ਨਿਊਜੀਲੈਂਡ ਦੀ ਆਬੋ ਹਵਾ

ਦੁਨੀਆ ਦੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਸੀ ਕਿ ਨਿਊਜੀਲੈਂਡ ਦੁਨੀਆਂ ਦੇ ਸੁੰਦਰ ਦੇਸ਼ਾਂ ਵਿੱਚੋਂ ਇੱਕ ਹੈ। ਇਸ ਲਈ ਮੇਰੇ ਮਨ ਵਿੱਚ ਇਸ ਦੇਸ਼ ਦੀ ਯਾਤਰਾ ਕਰਨ ਦੀ ਬੜੀ ਤਮੰਨਾ ਸੀ। ਮੈਂ ਕਦੇ ਇਹ ਨਹੀਂ ਸੋਚਿਆ ਸੀ ਕਿ ਮੇਰੇ ਸੀਮਤ ਆਰਥਿਕ ਸਾਧਨ ਕਦੇ ਮੈਨੂੰ ਇਹਨਾਂ ਦੇਸ਼ਾਂ ਦੀ ਯਾਤਰਾ ਕਰਨ ਦੀ ਇਜਾਜ਼ਤ ਦੇਣਗੇ। ਅਤੇ ਨਾ ਹੀ ਤਕਰਸ਼ੀਲ ਲਹਿਰ ਸ਼ੁਰੂ ਕਰਨ ਵੇਲੇ ਕਦੇ ਇਹ ਵਿਚਾਰ ਮਨ ਵਿੱਚ ਆਇਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਅੰਧ ਵਿਸ਼ਵਾਸਾਂ ਵਿਚੋਂ ਬਾਹਰ ਕੱਢਣ ਲਈ ਕੀਤੇ ਛੋਟੇ ਜਿਹੇ ਯਤਨ ਹੀ ਮੈਨੂੰ ਬਹੁਤ ਸਾਰੇ ਦੇਸ਼ਾਂ ਦੀ ਸੈਰ ਕਰਵਾ ਦੇਣਗੇ। ਇਸ ਲਈ ਜਦੋਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਨਿਊਜ਼ੀਲੈਂਡ ਵਲੋਂ ਮੈਨੂੰ ਸੱਦਾ ਪੱਤਰ ਦੀ ਈ ਮੇਲ ਆਈ ਤਾਂ ਮੈਂ ਤੁਰੰਤ ਇਸਨੂੰ ਸਵੀਕਾਰ ਕਰ ਲਿਆ। ਸਾਥੀ ਅਵਤਾਰ ਨੇ ਮੈਨੂੰ ਦੱਸ ਦਿੱਤਾ ਸੀ ਕਿ ਮਈ ਜੂਨ ਦੇ ਮਹੀਨੇ ਵਿੱਚ ਨਿਊਜ਼ੀਲੈਂਡ ਦਾ ਮੌਸਮ ਸਰਦ ਹੁੰਦਾ ਹੈ। ਇਸ ਲਈ ਆਕਲੈਂਡ ਦੇ ਹਵਾਈ ਅੱਡੇ ਤੇ ਹੀ ਮੈਂ ਜਹਾਜੋਂ ਉਤਰਨ ਸਾਰ ਜੈਕਟ ਪਹਿਨ ਲਈ। ਸਵੇਰ ਦਾ ਸਮਾਂ ਸੀ ਅਸਮਾਨ ਵਿੱਚ ਬੱਦਲ ਛਾਏ ਹੋਏ ਸਨ ਤੇ ਹਲਕੀ ਹਲਕੀ ਕਿਣ ਮਿਣ ਵੀ ਹੋ ਰਹੀ ਸੀ। ਨਿਊਜੀਲੈਂਡ ਦਾ ਮੌਸਮ ਹੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇੱਥੇ ਸਾਲ ਵਿੱਚ ਇੱਕ ਸੌ ਬਿਆਸੀ ਦਿਨਾਂ ਵਿਚ ਮੀਂਹ ਪੈਂਦਾ ਹੀ ਹੈ ਭਾਵੇਂ ਉਹ ਇੱਕ ਦੋ ਘੰਟੇ ਲਈ ਹੀ ਹੋਵੇ। ਸੱਤਰੰਗੀ ਪੀਂਘ ਵੀ ਲਗਭਗ ਹਰ ਰੋਜ ਵਿਖਾਈ ਪੈਂਦੀ ਹੈ। ਕਈ ਵਾਰ ਤਾਂ ਤੇਜ਼ ਧੁੱਪ ਪਲਾਂ ਵਿੱਚ ਹੀ ਗਾਇਬ ਹੋ ਜਾਂਦੀ ਹੈ ਅਤੇ ਬਰਸਾਤ ਸ਼ੁਰੂ ਹੋ ਜਾਂਦੀ ਹੈ। ਪੰਜਾਬ ਦੇ ਪਿੰਡਾਂ ਵਿੱਚ ਜਦੋਂ ਧੁੱਪ ਸਮੇਂ ਮੀਂਹ ਪੈਂਦਾ ਹੈ ਤਾਂ ਕਹਿੰਦੇ ਹਨ ਗਿੱਦੜ ਗਿਦੜੀ ਦਾ ਵਿਆਹ ਹੋ ਰਿਹਾ ਹੈ ਕਿਉਂਕਿ ਇੱਥੇ ਤਾਂ ਸਾਲ ਵਿੱਚ ਇੱਕ ਦੋ ਵਾਰ ਹੀ ਹੁੰਦਾ ਹੈ ਪਰ ਨਿਊਜੀਲੈਂਡ ਵਿੱਚ ਇਹ ਵਰਤਾਰਾ ਹਫਤੇ ਵਿੱਚ ਤਿੰਨ ਦਿਨ ਵਾਪਰਦਾ ਹੀ ਹੈ। ਪਰ ਧੰਨ ਨੇ ਇਥੋਂ ਦੇ ਕਿਰਸਾਨ ਬਰਸਾਤ ਦੇ ਪਾਣੀ ਨੂੰ ਅਜਾਈਂ ਨਹੀਂ ਜਾਣ ਦਿੰਦੇ ਵੱਡੀਆਂ ਵੱਡੀਆਂ ਟੈਂਕੀਆਂ ਵਿੱਚ ਇਕੱਠਾ ਕਰ ਲੈਂਦੇ ਹਨ ਤੇ ਜ਼ਰੂਰਤ ਸਮੇਂ ਉਸ ਨਾਲ ਹੀ ਕੰਮ ਸਾਰਦੇ ਹਨ। ਇੱਥੋਂ ਦੇ ਖੇਤਾਂ ਵਿੱਚ ਟਿਊਬਵੈੱਲ ਨਹੀਂ ਹੁੰਦੇ ਸਗੋਂ ਬਰਸਾਤੀ ਪਾਣੀ ਵਾਲੀਆਂ ਟੈਂਕੀਆਂ ਹੀ ਹੁੰਦੀਆਂ ਹਨ।

Back To Top