ਵਿਗਿਆਨ ਜੋਤ ਦੇ 20 ਸਾਲ ਪੂਰੇ ਹੋਣ ਤੇ

– ਮੇਘ ਰਾਜ ਮਿੱਤਰ

ਮਾਰਚ 97 ਤੋਂ ‘ਵਿਗਿਆਨ ਜੋਤ’ ਲਗਾਤਾਰ 20 ਵਰਿਆਂ ਤੋਂ ਪਾਠਕਾਂ ਦੀ ਕਚਹਿਰੀ ਵਿੱਚ ਆਪਣੀ ਹਾਜ਼ਰੀ ਲਾ ਰਿਹਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਪਾਠਕਾਂ ਤੇ ਵਿਦਿਆਰਥੀਆਂ ਨੇ ਆਪਣੇ ਸੁਝਾਵਾਂ, ਵਿਚਾਰਾਂ ਅਤੇ ਸੁਆਲਾਂ ਰਾਹੀਂ ਸਮੱਗਰੀ ਤੇ ਦਿੱਖ ਨੂੰ ਸੁਆਰਿਆ ਹੈ। ਪਰ ਅਜੇ ਤੱਕ ਬ੍ਰਹਿਮੰਡ ਅਤੇ ਇਸ ਵਿੱਚ ਮੌਜੂਦ ਮਾਦੇ ਬਾਰੇ ਬਹੁਤ ਸਾਰੇ ਸੁਆਲ ਅਜਿਹੇ ਹਨ ਜਿਹਨਾਂ ਦੇ ਜੁਆਬ ਸਾਡੇ ਪਾਠਕਾਂ ਦੀ ਸਮਝ ਤੋਂ ਬਾਹਰ ਹਨ। ਸੋ ਮੈਂ ਆਪਣੀ ਸੰਪਾਦਕੀ ਰਾਹੀਂ ਇਹਨਾਂ ਵਰਤਾਰਿਆਂ ਨੂੰ ਸਮਝਣ ਲਈ ਕੁਝ ਸੁਝਾਅ ਜਾਂ ਅਟੱਲ ਸਚਾਈਆਂ ਪੇਸ਼ ਕਰ ਰਿਹਾ ਹਾਂ।
1. ਸਮੁੱਚਾ ਬ੍ਰਹਿਮੰਡ ਊਰਜਾ ਦਾ ਬਣਿਆ ਹੋਇਆ ਹੈ। ਸੰਸਾਰ ਦੀ ਹਰੇਕ ਵਸਤੂ ਵਿੱਚ ਊਰਜਾ ਹੈ। ਕਿਸੇ ਵਿੱਚ ਬਹੁਤੀ ਹੈ ਕਿਸੇ ਵਿੱਚ ਥੋੜ•ੀ ਹੈ। ਊਰਜਾ ਦੇ ਰੂਪ ਵੱਖਰੇ-ਵੱਖਰੇ ਹਨ। ਕੋਈ ਠੋਸ, ਕੋਈ ਤਰਲ, ਕੋਈ ਗੈਸੀ ਤੇ ਕੋਈ ਅਣੂਆਂ ਦੇ ਰੂਪ ਵਿੱਚ ਹੈ। ਊਰਜਾ ਦੇ ਰੂਪ ਪ੍ਰੀਵਰਤਨਸ਼ੀਲ ਹਨ। ਸਮੁੱਚੇ ਰੂਪ ਵਿਚ ਊਰਜਾ ਨਾ ਪੈਦਾ ਹੁੰਦੀ ਹੈ ਤੇ ਨਾ ਹੀ ਨਸ਼ਟ ਹੁੰਦੀ ਹੈ। ਪ੍ਰਕਾਸ਼, ਧੁਨੀ, ਰਸਾਇਣਕ, ਚੁੰਬਕੀ, ਬਿਜਲੀ ਸਭ ਊਰਜਾ ਦੀਆਂ ਹੀ ਕਿਸਮਾਂ ਹਨ। ਇਸ ਊਰਜਾ ਵਿੱਚ ਲਗਾਤਾਰ ਹੀ ਪ੍ਰੀਵਰਤਨ ਹੋ ਰਿਹਾ ਹੈ।
2. ਹਰੇਕ ਕਾਰਜ ਦੇ ਵਾਪਰਨ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਬ੍ਰਹਿਮੰਡ ਵਿੱਚ ਵਸਤੂਆਂ ਤੇ ਘਟਨਾਵਾਂ ਬੇਤਰਤੀਬੀਆਂ ਨਹੀਂ। ਇਨ•ਾਂ ਵਿੱਚ ਵਿਸ਼ੇਸ਼ ਤਰਤੀਬ ਹੈ। ਬ੍ਰਹਿਮੰਡ ਵਿੱਚ ਖਰਬਾਂ ਰਹੱਸ ਹਨ। ਬਹੁਤ ਸਾਰਿਆਂ ਦੇ ਪਰਦੇ ਲਹਿ ਚੁੱਕੇ ਹਨ ਅਤੇ ਬਹੁਤ ਸਾਰਿਆਂ ਦੀ ਖੋਜ ਪੜਤਾਲ ਹੋਣੀ ਬਾਕੀ ਹੈ। ਅੱਜ ਧਰਤੀ ਤੇ ਕਰੋੜਾਂ ਵਿਗਿਆਨੀ ਇਹਨਾਂ ਦੇ ਖੋਜ ਕਾਰਜਾਂ ਵਿੱਚ ਲੱਗੇ ਹੋਏ ਹਨ। ਬਹੁਤ ਸਾਰੇ ਰਹੱਸਾਂ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਇਸਦਾ ਮਤਲਬ ਇਹ ਤਾਂ ਨਹੀਂ ਕਿ ਉਨ•ਾਂ ਦਾ ਕੋਈ ਕਾਰਨ ਨਹੀਂ, ਕਾਰਨ ਹੈ ਪਰ ਅੱਜ ਇਹ ਸਾਡੀ ਸਮਝ ਤੋਂ ਬਾਹਰ ਹੈ। ਭਵਿੱਖ ਵਿੱਚ ਇਹ ਸਾਡੀ ਸਮਝ ਵਿੱਚ ਜ਼ਰੂਰ ਆਵੇਗਾ।
3. ਸਮਾਂ ਤੇ ਪੁਲਾੜ ਇੱਕ ਦੂਜੇ ਨਾਲ ਪੂਰੀ ਤਰ•ਾਂ ਜੁੜੇ ਹੋਏ ਹਨ। ਬ੍ਰਹਿਮੰਡ ਦੀ ਹਰੇਕ ਘਟਨਾ ਜਾਂ ਤਾਂ ਸਮਕਾਲੀਨ ਹੈ ਜਾਂ ਇੱਕ ਦੂਜੇ ਤੋਂ ਪਹਿਲਾਂ ਜਾਂ ਪਿੱਛੋਂ ਵਾਪਰੀ ਹੈ। ਇਹ ਸਮਾਂ ਹੈ, ਸੰਸਾਰ ਦੀਆਂ ਸਾਰੀਆਂ ਵਸਤੂਆਂ ਆਕਾਰ, ਦਿਸ਼ਾ, ਰੂਪ, ਸ਼ਕਲ ਅਤੇ ਗਤੀ ਰਾਹੀਂ ਇੱਕ ਦੂਜੇ ਨਾਲ ਸਬੰਧਿਤ ਹਨ। ਬ੍ਰਹਿਮੰਡ ਦੀਆਂ ਇਹਨਾਂ ਵਸਤੂਆਂ ਦੇ ਆਪਸੀ ਸਬੰਧਾਂ ਨੂੰ ਪੁਲਾੜ ਦਾ ਨਾਂ ਦਿੱਤਾ ਜਾਂਦਾ ਹੈ।
ਸੋ ਉਪਰੋਕਤ ਤੱਥਾਂ ਤੇ ਡੂੰਘੀ ਵਿਚਾਰ ਤੋਂ ਬਾਅਦ ਅਸੀਂ ਹੇਠ ਲਿਖੇ ਨਤੀਜੇ ਤੇ ਪਹੁੰਚਦੇ ਹਾਂ।
(1) ਕੁਦਰਤ ਸਵੈ ਚਲਿਤ ਤੇ ਖੁਦ ਮੁਖਤਿਆਰ ਹੈ।
(2) ਨਾ ਕੋਈ ਸਿਰਜਣਹਾਰ ਹੈ ਤੇ ਨਾ ਕੋਈ ਸੀ ਨਾ ਹੀ ਉਸਦੀ ਸਿਰਜਣਾ।
(3) ਸ੍ਰਿਸ਼ਟੀ ਦਾ ਨਾਂ ਕੋਈ ਅੰਤ ਹੈ ਨਾ ਸ਼ੁਰੂਆਤ।
(4) ਬ੍ਰਹਿਮੰਡ ਅਨੰਤ ਹੈ, ਇਸਦੀ ਕੋਈ ਸੀਮਾ ਨਹੀਂ। ਸੀਮਾ ਸਿਰਫ਼ ਪਦਾਰਥ ਨਾਲ ਹੀ ਹੋ ਸਕਦੀ ਹੈ।
(5) ਪਦਾਰਥ ਨਾ ਤਾਂ ਪੈਦਾ ਹੁੰਦਾ ਹੈ ਨਾ ਹੀ ਨਸ਼ਟ।
(6) ਸੰਸਾਰ ਦੀ ਹਰੇਕ ਵਸਤੂ ਪਦਾਰਥ ਹੈ। ਜੋ ਪਦਾਰਥ ਨਹੀਂ ਉਸਦੀ ਹੋਂਦ ਹੀ ਨਹੀਂ।

Back To Top