? ਜਿਵੇਂ ਰੌਲਾ ਪਾਇਆ ਜਾ ਰਿਹਾ ਹੈ ਕਾ. ਲੈਨਿਨ ਦੀ ਸਾਂਭ ਕੇ ਰੱਖੀ ਹੋਈ ਲਾਸ਼ ਤੋਂ ਲੈਨਿਨ ਦਾ ਕਲੋਨ ਤਿਆਰ ਕੀਤਾ ਜਾ ਰਿਹਾ ਹੈ। ਕੀ ਇਹ ਸੰਭਵ ਹੈ? ਜਦੋਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਕੀ ਉਸਦੇ ਸੈੱਲ ਜਿਉਂਦੇ ਰਹਿੰਦੇ ਹਨ? ਕੀ ਡੈੱਡ ਸੈੱਲਾਂ ਤੋਂ ਕਲੋਨ ਤਿਆਰ ਕੀਤਾ ਜਾ ਸਕਦਾ ਹੈ।

ਮੇਘ ਰਾਜ ਮਿੱਤਰ

? ਜਿਸ ਵਿਅਕਤੀ/ਸਖ਼ਸ਼ੀਅਤ ਨੂੰ ਵਿਛੜੇ ਕਈ ਵਰ੍ਹੇ (ਜਿਵੇਂ ਕਾ. ਲੈਨਿਨ) ਹੋ ਗਏ ਹੋਣ, ਉਸਦਾ ਕਲੋਨ ਕਿਹੜੇ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ।
? ਕਿਸੇ ਸਖ਼ਸ਼ੀਅਤ ਦਾ ਤਿਆਰ ਕਲੋਨ ਸਰੀਰਕ ਅਤੇ ਕਰਮ (ਕੰਮਕਾਰ) ਪੱਖੋਂ ਉਸੇ ਦਾ ਹੀ ਪੂਰਕ ਹੋਵੇਗਾ। ਮਤਲਬ ਕਿ ਕੀ ਕਾ.ਲੈਨਿਨ ਦਾ ਤਿਆਰ ਕਲੋਨ ਲੈਨਿਨ ਵਾਲੇ ਹੀ ਕੰਮ ਕਾਰ ਕਰੇਗਾ। ਮੇਰਾ ਮਤਲਬ ਇੱਕ ਸਖ਼ਸ਼ੀਅਤ ਬਣਨ ਪਿੱਛੇ ਕਿਸ-ਕਿਸ ਚੀਜ਼ ਦਾ ਰੋਲ ਹੁੰਦਾ ਹੈ? ਇਕੱਲੇ ਸੈੱਲ ਤੋਂ ਤਿਆਰ ਕੀਤਾ ਕਲੋਨ ਉਹੀ ਕੰਮ ਕਰੇਗਾ ਜਾਂ ਕੋਈ ਚੇਤਨਾ ਫਲਸਫਾ ਜਾਂ ਵਾਤਾਵਰਣ ਦਾ ਵੀ ਰੋਲ ਹੁੰਦਾ ਹੈ?

