ਫਾਸਿਲ ਕਿਵੇਂ ਬਣਦੇ ਹਨ ?

ਮੇਘ ਰਾਜ ਮਿੱਤਰ

ਜਦੋਂ ਜੀਵਾਂ ਜਾਂ ਪੌਦਿਆਂ ਦੀ ਮੌਤ ਹੁੰਦੀ ਹੈ ਤਾਂ ਇਹਨਾਂ ਵਿੱਚੋਂ ਬਹੁਤੇ ਤਾਂ ਬੈਕਟੀਰੀਆ ਜਾਂ ਉੱਲੀਆਂ ਨਾਲ ਨਸ਼ਟ ਹੋ ਜਾਂਦੇ ਹਨ। ਸਮੁੰਦਰ ਦਾ ਪਾਣੀ ਲੂਣ ਵਾਲਾ ਹੁੰਦਾ ਹੈ। ਇਸ ਲਈ ਇਹ ਪੌਦਿਆਂ ਤੇ ਪ੍ਰਾਣੀਆਂ ਨੂੰ ਕਾਫ਼ੀ ਦੇਰ ਨਸ਼ਟ ਨਹੀਂ ਹੋਣ ਦਿੰਦਾ ਹੈ। ਬਹੁਤ ਸਾਰੇ ਸਮੁੰਦਰੀ ਜੀਵਾਂ ਦੇ ਸਰੀਰਾਂ ਉੱਪਰ ਚੂਨੇ ਦੀਆਂ ਸਖਤ ਕਵਚਾਂ ਹੁੰਦੀਆਂ ਹਨ ਜਿਵੇਂ ਘੋਗੇ, ਸੰਖ, ਮੂੰਗੇ, ਸੱਪ ਤੇ ਕੌਡੀਆਂ, ਅਜਿਹੇ ਜੀਵਾਂ ਦੇ ਮਰਨ ਤੋਂ ਬਾਅਦ ਇਹਨਾਂ ਦੇ ਸਖਤ ਢਾਂਚੇ ਸਮੁੰਦਰਾਂ ਦੇ ਥੱਲਿਆਂ ਤੇ ਇਕੱਠੇ ਹੋ ਜਾਂਦੇ ਹਨ ਤੇ ਹੌਲੀ ਹੌਲੀ ਚੱਟਾਨਾਂ ਦਾ ਰੂਪ ਧਾਰਨ ਕਰਨ ਲੈਂਦੇ ਹਨ। ਈਸਾ ਮਸੀਹ ਦੀ ਮੌਤ ਤੋਂ ਉਨਾਸੀ ਸਾਲ ਬਾਅਦ ਮਾਊਂਟ ਵੈਸਵੀਅਸ ਨਾਂ ਦਾ ਇੱਕ ਜਵਾਲਾਮੁਖੀ ਫਟਿਆ ਅਤੇ ਪੰਪੇਲੀ ਨਾਂ ਦਾ ਇੱਕ ਪੂਰਾ ਸ਼ਹਿਰ ਇਸ ਹੇਠ ਆ ਕੇ ਦਬ ਗਿਆ ਸੀ। ਅੱਜ ਵੀ ਉਸ ਸ਼ਹਿਰ ਦੇ ਵਸਨੀਕਾਂ, ਘਰੇਲੂ ਜਾਨਵਰਾਂ ਤੇ ਪੌਦਿਆਂ ਦੇ ਫਾਸਿਲ ਉਸ ਪਹਾੜ ਦੀਆਂ ਚੱਟਾਨਾਂ ਵਿੱਚੋਂ ਹੂ ਬ ਹੂ ਪ੍ਰਾਪਤ ਹੋ ਰਹੇ ਹਨ। ਅਮਰੀਕਾ ਦੇ ਸੂਬੇ ਦੱਖਣੀ ਕੈਲੇਫੋਰਨੀਆਂ ਦੀ ਇੱਕ ਝੀਲ ਦੇ ਪਾਣੀ ਵਿੱਚ ਤੇਲ ਦੇ ਝਰਨੇ ਮਿਲ ਜਾਣ ਕਾਰਨ ਉਸ ਝੀਲ ਦੇ ਸਾਰੇ ਜੀਵ ਮਰ ਗਏ ਸਨ। ਪਰ ਝੀਲ ਵਿੱਚ ਰਲੇ ਤੇਲ ਨੇ ਇਹਨਾਂ ਜੀਵਾਂ ਦੇ ਸਰੀਰਾਂ ਨੂੰ ਨਸ਼ਟ ਨਹੀਂ ਹੋਣ ਦਿੱਤਾ ਹੈ। ਉਸ ਸਮੇਂ ਦੇ ਕਰੋੜਾਂ ਹੀ ਫਾਸਿਲ ਇਸ ਝੀਲ ਵਿੱਚੋਂ ਪ੍ਰਾਪਤ ਹੋ ਰਹੇ ਹਨ।
