? ਜੱਗਬਾਣੀ ਅਖ਼ਬਾਰ ਵਿੱਚ ਆਇਆ ਸੀ ਕਿ 15 ਮਈ ਨੂੰ ਸੱਤ ਗ੍ਰਹਿ ਇਕੱਠੇ ਹੋਣੇ ਹਨ ਅਤੇ ਕੁਦਰਤੀ ਆਫਤਾਂ ਆਉਣਗੀਆਂ ਪਰ ਹੋਇਆ ਕੁਝ ਵੀ ਨਹੀਂ। ਇਸ ਬਾਰੇ ਦੱਸਣਾ।

ਮੇਘ ਰਾਜ ਮਿੱਤਰ

? ਨਾਰਵੇ ਦੇਸ਼ ਦੇ ਇੱਕ ਏਰੀਏ ਦੇ ਵਿੱਚ 6 ਮਹੀਨੇ ਦਿਨ 6 ਮਹੀਨੇ ਰਾਤ ਹੁੰਦੀ ਹੈ। ਇਸ ਤਰ੍ਹਾਂ ਕਿਉਂ ਹੈ।
? ਜਦੋਂ ਦੋ ਟੀ. ਵੀ. ਚਲਦੇ ਹਨ। ਆਪਾਂ ਇੱਕ ਨੂੰ ਸੁਣਦੇ ਹਾਂ। ਇਸ ਤਰ੍ਹਾਂ ਲਗਦਾ ਹੈ ਜਿਵੇਂ ਦੂੂਸਰੇ ਟੀ. ਵੀ. ਦੀ ਆਵਾਜ਼ ਬਾਅਦ ਵਿੱਚ ਸੁਣਦੀ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ।
? ਜਿਸ ਬਿਮਾਰੀ ਨੂੰ ਕਹਿ ਦਿੰਦੇ ਨੇ ਕਿ ਮਾਤਾ ਹੋਈ ਹੈ। ਉਸ ਬਿਮਾਰੀ ਦਾ ਕੀ ਨਾਮ ਹੈ। ਕਿਸ ਤਰ੍ਹਾਂ ਹਟਦੀ ਹੈ।
? ਜਿਸ ਬੰਦੇ ਤੋਂ ਬੰਦਾ ਘਬਰਾਹਟ ਖਾਂਦਾ ਹੈ ਉਸ ਦੇ ਸਾਹਮਣੇ ਆਉਣ ਤੇ ਸਾਹ ਕਿਉਂ ਬੰਦ ਹੋ ਜਾਂਦਾ ਹੈ।
? ਅੱਜ ਕੱਲ੍ਹ ਪਿੰਡਾਂ ਦੇ ਵਿੱਚ ਬਾਰਿਸ਼ ਨਾ ਹੋਣ ਤੇ ਦਲੀਆ ਵੰਡ ਹੋ ਰਿਹਾ ਹੈ। ਇਸ ਦਾ ਬਾਰਿਸ਼ ਨਾਲ ਕੀ ਸੰਬੰਧ ਹੈ।
-ਭਾਗਰੱਥੀਆ ‘ਕਮਲ’, ਪਿੰਡ ਤੇ ਡਾਕ,
ਚੱਕ ਦੇਸ ਰਾਜ, ਜ਼ਿਲ੍ਹਾ ਜਲੰਧਰ
– ਧਰਤੀ ਸਮੇਤ 9 ਗ੍ਰਹਿ ਸੂਰਜ ਦੁਆਲੇ ਚੱਕਰ ਲਾ ਰਹੇ ਹਨ। ਘੁੰਮਦੇ ਸਮੇਂ ਇਹ ਇੱਕ-ਦੂਜੇ ਤੋਂ ਕਰੋੜਾਂ ਮੀਲਾਂ ਦੀ ਵਿੱਥ ਤੇ ਹੁੰਦੇ ਹਨ। ਇਸ ਲਈ ਇਹਨਾਂ ਦਾ ਧਰਤੀ ਉੱਤੇ ਨਿਗੂਣਾ ਜਿਹਾ ਗੁਰੂਤਾ ਆਕਰਸ਼ਣ ਬਲ ਤਾਂ ਵਧ ਸਕਦਾ ਹੈ ਪਰ ਇਹਨਾਂ ਦੇ ਇੱਕੋ ਸੇਧ ਵਿੱਚ ਆਉਣ ਨਾਲ ਹੋਰ ਕੋਈ ਬਲ ਧਰਤੀ ਉੱਤੇ ਕਿਰਿਆ ਨਹੀਂ ਕਰੇਗਾ ਪਰ ਜੋਤਿਸ਼ ਵਾਲੇ ਕੁਝ ਗ੍ਰਹਿ ਤਾਂ ਗ੍ਰਹਿ ਹੀ ਨਹੀਂ ਹਨ। ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜੋਤਸ਼ੀਆਂ ਨੂੰ ਦਾਨ-ਪੁੰਨ ਕਰਨ ਨਾਲ ਇਹਨਾਂ ਦਾ ਅਸਰ ਮਨੁੱਖੀ ਮਨਾਂ ਉੱਪਰ ਘਟ ਜਾਂ ਵਧ ਸਕਦਾ ਹੈ ? ਅੱਜ ਤੱਕ ਕੋਈ ਵੀ ਸਾਡੀ ਤਰਕਸ਼ੀਲਾਂ ਦੀ ਇਸ ਵਿਸ਼ੇ ਤੇ ਤਸੱਲੀ ਨਹੀਂ ਕਰਵਾ ਸਕਿਆ।
– ਧਰਤੀ ਧਰੁਵਾਂ ਤੋਂ 18 ਕਿਲੋਮੀਟਰ ਅੰਦਰ ਨੂੰ ਪਿਚਕੀ ਹੋਈ ਹੈ। ਇਸ ਲਈ ਇਹਨਾਂ ਸਥਾਨਾਂ ਤੇ ਸੂਰਜ 6 ਮਹੀਨੇ ਦਿਖਾਈ ਨਹੀਂ ਦਿੰਦਾ ਹੈ। ਇਸ ਲਈ ਅਜਿਹੇ ਸਥਾਨਾਂ ਤੇ 6 ਮਹੀਨੇ ਰਾਤ ਰਹਿੰਦੀ ਹੈ। ਫਿਰ ਧਰਤੀ ਦੀ ਸੂਰਜ ਦੁਆਲੇ ਘੁੰਮਣ ਦਿਸ਼ਾ ਅਜਿਹੀ ਹੋ ਜਾਂਦੀ ਹੈ ਜਿਸ ਕਾਰਨ ਸੂਰਜ ਲਗਾਤਾਰ ਛੇ ਮਹੀਨੇ ਨਜ਼ਰ ਆਉਂਦਾ ਰਹਿੰਦਾ ਹੈ।
– ਆਵਾਜ਼ ਦੀ ਰਫਤਾਰ ਸਿਰਫ 330 ਮੀਟਰ ਪ੍ਰਤੀ ਸੈਕਿੰਟ ਹੀ ਹੁੰਦੀ ਹੈ। ਇਸ ਲਈ ਦੋਵੇਂ ਟੈਲੀਵਿਜ਼ਨਾਂ ਤੋਂ ਮਨੁੱਖੀ ਕੰਨਾਂ ਤੱਕ ਆਵਾਜ਼ ਪਹੁੰਚਣ ਲਈ ਦੂਰੀ ਦੇ ਹਿਸਾਬ ਨਾਲ ਸਮਾਂ ਘੱਟ ਵੱਧ ਹੁੰਦਾ ਹੈ। ਇਸ ਲਈ ਇੱਕੋ ਆਵਾਜ਼ ਸੁਣਾਈ ਦੇਣ ਵਿੱਚ ਥੋੜ੍ਹਾ-ਬਹੁਤ ਫਰਕ ਹੁੰਦਾ ਹੈ।
– ਅੰਧਵਿਸ਼ਵਾਸੀ ਜਨਤਾ ਵੱਲੋਂ ਇਹ ਨਾਂ `ਚੇਚਕ’ ਬਿਮਾਰੀ ਨੂੰ ਦਿੱਤਾ ਗਿਆ ਸੀ। ਉਹ ਸਮਝਦੇ ਸੀ ਕਿ ਇਹ ਬਿਮਾਰੀ ਦੇਵੀ ਮਾਤਾ ਦੀ ਕਰੋਪੀ ਕਾਰਨ ਹੁੰਦੀ ਹੈ ਪਰ ਵਿਗਿਆਨ ਨੇ ਉਹਨਾਂ ਦੀ ਇਸ ਅਗਿਆਨਤਾ ਦੇ ਰਹੱਸ ਤੋਂ ਪਰਦਾ ਹੀ ਨਹੀਂ ਚੁੱਕਿਆ ਸਗੋਂ ਧਰਤੀ ਤੋਂ `ਚੇਚਕ’ ਨਾਂ ਦੀ ਬਿਮਾਰੀ ਅਤੇ ਇਸ ਨੂੰ ਫੈਲਾਉਣ ਵਾਲੇ ਜੀਵਾਣੂੰਆਂ ਦਾ ਖੁਰਾ-ਖੋਜ ਹੀ ਮਿਟਾ ਦਿੱਤਾ ਹੈ। ਅੱਜ ਇਸ ਬਿਮਾਰੀ ਦੇ ਜੀਵਾਣੂੰ ਦੁਨੀਆਂ ਦੀਆਂ ਸਿਰਫ ਦੋ ਜਾਂ ਤਿੰਨ ਪ੍ਰਯੋਗਸ਼ਾਲਾਵਾਂ ਵਿੱਚ ਬੰਦ ਪਏ ਹਨ ਪਰ ਅੰਧਵਿਸ਼ਵਾਸੀਆਂ ਨੇ ਇਸ ਗੱਲ ਤੋਂ ਕੋਈ ਸਬਕ ਨਹੀਂ ਸਿੱਖਣਾ ਹੈ ਸਗੋਂ ਕਿਸੇ ਹੋਰ ਅੰਧਵਿਸ਼ਵਾਸ ਦੇ ਪਿੱਛਲੱਗ ਬਣ ਜਾਣਾ ਹੈ।
– ਮਨੁੱਖ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਮਾਨਸਿਕ ਪ੍ਰਭਾਵਾਂ ਨੂੰ ਕਬੂਲਦੀਆਂ ਹਨ। ਦਿਲ ਦੀ ਗਤੀ ਅਤੇ ਸਾਹ ਕਿਰਿਆ ਆਦਿ ਵੀ ਮਨ ਦੁਆਰਾ ਪ੍ਰਭਾਵਿਤ ਹੁੰਦੇ ਹਨ। ਇਸ ਲਈ ਜਦੋਂ ਕੋਈ ਅਣਇੱਛਤ ਵਿਅਕਤੀ ਸਾਡੇ ਸਾਹਮਣੇ ਆਉਂਦਾ ਹੈ ਤਾਂ ਇਹ ਪ੍ਰਣਾਲੀਆਂ ਪ੍ਰਭਾਵਿਤ ਹੋ ਜਾਂਦੀਆਂ ਹਨ।
– ਬਾਰਿਸ਼ਾਂ ਨਾ ਹੋਣ ਕਾਰਨ ਜਾਂ ਬਾਰਿਸ਼ਾਂ ਬੰਦ ਕਰਨ ਲਈ ਜੱਗ ਕਰਨੇ, ਦਲੀਆ ਵੰਡਣਾ ਆਦਿ ਅੰਧਵਿਸ਼ਵਾਸ ਹੀ ਹਨ। ਭਾਰਤ ਵਿੱਚ ਬਹੁਤੇ ਲੋਕ ਭੇਡਾਂ ਵਾਂਗੂੰ ਵਰਤਾਓ ਕਰਦੇ ਹਨ। ਆਜੜੀ ਜਾਣਦੇ ਹਨ ਕਿ ਜੇ ਭੇਡਾਂ ਦੇ ਵੱਗ ਅੱਗੇ ਸੋਟੀ ਟੇਢੀ ਕਰ ਦਿੱਤੀ ਜਾਵੇ ਤਾਂ ਸਭ ਤੋਂ ਮੂਹਰਲੀ ਭੇਡ ਆਪਣੀ ਟੰਗ ਚੁੱਕ ਕੇ ਉਸ ਸੋਟੀ ਦੇ ਉੱਪਰ ਦੀ ਲੰਘ ਜਾਵੇਗੀ। ਜੇ ਇਸ ਤੋਂ ਬਾਅਦ ਸੋਟੀ ਚੁੱਕ ਦਿੱਤੀ ਜਾਵੇ ਫਿਰ ਵੀ ਬਾਕੀ ਭੇਡਾਂ ਆਪਣੀ ਟੰਗ ਚੁੱਕ ਕੇ ਹੀ ਲੰਘਣਗੀਆਂ। ਇਸ ਲਈ ਸਾਨੂੰ ਤਰਕਸ਼ੀਲਾਂ ਨੂੰ ਆਪਣੇ ਯਤਨ ਤੇਜ਼ ਕਰਨੇ ਚਾਹੀਦੇ ਹਨ ਤਾਂ ਜੋ ਭਾਰਤੀ ਲੋਕ ਆਪਣੇ ਦਿਮਾਗਾਂ ਦੀ ਵਰਤੋਂ ਕਰਨੀ ਸਿੱਖ ਸਕਣ।
***

Back To Top