ਮੇਘ ਰਾਜ ਮਿੱਤਰ
ਇਥੋਪੀਆ ਦੇ ਹਾਡਾਰ ਨਾਂ ਦੇ ਸਥਾਨ ਤੋਂ ਨਵੰਬਰ 1974 ਵਿੱਚ ਇਕ ਇਸਤਰੀ ਦਾ ਫਾਸਿਲ ਮਿਲਿਆ ਜਿਹੜਾ ਬੱਤੀ ਲੱਖ ਵਰ੍ਹੇ ਪੁਰਾਣਾ ਸੀ ਇਸ ਦੀ ਉਚਾਈ ਇੱਕ ਮੀਟਰ ਤੋਂ ਮਾਮੂਲੀ ਜਿਹੀ ਵੱਧ ਸੀ ਭਾਰ ਲੱਗਭੱਗ ਤੀਹ ਕਿੱਲੋ ਸੀ। ਇਹ ਦੋ ਪੈਰਾਂ ਉੱਪਰ ਤੁਰਨ ਦੇ ਯੋਗ ਸੀ ਵਿਗਿਆਨੀਆਂ ਨੇ ਇਸ ਦਾ ਨਾਂ ਲੂਸੀ ਰੱਖ ਲਿਆ।
ਸੈਂਤੀ ਲੱਖ ਵਰ੍ਹੇ ਪਹਿਲਾਂ ਤਨਜਾਨੀਆ ਵਿੱਚ ਇੱਕ ਜਵਾਲਾ ਮੁਖੀ ਵੀ ਫਟਿਆ ਸੀ ਉਸ ਦੇ ਪਿਘਲੇ ਹੋਏ ਲਾਵੇ ਵਿੱਚੋਂ ਨਾਲ ਨਾਲ ਤੁਰੇ ਜਾ ਰਹੇ ਦੋ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਹਨ ਜਿਹੜੇ ਅਠਤਾਲੀ ਮੀਟਰ ਦੀ ਦੂਰੀ ਤੱਕ ਇੱਕ ਦੂਜੇ ਨਾਲ ਤੁਰੇ ਜਾ ਰਹੇ ਸਨ। ਮਨੁੱਖਾਂ ਅਤੇ ਬਾਂਦਰਾਂ ਦੀ ਤੋਰ ਵਿੱਚ ਵੀ ਇੱਕ ਮਹੱਤਵਪੂਰਨ ਅੰਤਰ ਹੁੰਦਾ ਹੈ ਬਾਂਦਰ ਡੋਲ ਕੇ ਤੁਰਦੇ ਹਨ। ਕਿਉਂਕਿ ਉਹਨਾਂ ਦੇ ਚੂਲੇ ਦੀ ਹੱਡੀ ਰੀਡ ਦੀ ਹੱਡੀ ਨਾਲ ਜੁੜੀ ਨਹੀਂ ਹੁੰਦੀ ਜਦੋਂ ਕਿ ਮਨੁੱਖਾਂ ਦੇ ਚੂਲੇ ਦੀ ਹੱਡੀ ਰੀੜ ਦੀ ਹੱਡੀ ਨਾਲ ਜੁੜੀ ਹੁੰਦੀ ਹੈ। ਇਸ ਲਈ ਮਨੁੱਖ ਡੋਲ ਕੇ ਨਹੀ ਤੁਰਦਾ। ਡੋਲ ਕੇ ਤੁਰਨ ਕਰਕੇ ਬਾਂਦਰਾਂ ਦੇ ਪੈਰਾਂ ਦਾ ਝੁਕਾਅ ਬਾਹਰ ਵੱਲ ਨੂੰ ਹੁੰਦਾ ਹੈ। ਸਿੱਧਾ ਤੁਰਨ ਕਰਕੇ ਮਨੁੱਖ ਦੇ ਪੈਰਾਂ ਦੇ ਨਿਸ਼ਾਨ ਵੀ ਸਿੱਧੇ ਹੁੰਦੇ ਹਨ ਇਸ ਲਈ ਵਿਗਿਆਨੀ ਇਸ ਸਿੱਟੇ ਤੇ ਪੁੱਜੇ ਹਨ ਕਿ ਤਨਜਾਨੀਆ ਦੇ ਲਾਵੇ ਵਿੱਚੋਂ ਮਿਲੇ ਪੈਰਾਂ ਦੇ ਨਿਸ਼ਾਨ ਮਨੁੱਖੀ ਨਿਸ਼ਾਨ ਸਨ। ਲੂਸੀ ਦੀ ਸਰੀਰਕ ਬਣਤਰ ਦਸਦੀ ਸੀ ਕਿ ਇਸ ਸਮੇਂ ਮਨੁੱਖ ਪੈਰਾਂ ਤੇ ਤੁਰ ਤਾਂ ਸਕਦੇ ਸਨ ਪਰ ਭੱਜ ਨਹੀਂ ਸੀ ਸਕਦੇ। ਹਾਂ ਦਰੱਖਤਾਂ ਤੇ ਚੜ੍ਹਨ ਲਈ ਇਹ ਬਣਤਰ ਪੂਰੀ ਤਰ੍ਹਾ ਠੀਕਸੀ।
1975 ਵਿੱਚ ਹਾਡਾਰ ਦੇ ਸਥਾਨ ਤੋਂ ਹੀ ਤੇਰਾਂ ਵਿਆਕਤੀਆਂ ਦੇ ਇਕੱਠੇ ਫਾਸਿਲ ਮਿਲੇ ਹਨ। ਇਹਨਾਂ ਵਿੱਚ ਇਸਤ੍ਰੀਆਂ ਤੇ ਬੱਚੇ ਵੀ ਸ਼ਾਮਿਲ ਸਨ। ਸ਼ਾਇਦ ਇਹ ਕਿਸੇ ਕੁਦਰਤੀ ਕਰੋਪੀ ਕਾਰਨ ਮਾਰੇ ਗਏ ਸਨ ਅਤੇ ਇਹ ਸਿੱਧ ਕਰਦੇ ਸਨ ਕਿ ਇਸ ਸਮੇਂ ਮਨੁੱਖ ਨੇ ਗਰੁੱਪਾਂ ਵਿੱਚ ਰਹਿਣਾ ਸਿੱਖ ਲਿਆ ਸੀ।
ਦੋ ਹੋਰ ਫਾਸਿਲ ਅਜਿਹੇ ਮਿਲੇ ਹਨ ਜਿਹੜੇ ਭਾਵੇਂ ਪੂਰੇ ਨਹੀਂ। ਇੰਨ੍ਹਾਂ ਵਿੱਚੋਂ ਇੱਕ 1994 ਵਿੱਚ ਮਿਲਿਆ ਹੈ ਇਹ ਜਬਾੜ੍ਹੇ ਅਤੇ ਲੱਤ ਦੀਆਂ ਹੱਡੀਆਂ ਹਨ ਜਿਹੜੀਆਂ ਇਕਤਾਲੀ ਲੱਖ ਵਰ੍ਹੇ ਪੁਰਾਣੀਆਂ ਹਨ। 1994 ਵਿੱਚ ਹੀ ਇੱਕ ਚੁਤਾਲੀ ਲੱਖ ਵਰ੍ਹੇ ਪੁਰਾਣਾ ਫਾਸਿਲ ਮਿਲਿਆ ਹੈ ਜਿਹੜਾ ਦੋ ਪੈਰਾਂ ਤੇ ਤੁਰ ਸਕਦਾ ਸੀ।
ਭਾਵੇਂ ਲੂਸੀ ਅਤੇ ਉਸ ਦੇ ਸਮੇਂ ਦੇ ਮਨੁੱਖ ਦੋ ਪੈਰਾਂ ਉੱਪਰ ਤੁਰਨ ਦੇ ਕਾਬਿਲ ਸਨ। ਪਰ ਅਜੇ ਵੀ ਉਹ ਮਨੁੱਖਾਂ ਅਤੇ ਬਾਂਦਰਾਂ ਦੇ ਵਿਚਕਾਰ ਹੀ ਸਨ। ਲੂਸੀ ਦੀਆਂ ਬਾਹਾਂ ਲੱਤਾਂ ਦੇ ਮੁਕਾਬਲੇ ਲੰਬੀਆਂ ਸਨ ਪਰ ਬਾਂਦਰਾਂ ਨਾਲੋਂ ਫਿਰ ਵੀ ਛੋਟੀਆਂ ਸਨ।