ਕਈ ਵਾਰੀ ਪੌਦੇ ਜਾਂ ਜੰਤੂ ਆਪਣੇ ਨਿਸ਼ਾਨ ਗਿੱਲੀ ਮਿੱਟੀ ਵਿੱਚ ਛੱਡ ਦਿੰਦੇ ਹਨ। ਜਦੋਂ ਗਿੱਲੀ ਮਿੱਟੀ ਸਖ਼ਤ ਹੋ ਜਾਂਦੀ ਹੈ ਤਾਂ ਕਈ ਵਾਰੀ ਕੁਝ ਹੋਰ ਖਣਿਜ ਪਦਾਰਥ ਇਸ ਮਿੱਟੀ ਵਿੱਚ ਭਰ ਜਾਂਦੇ ਹਨ। ਇਸ ਤਰ੍ਹਾਂ ਇਹ ਵੀ ਚੱਟਾਨਾਂ ਵਿੱਚ ਬਦਲ ਜਾਂਦੇ ਹਨ। ਫਾਸਿਲਾਂ ਨਾਲ ਸਿਰਫ਼ ਜੀਵਾਂ ਵਿੱਚ ਹੋਏ ਵਿਕਾਸ ਦਾ ਹੀ ਪਤਾ ਨਹੀਂ ਲੱਗਦਾ ਸਗੋਂ ਉਸ ਸਮੇਂ ਦੇ ਮੌਸਮਾਂ ਦੀ ਜਾਣਕਾਰੀ ਵੀ ਮਿਲ ਜਾਂਦੀ ਹੈ। ਫਾਸਿਲ ਬਣੇ ਜਾਨਵਰਾਂ ਦੇ ਮਿਹਦਿਆਂ ਵਿੱਚੋਂ ਮਿਲੀਆਂ ਹੱਡੀਆਂ ਉਨ੍ਹਾਂ ਦੁਆਰਾ ਸ਼ਿਕਾਰ ਕੀਤੇ ਜਾਂਦੇ ਜੀਵਾਂ ਬਾਰੇ ਦਰਸਾਉਂਦੀਆਂ ਹਨ। ਫਾਸਿਲ ਹੋਏ ਜੀਵਾਂ ਦੀਆਂ ਹੱਡੀਆਂ ਤੇ ਜ਼ਖ਼ਮਾਂ ਦੇ ਨਿਸ਼ਾਨ ਉਨ੍ਹਾਂ ਨੂੰ ਸ਼ਿਕਾਰ ਕਰਨ ਵਾਲੇ ਜੀਵਾਂ ਦਾ ਬ੍ਰਿਤਾਂਤ ਪੇਸ਼ ਕਰਦੀਆਂ ਹਨ।
ਪ੍ਰਿਥਵੀ ਤੇ ਅਜਿਹੇ ਵੀ ਬਹੁਤ ਸਾਰੇ ਜੀਵ ਹੋਏ ਹਨ ਜਿਹੜੇ ਆਪਣੇ ਫਾਸਿਲਾਂ ਦਾ ਕੋਈ ਰਿਕਾਰਡ ਛੱਡੇ ਬਗੈਰ ਹੀ ਧਰਤੀ ਤੋਂ ਅਲੋਪ ਹੋ ਗਏ ਸਨ ਭਾਵੇਂ ਬਹੁਤੀਆਂ ਹਾਲਤਾਂ ਵਿੱਚ ਇਹਨਾਂ ਜੀਵਾਂ ਲਈ ਇਹ ਰਿਕਾਰਡ ਛੱਡਣਾ ਸੰਭਵ ਹੀ ਨਹੀਂ ਸੀ। ਜਿਵੇਂ ਦਰੱਖਤਾਂ ਦੇ ਪੱਤੇ ਤੇ ਫੁੱਲ ਬਹੁਤ ਹੀ ਨਰਮ ਭਾਗ ਹੁੰਦਾ ਹੈ ਇਸ ਲਈ ਇਹਨਾਂ ਦੇ ਫਾਸਿਲਾਂ ਦਾ ਬਣਨਾ ਵੀ ਲੱਗਭੱਗ ਅਸੰਭਵ ਹੁੰਦਾ ਹੈ। ਜੀਵ, ਜੰਤੂਆਂ ਦੀ ਬਹੁਤ ਸਾਰੀਆਂ ਕਿਸਮਾਂ ਅਜਿਹੀਆਂ ਹਨ ਜਿਹਨਾਂ ਦੇ ਸਰੀਰ ਬਿਲਕੁਲ ਵੀ ਸਖ਼ਤ ਨਹੀਂ ਸਨ। ਇਸ ਤਰ੍ਹਾਂ ਜੀਵ ਵਿਕਾਸ ਦੇ ਬਿਲਕੁਲ ਠੀਕ ਤਰਤੀਬ ਬੱਧ ਵਿਕਾਸ ਦਾ ਪਤਾ ਲਾਉਣ ਲਈ ਇਸ ਪ੍ਰਕਾਰ ਦੇ ਕਈ ਖੱਪੇ ਰੁਕਾਵਟ ਹਨ। ਇਹਨਾਂ ਖੱਪਿਆਂ ਨੂੰ ਪੂਰਨ ਲਈ ਵਿਗਿਆਨਕ ਯਤਨਸ਼ੀਲ ਹਨ ਉਮੀਦ ਹੈ ਕਿ ਇੱਕੀਵੀਂ ਸਦੀ ਵਿੱਚ ਜੀਵ ਵਿਕਾਸ ਦੀ ਇੱਕ ਸਪਸ਼ਟ ਤਸਵੀਰ ਸਾਡੇ ਸਾਹਮਣੇ ਹੋਵੇਗੀ।

Back To Top