ਮੇਘ ਰਾਜ ਮਿੱਤਰ
ਅੱਜ ਤੋਂ ਲੱਗਭਗ ਤਿੰਨ ਸੌ ਚੁਰਾਨਵੇ ਸਾਲ ਪਹਿਲਾਂ 1606 ਈ: ਵਿੱਚ ਯੂਰਪ ਵਾਸੀ ਆਸਟ੍ਰੇਲੀਆ ਪੁੱਜਣ ਵਿੱਚ ਸਫ਼ਲ ਹੋ ਗਏ ਸਨ। ਪਰ ਵੱਡੇ ਵੱਡੇ ਮਾਰੂਥਲਾਂ ਦਲਦਲੀ ਇਲਾਕਿਆਂ ਕਾਰਨ ਉਹ ਇਸਦੇ ਬਹੁਤ ਸਾਰੇ ਅੰਦਰੂਨੀ ਇਲਾਕਿਆਂ ਤੱਕ ਪਹੁੰਚ ਨਾ ਸਕੇ। ਡੇਢ ਕੁ ਸੌ ਸਾਲ ਪਹਿਲਾਂ ਉਹਨਾਂ ਨੇ ਆਸਟ੍ਰ੍ਰੇਲੀਆ ਵਿੱਚ ਇੱਕ ਤਸਮਾਨੀਆ ਨਾਂ ਦਾ ਇਲਾਕਾ ਲੱਭਿਆ। ਉਹਨਾਂ ਵੇਖਿਆ ਕਿ ਇਸ ਸਥਾਨ ਤੇ ਮਨੁੱਖਾਂ ਦੀ ਇਕ ਅਜਿਹੀ ਨਸਲ ਮੌਜੂਦ ਸੀ ਜਿਹੜੀ ਨੰਗੀ ਰਹਿੰਦੀ ਸੀ ਤੇ ਕਿਸੇ ਕਿਸਮ ਦੇ ਬਰਤਨਾਂ ਨੂੰ ਵਰਤਣਾ ਉਹਨਾਂ ਨੂੰ ਆਉਂਦਾ ਨਹੀਂ ਸੀ। ਇਹ ਨਾ ਤਾਂ ਗਰੁੱਪਾਂ ਵਿੱਚ ਰਹਿੰਦੇ ਸਨ ਤੇ ਨਾ ਹੀ ਕੋਈ ਮਕਾਨ ਜਾਂ ਝੁੱਗੀਆਂ ਆਦੀ ਦੀ ਉਸਾਰੀ ਕਰਦੇ। ਸਿਰਫ਼ ਘੋਗੇ ਆਦੀ ਫੜਦੇ ਤੇ ਖਾ ਜਾਂਦੇ ਸਨ। ਆਪਣੇ ਆਰਾਮ ਕਰਨ ਲਈ ਤੇ ਬੈਠਣ ਲਈ ਇਹ ਕਿਸੇ ਥਾਂ ਦੀ ਚੋਣ ਜ਼ਰੂਰ ਕਰ ਲੈਂਦੇ। ਵਿਗਿਆਨੀਆਂ ਦਾ ਖ਼ਿਆਲ ਹੈ ਕਿ ਵੀਹ ਹਜ਼ਾਰ ਸਾਲ ਪਹਿਲਾਂ ਇਹਨਾਂ ਦੇ ਵੱਡ ਵਡੇਰੇ ਨਿਊ ਗੁਨੀਆਂ ਵਿੱਚੋਂ ਆਸਟਰੇਲੀਆ ਆ ਵਸੇ ਸਨ। ਇਸ ਸਮੇਂ ਦੱਖਣੀ ਭਾਰਤ ਵਿੱਚੋਂ ਕੋਈ ਹੋਰ ਨਸਲ ਇੱਥੇ ਆ ਗਈ। ਇਹਨਾਂ ਦੋਹਾਂ ਨਸਲਾਂ ਵਿੱਚ ਨਾ ਖ਼ਤਮ ਹੋਣ ਵਾਲੀ ਜੰਗ ਸ਼ੁਰੂ ਹੋ ਗਈ। ਇਸ ਤਰ੍ਹਾਂ ਇਹ ਆਸਟਰੇਲੀਆ ਦੇ ਅਸਲੀ ਨਾਗਰਿਕ ਤਸਮਾਨੀਆ ਦੇ ਇਲਾਕੇ ਵੱਲ ਖਿਸਕ ਗਏ। ਜਿੱਥੇ ਇਹਨਾਂ ਦੇ ਵਿਕਾਸ ਨੂੰ ਪੁੱਠਾ ਗੇੜਾ ਆਉਣਾ ਸ਼ੁਰੂ ਹੋ ਗਿਆ ਅਤੇ ਇਹ ਦਿਨੋ ਦਿਨ ਗਿਰਾਵਟ ਵੱਲ ਜਾਣਾ ਸ਼ੁਰੂ ਹੋ ਗਏ।
                        
                        
                        
                        
                        
                        
                        
                        
                        
		