ਮੇਘ ਰਾਜ ਮਿੱਤਰ
? ਅੱਜਕੱਲ੍ਹ ਕਿਸਾਨ ਨਵੇਂ-ਨਵੇਂ ਟੀਕੇ ਸਬਜ਼ੀਆਂ ਨੂੰ ਲਗਾ ਰਹੇ ਹਨ, ਜਿਨ੍ਹਾਂ ਨਾਲ ਸਬਜ਼ੀਆਂ ਰਾਤੋ-ਰਾਤ ਵੱਡੀਆਂ ਹੋ ਜਾਂਦੀਆਂ ਹਨ। ਕੀ ਇਹਨਾਂ ਨਾਲ ਮਨੁੱਖ ਦੀ ਸਿਹਤ ਨੂੰ ਹਾਨੀ ਹੁੰਦੀ ਹੈ।
? ਸਾਨੂੰ ਸੌਣ ਤੋਂ ਪਹਿਲਾਂ ਉਬਾਸੀਆਂ ਕਿਉਂ ਆਉਂਦੀਆਂ ਹਨ। ਤੇ ਨਾਲ ਹੀ ਅੱਖਾਂ ਵਿੱਚੋਂ ਪਾਣੀ ਕਿਉਂ ਆਉਣ ਲੱਗ ਜਾਂਦਾ ਹੈ, ਇਸਦਾ ਕੀ ਕਾਰਨ ਹੈ।
? ਕੀ ਧੂਫ ਤੇ ਅਗਰਬੱਤੀ ਨਾਲ ਸਿਹਤ ਨੂੰ ਉਹਨਾਂ ਦੇ ਧੂੰਏਂ ਨਾਲ ਹਾਨੀ ਹੁੰਦੀ ਹੈ। ਜੇ ਹਾਂ ਤਾਂ ਕੀ।
? ਅੱਜਕੱਲ੍ਹ ਦੇ ਵਿਗਿਆਨੀ ਮਨੁੱਖ ਦਾ ਕਲੋਨ ਬਣਾਉਣ ਵਿੱਚ ਸਫਲਤਾ ਪ੍ਰਾਪਤ ਕਰ ਚੁੱਕੇ ਹਨ। ਕੀ ਆਉਣ ਵਾਲੇ ਸਮੇਂ ਵਿੱਚ ਇਹ ਵਿਗਿਆਨੀ ਜਾਂ ਵਿਗਿਆਨੀਆਂ ਦੀ ਨਵੀਂ ਕਾਢ ਦੁਆਰਾ ਮਰੇ ਹੋਏ ਮਨੁੱਖ ਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ ਕਿ ਨਹੀਂ।
? ਮਾਸ ਸੁੰਨ ਕਰਨ ਵਾਲਾ ਟੀਕਾ ਕਿਵੇਂ ਕੰਮ ਕਰਦਾ ਹੈ ਤੇ ਇਸ ਨਾਲ ਮਾਸ ਕਿਵੇਂ ਸੁੰਨ ਹੋ ਜਾਂਦਾ ਹੈ ਤੇ ਸੁੰਨ ਹੋਏ ਮਾਸ ਨੂੰ ਪੀੜ ਕਿਉਂ ਨਹੀਂ ਹੁੰਦੀ।
? ਪਿਆਜ ਕੱਟਣ ਲੱਗਿਆਂ ਅੱਖਾਂ ਵਿੱਚ ਪਾਣੀ ਕਿਉਂ ਆਉਣ ਲੱਗ ਜਾਂਦਾ ਹੈ ਤੇ ਇਸ ਪਾਣੀ ਨਾਲ ਅੱਖਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ।
? ਮੀਂਹ ਆਉਣ ਤੋਂ ਪਹਿਲਾਂ ਠੰਡੀ ਹਵਾ ਤੇ ਹਨੇਰੀ ਕਿਉਂ ਆਉਂਦੀ ਹੈ। ਇਸ ਦਾ ਕੀ ਕਾਰਨ ਹੈ।
-ਗੁਰਦੀਪ ਸਿੰਘ ਅਰੋੜਾ (ਦੀਪਾ), ਜ਼ੀਰਾ, ਫਿਰੋਜ਼ਪੁਰ।