-ਜਸਵੀਰ, ਮੰਗੂਵਾਲ, ਜ਼ਿਲ੍ਹਾ ਨਵਾਂ ਸ਼ਹਿਰ

– ਅਸਲ ਵਿੱਚ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਹਨ ਪਰ ਸਰੀਰ ਵਿੱਚ ਕੁਝ ਥਾਵਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਸੈੱਲਾਂ ਦੀ ਮੌਤ ਕਾਫੀ ਚਿਰ ਬਾਅਦ ਹੁੰਦੀ ਹੈ। ਜਿਵੇਂ ਦੰਦਾਂ ਦੀਆਂ ਖੁੱਡਾਂ ਅੰਦਰ ਸੈੱਲ ਕਾਫੀ ਚਿਰ ਸੁਰੱਖਿਅਤ ਪਏ ਰਹਿੰਦੇ ਹਨ। ਜੇ ਕਿਸੇ ਵਿਅਕਤੀ ਦੇ ਸਰੀਰ ਵਿੱਚੋਂ ਕੋਈ ਜੀਵਤ ਸੈੱਲ ਮਿਲ ਜਾਂਦਾ ਹੈ ਤਾਂ ਫਿਰ ਹੀ ਉਸ ਦੀ ਕਲੋਨਿੰਗ ਕੀਤੀ ਜਾ ਸਕਦੀ ਹੈ। ਮੁਰਦਾ ਸੈੱਲਾਂ ਤੋਂ ਕਲੋਨਿੰਗ ਸੰਭਵ ਨਹੀਂ ਹੈ।
– ਕਾ. ਲੈਨਿਨ ਦੀ ਮੌਤ ਨੂੰ ਭਾਵੇਂ ਲੱਗਭੱਗ 79 ਵਰ੍ਹੇ ਹੋ ਗਏ ਹਨ ਪਰ ਉਸਦੀ ਮ੍ਰਿਤਕ ਦੇਹ ਰਸਾਇਣਿਕ ਪਦਾਰਥਾਂ ਵਿੱਚ ਇਸ ਢੰਗ ਨਾਲ ਡੁਬੋ ਕੇ ਰੱਖੀ ਗਈ ਕਿ ਉਸਦੇ ਸਰੀਰ ਦੇ ਸੈੱਲਾਂ ਦੀ ਮੌਤ ਘੱਟ ਤੋਂ ਘੱਟ ਹੋਵੇ। ਇਸ ਲਈ ਉਸਦੇ ਮ੍ਰਿਤਕ ਸਰੀਰ ਵਿੱਚ ਜੀਵਤ ਸੈੱਲਾਂ ਦਾ ਮਿਲ ਜਾਣਾ ਸੰਭਵ ਹੈ। ਜੇ ਅੱਜ ਨਹੀਂ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਲੈਨਿਨ ਦਾ ਕਲੋਨ ਵੀ ਤਿਆਰ ਕੀਤਾ ਜਾ ਸਕੇਗਾ।
– ਅਸਲ ਵਿੱਚ ਕਿਸੇ ਵਿਅਕਤੀ ਦੀ ਸਖ਼ਸ਼ੀਅਤ ਦੋ ਗੱਲਾਂ `ਤੇ ਨਿਰਭਰ ਕਰਦੀ ਹੈ। 1. ਪੈਦਾਇਸ਼ ਸਮੇਂ ਮਿਲੇ ਗੁਣਸੂਤਰ 2. ਆਲੇ-ਦੁਆਲੇ ਵਿੱਚੋਂ ਪ੍ਰਾਪਤ ਕੀਤੇ ਗੁਣ। ਹੁਣ ਜੇ ਲੈਨਿਨ ਦਾ ਕਲੋਨ ਤਿਆਰ ਕੀਤਾ ਜਾਵੇਗਾ ਤਾਂ ਉਸ ਵਿੱਚ ਭਾਵੇਂ ਦਿਮਾਗ਼ੀ ਗੁਣ ਤਾਂ ਲੈਨਿਨ ਜਿੰਨੇ ਹੀ ਹੋਣਗੇ ਪਰ ਲੈਨਿਨ ਦੀ ਢਲਾਈ ਜਿਹੜੀਆਂ ਠੋਸ ਹਾਲਤਾਂ ਵਿੱਚ ਹੋਈ ਉਹ ਹਾਲਤਾਂ ਲੈਨਿਨ ਦੇ ਕਲੋਨ ਨੂੰ ਮਿਲਣੀਆਂ ਸੰਭਵ ਨਹੀਂ ਹੋਣਗੀਆਂ। ਇਸ ਲਈ ਕੁੱਲ ਮਿਲਾ ਕੇ ਲੈਨਿਨ ਦਾ ਕਲੋਨ ਸ਼ਕਲ ਸੂਰਤ ਤੋਂ ਤਾਂ ਲੈਨਿਨ ਵਰਗਾ ਹੋ ਸਕਦਾ ਹੈ ਪਰ ਵਿਵਹਾਰਿਕ ਪੱਖ ਤੋਂ ਲੈਨਿਨ ਵਰਗਾ ਹੋਣਾ ਅਸੰਭਵ ਹੈ।

Back To Top