13. ਮੰਗਲੀਕ

-ਮੇਘ ਰਾਜ ਮਿੱਤਰ

ਰਾਮਪੁਰਾ
2.12.85
ਨਮਸਕਾਰ
ਵਹਿਮਾਂ ਭਰਮਾਂ ਨੂੰ ਦੂਰ ਕਰਨ ਲਈ ਜੋ ਕਦਮ ਤੁਸੀਂ ਪੰਜਾਬ ਵਿਚ ਉਠਾਏ ਹਨ ਜਾਂ ਉਠਾ ਰਹੇ ਹੋ ਉਨ੍ਹਾਂ ਦੀ ਅਸੀ ਬਹੁਤ ਸ਼ਲਾਘਾ ਕਰਦੇ ਹਾਂ ਕਿਉਂਕਿ ਇਹ ਕਦਮ ਉਠਾਉਣੇ ਜ਼ਰੂਰੀ ਹੋ ਗਏ ਸਨ।
ਮੈਂ ਡਾਕਟਰ ਕਾਵੂਰ ਦੀਆਂ ਲਿਖੀਆਂ ਦੋ ਕਿਤਾਬਾਂ……ਤੇ ਦੇਵ ਪੁਰਸ਼ ਹਾਰ ਗਏ ਅਤੇ ‘ਦੇਵ ਦੈਂਤ ਤੇ ਰੂਹਾਂ’ ਪੜ੍ਹੀਆਂ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਪੜ੍ਹਾਈਆਂ। ਇਨ੍ਹਾਂ ਕਿਤਾਬਾਂ ਨੂੰ ਸਭ ਨੇ ਬਹੁਤ ਪਸੰਦ ਕੀਤਾ ਅਤੇ ਇਹ ਵਹਿਮਾਂ ਨੂੰ ਦੂਰ ਕਰਨ ਲਈ ਬਹੁਤ ਸਹਾਈ ਹੋਣਗੀਆਂ।
ਮੈਂ ਤੁਹਾਥੋਂ ਹੇਠ ਲਿਖੀ ਇਕ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਕਈ ਮੁੰਡੇ ਜਾਂ ਕੁੜੀਆਂ ਮੰਗਲੀਕ ਹੁੰਦੇ ਹਨ ਜਾਂ ਹੁੰਦੀਆਂ ਹਨ (ਜਨਮ ਤੋਂ) ਅਤੇ ਉਨ੍ਹਾਂ ਦਾ ਵਿਆਹ ਮੰਗਲੀਕ ਕੁੜੀ ਜਾਂ ਮੁੰਡੇ ਨਾਲ ਹੀ ਕੀਤਾ ਜਾਂਦਾ ਹੈ। ਜੇਕਰ ਕਿਸੇ ਮੰਗਲੀਕ ਦਾ ਵਿਆਹ ਮੰਗਲੀਕ ਨਾਲ ਨਾ ਕੀਤਾ ਜਾਵੇ ਤਾਂ ਦੋਨਾਂ ਵਿਚੋਂ ਇਕ ਦੀ ਮੌਤ ਹੋ ਜਾਂਦੀ ਹੈ, ਕੀ ਇਹ ਗੱਲ ਸੱਚੀ ਹੈ। ਜਾਂ ਵਹਿਮ ਹੈ? ਤੁਹਾਡੇ ਇਸ ਬਾਰੇ ਕੀ ਵਿਚਾਰ ਹਨ? ਜ਼ਰੂਰ ਲਿਖਣਾ। ਮੈਂ ਤੁਹਾਡੇ ਜਵਾਬ ਦੀ ਉਡੀਕ ਕਰਾਂਗਾ।
ਤੁਹਾਡਾ ਸਨੇਹੀ,
ਨਰੇਸ਼ ਕੁਮਾਰ ਗਰਗ
ਪੰਡਿਤਾਂ ਤੇ ਜੋਤਿਸ਼ੀਆਂ ਦੁਆਰਾ ਪੈਦਾ ਕੀਤਾ ਇਹ ਸਭ ਤੋਂ ਵੱਡਾ ਭਰਮ ਹੈ। ਪੰਜਾਬ ਵਿਚ ਹੀ ਹਜ਼ਾਰਾਂ ਨੌਜਵਾਨ ਲੜਕੇ ਤੇ ਲੜਕੀਆਂ ਸਿਰਫ਼ ਇਸੇ ਵਹਿਮ ਕਰਕੇ ਆਪਣੀ ਵਿਆਹ ਦੀ ਉਮਰ ਲੰਘਾ ਬੈਠਦੇ ਹਨ। ਜੇ ਇਹ ਕੋਈ ਸਚਾਈ ਹੋਵੇ ਤਾਂ ਕੀ ਇਹ ਦੁਨੀਆ ਦੇ ਹੋਰ ਸੈਂਕੜੇ ਧਰਮਾਂ, ਸਿੱਖਾਂ, ਇਸਾਈਆਂ ਤੇ ਮੁਸਲਮਾਨਾਂ ਵਿਚ ਨਾ ਹੋਵੇ। ਮੈਂ ਅਜਿਹੇ ਸੈਂਕੜੇ ਮੰਗਲੀਕ ਜੋੜਿਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਵਹਿਮ ਕਰਕੇ ਮੰਗਲੀਕ ਲੜਕੇ ਜਾਂ ਲੜਕੀਆਂ ਨਾਲ ਵਿਆਹ ਕਰਵਾਏ ਸਨ ਪਰ ਫਿਰ ਵੀ ਉਨ੍ਹਾਂ ਦਾ ਵਿਆਹੁਤਾ ਜ਼ਿੰਦਗੀ ਸੁਖੀ ਨਹੀਂ ਅਤੇ ਕਈਆਂ ਦੇ ਤਲਾਕ ਵੀ ਹੋ ਚੁੱਕੇ ਹਨ ਅਤੇ ਕਈਆਂ ਦੇ ਜੀਵਨ ਸਾਥੀ ਮਰ ਵੀ ਚੁੱਕੇ ਹਨ ਅਤੇ ਮੈਂ ਹਜ਼ਾਰਾਂ ਹੀ ਅਜਿਹੇ ਜੋੜਿਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਇਸ ਵਹਿਮ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਅੱਜ ਵੀ ਸੁਖੀ ਜ਼ਿੰਦਗੀ ਬਤੀਤ ਕਰ ਰਹੇ ਹਨ।

Back To Top