ਮੇਘ ਰਾਜ ਮਿੱਤਰ
ਕਈ ਵਾਰ ਮੈਨੂੰ ਅਵਤਾਰ ਨਾਲ ਇਥੋਂ ਦੇ ਖੇਤਾਂ ਵਿੱਚ ਜਾਣ ਦਾ ਮੌਕਾ ਵੀ ਮਿਲਿਆ। ਕੀਵੀ ਫਰੂਟ ਇੱਥੋਂ ਦੀ ਜਿਆਦਾ ਪੈਦਾਵਾਰ ਹੈ। ਇਸਦੇ ਬੂਟੇ ਵੀ ਮੇਲ ਫੀਮੇਲ ਹੁੰਦੇ ਹਨ। ਮੇਲਾਂ ਦੀ ਗਿਣਤੀ ਸਿਰਫ ਦਸ ਪ੍ਰਤੀਸ਼ਤ ਹੀ ਹੁੰਦੀ ਹੈ। ਬਹੁਤੇ ਪੰਜਾਬੀ ਜੋ ਪੜ੍ਹੇ ਲਿਖੇ ਜਿਆਦਾ ਨਹੀਂ ਹੁੰਦੇ ਉਹ ਕੀਵੀ ਫਰੂਟ ਤੋੜਨ ਦਾ ਕੰਮ ਹੀ ਕਰਦੇ ਹਨ। ਅਜਿਹਾ ਹਰ ਕਾਮਾ ਆਪਣੇ ਗਲ ਵਿੱਚ ਝੋਲੀ ਜਿਹੀ ਲਟਕਾ ਲੈਂਦਾ ਹੈ। ਕੀਵੀ ਫਰੂਟ ਤੋੜ ਕੇ ਇਸ ਝੋਲੀ ਵਿੱਚ ਪਾਈ ਜਾਂਦਾ ਹੈ। ਜਦੋਂ ਇਹ ਭਰ ਜਾਂਦੀ ਹੈ ਤਾਂ ਟਰੈਕਟਰ ਦੇ ਪਿੱਛੇ ਹੁੱਕ ਕੀਤੇ ਹੋਏ ਬਕਸਿਆਂ ਵਿੱਚ ਪਾ ਦਿੰਦੇ ਹਨ। ਗੋਰਿਆਂ ਨੇ ਹਰ ਕੰਮ ਦੀ ਬਹੁਤ ਹੀ ਬਾਰੀਕੀ ਨਾਲ ਸਕੀਮ ਬਣਾਈ ਹੁੰਦੀ ਹੈ। ਝੋਲੀ ਗਲ ਵਿੱਚ ਪਾਈ ਹੀ ਥੱਲੇ ਤੋਂ ਖੁਲ੍ਹ ਜਾਂਦੀ ਹੈ ਤੇ ਕੀਵੀ ਬਿਨ ਵਿੱਚ ਢੇਰੀ ਹੋ ਜਾਂਦੇ ਹਨ। ਇੱਕ ਟਰੈਕਟਰ ਪਿੱਛੇ ਤਿੰਨ ਬਿਨ ਹੁੱਕ ਕੀਤੇ ਜਾਂਦੇ ਹਨ ਉਹ ਬਿਨ ਭਰ ਜਾਣ ਤੇ ਅਗਲਾ ਟਰੈਕਟਰ ਬਿਨ ਲੈ ਕੇ ਹਾਜ਼ਰ ਹੋ ਜਾਂਦਾ ਹੈ ਭਰੇ ਹੋਏ ਬਿਨ ਸਟੋਰ ਵਿੱਚ ਚਲੇ ਜਾਂਦੇ ਹਨ ਜਿਥੇ ਕੀਵੀਆਂ ਨੂੰ ਟਰੇਆਂ ਵਿੱਚ ਪੈਕ ਕਰਕੇ ਬਾਹਰਲੇ ਦੇਸ਼ਾਂ ਨੂੰ ਭੇਜਣ ਲਈ ਰਵਾਨਾ ਕਰ ਦਿੱਤਾ ਜਾਂਦਾ ਹੈ।
ਕੀਵੀ ਫਰੂਟ ਦੇ ਬਾਗਾਂ ਦੀ ਇਕ ਹੋਰ ਖਾਸੀਅਤ ਨੇ ਮੈਨੂੰ ਬਹੁਤ ਹੈਰਾਨ ਕਰ ਦਿੱਤਾ ਉਹ ਸੀ ਉਹਨਾਂ ਨੂੰ ਤੇਜ ਹਵਾਵਾਂ ਤੋਂ ਬਚਾਉਣ ਲਈ ਕੀਤੀ ਜਾਂਦੀ ਦਰਖਤਾਂ ਦੀ ਵਾੜ। ਇਹ ਵਾੜ ਫਰ ਦੇ ਫਰਖਤਾਂ ਨੂੰ ਨਾਲ ਨਾਲ ਉਗਾ ਕੇ ਕੀਤੀ ਜਾਂਦੀ ਹੈ। ਕਈ ਵਾਰ ਤਾਂ ਇਹ ਪੂਰੇ ਬਾਗ ਦੇ ਆਲੇ ਦੁਆਲੇ ਚਾਲੀ ਚਾਲੀ ਫੁੱਟ ਉੱਚੀ ਹੋ ਜਾਂਦੀ ਹੈ।