ਨਿਊਜੀਲੈਂਡ ਦਾ ਇਤਿਹਾਸ

ਮੇਘ ਰਾਜ ਮਿੱਤਰ

ਮੁੱਢਲੇ ਵਸਨੀਕ
ਲਗਭੱਗ 733 ਵਰ੍ਹੇ ਪਹਿਲਾਂ 1280 ਦੇ ਆਸ-ਪਾਸ ਪੋਲੀਨੇਸ਼ੀਆ ਦੇ ਵਸਨੀਕ ਨਿਉਜੀਲੈਂਡ ਵਿੱਚ ਵਸਣ ਵਾਲੇ ਪਹਿਲੇ ਮਨੁੱਖ ਸਨ। ਪੋਲੀਨੇਸ਼ੀਆ ਅਜਿਹਾ ਦੇਸ ਹੈ ਜਿਹੜਾ ਉੱਤਰੀ ਧਰੁਵ ਦੇ ਨੇੜੇ ਹੈ। ਨਾਰਵੇ ਦੇ ਨਜਦੀਕ ਕਿਸੇ ਦੀਪ ਤੋਂ ਵੀਹ ਕੁ ਕਿਸ਼ਤੀਆਂ ਤੇ ਸਵਾਰ ਹੋ ਕੇ ਕੁਝ ਮਛੇਰਿਆਂ, ਸ਼ਿਕਾਰੀਆਂ ਅਤੇ ਮਾਲੀਆਂ ਦਾ ਇੱਕ ਗਰੁੱਪ ਨਿਉਜੀਲੈਂਡ ਲਈ ਚੱਲ ਪਿਆ। ਇਸ ਗਰੁੱਪ ਵਿੱਚ ਸੌ ਕੁ ਵਿਅਕਤੀ ਸਨ। ਇਹਨਾਂ ਦੀ ਬੋਲੀ, ਮੁਰਦਿਆਂ ਦੇ ਸਸਕਾਰ ਦੇ ਢੰਗ, ਪਰੰਪਰਾਵਾਂ, ਰਵਾਇਤਾਂ, ਖਾਣ-ਪੀਣ ਦੀਆਂ ਆਦਤਾਂ ਤੇ ਚੁੱਲੇ ਪੋਲੀਨੇਸ਼ੀਆ ਦੇ ਉਸ ਸਮੇਂ ਦੇ ਵਸਨੀਕਾਂ ਨਾਲ ਮਿਲਦੇ-ਜੁਲਦੇ ਸਨ। ਇਹਨਾਂ ਨੇ ਸਮੁੰਦਰੀ ਕਿਨਾਰਿਆਂ ਦੇ ਦਸ ਕੁ ਕਿਲੋਮੀਟਰ ਦੇ ਨਜਦੀਕ ਆਪਣੀ ਝੋਂਪੜੀਆਂ ਪਾ ਲਈਆਂ। ਇਸਦਾ ਕਾਰਣ ਇਹ ਸੀ ਕਿ ਆਪਣੇ ਖਾਣ-ਪੀਣ ਦੀਆਂ ਆਦਤਾਂ ਲਈ ਇਹ ਸਮੁੰਦਰ ਵਿੱਚੋਂ ਮਿਲਣ ਵਾਲੀ ਖੁਰਾਕ ਤੇ ਜਿਆਦਾ ਨਿਰਭਰ ਸਨ। ਇਸ ਤਰ੍ਹਾਂ ਇਹਨਾਂ ਦਾ ਕੁਨਬਾ ਵੱਧਣ ਲੱਗ ਪਿਆ।
ਇਨ੍ਹਾਂ ਲੋਕਾਂ ਦਾ ਸਮਾਜ ਅੱਜ ਦੇ ਸਮਾਜ ਨਾਲੋਂ ਬਿਲਕੁਲ ਹੀ ਵੱਖਰਾ ਸੀ। ਵਿਆਹ ਨਾਂ ਦਾ ਆਦਾਰਾ ਹੋਂਦ ਵਿੱਚ ਤਾਂ ਸੀ ਪਰ ਇੱਕ ਇਸਤ੍ਰੀ ਇੱਕੋ ਵੇਲੇ ਕਈ-ਕਈ ਪਤੀ ਬਣਾ ਸਕਦੀ ਸੀ ਤੇ ਇਸ ਤਰ੍ਹਾਂ ਹੀ ਮਰਦ ਵੀ ਇੱਕੋ ਵੇਲੇ ਕਈ-ਕਈ ਪਤਨੀਆਂ ਰੱਖ ਸਕਦਾ ਸੀ। ਜਾਨੀ ਕਿ ਇੱਕ ਕਿਸਮ ਦਾ ਇਹ ਸੈਕਸ ਫਰੀ ਸਮਾਜ ਸੀ। ਇਸ ਸਮਾਜ ਵਿੱਚ ਮੁੰਡੇਬਾਜੀ ਵੀ ਅਕਸਰ ਹੀ ਹੁੰਦੀ ਸੀ। ਕਈ ਵਾਰੀ ਤਾਂ ਕਬੀਲੇ ਦੇ ਮੁਖੀ ਆਪਣੀਆਂ ਪਤਨੀਆਂ ਅਤੇ ਧੀਆਂ ਨੂੰ ਖੁਦ ਹੀ ਦੂਸਰਿਆਂ ਨੂੰ ਪੇਸ਼ ਕਰ ਦਿੰਦੇ ਸਨ। ਮਨੁੱਖੀ ਮਾਸ ਖਾਣ ਦੀ ਵੀ ਪਰੰਪਰਾ ਸੀ। 7’&10′ ਦੀਆਂ ਨੀਵੀ ਛੱਤ ਵਾਲੀਆਂ ਕੁੱਲੀਆਂ ਹੀ ਐਨਾ ਦਾ ਰਹਿਣ ਵਸੇਰਾ ਹੁੰਦੀਆਂ ਸਨ। ਇਹਨਾਂ ਦੇ ਵਾਰਸਾਂ ਨੂੰ ਮੌਰੀ ਕਿਹਾ ਜਾਂਦਾ ਹੈ। ਇਹ ਬਹੁਤ ਹੀ ਲੜਾਕੂ ਕਿਸਮ ਦੇ ਲੋਕ ਸਨ। ਲਗਭੱਗ ਅੱਧੀ ਆਬਾਦੀ ਤਾਂ ਇਹਨਾਂ ਦੀ ਲੜਾਈਆਂ ਵਿੱਚ ਹੀ ਮਾਰੀ ਜਾਂਦੀ ਪਰ ਫਿਰ ਵੀ ਇਹਨਾਂ ਦੀ ਗਿਣਤੀ ਵਿੱਚ ਵਾਧਾ ਜਾਰੀ ਰਿਹਾ।
19ਵੀ ਸਦੀ ਦੇ ਸ਼ੁਰੂ ਵਿੱਚ ਇਹਨਾਂ ਦੀ ਆਬਾਦੀ ਵਧ ਕੇ ਤੀਹ ਹਜ਼ਾਰ ਤੋਂ ਚਾਲੀ ਹਜ਼ਾਰ ਦੇ ਵਿਚਕਾਰ ਹੋ ਗਈ। ਭਾਂਵੇ ਇਹਨਾਂ ਵਿੱਚੋਂ ਬਹੁਤੇ ਟੀ. ਬੀ. ਦੇ ਸ਼ਿਕਾਰ ਹੋ ਕੇ ਮਰ ਜਾਂਦੇ। ਕੁਝ ਨੂੰ ਕੋਹੜ ਨਾਂ ਦਾ ਰੋਗ ਨਿਗਲ ਜਾਂਦਾ। ਬਹੁਤੀਆਂ ਇਸਤਰੀਆਂ ਆਪਣੇ ਪਤੀਆਂ ਨਾਲ ਹੀ ਸਤੀ ਹੋ ਜਾਂਦੀਆਂ ਸਨ। ਅੱਜ ਦੀਆਂ ਵਿਗਿਆਨਕ ਖੋਜਾਂ ਨੇ ਉਸ ਸਮੇਂ ਦੀਆਂ ਇਹਨਾਂ ਬਿਮਾਰੀਆਂ ਦਾ ਖੁਰਾ ਖੋਜ ਹੀ ਮਿਟਾ ਦਿੱਤਾ ਹੈ ਤੇ ਅੱਜ ਦੇ ਸਮਾਜਾਂ ਨੇ ਸਤੀ ਪ੍ਰਥਾ ਤੇ ਬਹੁ ਪਤੀ ਪਤਨੀ ਸਮਾਜਾਂ ਦਾ ਜੇ ਅੰਤ ਨਹੀਂ ਕੀਤਾ ਤਾਂ ਇਹਨਾਂ ਨੂੰ ਘਟਾ ਜ਼ਰੂਰ ਦਿੱਤਾ ਹੈ।
ਅੱਜ ਨਿਉਜੀਲੈਂਡ ਵਿੱਚ ਮੌਰੀ ਲੋਕਾਂ ਦੀ ਗਿਣਤੀ ਘੱਟ ਹੈ। ਇਹ ਲੋਕ ਸ਼ਕਲਾਂ, ਰਵਾਇਤਾਂ ਪਰੰਪਰਾਵਾਂ ਤੇ ਮੋਟਾਪੇ ਤੋਂ ਦੂਰੋਂ ਹੀ ਨਜ਼ਰ ਆ ਜਾਂਦੇ ਹਨ। ਬਹੁਤੇ ਮੌਰੀਆਂ ਦੀ ਡੀਲ ਡੋਲ ਬਹੁਤ ਜਿਆਦਾ ਹੁੰਦੀ ਹੈ। ਇਸ ਲਈ ਦੁਕਾਨਾਂ, ਬੈਕਾਂ ਤੇ ਗੇਟਾਂ ਤੇ ਸਿਕਿਉਰਿਟੀ ਗਾਰਡਾਂ ਦੀ ਡਿਉਟੀ ਆਮ ਤੌਰ ’ਤੇ ਇਹ ਲੋਕ ਹੀ ਕਰਦੇ ਹਨ। ਇਹਨਾਂ ਨੇ ਆਪਣੇ ਧਾਰਮਿਕ ਸਥਾਨਾਂ ਦੀ ਉਸਾਰੀ ਕੀਤੀ ਹੋਈ ਹੈ। ਹਰ ਕਿਸਮ ਦੀਆਂ ਮੀਟਿੰਗਾਂ ਤੇ ਧਾਰਮਿਕ ਪਰੰਪਰਾਵਾਂ ਵੀ ਇਸੇ ਸਥਾਨ ’ਤੇ ਕੀਤੀਆਂ ਜਾਂਦੀਆਂ ਹਨ। ਇਹਨਾਂ ਦੇ ਡਾਂਸ, ਸੰਗੀਤ ਆਦਿ ਅੱਜ ਵੀ ਨਿਊਜੀਲੈਂਡ ਦੇ ਮਿਉਜੀਅਮਾਂ ਵਿੱਚ ਵਿਖਾਏ ਜਾਂਦੇ ਹਨ।

Back To Top