-ਮੇਘ ਰਾਜ ਮਿੱਤਰ
ਅੱਜ ਦੇ ਯੁੱਗ ਵਿਚ ਬਹੁਤ ਸਾਰੇ ਲੜਾਈ ਝਗੜਿਆਂ ਦੀ ਅਸਲ ਜੜ੍ਹ, ਨਿੱਜੀ ਜਾਇਦਾਦ ਹੈ। ਹਰ ਵਿਅਕਤੀ ਸੋਚਦਾ ਹੈ ਕਿ ਉਹ ਕਿਸੇ ਵੀ ਜਾਇਜ਼ ਜਾਂ ਨਜਾਇਜ਼ ਢੰਗ ਨਾਲ ਐਨਾ ਪੈਸਾ ਇਕੱਠਾ ਕਰ ਲਵੇ ਕਿ ਉਸਦੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਬਗੈਰ ਕੋਈ ਕੰਮ ਧੰਦਾ ਕਰਨ ਤੋਂ ਖਾ ਸਕਨ। ਤਰਕਸ਼ੀਲਾਂ ਦੇ ਰਾਜ ਵਿੱਚ ਹਰ ਕਿਸਮ ਦੀ ਅਚੱਲ ਸੰਪਤੀ ਸਾਰੇ ਲੋਕਾਂ ਦੀ ਸਾਂਝੀ ਹੋਵੇਗੀ ਅਤੇ ਇਸਦਾ ਪ੍ਰਬੰਧ ਕਰਨ ਦੀ ਜੁਮੇਵਾਰੀ ਤਰਕਸ਼ੀਲਾਂ ਦੀ ਸਰਕਾਰ ਦੀ ਹੋਵੇਗੀ। ਇਸੇ ਲਈ ਸਾਡੇ ਦੇਸ਼ ਵਿੱਚ ਅੱਜ ਚੱਲ ਰਹੇ 99% ਮੁਕੱਦਮੇ ਤਾਂ ਇਸੇ ਇਕ ਗੱਲ ਨਾਲ ਖਤਮ ਹੋ ਜਾਣਗੇ ਫਿਰ ਵੀ ਜੋ ਥੋੜ੍ਹੇ ਜਿਹੇ ਅਜਿਹੇ ਕੇਸ ਹੋਇਆ ਵੀ ਕਰਨਗੇ ਉਹਨਾਂ ਦੇ ਫੈਸਲੇ ਸਥਾਨਕ ਲੋਕਾਂ ਦੀਆਂ ਅਦਾਲਤਾਂ ਆਪਣੇ ਤਰਕ ਦੇ ਆਧਾਰ ਤੇ ਕਰਿਆ ਕਰਨਗੀਆਂ। ਅਜਿਹੇ ਫੈਸਲੇ ਅੱਜ ਦੀ ਤਰ੍ਹਾਂ ਸਾਲਾਂ ਵਿਚ ਨਹੀਂ ਸਗੋਂ ਕੁਝ ਹਫਤਿਆਂ ਵਿਚ ਹੀ ਸੁਣਾ ਦਿੱਤੇ ਜਾਇਆ ਕਰਨਗੇ।
		
                        
                        
                        
                        
                        
                        
                        
                        
                        