ਮੇਘ ਰਾਜ ਮਿੱਤਰ
ਮਨੁੱਖੀ ਵਿਕਾਸ ਦੇ ਇਤਿਾਸ ਵਿੱਚ ਮਨੁੱਖ ਦੀ ਇੱਕ ਅਜਿਹੀ ਨਸਲ ਵੀ ਧਰਤੀ ਤੇ ਪੈਦਾ ਹੋਈ ਹੈ ਜਿਸਨੂੰ ਅੱਜ ਨੀਂਡਰਥਲੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਅਵਸ਼ੇਸ਼ 1856 ਵਿੱਚ ਜਰਮਨੀ ਦੇ ਇੱਕ ਇਲਾਕੇ ਨੀਂਡਰਥਲੀ ਵਿੱਚੋਂ ਮਿਲੇ ਸਨ। ਇਹਨਾਂ ਦੀਆਂ ਗੁਫਾਵਾਂ ਵਿੱਚੋਂ ਅਜਿਹੇ ਹੋਰ ਬਹੁਤ ਸਾਰੇ ਹੱਡੀਆਂ ਤੇ ਪੱਥਰ ਦੇ ਹਥਿਆਰ ਮਿਲੇ ਹਨ ਜਿਹੜੇ ਪੰਜਾਹ ਹਜ਼ਾਰ ਸਾਲ ਪੁਰਾਣੇ ਹਨ। ਗੁਫਾਵਾਂ ਵਿੱਚੋਂ ਮਿਲੇ ਸਬੂਤਾਂ ਦੇ ਆਧਾਰ ਤੇ ਇਹ ਗੱਲ ਆਖੀ ਜਾ ਸਕਦੀ ਹੈ ਕਿ ਇਹ ਮਨੁੱਖ ਅੱਗ ਬਾਲਣੀ ਜਾਣਦਾ ਸੀ ਅਤੇ ਆਪਣੇ ਤਨ ਨੂੰ ਸਰਦੀ ਤੋਂ ਬਚਾਉਣ ਲਈ ਪਸ਼ੂਆਂ ਦੀ ਚਮੜੀ ਪਹਿਣਦਾ ਸੀ। ਸਰੀਰਕ ਬਣਤਰ ਅਨੁਸਾਰ ਇਹ ਅੱਜ ਦੇ ਮਨੁੱਖ ਨਾਲੋਂ ਬਿਲਕੁਲ ਹੀ ਵੱਖਰੇ ਸਨ। ਇਹਨਾਂ ਦਾ ਜਬਾੜਾ ਅੱਗੇ ਨੂੰ ਨਿਕਲਿਆ ਹੋਇਆ ਸੀ। ਇਸਦੇ ਹੱਥਾਂ ਦੇ ਅੰਗੂਠੇ ਉਂਗਲੀਆਂ ਨੂੰ ਛੋਹ ਨਹੀਂ ਸਕਦੇ ਸਨ। ਇਹਨਾਂ ਲਈ ਆਸੇ ਪਾਸੇ ਗਰਦਨ ਮੋੜਨਾ ਅਸੰਭਵ ਸੀ। ਇਹਨਾਂ ਦੇ ਜਬਾੜੇ ਠੋਡੀ ਰਹਿਤ ਸਨ। ਇਹਨਾਂ ਦੇ ਦੰਦਾਂ ਵਿੱਚ ਸੂਏ ਦੰਦ ਨਹੀਂ ਸਨ। ਇਹ ਜਾਤੀ ਹਜ਼ਾਰਾਂ ਸਾਲ ਯੂਰਪ ਵਿੱਚ ਵਿਚਰਦੀ ਰਹੀ ਹੈ।
ਛੋਟਾ ਮੋਟਾ ਸ਼ਿਕਾਰ ਮਾਰ ਕੇ, ਪੌਦਿਆਂ ਦੀਆਂ ਜੜ੍ਹਾਂ, ਫਲ ਬੇਰ ਆਦੀ ਖਾ ਕੇ ਹੀ ਇਹ ਆਪਣਾ ਪੇਟ ਭਰਦੇ ਸਨ। ਕਦੇ ਕਦੇ ਇਹ ਪਸ਼ੂਆਂ ਦਾ ਸ਼ਿਕਾਰ ਕਰਨ ਲਈ ਉਹਨਾਂ ਨੂੰ ਘੇਰ ਕੇ ਉੱਚੀਆਂ ਪਹਾੜੀਆਂ ਤੋਂ ਥੱਲੇ ਸੁੱਟ ਲੈਂਦੇ ਜਾਂ ਡੂੰਘੇ ਟੋਇਆਂ ਵਿੱਚ ਡੇਗ ਲੈਂਦੇ ਸਨ। ਇਹਨਾਂ ਦੇ ਜਬਾੜਿਆਂ ਦੀ ਬਣਤਰ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਬੋਲਣ ਦੀ ਵੀ ਜਾਂਚ ਨਹੀਂ ਸੀ। ਅੱਜ ਤੋਂ ਚਾਲੀ ਹਜ਼ਾਰ ਸਾਲ ਪਹਿਲਾਂ ਮਨੁੱਖਾਂ ਦੀ ਇੱਕ ਅਜਿਹੀ ਨਸਲ ਜਿਹੜੀ ਇਹਨਾਂ ਨਾਲੋਂ ਦਿਮਾਗ਼ੀ ਪੱਖੋਂ ਵੱਧ ਸਿਆਣੀ ਸੀ ਨੇ ਇਹਨਾਂ ਤੇ ਹਮਲਾ ਕਰ ਦਿੱਤਾ। ਇਸ ਨਸਲ ਨੂੰ ਕਰੋ ਮੈਗਨਾਨ ਕਹਿੰਦੇ ਸੀ। ਇਸ ਤਰ੍ਹਾਂ ਲੜਾਈ ਵਿੱਚ ਨੀਂਡਰਥਲੀਆਂ ਦੀ ਨਸਲ ਸਦਾ ਲਈ ਅਲੋਪ ਹੋ ਗਈ। ਹਮਲਾ ਕਰਨ ਵਾਲੀ ਇਸ ਨਸਲ ਦੀਆਂ ਨਾੜਾਂ ਵਿੱਚ ਸਾਡੇ ਵੱਡ ਵਡੇਰਿਆਂ ਦਾ ਖੂਨ ਸੀ। ਇਹਨਾਂ ਦੇ ਅੰਗੂਠੇ ਜਬਾੜੇ ਦੰਦ ਸਭ ਕੁਝ ਸਾਡੇ ਨਾਲ ਹੀ ਮਿਲਦੇ ਜੁਲਦੇ ਸਨ।
ਵਿਗਿਆਨਕ ਕਿਸੇ ਵੀ ਵਰਤਾਰੇ ਨੂੰ ਅਧਿਆਤਮਵਾਦੀਆਂ ਨਾਲੋਂ ਵੱਖਰੇ ਢੰਗ ਨਾਲ ਸੋਚਦੇ ਹਨ ਉਹ ਹਰੇਕ ਘਟਨਾ ਨੂੰ ਉਪਲਬਧ ਸਬੂਤਾਂ ਅਤੇ ਸੰਭਵ ਤਰਕ ਭਰਪੂਰ ਵਿਅਖਿਆਵਾਂ ਨਾਲ ਸਮਝਣ ਦਾ ਯਤਨ ਕਰਦੇ ਹਨ। ਡਾਰਵਿਨ ਆਪਣੀ ਕਿਤਾਬ ‘ਡੀਸੈਂਟ ਆਫ ਮੈਨ’ ਦੇ ਛੇਵੇਂ ਪਾਠ ਵਿੱਚ ਲਿਖਦਾ ਹੈ ਕਿ ਮਨੁੱਖ ਦੀ ਉਤਪਤੀ ਅਫਰੀਕਨ ਬਾਂਦਰ ਤੋਂ ਹੋਈ ਸੀ। ਉਸ ਨੇ ਦੱਸਿਆ ਹੈ ਕਿ ਮਨੁੱਖੀ ਗੁਣ ਵੱਡਾ ਦਿਮਾਗ, ਔਜਾਰ ਬਣਾਉਣਾ, ਅਤੇ ਦੋ ਪੈਰਾਂ ਤੇ ਤੁਰਨਾ ਆਦਿ ਇਹ ਸਾਰੇ ਗੁਣ ਮਨੁੱਖ ਦੇ ਨਾਲ ਨਾਲ ਹੀ ਵਿਕਸਿਤ ਹੋਏ। ਬਾਂਦਰਾਂ ਵਿੱਚ ਅਜਿਹਾ ਕੀ ਸੀ ਜਿਸ ਨੇ ਉਹਨਾਂ ਵਿੱਚ ਇੱਕ ਨੂੰ ਸਾਡੇ ਵਾਂਗ ਬੁੱਧੀਮਾਨੀ ਪ੍ਰਾਣੀ ਬਣਨ ਲਈ ਮਜ਼ਬੂਰ ਕਰ ਦਿੱਤਾ ? ਜੇ ਅਸੀਂ ਜਾਨਵਰਾਂ ਦਾ ਧਿਆਨ ਨਾਲ ਨਿਰੀਖਣ ਕਰੀਏ ਤਾਂ ਅਸੀਂ ਚਿਪੈਂਜੀ, ਓਰਿਜੋਂ ਟੈਨ ਅਤੇ ਗੁਰੀਲੇ ਨੂੰ ਦੂਜੇ ਜਾਨਵਰਾਂ ਨਾਲੋਂ ਸਪੱਸਟ ਤੌਰ ਤੇ ਵੱਖਰਾ ਦੇਖਾਂਗੇ। ਇਹ ਪੂਛ ਰਹਿਤ ਪਸ਼ੂ, ਮਨੁੱਖ ਨਾਲ ਸਿਰਫ ਦਿਖ ਪੱਖੋਂ ਹੀ ਮਿਲਦੇ ਜੁਲਦੇ ਨਹੀਂ ਸਗੋਂ ਵਰਤਾਓ ਪੱਖੋਂ ਵੀ ਮਿਲਦੇ ਜੁਲਦੇ ਹਨ।