ਪਹਿਲਾਂ ਅਜਿਹਾ ਜੀਵ ਜਿਸਨੂੰ ਮਨੁੱਖ ਕਿਹਾ ਜਾ ਸਕਦਾ ਹੈ ਅੱਜ ਤੋਂ ਪੰਜਾਹ ਲੱਖ ਵਰੇ੍ਹ ਪਹਿਲਾਂ ਧਰਤੀ ਤੇ ਪੂਛਹੀਣ ਬਾਂਦਰ ਤੋਂ ਵਿਕਾਸ ਕਰਕੇ ਹੋਂਦ ਵਿੱਚ ਆ ਗਿਆ ਸੀ। 1960 ਵਿੱਜ ਦੱਖਣੀ ਅਫ਼ਰੀਕਾ ਵਿੱਚੋਂ ਰਿਚਰਡ ਲੀਕੇ ਅਤੇ ਉਸਦੀ ਟੀਮ ਨੇ ਹੋਮੋ ਹਾਬੀਲੀ ਨਾਂ ਦਾ ਮਨੁੱਖੀ ਫਾਸਿਲ ਲੱਭਿਆ ਜਿਹੜਾ ਅਠਾਰ੍ਹਾਂ ਲੱਖ ਵਰੇ੍ਹ ਪੁਰਾਣਾ ਸੀ। ਇਸ ਮਨੁੱਖੀ ਨਸਲ ਦੇ ਕੋਲੋਂ ਕੁਝ ਔਜ਼ਾਰ ਵੀ ਮਿਲੇ ਹਨ ਜਿਹੜੇ ਇਹ ਸਿੱਧ ਕਰਦੇ ਹਨ ਕਿ ਇਹ ਮਨੁੱਖੀ ਨਸਲ ਔਜ਼ਾਰਾਂ ਨੂੰ ਵਰਤਣ ਦੇ ਯੋਗ ਸੀ। ਇਸ ਮਨੁੱਖੀ ਨਸਲ ਦਾ ਦਿਮਾਗੀ ਆਕਾਰ ਵੀ ਪਹਿਲੀਆਂ ਨਸਲਾਂ ਨਾਲੋਂ ਵੱਡਾ ਸੀ। ਅੱਜ ਦੇ ਮਨੁੱਖੀ ਦਿਮਾਗ ਨਾਲੋਂ ਅੱਧੇ ਆਕਾਰ ਦੇ ਇਸ ਦਿਮਾਗ ਵਿੱਚ ਕੁਝ ਸ਼ਬਦ ਬੋਲਣ ਦੀ ਵੀ ਸਮਰੱਥਾ ਸੀ। ਜਿਵੇਂ ਅੱਜ ਕੱਲ ਦੇ ਮਨੁੱਖੀ ਦਿਮਾਗਾਂ ਵਿੱਚ ਇੱਕ ਅਜਿਹਾ ਖੇਤਰ ਹੁੰਦਾ ਹੈ ਜਿਹੜਾ ਬੋਲਣ ਦਾ ਕਾਰਜ ਕਰਦਾ ਹੈ। ਇਸ ਥਾਂ ਨੂੰ ਬਰੋਕਾ ਖੇਤਰ ਕਹਿੰਦੇ ਹਨ। ਹੋਮੋ ਹਾਬੀਲੀ ਨਸਲ ਵਿੱਚ ਵੀ ਥੋੜ੍ਹਾ ਜਿਹਾ ਬਰੋਕਾ ਖੇਤਰ ਸੀ। ਜਿਵੇਂ ਆਧੁਨਿਕ ਮਨੁੱਖ ਦੇ ਗਲੇ ਵਿੱਚ ਲਾਰਿੰਕਸ ਸਾਹ ਨਾਲੀ ਦੇ ਬਿਲਕੁਲ ਉੱਪਰ ਹੁੰਦੀ ਹੈ। ਜਿਹੜੀ ਲਾਰਿੰਕਸ ਨੂੰ ਹਰਕਤ ਕਰਨ ਲਈ ਉੱਪਰਲਾ ਕਾਫ਼ੀ ਥਾਂ ਦੇ ਦਿੰਦੀ ਹੈ। ਪਰ ਹੋਮੋ ਹਾਵੀਲੀ ਵਿੱਚ ਲਾਰਿੰਕਸ ਸਾਹ ਨਾਲੀ ਤੋਂ ਕਾਫ਼ੀ ਉੱਪਰ ਸੀ ਇਸ ਲਈ ਉਹਨਾਂ ਨੂੰ ਆਵਾਜ਼ ਕੱਢਣ ਵਿੱਚ ਕਾਫ਼ੀ ਮੁਸ਼ਕਲ ਆਉਂਦੀ ਹੋਵੇਗੀ।
ਹੋਮੋ ਹਾਵੀਲੀ ਆਪਣੇ ਨਿਵਾਸ ਸਥਾਨ ਦੇ 15 ਕਿਲੋਮੀਟਰ ਦੇ ਘੇਰੇ ਤੋਂ ਵੀ ਅਜਿਹੇ ਪੱਥਰ ਲੈ ਆਉਂਦੇ ਸਨ ਜਿਹੜੇ ਔਜ਼ਾਰ ਬਣਾਉਣ ਲਈ ਯੋਗ ਹੁੰਦੇ ਸਨ। ਉਹਨਾਂ ਦੀਆਂ ਗੁਫਾਵਾਂ ਵਿੱਚੋਂ ਮਿਲੀਆਂ ਉਸ ਸਮੇਂ ਦੀਆਂ ਜਾਨਵਰਾਂ ਦੀਆਂ ਹੱਡੀਆਂ ਉੱਪਰ ਪਈਆਂ ਝਰੀਟਾਂ ਦਰਸਾਉਂਦੀਆਂ ਹਨ ਕਿ ਇਹ ਮਨੁੱਖ ਮੀਟ ਖਾਂਦੇ ਸਨ ਅਤੇ ਆਪਣੇ ਪੱਥਰ ਦੇ ਔਜ਼ਾਰਾਂ ਨਾਲ ਮੀਟ ਨੂੰ ਕੱਟਦੇ ਵੀ ਸਨ। ਇਹ ਨਸਲ ਧਰਤੀ ਤੋਂ 15 ਲੱਖ ਵਰੇ੍ਹ ਪਹਿਲਾਂ ਅਲੋਪ ਹੋ ਗਈ ਸੀ ਅਤੇ ਇੱਕ ਹੋਰ ਨਸਲ ਹੋਮੋ ਇਰੈਕਟਸ ਆ ਹਾਜ਼ਰ ਹੋਈ ਤੇ ਇਸ ਨਸਲ ਨੇ ਅਫ਼ਰੀਕਾ ਤੋਂ ਸੰਸਾਰ ਦੇ ਵੱਖ-ਵੱਖ ਭਾਗਾਂ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਹੋਮੋ ਆਰੈਕਟਸ ਦਾ ਦਿਮਾਗੀ ਆਕਾਰ ਅੱਜ ਦੇ ਆਧੁਨਿਕ ਮਨੁੱਖ ਦੇ ਤਿੰਨ ਚੌਥਾਈ ਦੇ ਲੱਗਭੱਗ ਸੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਪਹਿਲੀਆਂ ਨਸਲਾਂ ਦੇ ਮੁਕਾਬਲੇ ਵੱਧ ਬੁੱਧੀਮਾਨ ਸੀ ਇਸ ਦੇ ਸੰਦ ਪਹਿਲਾਂ ਨਾਲੋਂ ਵੱਧ ਉੱਨਤ ਅਤੇ ਇਸ ਦੀ ਬੋਲਣ ਸਮਰੱਥਾ ਵੀ ਪਹਿਲਾਂ ਨਾਲੋਂ ਵੱਧ ਸੀ। ਇਸ ਸਮੇਂ ਇਸ ਨੇ ਅੱਗ ਬਾਲਣਾ ਤੇ ਇਸਨੂੰ ਮੱਘਦੀ ਰੱਖਣਾ ਵੀ ਸਿੱਖ ਲਿਆ ਸੀ। ਇਸ ਸਮੇਂ ਦੇ ਫਾਸਿਲਾਂ ਵਿੱਚ ਛੋਟੇ ਦੰਦਾਂ ਦਾ ਆਕਾਰ ਦਰਸਾਉਂਦਾ ਹੈ ਕਿ ਇਹ ਭੋਜਨ ਅੱਗ ਤੇ ਪਕਾ ਕੇ ਖਾਂਦਾ ਸੀ ਕਿਉਂਕਿ ਪੱਕੇ ਹੋਏ ਭੋਜਨ ਨੂੰ ਕੱਚੇ ਭੋਜਨ ਦੇ ਮੁਕਾਬਲੇ ਚਿੱਥਣ ਤੇ ਦੰਦਾਂ ਦੀ ਘੱਟ ਵਰਜਿਸ਼ ਕਰਨੀ ਪੈਂਦੀ ਹੈ। ਇਸ ਲਈ ਦੰਦਾਂ ਦਾ ਆਕਾਰ ਛੋਟਾ ਹੋ ਜਾਂਦਾ ਹੈ। ਚੀਨ ਭਾਰਤ ਤੇ ਦੱਖਣੀ ਅਫ਼ਰੀਕਾ ਵਿੱਚੋਂ ਮਿਲੇ ਦਸ ਲੱਖ ਸਾਲ ਪੁਰਾਣੇ ਫਾਸਿਲ ਦਰਸਾਉਂਦੇ ਹਨ ਕਿ ਇਹ ਹੋਮੋ ਇਰੈਕਟਸ ਸਾਰੀ ਦੁਨੀਆਂ ਵਿੱਚ ਫੈਲ ਗਏ ਸਨ। ਅੱਜ ਦੇ ਬਹੁਤ ਸਾਰੇ ਵਿਗਿਆਨੀ ਇਸ ਗੱਲ ਉੱਤੇ ਇਕਮੱਤ ਹਨ ਕਿ ਧਰਤੀ ਉੱਪਰ ਅੱਜ ਦਾ ਹਰੇਕ ਵਿਅਕਤੀ ਦੋ ਲੱਖ ਸਾਲ ਪਹਿਲਾਂ ਦੀ ਇੱਕ ਅਫਰੀਕਨ ਇਸਤਰੀ ਦੀ ਸੰਤਾਨ ਹੈ। ਸੈੱਲਾਂ ਦੇ ਮਾਈਟੋਕਾਂਡਰੀਆ ਵਿੱਚੋਂ ਪ੍ਰਾਪਤ ਡੀ.ਐਨ.ਏ. ਦਾ ਅਧਿਐਨ ਧਰਤੀ ਦੇ ਸਾਰੇ ਮਨੁੱਖਾਂ ਦੇ ਇੱਕ ਸਾਂਝੇ ਪੁਰਖੇ ਵੱਲ ਨੂੰ ਸੰਕੇਤ ਕਰਦਾ ਹੈ। ਡੀ.ਐਨ.ਏ. ਵਿੱਚ ਤਬਦੀਲੀ ਲਗਾਤਾਰ ਅਤੇ ਹੌਲੀ ਹੌਲੀ ਹੁੰਦੀ ਰਹਿੰਦੀ ਹੈ ਤੇ ਇਸ ਦੇ ਤਬਦੀਲ ਹੋਣ ਦੀ ਦਰ ਲੱਗਭੱਗ ਸਥਿਰ ਹੁੰਦੀ ਹੈ।
