ਮੇਘ ਰਾਜ ਮਿੱਤਰ
? ਮਰਨ ਤੋਂ ਬਾਅਦ ਵੀ ਮਨੁੱਖ ਦੇ ਵਾਲ ਕਿਉਂ ਵਧਦੇ ਹਨ।
? ਕਿੰਨੇ ਵੋਲਟ ਦੀ ਬਿਜਲੀ ਮਨੁੱਖ ਲਈ ਜਾਨਲੇਵਾ ਹੈ।
? ਮੰਗਲ ਗ੍ਰਹਿ `ਤੇ ਕਿਹੜੀਆਂ ਗੈਸਾਂ ਮੌਜੂਦ ਹਨ।
? ਅਲੱਗ-ਅਲੱਗ ਜੀਵ ਕਿਵੇਂ ਪੈਦਾ ਹੋਏ ਹਨ।
? ਜਿਸ ਤਰ੍ਹਾਂ ਮਨੁੱਖ ਦੇ ਪੂਰਵਜ ਬਾਦਰਾਂ ਨੂੰ ਮੰਨਿਆ ਜਾਂਦਾ ਹੈ ਕੀ ਉਸੇ ਤਰ੍ਹਾਂ ਕੁੱਤੇ ਦੇ ਪੂਰਵਜ ਭੇੜੀਏ ਮੰਨੇ ਜਾ ਸਕਦੇ ਹਨ?
-ਈਸ਼ਵਰਜੀਤ ਸਿੰਘ
ਕਲਾਸ +1, ਜੁਝਾਰ ਸਿੰਘ ਨਗਰ ਸੰਗਰੂਰ
– ਬਿਜਲੀ ਦਾ ਕਰੰਟ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਨੂੰ ਏ. ਸੀ. ਅਰਥਾਤ ਪ੍ਰਤਵੀ ਬਿਜਲੀ ਧਾਰਾ ਕਹਿੰਦੇ ਹਾਂ ਅਤੇ ਦੂਸਰੇ ਨੂੰ ਡੀ. ਸੀ. ਇਸ ਨੂੰ ਅਪ੍ਰਤਵੀ ਬਿਜਲੀ ਧਾਰਾ ਕਹਿੰਦੇ ਹਾਂ। ਏ. ਸੀ. ਨੂੰ ਡੀ. ਸੀ. `ਚ ਬਦਲਣ ਲਈ ਜਾਂ ਡੀ. ਸੀ. ਨੂੰ ਏ. ਸੀ. `ਚ ਬਦਲਣ ਲਈ ਉਪਕਰਣ ਬਾਜ਼ਾਰ ਵਿੱਚੋਂ ਮਿਲ ਜਾਂਦੇ ਹਨ, ਇਹਨਾਂ ਨੂੰ ਕਨਵਰਟਰ ਕਿਹਾ ਜਾਂਦਾ ਹੈ। ਇਲਮੀਨੇਟਰ ਵੀ ਏ. ਸੀ. ਨੂੰ ਡੀ. ਸੀ. `ਚ ਬਦਲਣ ਦਾ ਇੱਕ ਉਪਕਰਣ ਹੈ।
– ਮਰਨ ਤੋਂ ਥੋੜ੍ਹੀ ਦੇਰ ਬਾਅਦ ਤਾਂ ਮਨੁੱਖੀ ਵਾਲ ਵਧਦੇ ਰਹਿੰਦੇ ਹਨ ਕਿਉਂਕਿ ਚਮੜੀ ਵਿੱਚੋਂ ਪ੍ਰੋਟੀਨ ਦੇ ਮੁਰਦਾ ਸੈੱਲ ਬਾਹਰ ਨਿਕਲਦੇ ਰਹਿੰਦੇ ਹਨ। ਮੌਤ ਤੋਂ ਦਸ ਘੰਟੇ ਬਾਅਦ ਇਹ ਕਿਰਿਆ ਬੰਦ ਹੋ ਜਾਂਦੀ ਹੈ।
– ਬਿਜਲੀ ਦੇ ਵੋਲਟੇਜ਼ ਦੇ ਨਾਲ ਹੀ ਉਸ ਸਮੇਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਜਿੰਨਾ ਚਿਰ ਕੋਈ ਵਿਅਕਤੀ ਬਿਜਲੀ ਧਾਰਾ ਦੇ ਸੰਪਰਕ ਵਿੱਚ ਰਹਿੰਦਾ ਹੈ। ਕਈ ਵਾਰ ਤਾਂ ਕੋਈ ਵਿਅਕਤੀ 11 ਹਜ਼ਾਰ ਵੋਲਟ ਦਾ ਝਟਕਾ ਖਾ ਕੇ ਵੀ ਬਚ ਜਾਂਦਾ ਹੈ, ਕਈ ਵਾਰੀ ਸੌਂ ਜਾਂ ਇੱਕ ਸੌਂ ਦਸ ਵੋਲਟੇਜ਼ ਦੀ ਬਿਜਲੀ ਵੀ ਜਾਨ ਲੇਵਾ ਹੋ ਨਿਬੜਦੀ ਹੈ।
