ਚੱਟਾਨਾਂ ਕਿਵੇਂ ਬਣਦੀਆਂ ਹਨ ?

ਮੇਘ ਰਾਜ ਮਿੱਤਰ

ਧਰਤੀ ਦੀ ਉੱਪਰਲੀ ਤਹਿ ਥੱਲੇ ਵੱਡੀ ਮਾਤਰਾ ਵਿੱਚ ਚੱਟਾਨਾਂ ਮਿਲਦੀਆਂ ਹਨ। ਇਸ ਕਰਕੇ ਰੇਲਵੇ ਲਾਈਨਾਂ ਵਛਾਉਣ ਲਈ, ਸੜਕਾਂ ਬਣਾਉਣ ਵਾਸਤੇ ਤੇ ਪੁਲਾਂ ਦੀ ਉਸਾਰੀ ਸਮੇਂ ਜਦੋਂ ਹੇਠਲੀਆਂ ਚੱਟਾਨਾਂ ਨੂੰ ਪੁੱਟਿਆ ਜਾਂਦਾ ਹੈ ਤਾਂ ਬਹੁਤ ਵਾਰੀ ਇਹਨਾਂ ਚੱਟਾਨਾਂ ਵਿੱਚੋਂ ਮ੍ਰਿਤਕ ਪਸ਼ੂਆਂ ਤੇ ਪੌਦਿਆਂ ਦੇ ਫਾਸਿਲ ਵੀ ਮਿਲ ਜਾਂਦੇ ਹਨ।
ਚੱਟਾਨਾਂ ਆਮ ਤੌਰ ਤੇ ਤਿੰਨ ਢੰਗਾਂ ਨਾਲ ਬਣਦੀਆਂ ਹਨ। ਪਹਿਲਾਂ ਢੰਗ ਤਾਂ ਇਹ ਹੈ ਕਿ ਹੜ੍ਹਾਂ ਸਮੇਂ, ਦਰਿਆ, ਜੰਗਲਾਂ ਦੀ ਮਿੱਟੀ ਨੂੰ ਆਪਣੇ ਨਾਲ ਹੀ ਰੋੜ ਲੈ ਜਾਂਦੇ ਹਨ। ਮਿੱਟੀ ਦੇ ਨਾਲ ਹੀ ਦਰੱਖਤ ਤੇ ਮਰੇ ਹੋਈ ਜੀਵ ਵੀ ਪਾਣੀ ਵਿੱਚ ਬਹਿ ਜਾਂਦੇ ਹਨ। ਇਹ ਮਿੱਟੀ ਤੇ ਮਰੇ ਹੋਏ ਪੌਦੇ ਅਤੇ ਪਸ਼ੂ ਵੀ ਸਮੁੰਦਰ ਵਿੱਚ ਦਬ ਜਾਂਦੇ ਹਨ। ਇਸ ਤਰ੍ਹਾਂ ਲੱਖਾਂ ਸਾਲ ਹੁੰਦਾ ਰਹਿੰਦਾ ਹੈ। ਉਪਰਲੀਆਂ ਪਰਤਾਂ ਦੇ ਭਾਰ ਨਾਲ ਹੇਠਲੀਆਂ ਪਰਤਾਂ ਸਖ਼ਤ ਹੋ ਜਾਂਦੀਆਂ ਹਨ ਤੇ ਚੱਟਾਨਾਂ ਬਣ ਜਾਂਦੀਆਂ ਹਨ। ਜੋ ਜੀਵ ਇਹਨਾਂ ਚੱਟਾਨਾਂ ਦੇ ਬਣਨ ਸਮੇਂ ਦੱਬੇ ਸਨ ਉਹ ਫਾਸਿਲ ਬਣ ਗਏ। ਕੁਝ ਚੱਟਾਨਾਂ ਅਜਿਹੀਆਂ ਹੁੰਦੀਆਂ ਹਨ ਜੋ ਜਵਾਲਾਮੁਖੀਆਂ ਦੇ ਫਟਣ ਕਾਰਨ ਬਣਦੀਆਂ ਹਨ। ਜਦੋਂ ਜਵਾਲਾਮੁਖੀਆਂ ਵੱਲੋਂ ਪਿਘਲਿਆ ਹੋਇਆ ਲਾਵਾ ਸੁੱਟਿਆ ਜਾਂਦਾ ਹੈ ਤਾਂ ਕੋਈ ਜੀਵ ਇਸ ਲਾਵੇ ਥੱਲੇ ਆ ਜਾਂਦਾ ਹੈ। ਬੈਕਟੀਰੀਆ ਗਰਮੀ ਕਾਰਨ ਇਸ ਸਥਾਨ ਤੇ ਨਹੀਂ ਪਹੁੰਚ ਸਕਦਾ ਹੈ। ਇਸ ਤਰ੍ਹਾਂ ਇਹ ਜੀਵ ਮਰ ਜਾਂਦੇ ਹਨ ਪਰ ਬੈਕਟੀਰੀਆਂ ਦੀ ਅਣਹੋਂਦ ਕਰਕੇ ਇਹਨਾਂ ਦੇ ਸਰੀਰ ਨਸ਼ਟ ਨਹੀਂ ਹੁੰਦੇ। ਹੌਲੀ ਹੌਲੀ ਲਾਵੇ ਦੇ ਠੰਡਾ ਹੋਣ ਤੇ ਇਹ ਫਾਸਿਲਾਂ ਵਾਲੀਆਂ ਚੱਟਾਨਾਂ ਬਣ ਜਾਂਦੀਆਂ ਹਨ।
ਇਸ ਤਰ੍ਹਾਂ ਹੀ ਰੇਗਿਸਤਾਨਾਂ ਵਿੱਚ ਵਾਪਰਦਾ ਹੈ। ਜੀਵ ਗਰਮੀ ਨਾ ਸਹਾਰਦੇ ਹੋਏ ਮਰ ਜਾਂਦੇ ਹਨ। ਹਨੇਰੀ ਤੇ ਤੂਫ਼ਾਨ ਇਹਨਾਂ ਤੇ ਹੋਰ ਮਿੱਟੀ ਪਾ ਦਿੰਦੇ ਹਨ। ਇਸ ਤਰ੍ਹਾਂ ਇਹਨਾਂ ਉੱਪਰ ਪਰਤਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਇਸ ਢੰਗ ਨਾਲ ਅਜਿਹੀਆਂ ਫਾਸਿਲਾਂ ਵਾਲੀਆਂ ਚੱਟਾਨਾਂ ਹੋਂਦ ਵਿੱਚ ਆ ਜਾਂਦੀਆਂ ਹਨ।
ਚੱਟਾਨਾਂ ਬਣਨ ਦਾ ਇਹ ਸਿਲਸਿਲਾ ਧਰਤੀ ਦੀ ਉਤਪਤੀ ਦੇ ਸਮੇਂ ਤੋਂ ਹੀ ਜਾਰੀ ਹੈ।

Back To Top