ਮੇਘ ਰਾਜ ਮਿੱਤਰ
ਵਿਗਿਆਨਕ ਪੱਖੋਂ ਵੀ ਚੀਨ ਦੀਆਂ ਪ੍ਰਾਪਤੀਆਂ ਘੱਟ ਨਹੀਂ। ਕਾਗਜ, ਛਾਪਾਖਾਨਾ, ਬੰਦੂਕਾਂ, ਤੋਪਾਂ, ਆਈਸਕਰੀਮ ਆਦਿ ਦੀਆਂ ਕਾਢਾਂ ਚੀਨੀਆਂ ਦੀ ਹੀ ਦੁਨੀਆਂ ਨੂੰ ਦੇਣ ਹੈ। ਬਾਂਸ ਦੀਆਂ ਪਾਈਪਾਂ ਰਾਹੀਂ ਉਹ ਘਰੇਲੂ ਗੈਸ ਦੀ ਵਰਤੋਂ ਤਾਂ ਕਈ ਸਦੀਆਂ ਪਹਿਲਾਂ ਹੀ ਕਰਦੇ ਰਹੇ ਹਨ। ਅੱਜ ਵੀ ਵਿਗਿਆਨ ਦੇ ਹਰ ਖੇਤਰ ਵਿੱਚ ਚੀਨੀ ਵਿਗਿਆਨਕ ਘੱਟ ਨਹੀਂ ਹਨ। ਮੀਜ਼ਾਈਲਾਂ, ਐਟਮ ਬੰਬ ਆਦਿ ਉਹਨਾਂ ਨੇ ਆਪਣੇ ਆਪ ਬਣਾਏ ਹਨ। ਚੰਨ ਤੇ ਮਨੁੱਖ ਭੇਜਣ ਦਾ ਪ੍ਰੋਗਰਾਮ ਉਹ ਬਣਾਈ ਬੈਠੇ ਹਨ। ਮੈਡੀਕਲ ਸਿਸਟਮ ਵੀ ਉਹਨਾਂ ਦਾ ਬੇਹਤਰੀਨ। ਬਾਈਪਾਸ ਸਰਜਰੀ ਤੱਕ ਵੀ ਕਾਊਂਟੀ ਹਸਪਤਾਲਾਂ ਵਿੱਚ ਉਪਲਬਧ ਹੈ। ਉਹਨਾਂ ਨੰਗੇ ਪੈਰਾਂ ਵਾਲੇ (ਬੇਅਰ ਫੁੂਟ) ਡਾਕਟਰਾਂ ਰਾਹੀਂ ਸਿਹਤ ਸਹੂਲਤਾਂ ਲੋਕਾਂ ਦੇ ਘਰ ਘਰ ਪਹੁੰਚਾਈਆਂ। ਅੱਜ ਉਹ ਪ੍ਰਾਚੀਨ ਚੀਨੀ ਰਵਾਇਤਾਂ ਨੂੰ ਆਧੁਨਿਕ ਡਾਕਟਰੀ ਸਹੂਲਤਾਂ ਨਾਲ ਜੋੜ ਕੇ ਲੋਕਾਂ ਦਾ ਇਲਾਜ ਕਰਦੇ ਹਨ। ਉਹਨਾਂ ਦੀਆਂ ਇਲਾਜ ਪ੍ਰਣਾਲੀਆਂ ਪ੍ਰਭਾਵਸ਼ਾਲੀ ਹਨ। ਪਰ ਅਫ਼ਸੋਸ ਕਿ ਅੱਜ ਕੱਲ੍ਹ ਇਹ ਦਿਨੋ ਦਿਨ ਮਹਿੰਗੀਆਂ ਹੋ ਰਹੀਆਂ ਹਨ।
ਚੀਨੀ ਸੰਗੀਤਕਾਰ ਵੀ ਬਹੁਤ ਨਿਪੁੰਨ ਹੁੰਦੇ ਹਨ। ਹਰ ਕਿਸਮ ਦੇ ਗੀਤ ਲਈ ਸੰਗੀਤ ਦੀਆਂ ਧੁਨਾਂ ਬਣਾਉਣਾ ਉਹਨਾਂ ਲਈ ਖੱਬੇ ਹੱਥ ਦੀ ਖੇਡ ਹੁੰਦਾ ਹੈ। ਸਾਡੇ ਦੁਆਰਾ ਵਿਖਾਈਆਂ ਤਰਕਸ਼ੀਲ ਮੇਲਿਆਂ ਦੀਆਂ ਵੀਡੀਓ ਕੈਸਿਟਾਂ ਵੇਖ ਕੇ ਹੀ ਉਹਨਾਂ ਆਪਣੇ ਸੰਗੀਤਕਾਰਾਂ ਤੋਂ ਹੀ ਧੁਨੀਆਂ ਬਜਾ ਕੇ ਵਿਖਾਈਆਂ। ਹਿੰਦੀ ਫਿਲਮੀ ਸਿਤਾਰਿਆਂ ਵਿੱਚੋਂ ਰਾਜ ਕਪੂਰ ਅਤੇ ਸ਼ਾਹਰੁਖ਼ ਖ਼ਾਨ ਦੇ ਉਹ ਦੀਵਾਨੇ ਹਨ। ਰਾਜ ਕਪੂਰ ਦੀ ਫਿਲਮ ‘ਅਵਾਰਾ’ ਤੇ ‘ਮੇਰਾ ਨਾਮ ਜੋਕਰ’ ਉਹਨਾਂ ਵਿੱਚੋਂ ਬਹੁਤਿਆਂ ਦੀਆਂ ਪਸੰਦੀਦਾ ਫਿਲਮਾਂ ਹਨ।
