14. ਇੱਕੀਵੀਂ ਸਦੀ ਵਿਚ ਤਰਕਸ਼ੀਲਾਂ ਤੋਂ ਖ਼ਤਰਾ

-ਮੇਘ ਰਾਜ ਮਿੱਤਰ

ਗੁਰਦਾਸਪੁਰ
2-2-86
ਇਕ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ ਕਿ ਲੁਧਿਆਣੇ ਵਾਲੀ ਘਟਨਾ ਜੋ ਬਾਬਾ ਬੰਤੂ ਦੇ ਸੰਬੰਧ ਵਿਚ ਸੀ।
ਉਸ ਦੇ ਬਾਰੇ ਇਕ ਖ਼ਬਰ ਲੱਗੀ ਜੋ ਕਿ ਜਗਰਾਉਂ ਦੇ ਪੱਤਰ ਪੇ੍ਰਰਕ (ਖੇਲਾਂ) ਦੁਆਰਾ ਭੇਜੀ ਗਈ ਸੀ ਕਿ ਤਰਕਸ਼ੀਲ ਭੱਜ ਗਏ। ਉਸਦਾ ਖੰਡਨ (ਸਪੱਸ਼ਟੀਕਰਨ) ਜਾਂ ਵਿਰੋਧ ਸੁਸਾਇਟੀ ਵੱਲੋਂ ਕਿਉਂ ਨਹੀਂ ਕੀਤਾ ਗਿਆ।
ਜੇ ਕੀਤਾ ਹੈ ਤਾਂ ਕਿਸ ਅਖ਼ਬਾਰ ਵਿਚ। ਹੋਰ ਸੁਣਨ ਵਿਚ ਆਇਆ ਕਿ ‘ਰੌਸ਼ਨੀ’ ਕਿਤਾਬ ਛਪ ਗਈ ਕਿਰਪਾ ਕਰਕੇ ਮੈਨੂੰ ਇਸ ਦੀ ਇਕ ਕਾਪੀ ਕਿਸੇ ਤਰ੍ਹਾਂ ਜ਼ਰੂਰ ਭੇਜੋ ਤਾਂ ਜੋ ਮੈਂ ਇਸ ਨੂੰ ਪੜ੍ਹ ਸਕਾਂ ਤੁਹਾਨੂੰ ਇਕ ਗੱਲ ਦੱਸਾਂ? ਪਿੱਛੇ ਜਿਹੇ ਮੈਨੂੰ ਹਿੰਦੂ ਪ੍ਰੀਸ਼ਦ ਦੀ ਮੀਟਿੰਗ ਵਿਚ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਸਾਡੀ ਚਰਚਾ ਚੱਲੀ। ਕਿ ਇੱਕੀਵੀਂ ਸਦੀ ਵਿਚ ਸਾਨੂੰ ਵਿਕਸਿਤ ਲੋਕਾਂ ਤੋਂ ਖ਼ਤਰਾ ਪੈਦਾ ਹੋ ਜਾਵੇਗਾ। ਪੰਜਾਬ ਵਿਚ ਤਰਕਸ਼ੀਲਾਂ ਦੇ ਨਾਂ `ਤੇ ਉੱਭਰ ਰਹੀ ਜਥੇਬੰਦੀ ਸਾਨੂੰ ਕਦੇ ਵੀ ਖ਼ਤਰਾ ਪੈਦਾ ਕਰ ਸਕਦੀ ਹੈ। ਤਰਕਸ਼ੀਲ, ਭਾਰਤ ਵਿਚ ਸਾਡੇ ਲਈ ਕਿਸੇ ਵੀ ਸਮੇਂ ਖ਼ਤਰਾ ਬਣ ਸਕਦੇ ਹਨ।
ਇਹ ਸਵਾਲ ਇਨ੍ਹਾਂ ਦੇ ਚੇਤਾਵਨੀ ਨਾਂ ਦਾ ਪਰਚਾ ਜੋ ਉਸ ਮੀਟਿੰਗ ਵਿਚ ਪੜ੍ਹਿਆ ਗਿਆ ਵਿਚ ਉੱਠਿਆ। ਸੋ ਕਹਿਣ ਤੋਂ ਭਾਵ ਹੈ ਸਾਨੂੰ ਜਥੇਬੰਦ ਹੋ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਸਦੀਆਂ ਤੋਂ ਦੱਬੇ ਕੁੱਚਲੇ ਲੋਕਾਂ ਨੂੰ ਅਸੀਂ ਸੇਧ ਦੇ ਸਕੀਏ। ਬਾਕੀ ਲੋਕ ਆਪਣੇ ਨਾਲ ਹਨ। ਸਾਨੂੰ ਚੇਲੰਜਾਂ ਤੋਂ ਨਹੀਂ ਡਰਨਾ ਚਾਹੀਦਾ ਕਿਸੇ ਪ੍ਰਕਾਰ ਦੀ ਨਵੀਂ ਜਾਣਕਾਰੀ ਹੋਵੇ ਤਾਂ ਜ਼ਰੂਰ ਭੇਜੋ। ਪਰਚਾ ਕੱਢਣ ਦੀ ਗੱਲਬਾਤ ਅਜੇ ਸ਼ੁਰੂ ਹੋਈ ਕਿ ਨਹੀਂ ਮੇਰਾ ਖ਼ਿਆਲ ਹੈ ਕਿ ਪਰਚਾ ਹੀ ਸਾਥੀਆਂ ਲਈ ਤਾਲਮੇਲ ਦੀ ਇਕ ਕੜੀ ਹੋ ਸਕਦਾ ਹੈ। ਕਿਰਪਾ ਕਰਕੇ ਇਸ ਨੂੰ ਜਲਦੀ ਕੱਢੋ। ਧੰਨਵਾਦੀ।
