ਮਨੁੱਖੀ ਵਿਕਾਸ ਕਿਵੇਂ ਹੋਇਆ ?

ਮੇਘ ਰਾਜ ਮਿੱਤਰ

ਮਨੁੱਖੀ ਵਿਕਾਸ ਮਨੁੱਖ ਦੁਆਰਾ ਆਪਣੀ ਜੀਵਨ ਹਾਲਤਾਂ ਨੂੰ ਵਧੀਆ ਬਣਾਉਣ ਲਈ ਆਪਣੇ ਆਲੇ ਦੁਆਲੇ ਨਾਲ ਕੀਤੇ ਸੰਘਰਸ਼ ਦਾ ਸਿੱਟਾ ਹੈ। ਸੂਰਜ ਦੀ ਧੁੱਪ, ਮੀਂਹ ਤੇ ਹਨੇਰੀ ਤੋਂ ਬਚਣ ਲਈ ਉਸਨੇ ਮਕਾਨ ਬਣਾਏ, ਚਾਰ ਲੱਤਾਂ ਤੇ ਤੁਰਨਾ ਦੋ ਲੱਤਾਂ ਉੱਤੇ ਤੁਰਨ ਨਾਲੋਂ ਸੁਖਾਲਾ ਹੁੰਦਾ ਹੈ। ਪਰ ਮਨੁੱਖ ਨੇ ਜੀਵ ਵਿਕਾਸ ਦੌਰਾਨ ਆਪਣੀਆਂ ਮੂਹਰਲੀਆਂ ਲੱਤਾਂ ਤੋਂ ਆਪਣੇ ਬੱਚਿਆਂ ਨੂੰ ਚੁੱਕ ਕੇ ਲਿਜਾਣ ਦਾ ਕੰਮ ਲੈਣਾ ਸ਼ੁਰੂ ਕਰ ਦਿੱਤਾ। ਕਿਉਂਕਿ ਮਨੁੱਖੀ ਬੱਚਾ ਜੰਮਦਾ ਹੀ ਆਪਣੇ ਮਾਪਿਆਂ ਨਾਲ ਪ੍ਰਵਾਸ ਨਹੀਂ ਸੀ ਕਰ ਸਕਦਾ। ਉਂਝ ਉਹ ਲੱਗਭੱਗ ਇੱਕ ਦੋ ਸਾਲ ਦਾ ਹੋਣ ਤੱਕ ਆਪਣੇ ਮਾਪਿਆਂ ਤੇ ਹੀ ਆਸ਼ਰਤ ਹੁੰਦਾ ਹੈ। ਸੋ ਮਨੁੱਖ ਦੀ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਵਾਸਤੇ ਅਤੇ ਖੁਰਾਕ ਦੀ ਭਾਲ ਵਾਸਤੇ ਮੂਹਰਲੀਆਂ ਟੰਗਾਂ ਨੂੰ ਹੱਥਾਂ ਵਿੱਚ ਬਦਲਣਾ ਅਤਿਅੰਤ ਲੌੜ ਸੀ।
ਲੱਗਭੱਗ ਡੇਢ ਕਰੋੜ ਵਰੇ੍ਹ ਪਹਿਲਾਂ ਦੀ ਗੱਲ ਹੈ ਕਿ ਅਫਰੀਕਾ ਵਿੱਚ ਬਹੁਤ ਹੀ ਸੰਘਣੇ ਜੰਗਲ ਹੁੰਦੇ ਸਨ। ਇਹਨਾ ਜੰਗਲਾਂ ਉੱਤੇ ਬਹੁਤ ਹੀ ਭਿਆਨਕ ਕਿਸਮ ਦੇ ਜਾਨਵਰ ਰਹਿੰਦੇ ਸਨ। ਹਨੇਰੀਆਂ ਅਤੇ ਤੂਫ਼ਾਨ ਅਕਸਰ ਵਗਦੇ ਹੀ ਰਹਿੰਦੇ ਸਨ। ਬਰਸਾਤਾਂ ਵੀ ਬਹੁਤ ਹੁੰਦੀਆਂ ਸਨ। ਸੋ ਇਹਨਾਂ ਸਾਰੇ ਕਾਰਨਾਂ ਕਰਕੇ ਇੱਕ ਭਾਰੀ ਦੇਹ ਵਾਲੇ ਬਾਂਦਰ ਜਿਸਨੂੰ ਅੱਜ ਕੱਲ ਅਸੀਂ ਏਪ ਜਾਂ ਕਪੀ ਕਹਿੰਦੇ ਹਾਂ ਦਰੱਖਤਾਂ ਉੱਤੇ ਰਿਹਾ ਕਰਦਾ ਸੀ। ਦਰੱਖਤਾਂ ਉੱਤੇ ਰਹਿਣ ਕਾਰਨ ਉਸਨੂੰ ਆਪਣੀਆਂ ਮੂਹਰਲੀਆਂ ਲੱਤਾਂ ਤੋਂ ਹੱਥਾਂ ਦਾ ਕੰਮ ਲੈਣਾ ਉਹਦੀ ਜ਼ਰੂਰਤ ਸੀ। ਪਰ ਜਿਉਂ ਹੀ ਮੀਂਹ ਹਨੇਰੀ ਦਾ ਜ਼ੋਰ ਘਟਿਆ ਜੰਗਲ ਕੁਝ ਘੱਟ ਹੋਏ ਤਾਂ ਇਸ ਬਾਂਦਰ ਦਾ ਧਰਤੀ ਤੇ ਉਤਰਨਾ ਇੱਕ ਮਜ਼ਬੂਰੀ ਬਣ ਗਈ। ਸਿੱਟੇ ਵਜੋਂ ਇਸ ਬਾਂਦਰ ਨੇ ਧਰਤੀ ਉੱਪਰ ਰਹਿਣਾ ਸਿੱਖ ਲਿਆ। ਹੌਲੀ ਹੌਲੀ ਇਹ ਬਾਂਦਰ ਹੀ ਮਨੁੱਖ ਦਾ ਰੂਪ ਧਰਨ ਕਰ ਗਿਆ।

Back To Top