ਕੀ ਕਿਸੇ ਹੋਰ ਗ੍ਰਹਿ ਤੇ ਜੀਵਨ ਹੈ ?

ਮੇਘ ਰਾਜ ਮਿੱਤਰ

ਸਾਡੀ ਆਕਾਸ਼ ਗੰਗਾ ਦੇ ਤਿੰਨ ਖਰਬ ਤਾਰਿਆਂ ਵਿੱਚੋਂ ਸਾਡਾ ਸੂਰਜ ਵੀ ਇੱਕ ਤਾਰਾ ਹੈ। ਤੇ ਬ੍ਰਹਿਮੰਡ ਵਿੱਚ ਇੱਕ ਖਰਬ ਤੋਂ ਵਧੇਰੇ ਗਲੈਕਸੀਆਂ ਹਨ ਤੇ ਜੇ ਸੂਰਜ ਦੇ ਇੱਕ ਗ੍ਰਹਿ ਤੇ ਜੀਵਨ ਹੋ ਸਕਦਾ ਤਾਂ ਇਹ ਅਸੰਭਵ ਹੈ ਕਿ ਬ੍ਰਹਿਮੰਡ ਵਿੱਚ ਅਰਬਾਂ ਖਰਬਾਂ ਤਾਰਿਆਂ ਦੇ ਕਿਸੇ ਗ੍ਰਹਿ ਤੇ ਜੀਵਨ ਨਹੀਂ ਹੋਵੇਗਾ। ਸੋ ਸਾਡੇ ਬ੍ਰਹਿਮੰਡ ਵਿੱਚ ਅਜਿਹੇ ਖਰਬਾਂ ਗ੍ਰਹਿ ਹੋਰ ਹੋ ਸਕਦੇ ਹਨ ਜਿੰਨਾਂ ਕੋਲ ਜੀਵਨ ਹੋਣ ਦੀ ਸੰਭਾਵਨਾ ਹੈ। ਇਸ ਤੋਂ ਅੱਗੇ ਇੱਕ ਹੋਰ ਸੁਆਲ ਪੈਦਾ ਹੁੰਦਾ ਹੈ ਕਿ ਕੀ ਬਾਕੀ ਤਾਰਿਆਂ ਦੇ ਗ੍ਰਹਿਆਂ ਕੋਲ ਸਾਡੇ ਨਾਲੋਂ ਘੱਟ ਵਿਕਸਿਤ ਜੀਵ ਹੋਣਗੇ ? ਇਸ ਦਾ ਜੁਆਬ ਵੀ ਨਾਂਹ ਵਿੱਚ ਹੈ। ਜੇ ਅਸੀਂ ਆਪਣੇ ਜੀਵਾਂ ਨੂੰ ਦਰਮਿਆਨੇ ਵਿਕਸਿਤ ਮੰਨ ਲਈਏ ਤਾਂ ਜ਼ਰੂਰ ਹੀ ਅਰਬਾਂ ਗ੍ਰਹਿ ਅਜਿਹੇ ਹੋਣਗੇ ਜਿਹਨਾਂ ਦੇ ਜੀਵਾਂ ਨੇ ਮਨੁੱਖ ਨਾਲੋਂ ਵੱਧ ਤਰੱਕੀ ਕਰ ਲਈ ਹੋਵੇਗੀ। ਸੋ ਅਸੀਂ ਇਹ ਗੱਲ ਯਕੀਨ ਨਾਲ ਆਖ ਸਕਦੇ ਹਾਂ ਕਿ ਮਨੁੱਖ ਨਾਲੋਂ ਵੱਧ ਵਿਕਸਿਤ ਵਿਗਿਆਨ ਵਾਲੇ ਜੀਵਨ ਇਸ ਬ੍ਰਹਿਮੰਡ ਵਿੱਚ ਜ਼ਰੂਰ ਵਿਰਾਜਮਾਨ ਹਨ। ਇਹਨਾਂ ਵਿਕਸਿਤ ਜਾਂ ਅਣਵਿਕਸਿਤ ਸੱਭਿਅਤਾਵਾਂ ਦਾ ਪਤਾ ਲਾਉਣ ਵਿੱਚ ਸਭ ਤੋਂ ਵੱਡੀ ਸਮੱਸਿਆ ਇਹਨਾਂ ਵਿਚਕਾਰਲੀ ਦੂਰੀ ਦੀ ਹੈ। ਵਿਗਿਆਨੀਆਂ ਕੋਲ ਪ੍ਰਕਾਸ਼ ਨਾਲੋਂ ਵੱਧ ਤੇਜ਼ੀ ਨਾਲ ਗਤੀ ਕਰਨ ਵਾਲੀਆਂ ਤਰੰਗਾਂ ਜਾਂ ਕਿਰਨਾਂ ਨਹੀਂ ਹਨ ਤੇ ਅਸੀਂ ਜਾਣਦੇ ਹਾਂ ਕਿ ਨੇੜੇ ਤੋਂ ਨੇੜੇ ਤਾਰੇ ਤੱਕ ਪ੍ਰਕਾਸ਼ ਪਹੁੰਚਣ ਵਿੱਚ 4.3 ਸਾਲ ਲੱਗ ਜਾਂਦੇ ਹਨ। ਸ਼ਾਇਦ ਦੂਸਰੇ ਗ੍ਰਹਿਆਂ ਦੇ ਵਸਨੀਕਾਂ ਨੂੰ ਵੀ ਦੂਸਰੀਆਂ ਸੱਭਿਆਤਾਵਾਂ ਨਾਲ ਸੰਪਰਕ ਕਰਨ ਲਈ ਇਹ ਦੂਰੀਆਂ ਹੀ ਵੱਡੀਆਂ ਰੁਕਾਵਟਾਂ ਹੋਣ। ਵਿਗਿਆਨੀਆਂ ਵੱਲੋਂ ਭੇਜੇ ਨਵੇਂ ਉਪਗ੍ਰਹਿ ਸੂਰਜ ਮੰਡਲ ਦੇ ਘੇਰੇ ਤੋਂ ਬਾਹਰ ਨਿਕਲ ਕੇ ਬਾਹਰਲੀਆਂ ਸੱਭਿਆਤਾਵਾਂ ਦੀ ਖ਼ੋਜ ਵਿੱਚ ਆਪਣਾ ਸਫ਼ਰ ਸ਼ੁਰੂ ਕਰ ਚੁੱਕੇ ਹਨ। ਹੋ ਸਕਦਾ ਹੈ ਕਿ ਇੱਕੀਵੀਂ ਸਦੀ ਵਿੱਚ ਕਿਸੇ ਹੋਰ ਗ੍ਰਹਿ ਵੱਲੋਂ ਛੱਡੇ ਗਏ ਰੇਡੀਓ ਸਿਗਨਲ ਅਸੀਂ ਪ੍ਰਾਪਤ ਕਰ ਸਕੀਏ। ਧਰਤੀ ਉੱਤੇ ਹਜ਼ਾਰਾਂ ਵਿਗਿਆਨੀਆਂ ਦੀਆਂ ਟੋਲੀਆਂ ਹਰ ਸਮੇਂ ਨਵੀਆਂ ਸਭਿਅਤਾਵਾਂ ਦੀ ਖੋਜ ਵਿੱਚ ਲੱਗੀਆਂ ਰਹਿੰਦੀਆਂ ਹਨ। ਇਸ ਕੰਮ ਲਈ ਉਹ ਆਪਣੇ ਰੇਡੀਓ ਵੇਵ ਸਿਗਨਲ ਦੂਸਰੇ ਗ੍ਰਹਿਾਂ ਵੱਲ ਛੱਡਦੇ ਰਹਿੰਦੇ ਹਨ ਅਤੇ ਦੂਸਰੇ ਗ੍ਰਹਿਾਂ ਦੁਆਰਾ ਛੱਡੇ ਗਏ ਸਿਗਨਲ ਪ੍ਰਾਪਤ ਕਰਨ ਦਾ ਯਤਨ ਕਰਦੇ ਰਹਿੰਦੇ ਹਨ। ਭਾਵੇਂ ਅਜੇ ਤੱਕ ਕੋਈ ਸਿਗਨਲ ਪ੍ਰਾਪਤ ਨਹੀਂ ਹੋਇਆ। ਉਹਨਾਂ ਨੇ ਨਵੀਂ ਖੋਜੀ ਜਾਣ ਵਾਲੀ ਸਭਿਅਤਾ ਦਾ ਨਾਂ ਏਲੀਅਨਜ਼ ਰੱਖਿਆ ਹੋਇਆ ਹੈ।

Back To Top