ਵਿਆਹ ਤੋਂ ਬਾਅਦ

-ਮੇਘ ਰਾਜ ਮਿੱਤਲ
ਅੱਜ ਸਾਡੇ ਸਮਾਜ ਵਿੱਚ ਸਾਡੇ ਦੇਸ਼ ਦੀ ਕੁੱਲ ਆਬਾਦੀ ਦਾ ਅੱਧਾ ਹਿੱਸਾ ਅਰਥਾਤ ਇਸ ਦੇਸ਼ ਦੀਆਂ ਔਰਤਾਂ ਦੂਹਰੀ ਗੁਲਾਮੀ ਦਾ ਸ਼ਿਕਾਰ ਹਨ। ਪਹਿਲੀ ਗੁਲਾਮੀ ਤਾਂ ਭਾਵੇਂ ਸਾਡੇ ਦੇਸ਼ ਦੀ ਸਰਮਾਏਦਾਰੀ ਸਰਕਾਰ ਦੀ ਹੈ ਦੂਜੀ ਗੁਲਾਮੀ ਮਰਦ ਜਾਤ ਦੀ। ਬਹੁਤ ਆਦਮੀ ਆਪਣੀ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਦੇ ਹਨ ਪਰ ਤਰਕਸ਼ੀਲਾਂ ਦੇ ਰਾਜ ਵਿੱਚ ਅਜਿਹਾ ਨਹੀਂ ਹੋਵੇਗਾ ਸਗੋਂ ਹਰ ਔਰਤ ਆਪਣੇ ਪਤੀ ਦੀ ਚੰਗੀ ਸਾਥਣ ਹੋਵੇਗੀ। ਹਰ ਕਿਸਮ ਦੇ ਘਰੇਲੂ ਕੰਮ ਔਰਤ ਤੇ ਮਰਦ ਆਪਸੀ ਸਹਿਯੋਗ ਨਾਲ ਕਰਿਆ ਕਰਨਗੇ। ਤਰਕਸ਼ੀਲ ਸਾਹਿਤ ਦੇ ਪ੍ਰਚਾਰ ਰਾਹੀਂ ਔਰਤਾਂ ਵਿੱਚੋਂ “ਪਤੀ ਪ੍ਰਮੇਸ਼ਵਰ ਹੁੰਦਾ ਹੈ, ਖਾਣਾ ਪਤੀ ਦੇ ਖਾਣਾ ਖਾਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ ਜਾਂ ਕਰਵਾ ਚੌਥ ਦਾ ਵਰਤ ਰੱਖਣਾ ਚਾਹੀਦਾ ਹੈ ਆਦਿ ਦੇ” ਫਜ਼ੂਲ ਸੰਕਲਪ ਖ਼ਤਮ ਕੀਤੇ ਜਾਣਗੇ। ਅਸੀਂ ਸਾਰੇ ਜਾਣਦੇ ਹਾਂ ਕਿ ਆਰਥਕ ਗੁਲਾਮੀ ਤੋਂ ਹੀ ਸਮਾਜਕ ਗੁਲਾਮੀ ਪੈਦਾ ਹੁੰਦੀ ਹੈ। ਅੱਜ ਸਾਡੇ ਦੇਸ਼ ਵਿੱਚ ਘਰਾਂ ਦੀ ਆਰਥਕਤਾ ਆਮ ਤੌਰ ਤੇ ਮਰਦਾਂ ਦੇ ਹੱਥ ਵਿੱਚ ਹੁੰਦੀ ਹੈ ਤੇ ਇਸ ਲਈ ਔਰਤਾਂ ਦੀ ਦੁਰਦਸ਼ਾ ਹੈ। ਪਰ ਤਰਕਸ਼ੀਲਾਂ ਦੇ ਰਾਜ ਵਿੱਚ ਔਰਤਾਂ ਖੁਦ ਕਮਾਊ ਹੋਣਗੀਆਂ ਇਸ ਲਈ ਪੈਸੇ ਧੇਲੇ ਤੇ ਵੀ ਉਹਨਾਂ ਦਾ ਬਰਾਬਰ ਦਾ ਕੰਟਰੋਲ ਹੋਵੇਗਾ। ਇਸ ਲਈ ਅਜਿਹੇ ਸਮਾਜ ਵਿੱਚ ਸਾਡੇ ਦੇਸ਼ ਦੀਆਂ ਔਰਤਾਂ ਦੀ ਹਾਲਤ ਬਹੁਤ ਚੰਗੀ ਹੋਵੇਗੀ। ਵਿਆਹੇ ਜੋੜਿਆਂ ਵਿਚ ਅਣਬਣ ਹੋਣ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤਾਂ ਅੱਜ ਦੇ ਸਰਮਾਏਦਾਰੀ ਯੁੱਗ ਦੀ ਦੇਣ ਹਨ ਅਤੇ ਤਰਕਸ਼ੀਲਾਂ ਦੇ ਰਾਜ ਵਿਚ ਇਹਨਾਂ ਸਮੱਸਿਆਵਾਂ ਨੇ ਘੱਟ ਜਾਣਾ ਹੈ ਪਰ ਫਿਰ ਵੀ ਕੁਝ ਅਜਿਹੇ ਮਾਮਲੇ ਹੋ ਸਕਦੇ ਹਨ ਜਿੱਥੇ ਪਤੀ ਪਤਨੀ ਦੇ ਆਪਸੀ ਸਬੰਧ ਸੁਖਾਲੇ ਨਾ ਹੋਣ। ਅਜਿਹੇ ਮਾਮਲਿਆਂ ਵਿਚ ਤਰਕਸ਼ੀਲਾਂ ਦੀ ਸਰਕਾਰ ਤਲਾਕ ਦੀ ਖੁੱਲ ਦੇਵੇਗੀ। ਵੱਖ ਹੋਣ ਦਾ ਹੱਕ ਮਰਦ ਅਤੇ ਔਰਤ ਦੋਵਾਂ ਨੂੰ ਬਰਾਬਰ ਦਾ ਹੋਵੇਗਾ। ਅਤੇ ਅਜਿਹੇ ਜੋੜਿਆਂ ਨੂੰ ਮੁੜ ਆਪਣੀ ਜ਼ਿੰਦਗੀ ਸ਼ੁਰੂ ਕਰਨ ਵਿਚ ਸਹਿਯੋਗ ਵੀ ਦੇਵੇਗੀ। ਵਧ ਰਹੀ ਆਬਾਦੀ ਨੂੰ ਕਾਬੂ ਕਰਨ ਲਈ ਤਰਕਸ਼ੀਲ ਪ੍ਰਚਾਰ ਦਾ ਸਹਾਰਾ ਲੈਣਗੇ ਅਤੇ ਉਹ ਲੋਕਾਂ ਨੂੰ ਸੁਚੇਤ ਕਰਨਗੇ ਕਿ ਬੱਚੇ ਰੱਬ ਦੀ ਦੇਣ ਨਹੀਂ ਹੁੰਦੇ ਸਗੋਂ ਔਰਤਾਂ ਤੇ ਮਰਦਾਂ ਦੇ ਆਪਸੀ ਸਬੰਧਾਂ ਕਾਰਨ ਪੈਦਾ ਹੁੰਦੇ ਹਨ।

Back To Top