖੈਰ ਪਾਉਣ ਲਈ ਕਾਹਲੀ ਕਰਨ ਲੱਗ ਪਿਆ ਤਾਂ ਮੈਂ ਉਸ ਨੂੰ ਕਿਹਾ ਅੋਏ ਸਾਧਾ ਕਿਉਂ ਕਾਹਲੀ ਕੀਤੀ ਹੈ। ਅੱਗ ਲੱਗਦੀ ਹੈ। ਮੌਤ ਆਉਂਦੀ ਹੈ। ਇਹ ਸੁਣ ਕੇ ਸਾਧ ਕਹਿਣ ਲੱਗਿਆ ਮੇਰੇ ਘਰ ਕਿਉਂ ਅੱਗ ਲੱਗੇ। ਅੱਗ ਲੱਗੂ ਸੋਡੇ ਘਰੇ। ਸੋਡੇ ਘਰੇ ਹੀ ਮੌਤਾਂ ਹੋਣਗੀਆਂ। ਇਹੀ ਕਾਰਨ ਹੈ ਕਿ ਉਹ ਸੰਤ ਸਾਨੂੰ ਸਰਾਪ ਦੇ ਗਿਆ। ਇਸ ਲਈ ਸਾਡੇ ਘਰ ਅੱਗਾਂ ਲੱਗ ਰਹੀਆਂ ਹਨ ਅਤੇ ਮੌਤਾਂ ਹੋ ਰਹੀਆਂ ਹਨ। ”
ਪਿੰਡ ਜੱਗ ਮਾਲੇਰਾ ਵਿਖੇ ਸਾਡੇ ਦੁਆਰਾ ਬੁਲਾਈ ਗਈ ਇਕ ਮੀਟਿੰਗ ਵਿਚ ਇਕ ਹਥੋਲਾ ਕਰਨ ਵਾਲਾ ਵੀ ਆ ਗਿਆ। ਉਸ ਨੇ ਆਪਣੇ ਹਥੌਲੇ ਨਾਲ ਠੀਕ ਹੋਏ ਸੈਂਕੜੇ ਵਿਅਕਤੀਆਂ ਦੇ ਨਾਂ ਗਿਣ ਦਿੱਤੇ। ਅਸੀਂ ਉਸ ਨੂੰ ਬਹੁਤ ਸਮਝਾਇਆ ਕਿ 90 ਪ੍ਰਤੀਸ਼ਤ ਸੱਪ ਜ਼ਹਿਰੀਲੇ ਹੀ ਨਹੀਂ ਹੁੰਦੇ। ਬਾਕੀ 10 ਪ੍ਰਤੀਸ਼ਤ ਵਿੱਚੋਂ ਬਹੁਤਿਆਂ ਨੂੰ ਅਸੀਂ ਪੂਰਾ ਜ਼ਹਿਰ ਆਪਣੇ ਅੰਦਰ ਦਾਖਲ ਕਰਨ ਦਾ ਸਮਾਂ ਹੀ ਨਹੀਂ ਦਿੰਦੇ। ਇਸ ਲਈ ਸੱਪ ਦੇ ਕੱਟੇ ਬਹੁਤ ਬੰਦਿਆਂ ਦੇ ਬਚ ਜਾਣ ਦੀ ਸੰਭਾਵਨਾ ਹੀ ਹੁੰਦੀ ਹੈ। ਪਰ ਜਦ ਉਹ ਇਸ ਗੱਲ ਤੇ ਅੜਿਆ ਰਿਹਾ ਕਿ ਉਸ ਦੇ ਹਥੋਲੇ ਵਿਚ ਜ਼ਰੂਰ ਹੀ ਸ਼ਕਤੀ ਹੈ ਤਾਂ ਮੈਂ ਉਸ ਨੂੰ ਚਣੌਤੀ ਦਿੱਤੀ ਕਿ “ਸੱਪ ਸਾਡਾ ਹੋਵੇਗਾ। ਅਸੀਂ ਹੀ ਤੇਰੇ ਲੜਾਵਾਂਗੇ। ਕੱਟ ਲਾਉਣ ਜਾਂ ਕਿਸੇ ਕਿਸਮ ਦੇ ਡਾਕਟਰੀ ਢੰਗ ਨੂੰ ਵਰਤਣ ਦੀ ਤੈਨੂੰ ਮਨਾਹੀ ਹੋਵੇਗੀ। ਹਥੋਲੇ ਤੂੰ ਇਕ ਦੀ ਬਜਾਏ 101 ਪਾ ਲਈਂ ਫਿਰ ਜੇ ਤੂੰ ਬਚ ਜਾਵੇਂ ਤਾਂ ਅਸੀਂ ਮੰਨ ਜਾਵਾਂਗੇ ਕਿ ਤੇਰੇ ਹਥੋਲੇ ਵਿਚ ਜ਼ਰੂਰ ਕੋਈ ਸ਼ਕਤੀ ਹੈ। ” ਇਹ ਸੁਣ ਕੇ ਉਹ ਭਾਵੁਕ ਹੋ ਗਿਆ।
ਸਾਡੀ ਸੁਸਾਇਟੀ ਦਾ ਮੈਂਬਰ ਕੁਲਦੀਪ ਸਿੰਘ ਕੁੱਕੂ ਆਪਣੇ ਸਹੁਰੇ ਗਿਆ। ਜਦੋਂ ਉਸ ਨੇ ਵੇਖਿਆ ਕਿ ਇਕ ਘਰ ਵਿਚ ਅੱਗ ਲੱਗਣ ਤੇ ਇੱਟਾਂ ਰੋੜੇ ਡਿੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਉਹ ਉਸ ਘਰ ਦੀ ਰਾਖੀ ਬੈਠ ਗਿਆ ਅਤੇ ਅੰਤ ਉਸ ਘਰ ਦੀ ਲੜਕੀ ਨੂੰ ਰੰਗੇ ਹੱਥੀਂ ਫੜ ਲਿਆ ਜੋ ਕਿ ਘਰ ਦੀ ਛੱਤ ਤੇ ਬਣੇ ਮੁਰਗੀਖਾਨੇ ਵਿੱਚੋਂ ਰੋੜੇ ਮਾਰ ਰਹੀ ਸੀ। ਇਸ ਤਰ੍ਹਾਂ ਦੀ ਹੀ ਇਕ ਹੋਰ ਘਟਨਾ ਵਿਚ ਸਾਡੀ ਸੁਸਾਇਟੀ ਦੇ ਇਕ ਮੈਂਬਰ ਬਲਵੰਤ ਫਿਰੋਜ਼ਪੁਰੀ ਨੇ ਘਰ ਵਿਚ ਘਟਨਾਵਾਂ ਕਰਨ ਵਾਲੇ ਇਕ ਦੋਸ਼ੀ ਨੂੰ ਰੰਗੇ ਹੱਥੀਂ ਫੜ ਲਿਆ।
ਇੱਕ ਵਾਰ ਅਸੀਂ ਪਿੰਡ ਘੋਲੀਆ ਕਲਾਂ ਵਿਖੇ ਇੱਕ ਕੇਸ ਹੱਲ ਕਰਨ ਲਈ ਗਏ। ਜਦੋਂ ਅਸੀਂ ਘਰ ਵਿਚ ਘਟਨਾਵਾਂ ਕਰਨ ਵਾਲੀ ਦੋਸ਼ਣ ਦੀ ਸਹੀ ਸ਼ਨਾਖਤ ਕਰ ਲਈ ਤਾਂ ਅਸੀਂ ਉਸ ਨੂੰ ਬੁਲਾ ਕੇ ਕਿਹਾ ਕਿ ਘਰ ਵਿਚ ਸਾਰੀਆਂ ਘਟਨਾਵਾਂ ਤੈਥੋਂ ਹੀ ਹੁੰਦੀਆਂ ਹਨ ਤਾਂ ਉਹ ਦੁਹੱਥੜ ਮਾਰਨ ਲੱਗ ਪਈ। ਕਹਿਣ ਲੱਗੀ ਕਿ “ਮੈਂ ਤਾਂ ਹੁਣ ਖੁਦਕਸ਼ੀ ਹੀ ਕਰਾਂਗੀ, ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਹੈ। ਮੈਂ ਹੁਣ ਕਿਸੇ ਖੂਹ ਟੋਭੇ ਨੂੰ ਹੀ ਗੰਧਲਾ ਕਰਾਂਗੀ” ਉਸ ਦੀ ਹਾਲਤ ਵੇਖ ਕੇ ਇਕ ਵਾਰ ਤਾਂ ਸਾਡੇ ਮਨ ਵਿਚ ਇਹ ਡਰ ਪੈਦਾ ਹੋ ਗਿਆ ਸੀ ਕਿ ਸਚੀਉਂ ਉਹ ਅਜਿਹਾ ਨਾ ਕਰ ਲਵੇ। ਪਰ ਘਰ ਵਾਲਿਆਂ ਨੇ ਆਖਰ ਉਸ ਨੂੰ ਠੰਡਾ ਕਰ ਲਿਆ।
ਇਸੇ ਤਰ੍ਹਾਂ ਹੀ ਸਾਡਾ ਇਕ ਤਰਕਸ਼ੀਲ ਸਾਥੀ ਪਟਿਆਲਾ ਵਿਖੇ ਇਕ ਕੇਸ ਹੱਲ ਕਰਨ ਲਈ ਗਿਆ। ਕੇਸ ਬਾਰੇ ਮੋਟੀ ਜਿਹੀ ਜਾਣਕਾਰੀ ਲੈਣ ਤੋਂ ਬਾਅਦ ਉਹ ਉਸੇ ਘਰ ਵਿਚ ਆਪਣਾ ਅਟੈਚੀ ਛੱਡ ਕੇ ਯੂਨੀਵਰਸਿਟੀ ਵਿਚ ਕੰਮ ਚਲਿਆ ਗਿਆ। ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਘਰ ਵਿਚਲੀ ਭੂਤ ਨੇ ਉਸ ਦੇ ਅਟੈਚੀ ਕੇਸ ਨੂੰ ਹੀ ਫੂਕ ਦਿੱਤਾ ਸੀ। ਇਸ ਅਟੈਚੀ ਵਿਚ ਉਸ ਦੇ ਪਹਿਨਣ ਵਾਲੇ ਸਾਰੇ ਕੱਪੜੇ ਹੀ ਅੱਗ ਦੀ ਭੇਂਟ ਚੜ ਗਏ ਸਨ। ਤਰਕਸ਼ੀਲ ਸਾਥੀ ਦੀ ਹਾਲਤ ਤਰਸਯੋਗ ਸੀ।
ਇਸ ਤਰ੍ਹਾਂ ਦੀ ਹੀ ਇਕ ਹੋਰ ਘਟਨਾ ਵਾਪਰੀ ਜਦੋਂ ਸਾਡਾ ਤਰਕਸ਼ੀਲ ਸਾਥੀ ਕਿਸੇ ਅਖੌਤੀ ਸਿਆਣੇ ਦੇ ਡੇਰੇ ਵਿਚ ਗਿਆ। ਜਦੋਂ ਸਿਆਣਾ ਕਹਿਣ ਲੱਗਿਆ ਕਿ ਜੇ ਤੁਹਾਡੇ ਵਿਚ ਸ਼ਕਤੀ ਹੈ ਤਾਂ ਇਸ ਕਬਰ ਨੂੰ ਹੱਥ ਲਾ ਕੇ ਵਿਖਾਉ। ਤਰਕਸ਼ੀਲ ਸਾਥੀ ਨੇ ਕਿਹਾ ਕਿ “ਲਿਆਉ ਕਹੀ ਇਸ ਕਬਰ ਨੂੰ ਮੈਂ ਸਮੇਤ ਇੱਟਾਂ ਦੇ ਹੀ ਪੁੱਟ ਕੇ ਲਿਜਾ ਸਕਦਾ ਹਾਂ। ” ਇਹ ਗੱਲ ਸੁਣ ਕੇ ਉਸ ਸਿਆਣੇ ਦਿਮਾਗ ਵਿਚ ਨੁਕਸ ਪੈ ਗਿਆ। ਉਸ ਨੇ ਅਤੇ ਉਸ ਦੇ ਚੇਲਿਆਂ ਨੇ ਸਾਡੇ ਤਰਕਸ਼ੀਲ ਤੇ ਹੀ ਕੁਟਾਪਾ ਚਾੜ ਦਿੱਤਾ।
