? ਜਦੋਂ ਸਾਡੇ ਸਿਰ ਵਿੱਚ ਦਰਦ ਹੁੰਦਾ ਹੋਵੇ ਤਾਂ ਅਸੀਂ ਆਮ ਤੌਰ `ਤੇ ਕੋਈ ਕੱਪੜਾ ਬੰਨ੍ਹ ਲੈਂਦੇ ਹਾਂ। ਕੀ ਇਸ ਤਰ੍ਹਾਂ ਕਰਨਾ ਠੀਕ ਹੈ ? ਕੱਪੜਾ ਬੰਨ੍ਹਣ ਨਾਲ ਸਿਰ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ।

ਮੇਘ ਰਾਜ ਮਿੱਤਰ

? ਕੀ ਸੱਪ ਦੀ ਹੱਡੀ ਨਾਲ ਸਰੀਰ ਵਿੱਚ ਜਖਮ ਹੋਣ ਨਾਲ ਜ਼ਹਿਰ ਸਰੀਰ ਵਿੱਚ ਪ੍ਰਵੇਸ਼ ਕਰ ਸਕਦਾ ਹੈ।
? ਗਰਮੀਆਂ ਵਿੱਚ ਕੜਕਦੀ ਧੁੱਪ ਵਿੱਚ ਹਵਾ ਵਿੱਚ ਇੱਕ ਝਿਲਮਿਲ ਦਿਖਾਈ ਦਿੰਦੀ ਹੈ, ਉਹ ਕੀ ਹੁੰਦੀ ਹੈ ਤੇ ਕਿਉਂ ਹੁੰਦੀ ਹੈ।
? ਜਲਣ ਨਾਲ ਛਾਲੇ ਕਿਉਂ ਪੈਂਦੇ ਹਨ।
? ਮਨੁੱਖ ਤੇ ਹੋਰ ਜਾਨਵਰਾਂ ਦੇ ਖੂਨ ਵਿੱਚ ਕੀ ਫਰਕ ਹੈ।
? ਧਰਤੀ ਗੋਲ ਹੀ ਕਿਉਂ ਬਣੀ।
? ਧਰੁਵ ਧਾਰਾ ਸਥਿਤ ਕਿਉਂ ਰਹਿੰਦਾ ਹੈ।
? ਸੂਰਜਮੁਖੀ ਦੇ ਫੁੱਲ ਦਾ ਮੂੰਹ ਸੂਰਜ ਵੱਲ ਨੂੰ ਹੀ ਕਿਉਂ ਹੁੰਦਾ ਹੈ।
? ਕਈ ਜੀਵ-ਜੰਤੂਆਂ ਵਿੱਚ ਖੂਨ ਨਹੀਂ ਹੁੰਦਾ। ਫਿਰ ਉਹ ਜਿਉਂਦੇ ਕਿਵੇਂ ਰਹਿੰਦੇ ਹਨ।
-ਦਲਵੀਰ ਸਿੰਘ, ਪਿੰਡ ਤੇ ਡਾਕ. ਸਾਹੋਕੇ, ਜ਼ਿਲ੍ਹਾ ਸੰਗਰੂਰ
– ਬਹੁਤੇ ਵਿਅਕਤੀਆਂ ਵਿੱਚ ਸਿਰਦਰਦ ਮਾਨਸਿਕ ਕਾਰਨਾਂ ਕਰਕੇ ਹੁੰਦਾ ਹੈ। ਇਸ ਲਈ ਇਹ ਬਹੁਤ ਸਾਰੇ ਢੰਗਾਂ ਰਾਹੀਂ ਜਿਵੇਂ ਸਿਰ ਤੇ ਕੱਪੜਾ ਬੰਨ੍ਹਣ ਨਾਲ ਜਾਂ ਬਾਮ ਆਦਿ ਲਾਉਣ ਨਾਲ ਠੀਕ ਹੋ ਜਾਂਦਾ ਹੈ। ਇਹ ਉਪਾਅ ਦੇ ਕੁਦਰਤੀ ਢੰਗ ਹਨ। ਅਜਿਹਾ ਕਰਨ ਦਾ ਕੋਈ ਨੁਕਸਾਨ ਨਹੀਂ।
– ਸੱਪ ਦੀ ਹੱਡੀ ਨਾਲ ਜਖਮ ਹੋਣ ਕਾਰਨ ਜ਼ਹਿਰ ਦਾ ਪ੍ਰਵੇਸ਼ ਕਰਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਕੁਝ ਸੱਪ ਬਹੁਤ ਹੀ ਜ਼ਹਿਰੀਲੇ ਹੁੰਦੇ ਹਨ। ਅਜਿਹੇ ਸੱਪਾਂ ਦਾ ਮਾਮੂਲੀ ਜਿਹਾ ਜ਼ਹਿਰ ਭਾਵੇਂ ਉਹ ਹੱਡੀ ਨੂੰ ਲੱਗਿਆ ਹੋਵੇ, ਉਹ ਸਰੀਰ ਨੂੰ ਨੁਕਸਾਨ ਪਹੁੰਚਾਉਣ ਲਈ ਕਾਫੀ ਹੁੰਦਾਹੈ।
– ਕੜਕਦੀ ਧੁੱਪ ਵਿੱਚ ਜਿਹੜੀਆਂ ਹਵਾਵਾਂ ਧਰਤੀ ਦੇ ਨੇੜੇ ਆ ਜਾਂਦੀਆਂ ਹਨ ਉਹ ਗਰਮ ਹੋ ਕੇ ਉੱਪਰ ਉੱਠਣ ਲੱਗਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਹਵਾ ਦੀ ਘਣਤਾ ਲਗਾਤਾਰ ਬਦਲਦੀ ਰਹਿੰਦੀ ਹੈ। ਇਹਨਾਂ ਹਵਾਵਾਂ ਵਿੱਚੋਂ ਪ੍ਰਕਾਸ਼ ਦੇ ਅਪਵਰਤਨ ਨਾਲ ਕੁਝ ਦ੍ਰਿਸ਼ਟੀ-ਭਰਮ ਪੈਦਾ ਹੁੰਦੇ ਰਹਿੰਦੇ ਹਨ। ਇਹਨਾਂ ਵਿੱਚੋਂ ਮ੍ਰਿਗ-ਤ੍ਰਿਸ਼ਨਾ ਜਾਂ ਸੜਕਾਂ ਤੇ ਪਾਣੀ ਦਿਖਾਈ ਦੇਣਾ ਆਮ ਹੀ ਹੁੰਦੇ ਹਨ।
– ਸਰੀਰ ਦਾ 70% ਭਾਗ ਪਾਣੀ ਹੈ। ਜਦੋਂ ਸਰੀਰ ਦਾ ਕੁਝ ਭਾਗ ਜਲਦਾ ਹੈ ਤਾਂ ਉਸ ਥਾਂ ਤੇ ਪਾਣੀ ਦੀ ਸੰਘਣਤਾ ਨਸ਼ਟ ਹੋ ਜਾਂਦੀ ਹੈ। ਇਸ ਲਈ ਜਲੇ ਹੋਏ ਸਾਰੇ ਸੈੱਲਾਂ ਦਾ ਪਾਣੀ ਇਕੱਠਾ ਹੋ ਜਾਂਦਾ ਹੈ।
– ਮਨੁੱਖ ਤੇ ਜਾਨਵਰਾਂ ਦੇ ਖੂਨ ਵਿੱਚ ਬਹੁਤ ਸਾਰੇ ਪ੍ਰੋਟੀਨ ਹੁੰਦੇ ਹਨ। ਇਹਨਾਂ ਪ੍ਰੋਟੀਨਾਂ ਦੇ ਫਰਕ ਕਾਰਨ ਹੀ ਮਨੁੱਖੀ ਖੂਨ ਅਤੇ ਜਾਨਵਰਾਂ ਦੇ ਖੂਨ ਵਿੱਚ ਫਰਕ ਹੁੰਦਾਹੈ।
– ਜਦੋਂ ਗ੍ਰਹਿ, ਉਪਗ੍ਰਹਿ ਜਾਂ ਤਾਰੇ ਹੋਂਦ ਵਿੱਚ ਆਉਂਦੇ ਹਨ, ਉਹ ਬਹੁਤ ਸਾਰੀਆਂ ਚਟਾਨਾਂ ਦੇ ਇਕੱਠੇ ਹੋਣ ਕਾਰਨ, ਇਹ ਚਟਾਨਾਂ ਲਗਾਤਾਰ ਇੱਕ ਸਥਾਨ ਤੇ ਡਿਗਦੀਆਂ ਰਹਿੰਦੀਆਂ ਹਨ ਜਿਸ ਕਾਰਨ ਉਹ ਚਟਾਨਾਂ ਘੁੰਮਣਾ ਸ਼ੁਰੂ ਕਰ ਦਿੰਦੀਆਂ ਹਨ। ਇਸ ਤਰ੍ਹਾਂ ਚਟਾਨਾਂ ਦੇ ਡਿੱਗਣ ਨਾਲ ਤੇ ਚਟਾਨਾਂ ਦੇ ਕੇਂਦਰ ਤੋਂ ਦੂਰੀ ਬਰਾਬਰ ਰੱਖਣ ਕਾਰਨ ਇਹ ਗੋਲਾਈ ਅਖਤਿਆਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਇਸ ਤਰ੍ਹਾਂ ਗ੍ਰਹਿ, ਉਪ-ਗ੍ਰਹਿ, ਤਾਰੇ ਸਭ ਗੋਲ ਹੀ ਹੁੰਦੇ ਹਨ।
– ਧਰੁਵ ਧਾਰਾ ਸਥਿਰ ਨਹੀਂ ਹੁੰਦਾ ਪਰ ਇਹ ਧਰਤੀ ਦੇ ਧੁਰੇ ਵਾਲੀ ਦਿਸ਼ਾ ਤੇ ਸਥਿਤ ਹੋਣ ਕਾਰਨ ਸਥਿਰ ਨਜ਼ਰ ਆਉਂਦਾ ਹੈ।
– ਕੁਝ ਪੌਦਿਆਂ ਵਿੱਚ ਆਕਜਿਨ ਨਾਂ ਦਾ ਇੱਕ ਰਸ ਪੈਦਾ ਹੁੰਦਾ ਹੈ। ਸੂਰਜਮੁਖੀ ਦੇ ਪੌਦੇ ਵਿੱਚ ਇਹ ਰਸ ਇੱਕ ਪਾਸੇ ਹੀ ਜਮ੍ਹਾਂ ਹੋ ਜਾਂਦਾ ਹੈ। ਜਿਸ ਪਾਸੇ ਇਹ ਰਸ ਹੁੰਦਾ ਹੈ, ਉਸ ਪਾਸੇ ਪੌਦੇ ਦੀ ਲੰਬਾਈ ਵਿੱਚ ਵਾਧਾ ਦੂਸਰੇ ਪਾਸੇ ਦੀ ਲੰਬਾਈ ਦੇ ਮੁਕਾਬਲੇ ਵੱਧ ਹੁੰਦਾ ਹੈ। ਇਸਦੇ ਸਿੱਟੇ ਵਜੋਂ ਹੀ ਸੂਰਜਮੁਖੀ ਦਾ ਪੌਦਾ ਸੂਰਜ ਵੱਲ ਮੂੰਹ ਰੱਖਦਾ ਹੈ। ਸੂਰਜ ਮੁਖੀ ਹੀ ਅਜਿਹਾ ਪੌਦਾ ਨਹੀਂ ਜੋ ਅਜਿਹਾ ਵਰਤਾਰਾ ਕਰਦਾ ਹੈ। ਪੌਦਿਆਂ ਦੀਆਂ ਕੁਝ ਹੋਰ ਕਿਸਮਾਂ ਵੀ ਹਨ ਜਿਹੜੀਆਂ ਅਜਿਹੇ ਦ੍ਰਿਸ਼ ਪੇਸ਼ ਕਰਦੀਆਂ ਹਨ।
– ਬਹੁਤ ਸਾਰੇ ਜੀਵ-ਜੰਤੂਆਂ ਵਿੱਚ ਖੂਨ-ਪ੍ਰਣਾਲੀ, ਸਾਹ-ਪ੍ਰਣਾਲੀ ਜਾਂ ਭੋਜਨ-ਪ੍ਰਣਾਲੀ ਨਹੀਂ ਹੁੰਦੀਆਂ ਪਰ ਉਹਨਾਂ ਨੇ ਜਿਉਂਦੇ ਰਹਿਣ ਲਈ ਕੁਦਰਤ ਨਾਲ ਸੰਘਰਸ਼ ਕਰਦਿਆਂ ਅਜਿਹੇ ਅੰਗਾਂ ਨੂੰ ਜਾਂ ਪ੍ਰਣਾਲੀਆਂ ਨੂੰ ਵਿਕਸਤ ਕਰ ਲਿਆ ਹੁੰਦਾ ਹੈ ਜੋ ਉਨ੍ਹਾਂ ਦੇ ਜਿਉਣ ਲਈ ਸਹਾਈ ਹੁੰਦੇ ਹਨ। ***

——————————————————–

Back To Top