ਭਾਰਤੀ ਤਾਂ ਆਪਣੇ ਆਪ ਨੂੰ ਗਹਿਣਿਆਂ ਨਾਲ ਲੱਦ ਕੇ ਆਪਣਾ ਹੁਲੀਆ ਵਿਗਾੜ ਲੈਂਦੇ ਹਨ। ਕਈ ਤਾਂ ਆਪਣੇ ਧਨ ਦੀ ਵਿਖਾਵਾ ਕਰਨ ਲਈ ਗਹਿਣਿਆਂ ਦੀ ਵਰਤੋਂ ਕਰਦੇ ਹਨ। ਕੁਝ ਅੰਧਵਿਸ਼ਵਾਸੀ ਦੇ ਗ੍ਰਸੇ ਹੋਏ ਛਾਪਾਂ, ਮੁੰਦਰੀਆਂ ਤੇ ਮੂੰਗੇ ਆਦਿ ਪਹਿਨਦੇ ਹਨ ਪਰ ਚੀਨੀ ਕਿਸੇ ਕਿਸਮ ਦੇ ਕੋਈ ਗਹਿਣੇ ਆਦਿ ਨਹੀਂ ਪਹਿਨਦੇ। ਪਰ ਆਪਣੇ ਸਰੀਰ ਦੀ ਸਫ਼ਾਈ ਤੇ ਸੁੰਦਰਤਾ ਆਦਿ ਵੱਲ ਬਹੁਤ ਧਿਆਨ ਦਿੰਦੇ ਹਨ। ਸ਼ੇਵ ਲਈ ਵਧੀਆ ਤੋਂ ਵਧੀਆ ਉਪਲਬਧ ਬਲੇਡ, ਵਾਲਾਂ ਨੂੰ ਡਾਈ ਕਰਨ ਲਈ ਵਧੀਆ ਡਾਈਆਂ ਦਾ ਇਸਤੇਮਾਲ ਕਰਨਾ ਉਹ ਅਹਿਮ ਸਮਝਦੇ ਹਨ। ਸਾਦੇ ਕੱਪੜਿਆਂ ਦਾ ਵਧੀਆ ਤੋਂ ਵਧੀਆ ਇਸਤੇਮਾਲ ਕਰਦੇ ਹਨ।
ਚੀਨੀ ਟੀ. ਵੀ. ਅੰਧਵਿਸ਼ਵਾਸਾਂ ਦਾ ਸੋਮਾ ਨਹੀਂ ਹੁੰਦਾ ਸਗੋਂ ਵਧੀਆ ਤੋਂ ਵਧੀਆ ਪ੍ਰੋਗਰਾਮ ਉੱਥੇ ਦਿਖਾਏ ਜਾਂਦੇ ਹਨ।
ਸਾਡੀ ਯਾਤਰਾ ਦੌਰਾਨ ਅਸੀਂ ਕਿਲਾ ਰਾਏਪੁਰ ਦੀਆਂ ਖੇਡਾਂ ਵੀ ਚੀਨੀ ਟੀ. ਵੀ. ਤੇ ਚਲਦੀਆਂ ਦੇਖੀਆਂ ਹਨ। ਉਹਨਾਂ ਹੀ ਦਿਨਾਂ ਵਿੱਚ ਪਾਕਿਸਤਾਨੀ ਹਾਕੀ ਟੀਮ ਵੀ ਬੀਜਿੰਗ ਵਿੱਚ ਠਹਿਰੀ ਹੋਈ ਸੀ। ਜਗਦੇਵ ਨੇ ਕੁਝ ਫੋਟੋਆਂ ਵੀ ਉਸ ਟੀਮ ਨਾਲ ਖਿੱਚੀਆਂ ਸਨ ਪਰ ਫਿਲਮ ਖ਼ਰਾਬ ਹੋ ਜਾਣ ਕਾਰਨ ਉਹ ਫੋਟੋਆਂ ਸਾਨੂੰ ਨਹੀਂ ਮਿਲ ਸਕੀਆਂ। ਪਾਕਿਸਤਾਨੀ ਹਾਕੀ ਖਿਡਾਰੀ ਵੀ ਭਾਰਤ-ਪਾਕਿ ਦੀ ਸੀਮਾ ਉੱਤੇ ਤਣਾਉ ਤੋਂ ਬਹੁਤ ਦੁਖੀ ਨਜ਼ਰ ਆ ਰਹੇ ਸਨ।