– ਕਾਲਾ ਇਲਮ ਜਾਂ ਕਾਲਾ ਜਾਦੂ ਅਜਿਹੀ ਵਿੱਦਿਆ ਹੈ ਜਿਹੜੀ ਆਮ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੁਝ ਵਿਸ਼ੇਸ਼ ਵਿਅਕਤੀਆਂ ਨੂੰ ਪੜ੍ਹਾਈ ਤੇ ਸਿਖਾਈ ਜਾਂਦੀ ਹੈ। ਇਸ ਨਾਲ ਮਨੁੱਖ ਡਰਾਇਆ-ਧਮਕਾਇਆ ਅਤੇ ਲੁੱਟਿਆ ਜਾਂਦਾ ਹੈ।
– ਇਹ ਟੀਕੇ ਹਾਰਮੋਨਜ਼ ਅਤੇ ਸਟੀਰੋਇਡਜ਼ ਦੇ ਹੁੰਦੇ ਹਨ ਜਿਹੜੇ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ।
– ਮਨੁੱਖ ਨੂੰ ਉਬਾਸੀ ਆਉਣਾ ਆਕਸੀਜਨ ਦੀ ਘਾਟ ਦੀ ਸੂਚਕ ਹੈ। ਇਸ ਰਾਹੀਂ ਮਨੁੱਖ ਆਪਣੀਆਂ ਆਕਸੀਜਨ ਲੋੜਾਂ ਦੀ ਪੂਰਤੀ ਕਰਦਾ ਹੈ। ਉਬਾਸੀ ਲੈਣ ਸਮੇਂ ਚੜ੍ਹੀ ਨੀਂਦ ਕਾਰਨ ਅੱਖਾਂ ਬੰਦ ਹੁੰਦੀਆਂ ਹਨ, ਇਸ ਤਰ੍ਹਾਂ ਕਈ ਵਿਅਕਤੀਆਂ ਦੀਆਂ ਅੱਖਾਂ `ਚੋਂ ਪਾਣੀ ਵੀ ਨਿਕਲ ਆਉਂਦਾ ਹੈ।
– ਧੂਫ ਅਤੇ ਅਗਰਬੱਤੀ ਜਲਾਉਣ ਨਾਲ ਕਾਰਬਨ ਡਾਈਆਕਸਾਈਡ ਅਤੇ ਧੂੰਆਂ ਪੈਂਦਾ ਹੁੰਦਾ ਹੈ ਜਿਹੜੇ ਸਿਹਤ ਲਈ ਹਾਨੀਕਾਰਕ ਹਨ।
– ਜੀ ਹਾਂ, ਆਉਣ ਵਾਲੇ ਸਮੇਂ ਵਿੱਚ ਵਿਗਿਆਨੀ ਮਰੇ ਹੋਏ ਮਨੁੱਖ ਨੂੰ ਜਿਉਂਦਾ ਕਰਨ ਵਿੱਚ ਸਫਲਤਾ ਜ਼ਰੂਰ ਪ੍ਰਾਪਤ ਕਰ ਲੈਣਗੇ। ਮਨੁੱਖੀ ਸਰੀਰ ਦੀ ਮੌਤ ਤੋਂ ਬਾਅਦ ਉਹਨਾਂ ਦੇ ਖੂਨ ਵਿੱਚ ਕੁਝ ਅਜਿਹੀਆਂ ਰਸਾਇਣਿਕ ਕਿਰਿਆਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਵਹਾਅ ਨੂੰ ਉਲਟਾਇਆ ਨਹੀਂ ਜਾ ਸਕਦਾ ਹੈ। ਜਦੋਂ ਵੀ ਵਿਗਿਆਨੀ ਇਹਨਾਂ ਵਾਪਰਨ ਵਾਲੀਆਂ ਰਸਾਇਣਿਕ ਕਿਰਿਆਵਾਂ ਨੂੰ ਰੋਕਣ ਲਈ ਅਤੇ ਇਹਨਾਂ ਨੂੰ ਉਲਟਾਉਣ ਲਈ ਢੰਗ ਤਰੀਕੇ ਲੱਭ ਲੈਣਗੇ, ਉਸ ਸਮੇਂ ਵਿਗਿਆਨੀ ਮਰੇ ਹੋਏ ਮਨੁੱਖ ਨੂੰ ਜਿਉਂਦਾ ਕਰਨ ਵਿੱਚ ਸਫਲ ਹੋ ਜਾਣਗੇ।