ਇਸੇ ਤਰ੍ਹਾਂ ਅਸੀਂ ਇਕ ਕੇਸ ਹੱਲ ਕਰਨ ਲਈ ਮਲੋਟ ਗਏ। ਘਰ ਵਿਚਲੀਆਂ ਘਟਨਾਵਾਂ ਕਰਨ ਵਾਲੀ ਔਰਤ ਨੂੰ ਜਦੋਂ ਹਿਪਨੋਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ ਹੋ ਗਈ। ਸਾਡੇ ਬਹੁਤ ਹੀ ਜਗਾਉਣ ਤੇ ਉਹ ਨਾ ਜਾਗੀ। ਕਿਉਕਿ ਮੈਂ ਇਹ ਜਾਣਦਾ ਸੀ ਕਿ ਹਿਪਨੋਟਾਈਜ਼ ਹੋਇਆ ਵਿਅਕਤੀ ਕੁਝ ਸਮੇਂ ਬਾਅਦ ਆਪਣੇ ਆਪ ਹੀ ਆਪਣੀ ਕੁਦਰਤੀ ਨੀਂਦ ਵਿਚ ਸੌਂ ਜਾਂਦਾ ਹੈ। ਅਤੇ ਫਿਰ ਉਹ ਉਸ ਨੀਂਦ ਵਿੱਚੋਂ ਉਠ ਸਕਦਾ ਹੈ ਅਤੇ ਲਗਭਗ ਇਕ ਘੰਟੇ ਬਾਅਦ ਹੀ ਉਹ ਉਠ ਪਈ ਤੇ ਸਾਨੂੰ ਵਧੀਆ ਢੰਗ ਨਾਲ ਰੋਟੀ ਖਵਾਈ। ਬਾਅਦ ਵਿਚ ਮੈਨੂੰ ਇਕ ਸੁਸਾਇਟੀ ਦੇ ਸਮਰਥੱਕ ਦੀ ਚਿੱਠੀ ਮਿਲੀ। ਜਿਸ ਤੇ ਲਿਖਿਆ ਸੀ ਕਿ ਕੁਝ ਸਾਜ਼ਿਸ਼ੀ ਵਿਅਕਤੀ ਇਸ ਗੱਲ ਨਾਲ ਹੀ ਸਾਧਾਰਣ ਲੋਕਾਂ ਨੂੰ ਗੁਮਰਾਹ ਕਰੀ ਜਾ ਰਹੇ ਹਨ।
ਇਸੇ ਤਰ੍ਹਾਂ ਅਸੀਂ ਇਕ ਕੇਸ ਦੇ ਸੰਬੰਧ ਵਿਚ ਅੰਮ੍ਰਿਤਸਰ ਵਿਖੇ ਗਏ। ਘਰ ਵਿਚ ਭੂਤਾਂ ਪ੍ਰੇਤਾਂ ਦੀ ਹੋਂਦ ਵਿਚ ਵਿਸ਼ਵਾਸ ਕਾਰਨ ਕੁਝ ਮੈਂਬਰਾਂ ਨੂੰ ਦੌਰੇ ਪੈ ਰਹੇ ਸਨ। ਉਸ ਘਰ ਦਾ ਹੀ ਇਕ ਮੈਂਬਰ ਐਮ.ਬੀ.ਬੀ.ਐਸ. ਕਰਕੇ ਡਾਕਟਰ ਲੱਗਿਆ ਹੋਇਆ ਸੀ। ਡਾਕਟਰ ਸਾਹਿਬ ਨੂੰ ਜਦੋਂ ਅਸੀਂ ਪੁੱਛਿਆ “ਡਾਕਟਰ ਸਾਹਿਬ, ਤੁਸੀਂ ਇਹਨਾਂ ਦੌਰਿਆਂ ਦਾ ਕੀ ਕਾਰਨ ਸਮਝਦੇ ਹੋ? ” ਤਾਂ ਉਹ ਕਹਿਣ ਲੱਗਿਆ “ਮੈਨੂੰ ਤਾਂ ਆਪ ਹੀ ਦੌਰੇ ਪੈਂਦੇ ਹਨ। ਮੈਂ ਤੁਹਾਨੂੰ ਕੀ ਦੱਸ ਸਕਦਾ ਹਾਂ? ”
