? ਆਮ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਮਾਮਾ-ਭਾਣਜਾ ਗਰਜਦੇ ਬੱਦਲਾਂ ਵਿੱਚ ਇਕੱਠੇ ਨਹੀਂ ਰਹਿ ਸਕਦੇ ਕਿਉਂਕਿ ਉਹਨਾਂ ਤੇ ਅਸਮਾਨੀ ਬਿਜਲੀ ਡਿੱਗਣ ਦਾ ਖ਼ਤਰਾ ਹੁੰਦਾ ਹੈ। ਕੀ ਇਸ ਨਾਲ ਸੱਚ-ਮੁੱਚ ਮੌਤ ਹੁੰਦੀ ਹੈ। ਜੇਕਰ ਇਹ ਸੱਚ ਹੈ ਤਾਂ ਇਸ ਦਾ ਕਾਰਨ ਦੱਸਣਾ।

ਮੇਘ ਰਾਜ ਮਿੱਤਰ

? ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣਨ ਲਈ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਕੀ ਕੁਝ ਕਰਨ ਦੀ ਲੋੜ ਹੁੰਦੀ ਹੈ।
? ਭੂਤਾਂ ਪ੍ਰੇਤਾਂ ਦੀ ਅਣਹੋਂਦ ਬਾਰੇ ਵਧੀਆ ਉਦਾਹਰਣਾਂ ਦੇ ਕੇ ਦੱਸਣਾ ਤਾਂ ਕਿ ਅਸੀਂ ਇਹ ਕਹਿ ਸਕੀਏ ਕਿ ਭੂਤਾਂ-ਪ੍ਰੇਤਾਂ ਬਿਲਕੁਲ ਨਹੀਂ ਹਨ।
-ਬੂਟਾ ਸਿੰਘ, ਕਲਾਸ ਬਾਰਵੀਂ, ਪਿੰਡ ਫਰਵਾਹੀ।
– ਅਸਮਾਨੀ ਬਿਜਲੀ ਡਿੱਗਣ ਦਾ ਕਾਰਨ ਤਾਂ ਇੱਕ ਦੂਜੇ ਦੇ ਵਿਰੋਧੀ ਚਾਰਜ ਹੀ ਹੁੰਦੇ ਹਨ। ਮਾਮੇ-ਭਾਣਜੇ ਦੇ ਇਕੱਠੇ ਹੋਣ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੁੰਦਾ।
– ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣਨ ਲਈ ਇੱਕ ਪ੍ਰਣ-ਪੱਤਰ ਭਰਨਾ ਪੈਂਦਾ ਹੈ ਜਿਸ ਵਿੱਚ ਹੋਰ ਸ਼ਰਤਾਂ ਤੋਂ ਇਲਾਵਾ ਨਾਸਤਿਕ ਹੋਣਾ ਵੀ ਜ਼ਰੂਰੀ ਹੁੰਦਾ ਹੈ। ਦੋ ਸਾਲਾਂ ਦੀ ਮੈਂਬਰ ਫੀਸ 20 ਕੁ ਰੁਪਏ ਹੁੰਦੀ ਹੈ। ਤੁਸੀਂ ਕਿਸੇ ਵੀ ਨਜ਼ਦੀਕੀ ਇਕਾਈ ਦੇ ਮੈਂਬਰ ਬਣ ਸਕਦੇ ਹੋ।