ਆਪਦਾ ਸਾਥੀ,
ਅਮਰਜੀਤ ਸ਼ਾਸਤਰੀ
ਲੁਧਿਆਣੇ ਵਿਚ ਕਿਸੇ ਘਰ ਅੰਦਰ ਘਟਨਾਵਾਂ ਵਾਪਰ ਰਹੀਆਂ ਸਨ। ਇਨ੍ਹਾਂ ਘਟਨਾਵਾਂ ਵਿਚ ਘਰ ਵਿਚੋਂ ਨਕਦੀ, ਗਹਿਣੇ ਗੁੰਮ ਹੋਣਾ, ਕੱਪੜੇ ਗਾਇਬ ਹੋਣਾ ਪ੍ਰਮੁੱਖ ਸਨ। ਇਹ ਸਾਰਾ ਕੁਝ ਅਲਮਾਰੀ ਵਿਚੋਂ ਜਿੰਦਰਾ ਲੱਗੇ ਹੀ ਗੁੰਮ ਹੋ ਜਾਂਦਾ ਸੀ। ਕਈ ਘੜੀਆਂ ਵੀ ਗੁੰਮ ਹੋ ਚੁੱਕੀਆਂ ਸਨ। ਜਗਰਾਉਂ ਦੇ ਇਕ ਅਖੌਤੀ ਬਾਬੇ ਬੰਤੂ ਵੱਲੋਂ ਇਹ ਸਾਰੀਆਂ ਘਟਨਾਵਾਂ ਸਿਰ ਚਿਪੇ ਪਰੇਤ ਵੱਲੋਂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਇਹ ਵੀ ਵਾਅਦਾ ਕੀਤਾ ਗਿਆ ਕਿ ਇਸ ਪ੍ਰੇਤ ਨੇ 16-17 ਸਾਲ ਦੀ ਉਮਰ ਵਿਚ ਰੇਲਗੱਡੀ ਹੇਠ ਸਿਰ ਦੇ ਕੇ ਆਤਮ-ਹੱਤਿਆ ਕਰ ਲਈ ਸੀ। ਅਸੀਂ ਸੁਸਾਇਟੀ ਵੱਲੋਂ ਇਸ ਕੇਸ ਦੀ ਪੜਤਾਲ ਵੀ ਕੀਤੀ ਸੀ। ਇਹ ਘਰ ਵਿਚ ਘਟਨਾਵਾਂ ਵਾਪਰਨ ਵਾਲਾ ਆਮ ਕੇਸ ਹੀ ਸੀ। ਪਰ ਘਰ ਵਾਲਿਆਂ ਵੱਲੋਂ ਕੋਈ ਸਹਿਯੋਗ ਨਾ ਮਿਲਣ ਕਾਰਨ ਅਸੀਂ ਇਹ ਕੇਸ ਹੱਲ ਨਹੀਂ ਕਰ ਸਕੇ ਸਾਂ ਵੈਸੇ ਵੀ ਇਹ ਬਾਬੇ ਬੰਤੇ ਦੀ ਗੁੱਡੀ ਅਸਮਾਨੀ ਚੜ੍ਹਾਉਣ ਲਈ ਯੋਜਨਾਬੱਧ ਸਾਜਿਸ਼ ਦਾ ਇਕ ਹਿੱਸਾ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਤਰਕਸ਼ੀਲਾਂ ਨੇ ਇੱਕੀਵੀਂ ਸਦੀ ਵਿਚ ਹਰ ਕਿਸਮ ਦੇ ਫਿਰਕੂ ਤੇ ਅੰਧਵਿਸ਼ਵਾਸੀ ਟੋਲਿਆਂ ਦਾ ਸਫ਼ਾਇਆ ਕਰ ਹੀ ਦੇਣਾ ਹੈ। ਕਿਉਂਕਿ ਆਉਣ ਵਾਲੇ ਵਿਗਿਆਨਕ ਯੁੱਗ ਵਿਚ ਲੋਕਾਂ ਨੂੂੰ ਜਾਤਾਂ-ਪਾਤਾਂ ਤੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ `ਤੇ ਲੜਾਉਣਾ ਮੁਸ਼ਕਲ ਹੋ ਹੀ ਜਾਣਾ ਹੈ। ਸੋ ਹਿੰਦੂ ਜਥੇਬੰਦੀਆਂ ਦੇ ਇਹ ਸ਼ੰਕੇ ਸੱਚੇ ਹੀ ਹੋਣੇ ਹਨ।

Back To Top