ਇਸੇ ਤਰ੍ਹਾਂ ਸਾਡਾ ਇੱਕ ਰਿਸ਼ਤੇਦਾਰ ਇਕ ਐਮ.ਬੀ.ਬੀ.ਐਸ.ਐਮ.ਡੀ. ਡਾਕਟਰ ਕੋਲ ਮੌਕਿਆਂ ਦੀ ਦਵਾਈ ਲੈਣ ਗਿਆ ਤਾਂ ਉਸ ਡਾਕਟਰ ਨੇ ਕਿਹਾ ਕਿ “ਸਵਾ ਕਿਲੋ ਲੂਣ ਦੀ ਸੁੱਖ ਦੇ ਦੇਵੋ। ਮੌਕੇ ਠੀਕ ਹੋ ਜਾਣਗੇ। ”
ਇਸ ਤਰ੍ਹਾਂ ਹੀ ਪੰਜਾਬ ਦੇ ਸ਼ਹਿਰ ਮਲੋਟ ਵਿਚ ਇਕ ਅਜਿਹਾ ਡਾਕਟਰ ਵੀ ਹੈ ਜਿਹੜਾ ਦਵਾਈ ਵੀ ਹਥੋਲਾ ਕਰਕੇ ਹੀ ਦਿੰਦਾ ਹੈ। ਉਸ ਦਾ ਦਾਅਵਾ ਹੈ ਕਿ ਹਥੋਲਾ ਕਰਕੇ ਦਿੱਤੀ ਦਵਾਈ ਦੁੱਗਣਾ ਅਸਰ ਕਰਦੀ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਡਾਕਟਰਾਂ ਕੋਲ ਇੱਕ ਅਜਿਹਾ ਯੰਤਰ ਹੁੰਦਾ ਹੈ ਜਿਹੜਾ ਫੇਫੜਿਆਂ ਤੇ ਸਾਹ ਨਾਲੀ ਵਿੱਚੋਂ ਆਵਾਜ਼ ਸੁਣਦਾ ਹੈ। ਪਰ ਪੰਜਾਬ ਵਿਚ ਅਜਿਹੇ ਮੂਰਖ ਡਾਕਟਰ ਵੀ ਹਨ ਜਿਹੜੇ ਸਟੈਥੋਸਕੋਪ ਨੂੰ ਗੋਡਿਆਂ ਨਾਲ ਲਾ ਕੇ ਸਰੀਰ ਅੰਦਰਲੇ ਨੁਕਸਾਂ ਨੂੰ ਲੱਭਣ ਦਾ ਯਤਨ ਕਰਦੇ ਹਨ।
ਅੰਤ ਵਿਚ ਅਸੀਂ ਸਮੂਹ ਲੋਕਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਨੀਮ ਹਕੀਮਾਂ, ਸਾਧਾਂ, ਸੰਤਾਂ ਅਤੇ ਜੋਤਸ਼ੀਆਂ ਦੀਆਂ ਠੱਗੀਆਂ ਤੋਂ ਖੁਦ ਬੱਚਣ ਦੀ ਕੋਸ਼ਿਸ਼ ਕਰਨ ਅਤੇ ਆਪਣੇ ਪਿੱਤਰਾਂ ਦੋਸਤਾਂ ਨੂੰ ਬਚਾਉਣ ਦਾ ਯਤਨ ਕਰਨ।

Back To Top