ਮੇਘ ਰਾਜ ਮਿੱਤਰ
ਸ਼ਾਮ ਦੇ ਠੀਕ ਚਾਰ ਕੁ ਵਜੇ ਸਾਡਾ ਜਹਾਜ਼ ਬੀਜ਼ਿੰਗ ਹਵਾਈ ਅੱਡੇ ਤੇ ਮੰਡਰਾਉਣ ਲੱਗ ਪਿਆ। ਖਿੜਕੀ ਵਿੱਚੋਂ ਬੀਜ਼ਿੰਗ ਦੇ ਹਰੇ-ਭਰੇ ਖੇਤਾਂ ਦੀ ਤਰਤੀਬ ਅਤੇ ਬਹੁ-ਮੰਜ਼ਲੀ ਇਮਾਰਤਾਂ ਦਿਖਾਈ ਦੇ ਰਹੀਆਂ ਸਨ। ਇਹ ਸਾਰਾ ਕੁਝ ਚੀਨੀਆਂ ਦੀ ਜਥੇਬੰਦ ਹੋ ਕੇ ਕੀਤੀ ਯੋਜਨਾਬੰਦੀ ਅਤੇ ਮਿਹਨਤ ਦਾ ਸਿੱਟਾ ਸੀ। ਭਾਰਤੀ ਤਾਂ ਬਹੁਤਾ ਸਮਾਂ ਪੂਜਾ ਵਿੱਚ ਹੀ ਬਰਬਾਦ ਕਰ ਦਿੰਦੇ ਹਨ। ਜਹਾਜ਼ ਤੋਂ ਉਤਰਨ ਤੋਂ ਬਾਅਦ ਬਸ ਰਾਹੀਂ ਸਾਨੂੰ ਹਵਾਈ ਅੱਡੇ ਦੀ ਮੁੱਖ ਇਮਾਰਤ `ਤੇ ਲਿਜਾਇਆ ਗਿਆ। ਜਹਾਜ਼ ਵਿੱਚ ਹੀ ਇਮੀਗਰੇਸ਼ਨ ਸਬੰਧੀ ਅਸੀਂ ਕੁਝ ਫਾਰਮ ਭਰ ਲਏ ਸਨ। ਉਹ ਚੀਨੀ ਅਧਿਕਾਰੀਆਂ ਦੇ ਸਪੁਰਦ ਕਰਕੇ ਅਸੀਂ ਆਪਣਾ ਸਮਾਨ ਟਰੱਾਲੀ `ਤੇ ਰੱਖਿਆ ਤੇ ਬਾਹਰ ਨਿਕਲਣ ਵਾਲੇ ਗੇਟ ਵੱਲ ਤੁਰ ਪਏ ਪਰ ਸਾਡੀਆਂ ਸਮਾਨ ਵਾਲੀਆਂ ਟਰੱਾਲੀਆਂ ਇੰਨੀਆਂ ਭਾਰੀਆਂ ਸਨ ਕਿ ਉਹਨਾਂ ਨੂੰ ਧੱਕਣਾ ਸਾਨੂੰ ਬਹੁਤ ਹੀ ਮੁਸ਼ਕਿਲ ਜਾਪ ਰਿਹਾ ਸੀ। ਅਸੀਂ ਟਰੱਾਲੀਆਂ ਦਾ ਨਿਰੀਖਣ ਕੀਤਾ ਤੇ ਇਸ ਸਿੱਟੇ `ਤੇ ਪੁੱਜੇ ਕਿ ਟਰੱਾਲੀਆਂ ਦੇ ਬਰੇਕਾਂ ਵਾਲਾ ਲੀਵਰ ਦਬਾਉਣ ਨਾਲ ਹੀ ਉਹ ਤੁਰਦੀਆਂ ਸਨ। ਸੋ, ਸਾਡੀ ਜਾਨ ਕੁਝ ਸੁਖਾਲੀ ਹੋਈ ਤੇ ਅਸੀਂ ਗੇਟ ਉੱਤੇ ਪਹੁੰਚ ਗਏ। ਬੀਜ਼ਿੰਗ ਦੀ ਏਅਰ ਪੋਰਟ ਬਹੁਤ ਹੀ ਸੁੰਦਰ ਇਮਾਰਤ ਹੈ। ਹਰ ਕੰਮ ਭਾਵੇਂ ਉਹ ਪੈਸਿਆਂ ਦੇ ਆਦਾਨ-ਪ੍ਰਦਾਨ ਦਾ ਹੋਵੇ ਜਾਂ ਸਮਾਨ ਪ੍ਰਾਪਤੀ ਦਾ ਜਾਂ ਬਾਹਰੋਂ ਆਏ ਵਿਅਕਤੀਆਂ ਦੀ ਰਜਿਸਟਰੇਸ਼ਨ ਦਾ ਹੋਵੇ, ਬਹੁਤ ਹੀ ਸੁਚੱਜੇ ਢੰਗ ਨਾਲ ਹੁੰਦਾ ਹੈ।
ਅਸੀਂ ਉਡੀਕ ਕਰ ਰਹੇ ਸਾਂ ਕਿ ਕੋਈ ਨਾ ਕੋਈ ਵਿਅਕਤੀ ਉੱਥੇ ਅਜਿਹਾ ਹੋਵੇਗਾ ਜਿਸਨੇ ਇੱਕ ਫੱਟੀ ਉਠਾਈ ਹੋਵੇਗੀ ਜਿਸ ਉੱਤੇ ‘ਮੇਘ ਰਾਜ ਮਿੱਤਰ’ ਤੇ ‘ਜਗਦੇਵ ਸਿੰਘ’ ਲਿਖਿਆ ਹੋਵੇਗਾ, ਪਰ ਅਜਿਹੀ ਕੋਈ ਵੀ ਫੱੱਟੀ ਨਜ਼ਰੀਂ ਨਾ ਪਈ। ਫਿਰ ਮੇਰੇ ਧਿਆਨ ਵਿੱਚ ਆਇਆ ਕਿ ਅੱਜਕੱਲ੍ਹ ਤਾਂ ਇੰਟਰਨੈਟ ਦੇ ਜ਼ਰੀਏ ਸਾਰੇ ਯਾਤਰੀਆਂ ਦੀ ਜਾਣਕਾਰੀ ਫੋਟੋਆਂ ਸਮੇਤ ਇੰਟਰਨੈਟ ਦੇ ਮਾਲਕਾਂ ਕੋਲ ਪੁੱਜ ਸਕਦੀ ਹੈ। ਇਸ ਲਈ ਕੋਈ ਨਾ ਕੋਈ ਸਾਨੂੰ ਪਹਿਚਾਨਣ ਵਾਲਾ ਅਜਿਹਾ ਵਿਅਕਤੀ ਜ਼ਰੂਰ ਹੋਵੇਗਾ। ਇੱਕ-ਦੋ ਮਿੰਟ ਆਸੇ-ਪਾਸੇ ਦੇਖਣ ਤੋਂ ਬਾਅਦ ਇੱਕ ਵਿਅਕਤੀ ਸਾਡੇ ਵੱਲ ਅੱਗੇ ਵਧਿਆ। ਉਸਨੇ ਹਿੰਦੀ ਵਿੱਚ ਪੁੱਛਿਆ ਕਿ ‘‘ਕੀ ਤੁਸੀਂ ਮੇਘ ਰਾਜ ਮਿੱਤਰ ਹੋ ?’’ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਹ ਸਾਡਾ ਦੋ-ਭਾਸ਼ੀਆ ਪ੍ਰੋਫੈਸਰ ਵਾਂਗ-ਜਿਨ-ਫੈਂਗ ਸੀ, ਜਿਹੜਾ ਬੀਜ਼ਿੰਗ ਰੇਡੀਓ ਸਟੇਸ਼ਨ ਦੇ ਹਿੰਦੀ ਵਿਭਾਗ ਵਿੱਚ ਕੰਮ ਕਰਦਾ ਸੀ। ਉਸਦੇ ਨਾਲ ਹੀ ਸਾਡੇ ਪ੍ਰੋਗਰਾਮ ਲਈ ਚਾਈਨਾ ਦੇ ਸੈਂਟਰਲ ਟੈਲੀਵਿਜ਼ਨ ਦਾ ਡਾਇਰੈਕਟਰ ਮਿਸਟਰ ਸੌਂਗ ਪੈਂਗ ਵੀ ਆਇਆ ਹੋਇਆ ਸੀ। ਉਹਨਾਂ ਨਾਲ ਵੈਨ ਦਾ ਡਰਾਈਵਰ ਵੀ ਸੀ। ਉਨ੍ਹਾਂ ਤਿੰਨਾਂ ਨੇ ਚੀਨੀ ਹਵਾਈ ਅੱਡੇ `ਤੇ ਸਾਡਾ ਨਿੱਘਾ ਸਵਾਗਤ ਕੀਤਾ, ਮਾਈਨਰਲ ਵਾਟਰ ਦੀਆਂ ਬੋਤਲਾਂ ਸਾਡੇ ਸਪੁਰਦ ਕੀਤੀਆਂ। ਸਾਨੂੰ ਵੈਨ ਵਿੱਚ ਬਿਠਾਇਆ ਅਤੇ ਹੋਟਲ ਲਈ ਚੱਲ ਪਏ। ਰਸਤੇ ਵਿੱਚ ਉਹਨਾਂ ਨੇ ਸਾਥੋਂ ਪੁੱਛਿਆ ਕਿ, ‘‘ਕੀ ਅਸੀਂ ਚੀਨ ਵਿੱਚ ਕੰਮ ਕਰਦੀ ਤਰਕਸ਼ੀਲਾਂ ਦੀ ਜਥੇਬੰਦੀ ਦੇ ਪ੍ਰਧਾਨ ਸ਼ੀਮਾ ਨੈਣ ਨੂੰ ਜਾਣਦੇ ਹਾਂ ?’’ ਅਸੀਂ ਕਿਹਾ, ‘‘ਨਹੀਂ।’’
ਉਹਨਾਂ ਨੇ ਹੋਰ ਪੁੱਛਿਆ ਕਿ, ‘‘ਤੁਸੀਂ ਚੀਨ ਆ ਕੇ ਕਿਵੇਂ ਮਹਿਸੂਸ ਕਰ ਰਹੇ ਹੋ ?’’ ਮੈਂ ਉਹਨਾਂ ਨੂੰ ਦੱਸਿਆ ਕਿ, ‘‘ਮੈਂ ਜ਼ਿੰਦਗੀ ਵਿੱਚ ਚੀਨ ਯਾਤਰਾ ਕਰਨ ਦਾ ਇੱਕ ਸੁਪਨਾ ਲਿਆ ਸੀ। ਤੁਸੀਂ ਉਹ ਸੁਪਨਾ ਪੂਰਾ ਕਰ ਦਿੱਤਾ ਹੈ।’’ ਇਹ ਸੁਣ ਕੇ ਉਹ ਵੀ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕੇ।
ਸੜਕਾਂ ਚਾਰ ਲਾਈਨਾਂ ਵਾਲੀਆਂ ਸਨ। ਸਾਡਾ ਹੋਟਲ ਹਵਾਈ ਅੱਡੇ ਤੋਂ ਤੀਹ ਕਿਲੋਮੀਟਰ ਦੀ ਵਿੱਥ `ਤੇ ਸੀ। ਰਸਤੇ ਵਿੱਚ ਦੋਵੇਂ ਪਾਸੇ ਬਹੁ-ਮੰਜ਼ਲੀ ਇਮਾਰਤਾਂ ਸਨ। ਸੜਕਾਂ ਦੇ ਆਲੇ-ਦੁਆਲੇ ਦਰਖਤ ਲੱਗੇ ਹੋਏ ਸਨ। ਕਿਤੇ ਵੀ ਖਾਲੀ ਮਿੱਟੀ ਦੀ ਧਰਤੀ ਦਿਖਾਈ ਨਹੀਂ ਸੀ ਦਿਖਾਈ ਦੇ ਰਹੀ।