ਬਰਫ਼ਾਨੀ ਯੁੱਗ

ਮੇਘ ਰਾਜ ਮਿੱਤਰ

ਪਿਛਲੇ ਲੱਖਾਂ ਸਾਲਾਂ ਵਿੱਚ ਧਰਤੀ ਤੇ ਵੱਡੇ ਵੱਡੇ ਬਰਫ਼ਾਨੀ ਯੁੱਗ ਵੀ ਆਉਂਦੇ ਰਹੇ ਹਨ। ਪਿਛਲੇ ਵੀਹ ਲੱਖ ਸਾਲਾਂ ਵਿੱਚ ਚਾਰ ਵੱਡੇ ਵੱਡੇ ਅਜਿਹੇ ਯੁੱਗ ਆਏ ਹਨ। ਪਹਿਲਾ ਬਰਫ਼ਾਨੀ ਯੁੱਗ ਦੋ ਲੱਖ ਸਾਲ ਧਰਤੀ ਤੇ ਕਾਇਮ ਰਿਹਾ। ਇਸ ਬਰਫ਼ਾਨੀ ਯੁੱਗ ਤੋਂ ਬਾਅਦ ਆਏ ਗਰਮ ਮੌਸਮ ਵਿੱਚ ਬਰਫ਼ ਦੇ ਵੱਡੇ ਵੱਡੇ ਤੋਦਿਆਂ ਨੇ ਹੇਠਾਂ ਵੱਲ ਖਿਸਕਣਾ ਸ਼ੁਰੂ ਕਰ ਦਿੱਤਾ। ਇਸ ਢੰਗ ਨਾਲ ਲੱਖਾਂ ਹੀ ਚੱਟਾਨਾਂ ਟੁੱਟ ਗਈਆਂ ਅਤੇ ਇਹਨਾਂ ਦੇ ਕਰੋੜਾਂ ਟੁਕੜੇ ਦੂਰ ਦੂਰ ਜਾ ਡਿੱਗੇ। ਅੱਜ ਜੇ ਤੁਹਾਨੂੰ ਕਿਸੇ ਮੈਦਾਨੀ ਇਲਾਕੇ ਵਿੱਚੋਂ ਵੀ ਹਜ਼ਾਰਾਂ ਮਣ ਭਾਰਾ ਪੱਥਰ ਦਾ ਟੁਕੜਾ ਮਿਲ ਜਾਂਦਾ ਹੈ ਤਾਂ ਇਸ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਜ਼ਰੂਰ ਹੀ ਇਹ ਕਿਸੇ ਗਲੇਸ਼ੀਅਰ ਦੀ ਕਰਾਮਾਤ ਹੋਵੇਗੀ। ਦੂਜਾ ਬਰਫ਼ਾਨੀ ਯੁੱਗ ਅੱਜ ਤੋਂ ਕੋਈ ਪੰਦਰਾਂ ਲੱਖ ਸਾਲ ਪਹਿਲਾਂ ਆਇਆ ਸੀ ਅਤੇ ਲਗਾਤਾਰ ਪੰਜ ਲੱਖ ਸਾਲ ਧਰਤੀ ਤੇ ਬਰਫ਼ ਹੀ ਬਰਫ਼ ਪੈਂਦੀ ਰਹੀ ਇਸ ਤੋਂ ਤਿੰਨ ਲੱਖ ਸਾਲ ਲਗਾਤਾਰ ਗਰਮ ਰੁੱਤ ਵਿੱਚ ਫਿਰ ਬਰਫ਼ ਦੇ ਤੋਦਿਆਂ ਦੇ ਟੁੱਟਣ ਦਾ ਸਿਲਸਿਲਾ ਚੱਲਦਾ ਰਿਹਾ। ਇਸ ਤਰ੍ਹਾਂ ਹੀ ਪੰਜ ਲੱਖ ਸਾਲ ਪਹਿਲਾਂ ਤੀਜਾ ਬਰਫਾਨੀ ਯੁੱਗ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਦੋ ਲੱਖ ਸਾਲ ਦਾ ਸਮਾਂ ਅਜਿਹਾ ਸੀ ਜਿਸ ਵਿੱਚ ਗਰਮੀ ਸਰਦੀ ਦੋਵੇਂ ਹੀ ਕੁਝ ਨਾ ਕੁਝ ਸਮੇਂ ਲਈ ਪੈਂਦੇ ਰਹੇ ਹਨ। ਅੰਤਲਾ ਬਰਫ਼ਾਨੀ ਯੁੱਗ ਲੱਗਭੱਗ ਇੱਕ ਲੱਖ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਜੋ ਅੱਜ ਵੀ ਜਾਰੀ ਹੈ।
ਇਸ ਤਰ੍ਹਾਂ ਅਸੀਂ ਵੇਖਿਆ ਹੈ ਕਿ ਕਿਵੇਂ ਸਾਡੇ ਪਹਾੜ ਹੋਂਦ ਵਿੱਚ ਆਉਂਦੇ ਰਹੇ ਹਨ ਤੇ ਬਰਫ਼ ਦੇ ਤੋਦੇ ਵੱਡੇ ਵੱਡੇ ਪੱਥਰਾਂ ਨੂੰ ਤੋੜ ਕੇ ਨੀਵੇਂ ਥਾਵਾਂ ਤੇ ਲੈ ਆਉਂਦੇ ਰਹੇ ਹਨ।

Back To Top