ਫਰਾਂਸ ਵਿੱਚ ਕਰੋਮੈਗਨਾਨ ਦੇ ਸਥਾਨ ਤੋਂ 1868 ਵਿੱਚ ਪੈਂਤੀ ਹਜ਼ਾਰ ਸਾਲ ਪੁਰਾਣੇ ਪੰਜ ਫਾਸਿਲ ਮਿਲੇ ਸਨ। ਇਸ ਲਈ ਇਸ ਮਨੁੱਖੀ ਨਸਲ ਦਾ ਨਾਂ ਕਰੋਮੈਗਨਾਨ ਹੀ ਪੈ ਗਿਆ। ਹੁਣ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਅੱਜ ਦੇ ਹੋਮੋ ਸੈਂਪੀਅਨਜ਼ ਦਾ ਵਿਕਾਸ ਢਾਈ ਲੱਖ ਵਰੇ੍ਹ ਪਹਿਲਾਂ ਅਫ਼ਰੀਕਾ ਵਿੱਚ ਹੋਇਆ ਸੀ। ਇਹਨਾਂ ਵਿੱਚੋਂ ਕੁਝ ਪਰਿਵਾਰ ਅਫਰੀਕਾ ਵਿੱਚੋਂ ਨਿਕਲ ਕੇ ਯੂਰਪ ਵਿੱਚ ਆ ਵਸੇ। ਇਹ ਨਸਲ ਬਾਅਦ ਵਿੱਚ ਨੀਐਂਡਰਥਲ ਨਾਂ ਦੇ ਮਨੁੱਖ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ। ਅੱਜ ਤੋਂ ਦੋ ਲੱਖ ਸਾਲ ਪਹਿਲਾਂ ਇੱਕ ਹੋਰ ਨਸਲ ਕਰੋ ਮੈਗਨਾਨ ਵੀ ਯੂਰਪ ਵਿੱਚ ਆ ਗਈ। ਅੱਜ ਤੋਂ ਚਾਲੀ ਹਜ਼ਾਰ ਸਾਲ ਪਹਿਲਾਂ ਇਹ ਲੋਕ ਘੋਗੇ, ਕੌਡੀਆਂ ਆਦਿ ਵਿੱਚ ਸੁਰਾਖ ਕਰਕੇ ਇਹਨਾਂ ਦੇ ਹਾਰ ਆਪਣੇ ਗਲਾਂ ਵਿੱਚ ਪਹਿਣਿਆ ਕਰਦੇ ਸਨ। ਸਰੀਰ ਨੂੰ ਢੱਕਣ ਲਈ ਕੱਪੜੇ ਪਹਿਨਣ ਦੀ ਬਜਾਏ ਇਹ ਰੰਗਾਂ ਦੀ ਵਰਤੋਂ ਕਰਦੇ ਸਨ। ਇਹਨਾਂ ਦੁਆਰਾ ਗੁਫਾਵਾਂ ਦੀਆਂ ਕੰਧਾਂ ਤੇ ਜਾਨਵਰਾਂ ਦੀਆਂ ਹੱਡੀਆਂ ਉੱਤੇ ਉੱਕਰੇ ਚਿੱਤਰ ਅੱਜ ਵੀ ਸਾਡੇ ਅਜਾਇਬਘਰਾਂ ਦੀ ਸੋਭਾ ਵਧਾ ਰਹੇ ਹਨ। ਈਸਾ ਮਸੀਹ ਦੀ ਮੌਤ ਤੋਂ ਪੰਦਰਾਂ ਹਜ਼ਾਰ ਸਾਲ ਪਹਿਲਾਂ ਇਹਨਾਂ ਨੇ ਖੇਤੀ ਕਰਨੀ ਤੇ ਪਸ਼ੂਆਂ ਨੂੰ ਪਾਲਤੂ ਬਣਾਉਣ ਦੀ ਜਾਂਚ ਸਿੱਖ ਲਈ ਸੀ।