16. ਕਾਲਜੀਏਟਾਂ ਦਾ ਦਿਮਾਗ ਖਰਾਬ ਹੋ ਗਿਆ ਹੈ

-ਮੇਘ ਰਾਜ ਮਿੱਤਰ

ਚੰਡੀਗੜ੍ਹ,
26.2.86
ਆਦਾਬ!
ਅਸੀਂ ਵਿਗਿਆਨਕ ਅਤੇ ਤਰਕਵਾਦੀ ਨਜ਼ਰੀਏ ਤੋਂ ਸੋਚਣ ਅਤੇ ਜੀਣ ਵਾਲੇ ਬੰਦੇ ਹਾਂ। ਵੈਸੇ ਤਾਂ ਅਸੀਂ ਬਹੁਤ ਪਹਿਲਾਂ ਤੋਂ ਹੀ ਵਹਿਮਾਂ, ਭਰਮਾਂ, ਡਰਾਵਿਆਂ ਅਤੇ ਕਰਾਮਾਤਾਂ ਦਾ ਖੰਡਨ ਕਰਦੇ ਆ ਰਹੇ ਹਾਂ ਤੇ ਆਪਣੀ ਪਹੁੰਚ ਅਨੁਸਾਰ ਤਰਕਸ਼ੀਲ ਸੋਚ ਨੂੰ ਆਪਣੇ ਪੱਧਰ `ਤੇ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮ ਹਾਂ ਪਰ ਜਦੋਂ ਤੁਹਾਡੀਆਂ ਛਾਪੀਆਂ (ਸਤਿਕਾਰਤ ਡਾ. ਇਬਰਾਹੀਮ ਟੀ. ਕਾਵੂਰ ਦੀਆਂ) ਪੁਸਤਕਾਂ ਪੜ੍ਹੀਆਂ ਤਾਂ ਸਾਡੀਆਂ ਬਿਲਕੁਲ ਅੱਖਾਂ ਖੁੱਲ੍ਹ ਗਈਆਂ ਤੇ…… ਖੈਰ।
ਚੰਡੀਗੜ੍ਹ ਦੇ ਨਾਲ ਵਸਣ ਦੇ ਬਾਵਜੂਦ ਵੀ ਸਾਡੇ ਪਿੰਡਾਂ ਦੇ ਲੋਕ ਬਹੁਤ ਜ਼ਾਹਿਲ ਪਿਛਾਂਹ ਖਿੱਚੂ ਤੇ ਵਹਿਮੀ ਨੇ। ਅਸੀਂ ਉਨ੍ਹਾਂ ਤੱਕ ਰੌਸ਼ਨੀ ਲੈ ਕੇ ਜਾਣਾ ਚਾਹੁੰਦੇ ਹਾਂ। ਪਰਸੋਂ ਇਕ ਥਾਂ ਅਜਿਹਾ ਹੀ ਪੰਗਾ ਹੋ ਗਿਆ ਸੀ ਪਰ ਤੁਹਾਡੇ ਦਿੱਤੇ ਉਤਸ਼ਾਹ ਕਾਰਨ ਅਸੀਂ ਸਫ਼ਲ ਰਹੇ ਹਾਂ।
ਲਾਂਡਰਾਂ ਦੇ ਨੇੜੇ ਪੈਂਦੇ ਪਿੰਡ ਵਿਚ ਸਾਡੇ ਕਿਸੇ ਦੋਸਤ ਦੇ ਘਰ ਰਵੀਦਾਸ ਦਾ ਜਨਮ ਦਿਨ ਮਨਾਇਆ ਜਾਣਾ ਸੀ। ਉਸ ਨੇ ਸਾਨੂੰ ਵੀ ਉਚੇਚੇ ਤੌਰ `ਤੇ ਬੁਲਾਇਆ ਕਿ ਬਾਬਿਆਂ ਦੇ ‘ਰੰਗ’ ਦੇਖਣ ਦਾ ਢੁੱਕਵਾਂ ਮੌਕਾ ਹੈ। ਅਸੀਂ ਤਿੰਨ ਬੰਦੇ ਜਦੋਂ ਉੁੱਥੇ ਪਹੁੰਚੇ ਤਾਂ ਹਾਲੇ ਲੰਗਰ ਚੱਲ ਰਿਹਾ ਸੀ ਰੌਸ਼ਨੀਆਂ ਝਿਲਮਿਲ ਕਰ ਰਹੀਆਂ ਸਨ। ਬਾਬਾ ਜੀ, ਹਾਂ ਸੱਚ ਉਨ੍ਹਾਂ ਦੀ ਤਾਰੀਫ਼….