ਫੈਲ ਰਿਹਾ ਬ੍ਰਹਿਮੰਡ

ਮੇਘ ਰਾਜ ਮਿੱਤਰ

ਅੱਜ ਦੀ ਮੌਜੂਦਾ ਬ੍ਰਹਿਮੰਡ ਦੀ ਸਥਿਤੀ ਅਤੇ ਗਲੈਕਸੀਆਂ ਦੀ ਇੱਕ ਦੂਜੇ ਤੋਂ ਪਰ੍ਹਾਂ ਹਟਣ ਦੀ ਰਫ਼ਤਾਰ ਦੀ ਗਣਨਾ ਕਰਕੇ ਵਿਗਿਆਨਕ ਇਸ ਸਿੱਟੇ ਉੱਤੇ ਪੁੱਜੇ ਹਨ ਕਿ ਬ੍ਰਹਿਮੰਡ ਦੇ ਮੌਜੂਦਾ ਰੂਪ ਦੀ ਸ਼ੁਰੂਆਤ ਅੱਜ ਤੋਂ ਪੰਦਰਾਂ ਅਰਬ ਵਰੇ੍ਹ ਪਹਿਲਾਂ ਹੋਈ ਸੀ। ਬ੍ਰਹਿਮੰਡ ਦਾ ਫੈਲਣਾ ਅਤੇ ਸੁੰਗੜਨਾ, ਪਦਾਰਥ ਤੇ ਊਰਜਾ ਦੀ ਘਣਤਾ ਤੇ ਨਿਰਭਰ ਕਰਦਾ ਹੈ। ਅੱਜ ਸਾਡਾ ਬ੍ਰਹਿਮੰਡ ਫੈਲ ਰਿਹਾ ਹੈ ਕਿਉਂਕਿ ਪਦਾਰਥ ਤੇ ਊਰਜਾ ਦੀ ਘਣਤਾ ਵਿਸ਼ੇਸ਼ ਅਨੁਪਾਤ ਤੋਂ ਘੱਟ ਹੈ। ਜਿਸ ਸਮੇਂ ਪਦਾਰਥ ਤੇ ਊਰਜਾ ਦੀ ਘਣਤਾ ਵਧ ਜਾਵੇਗੀ ਤਾਂ ਸਾਡਾ ਬ੍ਰਹਿਮੰਡ ਸੁੰਗੜਣਾ ਸ਼ੁਰੂ ਕਰ ਦੇਵੇਗਾ। ਸੁਖਾਲੀ ਭਾਸ਼ਾ ਵਿੱਚ ਅਸੀਂ ਕਹਿ ਸਕਦੇ ਹਾਂ ਬਿੱਗ ਬੈਂਗ ਸਮੇਂ ਪੈਦਾ ਹੋਏ ਧਮਾਕੇ ਦੀ ਊਰਜਾ ਕਾਰਨ ਬ੍ਰਹਿਮੰਡ ਫੈਲ ਰਿਹਾ ਹੈ। ਪਰ ਗੁਰੂਤਾ ਆਕਰਸ਼ਣ ਕਾਰਨ ਇਸਦੇ ਫੈਲਣ ਦੀ ਦਰ ਲਗਾਤਾਰ ਘਟ ਰਹੀ ਹੈ ਅਤੇ ਅਜਿਹਾ ਦਿਨ ਜਰੂਰ ਆਵੇਗਾ ਜਿਸ ਦਿਨ ਗੁਰਤੂਾ ਆਕਰਸ਼ਣ ਬਲ ਕਾਰਨ ਇਹ ਸੂੰਗੜਨਾ ਸ਼ੁਰੂ ਹੋ ਜਾਵੇਗਾ। ਅਸੀਂ ਕਹਿ ਸਕਦੇ ਹਾਂ ਕਿ ਅੱਜ ਦਾ ਬ੍ਰਹਿਮੰਡ ਇੰਕ ਬਿੰਦੂ ਆਕਾਰ ਤੋਂ ਸ਼ੁਰੂ ਹੋ ਕੇ ਇੱਕ ਗੋਲ ਗੁਬਾਰੇ ਜਿਸ ਵਿੱਚ ਹਵਾ ਭਰੀ ਜਾ ਰਹੀ ਹੈ ਦੀ ਤਰ੍ਹਾਂ ਫੈਲ ਰਿਹਾ ਹੈ। ਕਿਸੇ ਸਮੇਂ ਲੱਗਭੱਗ ਅੱਜ ਤੋਂ ਪੰਦਰਾਂ ਅਰਬਾਂ ਵਰਿ੍ਹਆਂ ਬਾਅਦ ਇਹ ਸੁੰਗੜਨਾ ਸ਼ੁਰੂ ਕਰ ਦੇਵੇਗਾ। ਯਾਨੀ ਕਿ ਇਸ ਗੁਬਾਰੇ ਵਿੱਚੋਂ ਹਵਾ ਨਿਕਲਣੀ ਸ਼ੁਰੂ ਹੋ ਜਾਵੇਗੀ ਤੇ ਸਮਾਂ ਵੀ ਪਿਛਾਂਹ ਨੂੰ ਮੁੜ ਪਵੇਗਾ। ਸਭ ਕੁਝ ਉਲਟ ਵਾਪਰਨਾ ਸ਼ੁਰੂ ਹੋ ਜਾਵੇਗਾ। ਟੁੱਟੇ ਪਿਆਲਿਆਂ ਦੀਆਂ ਠੀਕਰੀਆਂ ਇਕੱਠੀਆਂ ਹੁੰਦੀਆਂ ਅਤੇ ਪਿਆਲਾ ਮੇਜ਼ ਦੇ ਉੱਪਰ ਨੂੰ ਜਾ ਕੇ ਟਿਕਦਾ ਹੋਇਆ ਨਜ਼ਰ ਆਵੇਗਾ। ਸਿਵੇ ਜਲਦੇ ਨਜ਼ਰ ਆਉਣਗੇ। ਲੱਕੜਾਂ ਘਟਦੀਆਂ ਨਜ਼ਰ ਆਉਣਗੀਆਂ। ਬੁੱਢਾ ਲੱਕੜਾਂ ਵਿੱਚ ਪਿਆ ਨਜ਼ਰ ਆਉਂਦਾ ਉੱਠ ਬੈਠੇਗਾ। ਫੇਰ ਉਸ ਤੇ ਜਵਾਨੀ ਆਵੇਗੀ ਅਤੇ ਮੁੜ ਬਚਪਨ ਅਤੇ ਫੇਰ ਮਾਂ ਦੇ ਪੇਟ ਅੰਦਰ ਨੂੰ ਜਾਂਦਾ ਵਿਖਾਈ ਦੇਵੇਗਾ। ਪਰ ਇਸ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਉਸ ਸਮੇਂ ਤਾਂ ਮਨੁੱਖ ਜਾਤੀ ਦੀਆਂ ਪੰਝੱਤਰ ਕਰੋੜ ਪੀੜੀਆਂ ਖ਼ਤਮ ਹੋ ਚੁੱਕੀਆਂ ਹੋਣਗੀਆਂ। ਪਰ ਮਨੁੱਖ ਜਾਤੀ ਨੇ ਤਾਂ ਸ਼ਾਇਦ ਸੂਰਜ ਦੇ ਖਾਤਮੇ ਨਾਲ ਹੀ ਦਮ ਤੋੜ ਦੇਣਾ ਹੈ। ਸੋ ਸਪਸ਼ਟ ਹੈ ਕਿ ਸੀਮਾ ਰਹਿਤ ਬ੍ਰਹਿਮੰਡ ਗੁਬਾਰੇ ਦੀ ਤਰ੍ਹਾਂ ਫੈਲ ਰਿਹਾ ਹੈ ਅਤੇ ਗੁਬਾਰੇ ਦੀ ਤਰ੍ਹਾਂ ਸੁੰਗੜੇਗਾ। ਇਸ ਤਰ੍ਹਾਂ ਵੱਡੇ ਧਮਾਕੇ ਤੋਂ ਲੈ ਕੇ ਫੈਲ ਰਿਹਾ ਇਹ ਬ੍ਰਹਿਮੰਡ ਵੱਡੀ ਸੁੰਗੜਨ ਦੀ ਪ੍ਰਕ੍ਰਿਆ ਰਾਹੀਂ ਆਪਣੇ ਸ਼ੁਰੂ ਹੋਣ ਵਾਲੇ ਮੁਢਲੇ ਰੂਪ ਵਿੱਚ ਆ ਜਾਵੇਗਾ। ਇਸ ਰੂਪ ਵਿੱਚ ਇਹ ਕਿੰਨਾ ਕੁ ਚਿਰ ਪਿਆ ਰਹੇਗਾ ਇਸ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ।

Back To Top