ਮੇਘ ਰਾਜ ਮਿੱਤਰ
ਮੈਂ ਜਦੋਂ ਵੀ ਕਿਸੇ ਸਥਾਨ ਦੀ ਯਾਤਰਾ ਕਰਨੀ ਹੁੰਦੀ ਹੈ, ਤਾਂ ਮੇਰਾ ਪੂਰਾ ਧਿਆਨ ਉਸ ਉਦੇਸ਼ ਦੀ ਪੂਰਤੀ ਵੱਲ ਲੱਗਿਆ ਹੁੰਦਾ ਹੈ ਜਿਸ ਲਈ ਸਾਨੂੰ ਉੱਥੇ ਬੁਲਾਇਆ ਗਿਆ ਹੈ। ਬਾਕੀ ਕੰਮ ਮੈਂ ਬਾਅਦ ਦੇ ਸਮੇਂ ਲਈ ਛੱਡ ਲੈਂਦਾ ਹਾਂ। ਸੋ ਬੀਜ਼ਿੰਗ ਵਿੱਚ ਵੀ ਮੈਂ ਪੂਰਾ ਧਿਆਨ `ਚਾਈਨਾ ਸੈਂਟਰਲ ਟੈਲੀਵਿਜ਼ਨ’ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਕਿਸ਼ਤਾਂ ਵੱਲ ਦਿੱਤਾ ਹੋਇਆ ਸੀ। ਚਾਈਨਾ ਸੈਂਟਰਲ ਟੈਲੀਵਿਜ਼ਨ ਦੇ ਡਾਇਰੈਕਟਰ ਮਿਸਟਰ ਸੌਂਗ ਪੈਂਗ ਨੇ ਮੈਨੂੰ ਦੱਸਿਆ ਕਿ ਅਗਲੇ ਐਪੀਸੋਡ ਵਿੱਚ ਵੀ ਤੁਹਾਨੂੰ ਮੁੱਖ ਮਹਿਮਾਨ ਦੇ ਤੌਰ `ਤੇ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਬੀਜ਼ਿੰਗ ਵਿਚਲੀ ਤਰਕਸ਼ੀਲਾਂ ਦੀ ਜਥੇਬੰਦੀ ਦੇ ਪ੍ਰਧਾਨ ਸ਼ੀਮਾ ਨੈਣ ਵੀ ਸ਼ਾਮਿਲ ਹੋਣਗੇ। ਪ੍ਰਸਿੱਧ ਐਕਟਰ ਮਿਸਟਰ ਸੂਈ ਲੋਕਾਂ ਨਾਲ ਤੁਹਾਡੀ ਜਾਣ-ਪਹਿਚਾਣ ਕਰਵਾਉਣਗੇ। ਚੀਨ ਦੇ ਵੱਖ-ਵੱਖ ਭਾਗਾਂ ਤੋਂ 45 ਦੇ ਲਗਭਗ ਨੌਜਵਾਨ ਲੜਕੀਆਂ, ਲੜਕੇ, ਇਸਤਰੀਆਂ ਤੇ ਪੁਰਸ਼ ਵੀ ਸ਼ਾਮਿਲ ਹੋਣਗੇ। ਉਹ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਸੁਆਲ ਪੁੱਛਣਗੇ, ਜਿਨ੍ਹਾਂ ਦੇ ਜਵਾਬ ਤੁਸੀਂ ਅਤੇ ਸ਼ੀਮਾ ਨੈਣ ਨੇ ਦੇਣੇ ਹੋਣਗੇ। ਮਿਸਟਰ ਸੌਂਗ ਪੈਂਗ ਨੇ ਮੈਨੂੰ ਚੀਨੀ ਸਰਕਾਰ ਦੀਆਂ ਕੁਝ ਨੀਤੀਆਂ ਬਾਰੇ ਵੀ ਸਮਝਾਇਆ, ਕਿਉਂਕਿ ਸੈਂਟਰਲ ਟੈਲੀਵਿਜ਼ਨ ਚੀਨ ਦੀ ਸਰਕਾਰੀ ਏਜੰਸੀ ਹੈ। ਇਸ ਲਈ ਸਾਡੇ ਇਸ ਪ੍ਰੋਗਰਾਮ ਵਿੱਚ ਚੀਨੀ ਸਰਕਾਰ ਦੀਆਂ ਨੀਤੀਆਂ ਦੀ ਝਲਕ ਮਿਲਣੀ ਯਕੀਨੀ ਹੋਣੀ ਚਾਹੀਦੀ ਹੈ। ਉਹਨਾਂ ਨੇ ਧਰਮ ਸਬੰਧੀ ਚੀਨੀ ਸਰਕਾਰ ਦੀ ਨੀਤੀ ਬਾਰੇ ਵੀ ਮੈਨੂੰ ਦੱਸਿਆ ਕਿ, ‘‘ਚੀਨ ਦੀ ਸਰਕਾਰ ਕਿਸੇ ਵੀ ਧਰਮ ਪ੍ਰਤੀ ਨਾਂਹ-ਵਾਚਕ ਰਵੱਈਆ ਨਹੀਂ ਅਪਣਾਉਂਦੀ। ਅਸੀਂ ਟੈਲੀਵਿਜ਼ਨ ਤੋਂ ਇੱਕ ਵੀ ਗੱਲ ਅਜਿਹੀ ਨਹੀਂ ਕਹਿ ਸਕਦੇ ਜਿਸ ਵਿੱਚ ਚੀਨ ਦੇ ਕਿਸੇ ਵੀ ਵਸਨੀਕ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ।’’
                        
                        
                        
                        
                        
                        
                        
                        
                        
		