ਉਹ ਵਿਚਾਰੇ ਬਨੂੜ ਤੋਂ ਨੇ ਅਤੇ ਕਾਫ਼ੀ ਅਰਸੇ ਤੋਂ ਬੇਰੁਜ਼ਗਾਰ ਚੱਲੇ ਆ ਰਹੇ ਸਨ ਜਦੋਂ ਘਰਦਿਆਂ ਧੱਕ ਦਿੱਤਾ ਤਾਂ ਉਨ੍ਹਾਂ ਗੁਰੂਆਂ ਪੀਰਾਂ ਦੀ ਸ਼ਰਨ ਲੈ ਲਈ ਤੇ ਆਪਣੇ ਆਪ ਨੂੰ ਬਾਬਾ ਵਡਭਾਗ ਸਿੰਘ ਦਾ ਚਹੇਤਾ ਨੁਮਾਇੰਦਾ ਦਰਸਾ ਕੇ ਬੇਵਕੂਫ ਲੋਕਾਂ ਨੂੰ ਮਗਰ ਲਾ ਲਿਆ। ਦਿਨਾਂ ਵਿਚ ਹੀ ਡੇਰਾ ਉੱਸਰ ਗਿਆ ਤੇ ਉਸ ਦੀ ਨਿੱਜੀ ਲੋੜ ਨਾਲੋਂ ਵੀ ਕਈ ਗੁਣਾਂ ਵੱਧ ਬਿਲਡਿੰਗ ਉੱਸਰ ਗਈ। ਅਫ਼ਸੋਸ ਹੁੰਦਾ ਹੈ ਆਪਣੇ ਦੇਸ਼ ਦੀ ਸਰਕਾਰ `ਤੇ ਜੇ ਕੋਈ ਗਰੀਬ ਮੋਚੀ ਸੜਕ ਕਿਨਾਰੇ ਪੇਟੀ ਰੱਖ ਕੇ ਰੋਜ਼ੀ ਕਮਾਉਣ ਲਈ ਪਾਲਿਸ਼ ਕਰਨ ਲੱਗ ਪਏ ਤਾਂ ਲੋਕਾਂ ਦੀ ਰਖਵਾਲੀ ਪੁਲਿਸ ‘ਨਜਾਇਜ਼ ਕਬਜ਼ਾ’ ਰੋਕਣ ਲਈ ਉਸ ਦੀ ਪੇਟੀ ਚੁੱਕ ਕੇ ਪਰ੍ਹੇ ਸੁੱਟ ਦਿੰਦੀ ਹੈ ਜਾਂ ਜ਼ਬਤ ਕਰ ਲਈ ਜਾਂਦੀ ਹੈ ਪਰ ਉਸ ਬਾਬੇ ਨੇ ਸ਼ਾਮਲਾਤੀ ਥੇਹ ਸੰਗਤਾਂ ਤੋਂ ਪੱਧਰ ਕਰਵਾ ਕੇ ਆਪਣਾ ਕਿਲਾ ਬਣਵਾਇਆ ਤਾਂ ਕਿਸੇ ਨੇ ਨਹੀਂ ਰੋਕਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਇਹੋ ਜਿਹੀਆਂ ਦੁਕਾਨਾਂ ਚੱਲਣ ਤੇ ਲੋਕ ਵਹਿਮਾਂ ਭਰਮਾਂ ਵਿਚ ਫ਼ਸੇ ਸਿਆਸੀ ਸੂਝ ਨਾ ਪ੍ਰਾਪਤ ਕਰ ਸਕਣ, ਹਾਂ ਬਾਬਾ ਜੀ ਅੰਦਰ ਅੱਖਾਂ ਮੀਟੀ ਬੈਠੇ ਸਨ। ਲੋਕ ਆ ਆ ਕੇ ਉਨ੍ਹਾਂ ਦੇ ਪੈਰੀਂ ਹੱਥ ਲਾ ਰਹੇ ਸਨ। ਅਸੀਂ ਵੀ ਗਏ ਪਰ ਜਦੋਂ ਅਸੀਂ ਪੈਰੀਂ ਹੱਥ ਨਾ ਲਾਏ ਤਾਂ ਉਹ ਨਾਰਾਜ਼ ਹੋ ਗਏ, ਸਮਾਧੀ ਟੁੱਟ ਗਈ ਤੇ ਘੂਰ-ਘੂਰ ਕੇ ਵੇਖਣ ਲੱਗੇ। ਅੱਠ ਕੁ ਵਜੇ ਉਨ੍ਹਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ। ਉਸਦੇ ਲੈਕਚਰ ਤੋਂ ਪਤਾ ਲੱਗਦਾ ਸੀ ਕਿ ਉਸ ਨੂੰ ਬਾਬਾ ਰਵੀਦਾਸ ਬਾਰੇ ਬਹੁਤ ਜਾਣਕਾਰੀ ਨਹੀਂ ਸੀ ਉਹ ਸਿਰਫ਼ ਕਲਪਿਤ ਕਥਾਵਾਂ (ਸਾਖੀਆਂ) ਅਤੇ ਮਿਥਿਹਾਸਕ ਕਥਾਵਾਂ `ਚੋਂ ਕੁਝ ਦੇ ਕੁਝ ਟੋਟਕੇ ਸੁਣਾ-ਸੁਣਾ ਸੰਗਤਾਂ ਨੂੰ ਨਿਹਾਲ ਕਰ ਰਿਹਾ ਸੀ। ਵਿਚੋਂ ਵਿਚ ਢੋਲਕੀ ਛੈਣਿਆਂ ਤੇ ਕਿਸੇ ਗੀਤ ਵਰਗੀ ਸਤਰ ਦਾ ਗਾਇਨ ਕਰਕੇ ਆਪਣੀ ਕਥਾ ਦੇ ਬੇਰਸੇਪਣ ਨੂੰ ਰੜਕਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਸੀ। ਤੇ ਬਸ ਫਿਰ ਕੀ ਸੀ ਢੋਲਕੀ ਛੈਣਿਆਂ ਦੇ ਰਿਦਮ `ਤੇ ਆ ਗਈ ‘ਪੌਣ’। ਇਕ 12-15 ਕੁ ਸਾਲ ਦੀ ਗੁੱਡੀ ਖੇਡਦੀ ਹੋਈ ਮੂਹਰੇ ਆ ਗਈ। ਬਾਬਾ ਜੀ ਨੇ ਉਸਦੀ ਗੁੱਤ ਫੜੀ ਤੇ ਮੁੱਕਾ ਫੇਰਿਆ ਉਹ ਵਿਚਾਰੀ ਥਾਏਂ ਡਿੱਗ ਪਈ। ਬਾਬਾ ਜੀ ਬੋਲੇ ‘‘ਇਸ ਨੂੰ ਚੁੱਕ ਕੇ ਲੈ ਜਾਉ ਪਿੱਛੋਂ ਦੇਖਦੇ ਹਾਂ ਇਹਨੂੰ ਵੀ’’ ਉਹ ਬੜੇ ਤਾਅ ਨਾਲ ਬੋਲ ਰਹੇ ਸਨ। ਜਦੋਂ ਦੁਬਾਰਾ ਰਿਦਮ ਵੱਜਿਆ ਤਾਂ ਉਹ ਫਿਰ ਖੇਡ ਪਈ। ਸਾਨੂੰ ਬੜਾ ਗੁੱਸਾ ਆਇਆ। ਸਾਡੇ `ਚੋਂ ਮੀਤ ਨੇ ਬਾਬਾ ਜੀ ਨੂੰ ਕਿਹਾ, ‘‘ਰਿਦਮ ਬੰਦ ਕਰਕੇ ਤੁਸੀਂ ਉਂਝ ਕਥਾ ਕਰ ਲਉ ਤਾਂ ਉਹ ਦੁਬਾਰਾ ਨਹੀਂ ਖੇਡੇਗੀ’’ ਪਰ ਬਾਬਾ ਜੀ ਨੇ ਇਕ ਨਾ ਸੁਣੀ ਉਹ ਫੇਰ ਖੇਡਦੀ ਰਹੀ। ਕੁੱਟ-ਕੁੱਟ ਕੇ ਉਸਦਾ ਨਾਸ਼ ਕਰ ਦਿੱਤਾ। ਘਰਵਾਲਿਆਂ ਦੀ ਹਦਾਇਤ ਅਨੁਸਾਰ ਅਸੀਂ ਕੁਝ ਨਾ ਬੋਲੇ ਪਰ ਉੁੱਥੇ ਬੈਠ ਨਾ ਹੋਇਆ ਤੇ ਅਸੀਂ ਬਾਹਰ ਚਲੇ ਗਏ। ਜਦੋਂ ਉਸਦਾ ਕੀਰਤਨ (?) ਖ਼ਤਮ ਹੋਣ ਲੱਗਾ ਤਾਂ ਅਸੀਂ ਫਿਰ ਆ ਗਏ। ਪਤਾ ਲੱਗਾ ਕਿ ਸਾਡੇ ਪਿੱਛੋਂ ਇਕ ਹੋਰ ਬੀਬੀ ਖੇਡ ਪਈ ਸੀ। ਫੇਰ ਕੀ ਸੀ ਮੀਤ ਨੇ ਮਾਈਕ ਖੋਹਿਆ ਤੇ ਲੈਕਚਰ ਸ਼ੁਰੂ ਕਰ ਦਿੱਤਾ। ਜਿਸ ‘ਪੌਣ’ ਨੂੰ ਉਹ ਪਿੰਡ ਦੀ ਮਰੀ ਹੋਈ ਕਚੀਲ ਦੱਸਦੇ ਸਨ ਮੀਤ ਭਾ ਜੀ ਨੇ ਬੜੇ ਅੰਦਾਜ਼ ਅਤੇ ਅਸਰਪੁੂਰਵਕ ਢੰਗ ਨਾਲ ਦੱਸਿਆ ਕਿ ਇਹ ਗਲੈਸੋਲੀਲੀਆ ਨਾਂ ਦੀ ਬੀਮਾਰੀ ਹੁੰਦੀ ਹੈ ਨਾ ਕਿ ਭੂਤ। ਭਾ ਜੀ ਹੋਰਾਂ ਵਹਿਮਾਂ, ਭਰਮਾਂ, ਟੂਣਿਆਂ, ਤਵੀਤਾਂ ਪ੍ਰੇਤਾਂ ਆਤਮਾਵਾਂ ਦੀ ਹੋਂਦ ਤੋਂ ਮੁਨਕਰ ਲੈਕਚਰ ਝਾੜਿਆ ਪਰ ਜਦੋਂ ਭਾ ਜੀ ਨੇ ਲੈਕਚਰ ਦੀ ਮੁਹਾਰ ਸਿੱਧੀ ਬਾਬਾ ਜੀ ਤੇ ਮੋੜ ਦਿੱਤੀ ਤਾਂ ਇਕ ਸ਼ਰਧਾਲੂ (ਗੁਰਦੁਆਰੇ ਦਾ ਗ੍ਰੰਥੀ ਜਿਸ ਦੀ ਕੁੜੀ ਵਿਚ ਪੌਣ ਆਉਂਦੀ ਸੀ) ਭੜਕ ਉੱਠਿਆ ਤੇ ਉਸ ਨੇ ‘ਨਾਸਤਿਕ’ ਕਹਿ ਕੇ ਚੁੱਪ ਕਰਾਉਣ ਲਈ ਕਿਹਾ। ਦੇਗ ਵੰਡਦਾ ਹੋਇਆ ਉਹ ਕਹਿ ਰਿਹਾ ਸੀ ਕਿ ‘‘ਇਹ ਕਾਲਜੀਏਟ ਨੇ ਇਨ੍ਹਾਂ ਦਾ ਦਿਮਾਗ ਖ਼ਰਾਬ ਹੋਇਆ ਹੈ।’’ ਇਨ੍ਹਾਂ ਬਾਬੇ ਲੋਕਾਂ ਕੋਲ ਬੱਸ ਇਕ ਦਲੀਲ ਹੁੰਦੀ ਹੈ ਕਿ ‘‘ਕਦੇ ਰਾਵਣ ਵੀ ਐਹੀ ਕਹਿੰਦਾ ਸੀ ਕਦੇ ਕੰਸ ਵੀ ਕਹਿੰਦਾ ਸੀ ਕਿ ਮੈਂ ਰੱਬ ਹਾਂ……‘‘ ਪਰ ਭਾਅ ਜੀ ਹਟੇ ਨਹੀਂ ਮਾਈਕ ਬੰਦ ਹੋਣ ਦੇ ਬਾਵਜੂਦ ਵੀ ਡਾ. ਇਬਰਾਹਿਮ ਟੀ. ਕਾਵੂਰ ਦੇ ਹਵਾਲੇ ਦੇ ਦੇ ਕੇ ਚੰਗਾ ਲੈਕਚਰ ਕੀਤਾ। ਇਹ ਮੰਨਣ ਵਾਲੀ ਗੱਲ ਹੈ ਕਿ ਲੋਕ ਧਿਆਨ ਨਾਲ ਸੁਣ ਰਹੇ ਸਨ ਪਰ ਘਰ ਵਾਲਿਆਂ ਨੇ ਕਿਹਾ ਕਿ ਅਸੀਂ ਸੰਤਾਂ ਦੀ ਘਰ ਬੁਲਾ ਕੇ ਬੇਇੱਜ਼ਤੀ ਨਹੀਂ ਹੋਣ ਦੇਣੀ ਤੇ ਉਸ ਨੂੰ ਫੜ ਕੇ ਅੰਦਰ ਲੈ ਗਏ। ਜਦੋਂ ਅਸੀਂ ਬੈਠੇ ਸਾਂ ਤਾਂ ਬਹੁਤ ਸਾਰੇ ਲੋਕ ਅੰਦਰ ਆ ਗਏ ਤੇ ਹੋਰ ਸਮੱਸਿਆਵਾਂ ਜਿਵੇਂ ਭੂਤਾਂ, ਪੱਥਰ ਡਿੱਗਣੇ, ਕੱਪੜੇ ਸੜਨੇ ਆਦਿ ਬਾਰੇ ਪੁੱਛਣ ਲੱਗੇ। ਅਸੀਂ ਬੜੀਆਂ ਦਲੀਲਾਂ ਨਾਲ ਸਮਝਾਇਆ। ਕਈਆਂ ਨੂੰ ਰੈਸ਼ਨੇਲਿਸਟ ਸੁਸਾਇਟੀ ਦਾ ਜ਼ਿਕਰ ਦੱਸਿਆ ਤੇ ਐਡਰੈੱਸ ਵੀ। ਪਰ ਫਿਰ ਮੱਲੋਜ਼ੋਰੀ ਬੋਲਣਾ ਬੰਦ ਕਰਵਾ ਦਿੱਤਾ ਗਿਆ। ਹਾਂ, ਫਿਰ ਜਿਨ੍ਹਾਂ ਦੀ ਕੁੜੀ ਖੇਡਦੀ ਸੀ ਉਹ ਬੋਲੇ ਫੇਰ ਜੇ ਤੂੰ ਸਭ ਕੁਝ ਜਾਣਦਾ ਸੀ ਤਾਂ ਸਾਡੀ ਕੁੜੀ ਨੂੰ ਤੂੰ ਹੀ ਰਾਜ਼ੀ ਕਰ ਦੇ। ਭਾ ਜੀ ਨੇ ਕਿਹਾ ਕਿ ਇਸ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ ਅਸੀਂ ਪਰਖ ਕਰਕੇ ਹੀ ਨਿਰਣਾ ਲੈ ਸਕਦੇ ਹਾਂ ਬਿਮਾਰੀ ਦਾ। ਪਰ ਉਹ ਗਾਲ੍ਹਾਂ ਕੱਢਣ ਲੱਗੇ ਕਿ ਤੁਸੀਂ ਤਾਂ ਸਾਡੇ ਬਾਬਾ ਜੀ ਵੀ ਨਾਰਾਜ਼ ਕਰ ਦਿੱਤੇ ਨਹੀਂ ਤਾਂ ਉਨ੍ਹਾਂ ਤੋਂ ਹੀ ਕੁਝ ਕਰਵਾਉਣਾ ਸੀ। ਪਰ ਹੱਦ ਵੇਖੋ ਖੇਡਣ ਵਾਲੀ ਕੁੜੀ ਉੱਚੀ-ਉੱਚੀ ਚੀਕਦੀ ਭਾ ਜੀ ਨੂੰ ਲੈਕਚਰ ਕਰਨ ਤੋਂ ਰੋਕਦੀ ਕਹਿ ਰਹੀ ਸੀ ‘‘ਤੂੰ ਚੁੱਪ ਕਰਕੇ ਬੈਠ, ਬਕਵਾਸ ਨਾ ਕਰ….।’’ ਪਤਾ ਨਹੀਂ ਲੱਗਦਾ ਇਨ੍ਹਾਂ ਲੋਕਾਂ ਦਾ ਕੀ ਬਣੇਗਾ। ਹੁਣ ਸੁਣਿਆ ਹੈ ਕਿ ਉਹ ਧੋਲੀਧਾਰ ਲੈ ਕੇ ਜਾਣਗੇ ਉਸਨੂੰ। ਤੁਸੀਂ ਸਾਨੂੰ ਛੇਤੀ ਕੋਈ ਸੁਝਾਅ ਦਿਉ ਕਿ ਅਸੀਂ ਇਸ ਕੇਸ ਵਿਚ ਕੀ ਕਰ ਸਕਦੇ ਹਾਂ। ਵੈਸੇ ਤਾਂ ਉਸ ਦਿਨ ਬਹੁਤ ਖੱਪ ਪਈ। ਸਾਨੂੰ ਗਾਲ੍ਹਾਂ ਨਿਕਾਲੀਆਂ (ਕੁਟਾਈ ਤੋਂ ਬੜੀ ਮੁਸ਼ਕਲ ਨਾਲ ਬਚੇ) ਪਰ ਤੁਹਾਨੂੰ ਦੱਸਣ ਤੋਂ ਭਾਵ ਇਹ ਸੀ ਕਿ ਅਸੀਂ ਤੁਹਾਡੀ ਸਹਿ `ਤੇ ਮਾਣ ਨਾਲ ਇਸ ਖੇਤਰ ਵਿਚ ਕੁੱਦ ਪਏ ਹਾਂ। ਅਸੀਂ ਅਜਿਹੀ ਹਰ ਥਾਂ ਜਾਂਦੇ ਹਾਂ ਤੇ ਲੱਗਦੀ ਵਾਹ ਮੌਕਾ ਖ਼ਾਲੀ ਨਹੀਂ ਜਾਣ ਦਿੰਦੇ।
ਸਾਨੂੰ ਲੋੜ ਮਹਿਸੂਸ ਹੋਈ ਕਿ ਇਲਾਕੇ ਵਿਚ ਰੈਸ਼ਨੇਲਿਸਟ ਸੁਸਾਇਟੀ ਦੀ ਕੋਈ ਬਰਾਂਚ ਖੋਲ੍ਹੀ ਜਾਣੀ ਅਤਿ ਜ਼ਰੂਰੀ ਹੈ। ਅਸੀਂ ਤਹਿ ਦਿਲੋਂ ਸੁਸਾਇਟੀ ਦੇ ਮੈਂਬਰ ਬਣਨਾ ਚਾਹੁੰਦੇ ਹਾਂ ਜੇ ਤੁਸੀਂ ਸਾਨੂੰ ਇਸ ਲਾਇਕ ਸਮਝਦੇ ਹੋ ਤਾਂ ਸਾਨੂੰ ਤਿੰਨ ਜਾਂ ਚਾਰ ਫਾਰਮ ਭੇਜਣ ਦੀ ਕ੍ਰਿਪਾਲਤਾ ਕਰਨੀ। ਕਿਉਂਕਿ ਇਸ ਤਰ੍ਹਾਂ ਸਾਡੀ ਪਿੱਠ ਤਕੜੀ ਹੋ ਜਾਵੇਗੀ ਤੇ ਸਾਡੇ ਅੱਗੇ ਹਰੇਕ ਅੜਨ ਵਾਲਾ ਸੁਸਾਇਟੀ ਦੀਆਂ ਸ਼ਰਤਾਂ ਦਾ ਸਾਹਮਣਾ ਨਾ ਕਰਦਾ ਹੋਇਆ ਚੁਣੌਤੀ ਤੋਂ ਭੱਜ ਕੇ ਸਾਡੀ ਜਿੱਤ ਨੂੰ ਯਕੀਨੀ ਬਣਾ ਦਿਆ ਕਰੇਗਾ ਇਸ ਨਾਲ ਲੋਕ ਵਧੇਰੇ ਮਾਤਰਾ ਵਿਚ ਆਪਣੇ ਮਿਸ਼ਨ ਵਿਚ ਸ਼ਾਮਲ ਹੋਣਗੇ।
ਅਸੀਂ ਹਾਂ ਆਪ ਦੇ ਸਮਰਥਕ…..
1. ਪਾਲ ਸਨੇਟਾ (ਐੱਮ. ਏ. ਪੰਜਾਬੀ)
2. ਗੁਰਮੀਤ ਮੀਤ (ਐੱਮ. ਏ. ਐੱਮ. ਫਿਲ)
3. ਜਗਦੀਸ਼ ਸਿੰਘ ਰਾਹੀ (ਬੀ. ਏ. ਐੱਲ. ਐੱਲ. ਬੀ.)
ਮਿੱਠਾ ਸੰਗੀਤ, ਸੁਰ ਤਾਲ ਵਿਚ ਵੱਜ ਰਹੇ ਢੋਲਕ ਤੇ ਛੈਣੇ ਕਿਸੇ ਦਿਮਾਗੀ ਬਿਮਾਰੀ ਦੇ ਸ਼ਿਕਾਰ ਵਿਅਕਤੀਆਂ ਵਿਚ ਇਹ ਭਰਮ ਖੜਾ ਕਰ ਸਕਦੇ ਹਨ ਕਿ ਉਨ੍ਹਾਂ ਵਿਚ ਪੌਣ ਆ ਗਈ ਹੈ। ਉਪਰੋਕਤ ਮਾਮਲੇ ਵਿਚ ਵੀ ਅਜਿਹਾ ਕੁਝ ਹੀ ਵਾਪਰਿਆ। ਕਈ ਵਾਰ ਵਿਸ਼ੇਸ਼ ਸ਼ਰਧਾ ਵਾਲੇ ਵਿਅਕਤੀ ਤੇ ਥਾਵਾਂ ਵੀ ਅਜਿਹਾ ਕੁਝ ਕਰ ਵਿਖਾਉਂਦੀਆਂ ਹਨ। ਜਿਵੇਂ ਧੋਲੀਦਾਰ ਤੇ ਬਿਆਸ ਵਿਖੇ ਅਜਿਹਾ ਕੁਝ ਵਾਪਰਦਾ ਹੀ ਰਹਿੰਦਾ ਹੈ। ਅਜਿਹੇ ਸਥਾਨਾਂ `ਤੇ ਦਿਮਾਗੀ ਅਸੰਤੁਲਣ ਵਾਲੇ ਵਿਅਕਤੀ ਅਕਸਰ ਹੀ ਖੇਡਣ ਲੱਗ ਜਾਂਦੇ ਹਨ। ਸਾਡੇ ਅੰਧਵਿਸ਼ਵਾਸੀ ਲੋਕ ਅਣਜਾਣਪੁਣੇ ਵਿਚ ਹੀ ਅਜਿਹੇ ਸਥਾਨਾਂ `ਤੇ ਚਲਾਕ ਵਿਅਕਤੀਆਂ ਦੁਆਰਾ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ।

Back To Top