ਮੇਘ ਰਾਜ ਮਿੱਤਰ
ਮਾਓ ਦੇ ਸਮੇਂ ਵਿੱਚ ਚੀਨ ਦੇ ਬਹੁਤੇ ਜੋੜਿਆਂ ਦੇ ਸਬੰਧ ਇੱਕ ਦੂਜੇ ਪ੍ਰਤੀ ਵਫਾਦਾਰੀ ਵਾਲੇ ਹੁੰਦੇ ਸਨ। ਪਰ ਅੱਜਕੱਲ੍ਹ ਅਜਿਹਾ ਨਹੀਂ ਹੈ। ਹਰ ਵਿਆਹੇ ਦੋ ਜੋੜਿਆਂ ਵਿੱਚੋਂ ਇੱਕ ਦੇ ਸਬੰਧ ਆਪਣੇ ਪਤੀ ਜਾਂ ਪਤਨੀ ਤੋਂ ਬਾਹਰ ਵੀ ਹਨ। ਇਸ ਤਰ੍ਹਾਂ ਇਹ ਸਾਰਾ ਕੁਝ ਉਦਾਰੀਕਰਨ, ਵਿਸ਼ਵੀਕਰਨ ਦੀ ਨੀਤੀ ਤਹਿਤ ਵਧ ਰਿਹਾ ਹੈ। 1980 ਤੱਕ ਚੀਨ ਵਿੱਚ ਵੈਸ਼ਿਆਵਿ੍ਰਤੀ ਬਿਲਕੁਲ ਵੀ ਨਹੀਂ ਸੀ। ਕਿਸੇ ਜ਼ਮਾਨੇ ਵਿੱਚ ਸੰਘਾਈ ਦੁਨੀਆਂ ਵਿੱਚੋਂ ਵੈਸ਼ਿਆਵਿ੍ਰਤੀ ਦਾ ਸਭ ਤੋਂ ਵੱਡਾ ਅੱਡਾ ਸੀ। ਇਨਕਲਾਬ ਪਿੱਛੋਂ ਮਾਓ ਅਤੇ ਉਸਦੇ ਸਾਥੀਆਂ ਦੇ ਯਤਨਾਂ ਨਾਲ ਸਾਰੀਆਂ ਵੇਸਵਾਵਾਂ ਨੂੰ ਮੁੜ ਵਸਾਇਆ ਗਿਆ। ਉਹਨਾਂ ਨੂੰ ਆਤਮ-ਨਿਰਭਰ ਹੋਣ ਲਈ ਬਹੁਤ ਸਾਰੇ ਕੰਮਾਂ ਦੀ ਸਿਖਲਾਈ ਦਿੱਤੀ ਗਈ ਅਤੇ ਬਹੁਤ ਸਾਰੇ ਕਾਮਰੇਡਾਂ ਨੇ ਕੁਰਬਾਨੀ ਕਰਦੇ ਹੋਏ ਇਨ੍ਹਾਂ ਵੇਸਵਾਵਾਂ ਨਾਲ ਵਿਆਹ ਵੀ ਕਰਵਾਏ। ਹੌਲੀ-ਹੌਲੀ ਇਹ ਗੰਦੀ ਪ੍ਰਥਾ ਚੀਨ ਵਿੱਚੋਂ ਬਿਲਕੁਲ ਹੀ ਅਲੋਪ ਹੋ ਗਈ। ਪਰ ਜਿਉਂ-ਜਿਉਂ ਚੀਨ ‘ਖੁੱਲੀ-ਮੰਡੀ’ ਬਣ ਰਿਹਾ ਹੈ ਇਹ ਪ੍ਰਥਾ ਵੀ ਵਧ ਰਹੀ ਹੈ।
ਅੱਜ ਚੀਨ ਦੇ ਲਗਭਗ ਸਾਰੇ ਵੱਡੇ ਹੋਟਲਾਂ ਵਿੱਚ ਕੁਝ ਪੈਸਿਆਂ ਬਦਲੇ ਇਸਤਰੀਆਂ ਉਪਲਬਧ ਹੋ ਜਾਂਦੀਆਂ ਹਨ। ਇਸੇ ਪ੍ਰਥਾ ਕਾਰਨ ਚੀਨ ਵਿੱਚ ਏਡਜ਼ ਦੇ ਕੇਸ ਵੀ ਦਿਨੋ-ਦਿਨ ਵਧ ਰਹੇ ਹਨ। ਇਸੇ ਤਰ੍ਹਾਂ ਇੱਕ ਹੋਰ ਸਮਾਜਿਕ ਕੁਰੀਤੀ ਨਸ਼ਿਆਂ ਦੀ ਵੀ ਹੈ। ਚੀਨ ਵਿੱਚ ਅਫੀਮ ਸਭ ਤੋਂ ਵੱਧ ਵਰਤੋਂ ਵਿੱਚ ਲਿਆਂਦੀ ਜਾਂਦੀ ਸੀ। ਇਨਕਲਾਬ ਤੋਂ ਬਾਅਦ ਮਾਓ ਅਤੇ ਚੋ-ਇਨ-ਲਾਈ ਦੇ ਯਤਨਾਂ ਨਾਲ ਇਹ ਕੁਰੀਤੀ ਵੀ ਗਾਇਬ ਹੋ ਗਈ ਸੀ। ਅਫੀਮਚੀ ਕਹਾਉਣ ਵਾਲੀ ਕੌਮ ਦੁਨੀਆਂ ਦੀ ਇੱਕ ਬਹਾਦਰ ਕੌਮ ਵਜੋਂ ਮੰਨੀ ਜਾਣ ਲੱਗ ਪਈ। ਪਰ ਹੁਣ ਚਰਸ, ਅਫੀਮ ਆਦਿ ਨਸ਼ੇ ਵੀ ਬਹੁਤ ਸਾਰੇ ਸਰਹੱਦੀ ਇਲਾਕਿਆਂ ਵਿੱਚ ਆ ਰਹੇ ਹਨ। ਚੀਨੀ ਲੋਕ ਆਮ ਤੌਰ `ਤੇ ਕੈਸੀਨੋ ਵਿੱਚ ਜਾ ਕੇ ਇੱਕ ਗੋਲ਼ੀ ਖਾਂਦੇ ਹਨ ਇਸ ਤਰ੍ਹਾਂ ਉਹਨਾਂ ਦਾ ਸਿਰ ਘੁੰਮਣ ਲੱਗ ਜਾਂਦਾ ਹੈ ਅਤੇ ਉਹ ਨਾਚ ਕਰਦੇ ਰਹਿੰਦੇ ਹਨ। ਸ਼ਰਾਬ ਦੀ ਵਰਤੋਂ ਤਾਂ ਆਮ ਹੈ। ਹਰੇਕ ਚੀਨੀ ਪਰਿਵਾਰ ਖਾਣੇ ਦੀ ਮੇਜ਼ ਉੱਪਰ ਸ਼ਰਾਬ ਰੱਖਦਾ ਹੈ। ਪਰ ਉਹ ਇਸ ਦੀ ਵਰਤੋਂ ਪਸ਼ੂਆਂ ਵਾਗੂੰ ਨਹੀਂ ਕਰਦੇ। ਹਰ ਕੋਈ ਪੀਂਦਾ ਹੈ ਪਰ ਇੱਕ ਜਾਂ ਦੋ ਪੈੱਗ। ਉਹਨਾਂ ਦੇ ਪੈੱਗ ਵੀ ਬਹੁਤ ਛੋਟੇ ਹੁੰਦੇ ਹਨ।