– ਕਿਸੇ ਵੀ ਵਿਅਕਤੀ ਦੇ ਆਵਾਜ਼ ਪੈਦਾ ਕਰਨ ਲਈ ਗਲੇ, ਜੀਭ ਅਤੇ ਬੁੱਲ੍ਹਾਂ ਦਾ ਹੋਣਾ ਜ਼ਰੂਰੀ ਹੈ। ਫੇਫੜਿਆਂ ਰਾਹੀਂ ਹਵਾ ਗਲੇ ਨਾਲ ਟਕਰਾਉਣ ਦੀ ਵੀ ਲੋੜ ਹੈ। ਇਸ ਲਈ ਭੂਤਾਂ-ਪ੍ਰੇਤਾਂ ਦੇ ਗੱਲਾਂ ਕਰਨ ਲਈ ਇਹ ਸਾਰੇ ਅੰਗ ਅਤਿਅੰਤ ਜ਼ਰੂਰੀ ਹਨ। ਇਹ ਅੰਗ ਸਿਰਫ ਜਿਉਂਦੇ ਸਰੀਰ ਵਿੱਚ ਹੀ ਹੋ ਸਕਦੇ ਹਨ। ਇਸੇ ਤਰ੍ਹਾਂ ਕਿਸੇ ਚੀਜ ਨੂੰ ਚੁੱਕਣ ਜਾਂ ਸੁੱਟਣ ਲਈ ਹੱਥਾਂ ਦੀ, ਇੱਕ ਥਾਂ ਤੋਂ ਦੂਜੇ ਥਾਂ ਜਾਣ ਲਈ ਪੈਰਾਂ ਦੀ ਜ਼ਰੂਰਤ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਜਿਉਂਦੇ ਸਰੀਰ ਵਿੱਚ ਹੋ ਸਕਦੀਆਂ ਹਨ। ਬਗੈਰ ਸਰੀਰ ਤੋਂ ਇਹਨਾਂ ਦਾ ਰਹਿਣਾ ਅਸੰਭਵ ਹੈ।
***
? ਕਿਸੇ ਬੱਚੇ ਦੀਆਂ ਅੱਖਾਂ ਬਿੱਲੀਆਂ ਕਿਵੇਂ ਜਾਂ ਕਿਉਂ ਹੁੰਦੀਆਂ ਹਨ ? ਜਦਕਿ ਕਈ ਵਾਰ ਮਾਂ-ਬਾਪ ਦੀਆਂ ਅੱਖਾਂ ਬਿੱਲੀਆਂ ਨਹੀਂ ਹੁੰਦੀਆਂ।
-ਮਨਦੀਪ ਖੁਰਮੀ, ਹਿੰਮਤਪੁਰਾ (ਮੋਗਾ)
– ਮਾਪਿਆਂ ਦੇ ਸਾਰੇ ਗੁਣ ਬੱਚਿਆਂ ਵਿੱਚ ਪ੍ਰਵੇਸ਼ ਹੋ ਜਾਂਦੇ ਹਨ। ਜਿਹੜੇ ਗੁਣ ਪ੍ਰਭਾਵੀ ਹੋ ਜਾਂਦੇ ਹਨ ਉਹ ਪ੍ਰਗਟ ਹੋ ਜਾਂਦੇ ਹਨ, ਬਾਕੀ ਸੁੱਤੇ ਪਏ ਰਹਿੰਦੇ ਹਨ। ਕਿਸੇ ਹੋਰ ਪੀੜ੍ਹੀ ਵਿੱਚ ਜਾਂ ਕਿਸੇ ਹੋਰ ਸਟੇਜ ਤੇ ਜਾ ਕੇ ਉਹ ਗੁਣ ਵੀ ਪ੍ਰਭਾਵੀ ਹੋ ਜਾਂਦੇ ਹਨ ਤੇ ਪ੍ਰਗਟ ਹੋ ਜਾਂਦੇ ਹਨ। ਇਸ ਲਈ ਬਿੱਲੀਆਂ ਅੱਖਾਂ ਵਾਲੇ ਬੱਚੇ ਦੇ ਕਿਸੇ ਦੂਰ ਦੀ ਪੀੜ੍ਹੀ ਵਿੱਚ ਕਿਸੇ ਨਾ ਕਿਸੇ ਦਾਦੇ-ਪੜਦਾਦੇ ਜਾਂ ਨਾਨੇ-ਪੜਨਾਨੇ ਜਾਂ ਨਾਨੀ-ਪੜਨਾਨੀ ਦੀਆਂ ਅੱਖਾਂ ਜ਼ਰੂਰ ਬਿੱਲੀਆਂ ਹੋਣਗੀਆਂ।
***

Back To Top