23. ਇਕ ਲੱਖ ਰੁਪੈ ਦਾ ਚੈੱਕ ਜੇਬ `ਚ

– ਮੇਘ ਰਾਜ ਮਿੱਤਰ

ਮੌੜਾਂ
10.4.86
ਬਹੁਤ ਬਹੁਤ ਸਤਿਕਾਰ
ਸਭ ਤੋਂ ਪਹਿਲਾਂ ਆਪ ਜੀ ਨੂੰ ਦੂਜੀ ਕਿਤਾਬ ‘‘ਦੇਵ ਦੈਂਤ ਤੇ ਰੂਹਾਂ’’ ਡਾ. ਕਾਵੂਰ ਦੁਆਰਾ ਲਿਖੀ ਅਤੇ ਤੁਹਾਡੇ ਦੁਆਰਾ ਤਰਜਮਾਈ ਗਈ ਛਾਪਣ `ਤੇ ਹਾਰਦਿਕ ਵਧਾਈ ਪੇਸ਼ ਕਰਦਾ ਹਾਂ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਇਸ ਤਰ੍ਹਾਂ ਕਰਕੇ ਮਨੁੱਖਤਾ ਦੀ ਕਿੰਨੀ ਵੱਡੀ ਅਨਮੋਲ ਸੇਵਾ ਕਰ ਰਹੇ ਹੋ। ਪੰਜਾਬੀ ਬੋਲੀ ਵਿਚ ਇਸ ਨਵੇਕਲੇ ਵਿਸ਼ੇ ਤੇ ਸਿਰਫ਼ ਆਪਨੇ ਹੀ ਬੋਣੀ (ਸ਼ੁਰੂਆਤ) ਕੀਤੀ ਹੈ। ਜੇਕਰ ਮੈਂ ਇਸ ਯੋਗ ਹੋਵਾਂ ਤਾਂ ਮੈਂ ਪੰਜਾਬ ਦੇ ਹਰ ਘਰ ਤੱਕ ਇਹ ਦੋਵੇਂ ਅਨਮੋਲ ਕਿਤਾਬਾਂ ਪਹੁੰਚਾਂ ਦਿਆ ਕਰਾਂ। ਪਰ ਜੋ ਸੇਵਾ ਤੁਸੀਂ ਰੈਸ਼ਨੇਲਿਸਟ ਸਭਾ ਦੁਆਰਾ ਕਰ ਰਹੇ ਹੋ ਉਸ ਦਾ ਤਾਂ ਕੋਈ ਟਿਕਾਣਾ ਹੀ ਨਹੀਂ। ਤੁਸੀਂ ਤਾਂ ਥੋੜ੍ਹੇ ਸਮੇਂ ਵਿਚ ਹੀ ਕਮਾਲ ਕਰ ਦਿੱਤੀ। ਜੋ ਆਦਮੀ ਸਾਹਿਤ ਨਾਲ ਲਗਾਉ ਰੱਖ ਸਕਦਾ ਹੈ ਸਿਰਫ਼ ਉਹੀ ਜਾਣ ਸਕਦਾ ਹੈ ਕਿ ਤੁਸੀਂ ਕਿਨ੍ਹਾ ਹਾਲਾਤਾਂ ਵਿਚ ਦੀ ਲੰਘ ਕੇ ਦੋਵੇਂ ਕਿਤਾਬਾਂ ਸੰਪੂਰਨਤਾ ਤੱਕ ਪਹੁੰਚਾਈਆਂ ਹੋਣਗੀਆਂ। ਪਰ ਫਿਰ ਵੀ ਜੋ ਗੱਲ ਤਸੱਲੀ ਵਾਲੀ ਹੈ ਉਹ ਹੈ ਪਾਠਕਾਂ ਦਾ ਚੰਗਾ ਹੁੰਗਾਰਾ। ਮੈਂ ਹਰ ਅਦਾਰੇ, ਹਰ ਮਹਿਫ਼ਲ ਅਤੇ ਹਰ ਇਕੱਠ ਵਿਚ ਉਪਰੋਕਤ ਪੁਸਤਕਾਂ ਦਾ ਜ਼ਿਕਰ ਸੁਣਿਆ ਹੈ। ਮੈਨੂੰ ਬੜੀ ਖੁਸ਼ੀ ਹੋਈ।
ਮੈਂ ਆਪ ਨੂੰ ਸਪੱਸ਼ਟ ਕਰ ਦੇਵਾਂ ਕਿ ਮੈਂ ਤਾਂ ਇਨ੍ਹਾਂ ਪੁਸਤਕਾਂ ਦੇ ਆਉਣ ਤੋਂ ਪਹਿਲਾਂ ਹੀ ਨਾਸਤਿਕ ਸਾਂ। ਮੈਂ ਗਿਆਨੀ, ਜੇ. ਬੀ. ਟੀ. ਹਾਂ। ਮੇਰੀ ਉਮਰ 33 ਸਾਲ ਹੈ। ਇਨ੍ਹਾਂ ਕਿਤਾਬਾਂ ਨੂੰ ਪੜ੍ਹਕੇ ਤਾਂ ਮੇਰੀਆਂ ਬਹੁਤ ਸਾਰੀਆਂ ਗੁੰਝਲਾਂ ਸਾਫ਼ ਹੋ ਗਈਆਂ ਹਨ। ਮੈਂ ਹਰ ਜਾਣ-ਪਛਾਣ ਵਾਲੇ ਨੂੂੰ ਬੜੇ ਜ਼ੋਰਦਾਰ ਸ਼ਬਦਾਂ ਵਿਚ ਇਹ ਕਿਤਾਬਾਂ ਪੜ੍ਹਨ ਦੀ ਸਲਾਹ ਦਿੱਤੀ ਹੈ। ਮੈਂ ਬਹੁਤ ਸਾਰੇ ਅਨਪੜ੍ਹਾਂ ਨੂੰ ਲਗਾਤਾਰ ਪਾਠ ਵਾਂਗ ਇਹ ਕਿਤਾਬ ਪੜ੍ਹ ਕੇ ਹੀ ਸੁਣਾਈਆਂ ਬਲਕਿ ਵਿਆਖਿਆ ਰਾਹੀਂ ਉਨ੍ਹਾਂ ਤੋਂ ਖੁਦ ਅਖਵਾਇਆ ਹੈ ਕਿ ‘ਗੱਲ ਤਾਂ ਯਾਰ ਬਿਲਕੁਲ ਠੀਕ ਹੈ।’
ਡਾ. ਕਾਵੂਰ ਦਾ ਨਾਂ ਅੱਜ ਤੋਂ 15 ਸਾਲ ਪਹਿਲਾਂ ਸ਼ਾਇਦ 1970 ਵਿਚ ਮੈਂ ਸਪਤਾਹਿਕ ਹਿੰਦੀ ‘ਧਰਮ ਯੁੱਗ’ ਦੇ ਇਕ ਭੂਤ-ਪ੍ਰੇਤ ਅੰਕ ਵਿਚ ਪੜ੍ਹਿਆ ਸੀ। ਉਸ ਵਿਚ ਮੂਰਖ ਲੇਖਕਾਂ ਨੇ ਬੜੇ ਪੱਕਿਆਂ ਵਾਅਦਿਆਂ ਨਾਲ ਅਨੇਕਾਂ ਪ੍ਰੇਤ ਕਥਾਵਾਂ ਦਿੱਤੀਆਂ ਸਨ। ਬਲਕਿ ਫੋਟੋ ਤੱਕ ਦਿੱਤੇ ਸਨ। ਸਾਰੀਆਂ ਕਥਾਵਾਂ ਦੇ ਅੰਤ `ਤੇ ਕਿਸੇ ਵੱਲੋਂ ਇਕ ਟਿੱਪਣੀ ਸੀ ਕਿ ‘ਇਤਨਾ ਕੁਝ ਹੋਣ ਦੇ ਬਾਵਜੂਦ ਵੀ ਲੰਕਾਂ ਦਾ ਇਕ ਵਿਦਵਾਨ ਡਾ. ਕਾਵੂਰ ਇਕ ਲੱਖ ਰੁਪਏ ਦਾ ਚੈੱਕ ਜੇਬ `ਚ ਪਾਈ ਫਿਰਦਾ ਹੈ ਕਿ ਜੋ ਪ੍ਰੇਤ ਜਾਂ ਅਲੌਕਿਕ ਘਟਨਾ ਵਿਖਾ ਸਕੇ ਉਸਨੂੰ ਦਿੱਤਾ ਜਾ ਸਕੇ। ਪਰ ਉਸਨੂੰ ਕੋਈ ਅਜਿਹਾ ਦੇਵ ਪੁਰਸ਼ ਮਿਲਦਾ ਹੀ ਨਹੀਂ ਜੋ ਭੂਤ ਪ੍ਰੇਤ ਪ੍ਰਗਟ ਕਰ ਸਕੇ। ਉਸਤੋਂ ਬਾਅਦ ਮੇਰੀ ਉਤਸੁਕਤਾ (ਕਿਉਂਕਿ ਜੋ ਮੈਂ ਸ਼ੁਰੂ ਤੋਂ ਇਨ੍ਹਾਂ ਗੱਲਾਂ ਵਿਚ ਮੁੱਢ ਤੋਂ ਦਿਲਚਸਪੀ ਲੈਂਦਾ ਸੀ) ਬਹੁਤ ਵਧ ਗਈ ਕਿ ਉਸ ਬੰਦੇ ਬਾਰੇ ਕਿਤੇ ਪੜ੍ਹਨ ਨੂੰ ਮਿਲੇ ਪਰ ਵਰਿ੍ਹਆਂ ਬੱਧੀ ਮੇਰੀ ਚਾਹ ਪੂਰੀ ਨਾ ਹੋਈ। ਜਦੋਂ ਤੁਸੀਂ ਪਹਿਲੀ ਪੁਸਤਕ ਕੱਢੀ ਤਾਂ ਮੈਂ ਖੁਸ਼ੀ ਨਾਲ ਝੂਮ ਉਠਿਆ। ਸੱਚ ਮੁੱਚ ਤੁਸੀਂ ਤਾਂ ਕਮਾਲ ਕਰ ਦਿੱਤੀ।
ਮੈਂ ਬੜੇ ਚੰਗੇ-ਚੰਗੇ ਅਨੁਵਾਦਕਾਂ ਦੀਆਂ ਉਲੱਥਾ ਕੀਤੀਆਂ ਪੁਸਤਕਾਂ ਪੜ੍ਹੀਆਂ ਹਨ। ਖਾਸ ਕਰਕੇ ਰੂਸੀ ਸਭਿਆਚਾਰ। ਪਰ ਜਿੰਨਾ ਚੰਗਾ ਅਨੁਵਾਦ ਤੁਸੀਂ ਕਰ ਸਕੇ ਹੋ ਕੋਈ ਨਹੀਂ ਕਰ ਸਕਿਆ। ਮੈਨੂੰ ਤਾਂ ਇਹ ਦੋਵੇਂ ਪੁਸਤਕਾਂ ਮੌਲਿਕ ਪੰਜਾਬੀ ਦੀਆਂ ਹੀ ਲੱਗਦੀਆਂ ਹਨ। ਤੁਸੀਂ ਤਾਂ ਬਿਲਕੁਲ ਘਰੇਲੂ ਬੋਲੀ ਦੇ ਲਫਜ਼ ਕਮਾਲ ਦੇ ਚੁਣੇ ਹਨ। ਜੋ ਵਿਵਾਦ ਵਾਲੇ ਲਫਜ਼ ਹਨ ਉਨ੍ਹਾਂ ਨੂੰ ਬਰੈਕਟਾਂ ਵਿਚ ਹੋਰ ਸਰਲ ਕੀਤਾ ਹੈ। ਤਰਜਮਾ ਵੇਖ ਕੇ ਤਾਂ ਇਹ ਕਿਤਾਬਾਂ ਮੂਲ ਪੰਜਾਬੀ ਦੀਆਂ ਜਾਪਦੀਆਂ ਹਨ।
ਕੀ ਤੁਸੀਂ ਆਪਣਾ ਮਾਸਿਕ ਪੱਤਰ ਸ਼ੁਰੂ ਕਰ ਦਿੱਤਾ ਹੈ? ਜੇ ਹੈ ਤਾਂ ਉਸ ਦਾ ਕੀ ਨਾਂ ਹੈ? ਜੇ ਨਹੀਂ ਤਾਂ ਕ੍ਰਿਪਾ ਕਰਕੇ ਜ਼ਰੂਰ ਦੱਸਣਾ ਕਿ ਕਦੋਂ ਕੁ ਤੱਕ ਇਹ ਸ਼ੁਰੂ ਕਰ ਸਕੋਗੇ? ਆਪਦੀ ਹਰ ਤਰ੍ਹਾਂ ਮਦਦ ਕੀਤੀ ਜਾਵੇਗੀ। ਭੂਤਾਂ ਪੇ੍ਰਤਾਂ ਬਾਰੇ ਮੇਰੇ ਕਈ ਨਿੱਜੀ ਤਜ਼ਰਬੇ ਵੀ ਹਨ। ਉਹ ਆਪ ਨੂੰ ਜ਼ਰੂਰ ਭੇਜਾਂਗਾ। ਜੇ ਛਾਪਣ ਯੋਗ ਹੋਏ ਤਾਂ ਆਪ ਨੇ ਜ਼ਰੂਰ ਛਾਪਣੇ। ਕ੍ਰਿਪਾ ਕਰਕੇ ਔਖੇ ਸੌਖੇ ਮਾਸਿਕ ਪੱਤਰ ਤਾਂ ਜ਼ਰੂਰ ਹੀ ਕੱਢੋ। ਇਸ ਤਰ੍ਹਾਂ ਤਾਂ ਤੁਸੀਂ ਮਨੁੱਖਤਾ ਦੀ ਹੋਰ ਵੱਡੀ ਸੇਵਾ ਕਰੋਗੇ। ਮੈਨੂੰ ਇਹ ਲਿਖਣ ਵਿਚ ਕੋਈ ਝਿਜਕ ਨਹੀਂ ਕਿ ਮੈਂ ਨਾਸਤਿਕਤਾ ਬਾਰੇ (ਖਾਸ ਕਰਕੇ ਪੜ੍ਹਿਆ ਲਿਖਿਆ ਵਿਚ) ਇਤਨਾ ਪ੍ਰਚਾਰ ਤਾਂ ਸਾਡੀਆਂ ਬੁਢੀਆਂ ਕਮਿਉਨਿਸਟ ਪਾਰਟੀਆਂ 30-40 ਸਾਲ ਵਿਚ ਨਹੀਂ ਕਰ ਸਕੀਆਂ, ਜਿੰਨਾ ਆਪਨੇ ਕੁਝ ਹੀ ਸਮੇਂ ਵਿਚ ਕਰ ਵਿਖਾਇਆ ਹੈ। ਧੰਨ ਹੋ ਤੁਸੀਂ ਤੇ ਧੰਨ ਹੈ ਡਾ. ਕਾਵੂਰ।
ਆਪ ਦੀਆਂ ਦੋਵੇਂ ਪੁਸਤਕਾਂ ਵਿਚ ਕੋਈ ਖਾਸ ਤਰੁੱਟੀ ਨਜ਼ਰ ਨਹੀਂ ਆਈ। ਇਕ ਵਿਸ਼ੇ ਬਾਰੇ ਜਿਸਦਾ ਇਨ੍ਹਾਂ ਪੁਸਤਕਾਂ ਵਿਚ ਜ਼ਿਕਰ ਨਹੀਂ। ਮੈਨੂੰ ਮਾਮੂਲੀ ਜਿਹਾ ਭੁਲੇਖਾ ਹੈ। ਉਹ ਹੈ ਸੁਪਨਿਆਂ ਬਾਰੇ। ਇਸ ਬਾਰੇ ਕੁਝ ਨੁਕਤੇ ਆਪ ਨਾਲ ਇਕ ਵੱਖਰੀ ਚਿੱਠੀ ਵਿਚ ਉਠਾਵਾਂਗਾ। ਹੁਣ ਤਾਂ ਬਸ ਵਧਾਈ ਕਬੂਲ ਕਰੋ। ਕ੍ਰਿਪਾ ਕਰਕੇ ਚਿੱਠੀ ਦਾ ਉੱਤਰ ਜ਼ਰੂਰ ਦੇਣਾ। ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹਨ।
ਆਪ ਦਾ ਹਿੱਤੂ,
ਨਾਜ਼ਰ ਸਿੰਘ ਗਿੱਲ
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੋਫ਼ੈਸਰ ਕਾਵੂਰ ਦੀਆਂ ਕਿਤਾਬਾਂ……..ਤੇ ਦੇਵ ਪੁਰਸ਼ ਹਾਰ ਗਏ ਅਤੇ ‘‘ਦੇਵ ਦੈਂਤ ਤੇ ਰੂਹਾਂ’’ ਨੇ ਪੰਜਾਬ ਦੇ ਲੋਕਾਂ ਨੂੰ ਇਕ ਨਵੀਂ ਸੇਧ ਦਿੱਤੀ ਹੈ। ਅਸੀਂ ਉਨ੍ਹਾਂ ਦੁਆਰਾ ਸ਼ੁਰੂ ਕੀਤੀ ਭਰਮਾਂ, ਵਹਿਮਾਂ, ਅੰਧਵਿਸ਼ਵਾਸਾਂ, ਭੂਤਾਂ ਤੇ ਪ੍ਰੇਤਾਂ ਵਿਰੋਧੀ ਲੜਾਈ ਨੂੰ ਪੰਜਾਬ ਵਿਚ ਵੀ ਤਿੱਖੀ ਕਰ ਦਿੱਤਾ ਹੈ। ਆਸ ਹੈ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਸ ਲੜਾਈ ਨੂੰ ਜਿੱਤ ਤੱਕ ਲੈ ਜਾਵਾਂਗੇ।

Back To Top