– ਮਾਸ ਸੁੰਨ ਕਰਨ ਵਾਲਾ ਟੀਕਾ ਸਰੀਰ ਦੇ ਉਸ ਹਿੱਸੇ, ਜਿਸ ਵਿੱਚ ਇਹ ਲਾਇਆ ਜਾਂਦਾ ਹੈ ਉਸ ਵਿੱਚੋਂ ਦਿਮਾਗ ਨੂੰ ਸੁਨੇਹਾ ਲਿਆਉਣ ਅਤੇ ਲਿਜਾਣ ਵਾਲੇ ਨਾੜੀ-ਪ੍ਰਬੰਧ ਨੂੰ ਵਕਤੀ ਤੌਰ `ਤੇ ਕਿਰਿਆਸ਼ੀਲ ਨਹੀਂ ਰਹਿਣ ਦਿੰਦਾ। ਇਸ ਲਈ ਸਾਨੂੰ ਕੋਈ ਪੀੜ ਨਹੀਂ ਹੁੰਦੀ।
– ਪਿਆਜਾਂ ਵਿੱਚ ਇੱਕ ਏਲਾਈਲ ਨਾਂ ਦਾ ਤੇਲ ਹੁੰਦਾ ਹੈ। ਜਦੋਂ ਅਸੀਂ ਪਿਆਜਾਂ ਨੂੰ ਕੱਟਦੇ ਹਾਂ ਤਾਂ ਇਹ ਏਲਾਈਲ ਤੇਲ ਦੇ ਅਣੂ ਹਵਾ ਵਿੱਚ ਖਿੱਲਰ ਜਾਂਦੇ ਹਨ। ਇਹਨਾਂ ਵਿੱਚੋਂ ਕੁਝ ਅਣੂ ਸਾਡੀਆਂ ਅੱਖਾਂ ਤੇ ਨੱਕ ਵਿੱਚ ਚਲੇ ਜਾਂਦੇ ਹਨ। ਇਸ ਤੇਲ ਦੇ ਅਣੂ ਸਾਡੀਆਂ ਅੱਖਾਂ ਤੇ ਨੱਕ ਵਿੱਚ ਖੁਜਲੀ ਕਰਦੇ ਹਨ, ਇਸ ਲਈ ਸਾਡਾ ਦਿਮਾਗ ਇਹਨਾਂ ਨੂੰ ਅੱਖ ਤੇ ਨੱਕ ਵਿੱਚੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹੈ। ਇਸ ਲਈ ਸਾਡਾ ਦਿਮਾਗ ਇਸ ਤੇਲ ਨੂੰ ਬਾਹਰ ਕੱਢਣ ਲਈ ਪਾਣੀ ਛੱਡਣ ਦਾ ਹੁਕਮ ਦਿੰਦਾ ਹੈ। ਇਸ ਕਰਕੇ ਹੀ ਪਿਆਜ ਕੱਟਣ ਤੇ ਸਾਡੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ।
– ਅਸਲ ਵਿੱਚ ਮੀਂਹ ਆਉਣ ਤੋਂ ਪਹਿਲਾਂ ਆਉਣ ਵਾਲੀ ਹਵਾ ਜਾਂ ਹਨੇਰੀ ਬਰਸਾਤ ਦੇ ਵਾਸ਼ਪਾਂ ਵਿੱਚੋਂ ਲੰਘ ਕੇ ਆਉਂਦੀ ਹੈ। ਇਸ ਲਈ ਇਸ ਵਿੱਚ ਪਾਣੀ ਦੇ ਕੁਝ ਕਣ ਹੁੰਦੇ ਹਨ।
***