– ਮੰਗਲ ਗ੍ਰਹਿ ਸਾਡੇ ਸੂਰਜੀ ਪਰਿਵਾਰ ਦਾ ਚੌਥਾ ਗ੍ਰਹਿ ਹੈ। ਇਹ ਆਇਰਨ ਅਕਸਾਈਡ ਦਾ ਬਣਿਆ ਹੋਇਆ ਹੈ। ਇਸ ਲਈ ਇਹ ਜੰਗਾਲਿਆਂ ਜਾਂ ਪੀਲਾ ਨਜ਼ਰ ਆਉਂਦਾ ਹੈ। ਇਸ ਦਾ ਵਾਯੂ ਮੰਡਲ ਧਰਤੀ ਨਾਲੋਂ ਸੌ ਗੁਣਾ ਹਲਕਾ ਹੈ ਅਤੇ ਇਹ ਮੁੱਖ ਤੌਰ ਤੇ ਕਾਰਬਨ ਡਾਈਆਕਸਾਇਡ ਦਾ ਬਣਿਆ ਹੋਇਆ ਹੈ।
– ਧਰਤੀ ਉੱਤੇ ਜੀਵਾਂ ਦੇ ਵਿਕਾਸ ਦਾ ਇਤਿਹਾਸ ਤਿੰਨ ਸੌ ਦਸ ਕਰੋੜ ਵਰ੍ਹੇ ਪੁਰਾਣਾ ਹੈ। ਬਕਟੀਰੀਆ ਤੋਂ ਸਾਦੀ ਕਿਸਮ ਦੇ ਜੀਵ ਉਸ ਸਮੇਂ ਪੈਦਾ ਹੋਏ, ਜੀਵਾਂ ਦੇ ਪੁਰਾਣੇ ਤੋਂ ਪੁਰਾਣੇ ਪਥਰਾਟ ਸੱਤਰ ਕਰੋੜ ਵਰ੍ਹੇ ਦੇ ਹਨ। 40 ਕਰੋੜ ਵਰ੍ਹੇ ਪਹਿਲਾਂ ਧਰਤੀ ਉੱਤੇ ਮੱਛੀਆਂ ਆਈਆਂ, 20 ਕਰੋੜ ਵਰੇ ਪਹਿਲਾਂ ਡਾਇਨਾਸੌਰ ਆਏ ਅਤੇ ਸਾਢੇ ਸੱਤ ਕਰੋੜ ਵਰ੍ਹੇ ਪਹਿਲਾਂ ਧਰਤੀ ਤੇ ਕੋਈ ਉਲਕਾਪਿੰਡ ਟਕਰਾਇਆ ਜਿੰਨ੍ਹਾਂ ਨਾਲ ਇਹਨਾਂ ਦੀ ਹੋਂਦ ਖ਼ਤਮ ਹੋ ਗਈ। ਮਨੁੱਖ ਜਾਤੀ ਤਾਂ ਸਿਰਫ਼ 70 ਲੱਖ ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਹੈ।
– ਗਿੱਦੜ, ਬਘਿਆੜ ਤੇ ਕੁੱਤਾ ਇੱਕੋ ਪਰਿਵਾਰ ਦੇ ਮੈਂਬਰ ਹਨ। ਇਹਨਾਂ ਦਾ ਵਿਕਾਸ ਤਿੰਨ ਸੌ ਕਰੋੜ ਵਰ੍ਹੇ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ, ਪਰ ਕੁੱਤੇ ਦੀਆਂ ਬਹੁਤ ਸਾਰੀਆਂ ਨਸਲਾ ਦਾ ਵਿਕਾਸ ਪਿਛਲੇ ਦਸ ਹਜ਼ਾਰ ਵਰ੍ਹੇ ਪਹਿਲਾਂ ਦੀ ਦੇਣ ਹੈ।
***