ਮੇਘ ਰਾਜ ਮਿੱਤਰ
1822 ਵਿੱਚ ਆਸਟਰੀਆ ਵਿੱਚ ਪੈਦਾ ਹੋਇਆ ਗੇ੍ਰਗਰ ਜੋਹਨ ਮੈਂਡਲ ਵੱਡਾ ਹੋ ਕੇ ਇੱਕ ਗਿਰਜੇ ਦਾ ਪਾਦਰੀ ਬਣ ਗਿਆ। ਉਸ ਨੇ ਆਪਣੇ ਗਿਰਜੇ ਵਿੱਚ ਮਟਰਾਂ ਦੇ ਪੌਦਿਆਂ ਉੱਪਰ ਬਹੁਤ ਸਾਰੇ ਪ੍ਰਯੋਗ ਕੀਤੇ। ਆਪਣੇ ਬਗੀਚੇ ਵਿੱਚ ਉਸਨੇ ਮਟਰਾਂ ਦੇ ਪੌਦਿਆਂ ਦੀਆਂ ਦੋ ਕਿਸਮਾਂ ਲਈਆਂ। ਇਹਨਾਂ ਵਿੱਚੋਂ ਇੱਕ ਛੇ ਫੁੱਟ ਲੰਮੀ ਸੀ ਅਤੇ ਦੂਜੀ ਸਿਰਫ਼ ਇੱਕ ਫੁੱਟ ਉੱਚੀ ਸੀ। ਉਸਨੇ ਇਹਨਾਂ ਦੋਹਾਂ ਕਿਸਮਾਂ ਦੇ ਪਰਾਗ ਕਣ ਇੱਕ ਦੂਜੇ ਉੱਪਰ ਝਾੜ ਕੇ ਇਹਨਾਂ ਦਾ ਪਰ ਪਰਾਗਣ ਕਰ ਦਿੱਤਾ। ਹੁਣ ਜਿਹੜੇ ਬੂਟੇ ਮਟਰਾਂ ਦੀ ਇਸ ਨਸਲ ਤੋਂ ਪੈਦਾ ਹੋਏ ਉਹ ਸਾਰੇ ਸੱਤ ਫੁੱਟ ਉੱਚੇ ਸਨ। ਹੁਣ ਉਸਨੇ ਇਸ ਤਰ੍ਹਾਂ ਪੈਦਾ ਹੋਏ ਬੂਟਿਆਂ ਦਾ ਫੇਰ ਆਪਸ ਵਿੱਚ ਪਰ ਪਰਾਗਣ ਕਰਵਾਇਆ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਵੇਖਿਆ ਕਿ ਇਹਨਾਂ ਚਾਰ ਬੂਟਿਆਂ ਵਿੱਚੋਂ ਇੱਕ ਮਧਰਾ ਸੀ, ਇੱਕ ਦੇ ਗੁਣ ਸਭ ਤੋਂ ਪਹਿਲਾਂ ਵਾਲੇ ਲੰਮੇ ਬੂਟੇ ਵਾਲੇ ਸਨ। ਬਾਕੀ ਦੋ ਵਿੱਚ ਵਿਚਕਾਰਲੀ ਕਿਸਮ ਦੇ ਦੋਹਾਂ ਗੁਣਾਂ ਵਾਲੇ ਬੂਟੇ ਸਨ। ਇਸ ਤੋਂ ਉਸ ਨੇ ਇਹ ਨਤੀਜਾ ਕੱਢਿਆ ਕਿ ਸੰਤਾਨ ਵਿੱਚ ਮਾਪਿਆਂ ਦੇ ਸਾਰੇ ਗੁਣ ਪਹੁੰਚਦੇ ਹਨ। ਇਹਨਾਂ ਵਿੱਚੋਂ ਕੁਝ ਗੁਣ ਪ੍ਰਗਟ ਹੋ ਜਾਂਦੇ ਹਨ। ਬਾਕੀ ਗੁਣ ਬੱਚਿਆਂ ਨੂੰ ਮਿਲਦੇ ਤਾਂ ਹਨ ਪਰ ਉਹ ਪ੍ਰਗਟ ਨਹੀਂ ਹੁੰਦੇ ਪਏ ਹੀ ਰਹਿੰਦੇ ਹਨ। ਪਰ ਅਗਲੀ ਪੀੜ੍ਹੀ ਵਿੱਚ ਸੁਸਤ ਪਏ ਗੁਣ ਵੀ ਪ੍ਰਗਟ ਹੋ ਸਕਦੇ ਹਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮਨੁੱਖੀ ਬੱਚਿਆਂ ਵਿੱਚ ਵੀ ਉਹਨਾਂ ਦੇ ਮਾਪਿਆਂ ਵਾਲੇ ਗੁਣ ਆਉਂਦੇ ਹਨ। ਪਰ ਕਈ ਗੁਣ ਪ੍ਰਗਟ ਹੋ ਜਾਂਦੇ ਹਨ ਬਾਕੀ ਸੁਸਤ ਹੋ ਕੇ ਸਰੀਰ ਦੇ ਸੈੱਲਾਂ ਵਿੱਚ ਹੀ ਪਏ ਰਹਿੰਦੇ ਹਨ। ਕਿਸੇ ਅਗਲੀ ਪੀੜ੍ਹੀ ਵਿੱਚ ਇਹ ਗੁਣ ਪ੍ਰਗਟ ਹੋ ਜਾਂਦੇ ਹਨ। ਇੱਥੇ ਮੈਂ ਆਪਣੇ ਇੱਕ ਰਹਿ ਚੁੱਕੇ ਵਿਦਿਆਰਥੀ ਦਾ ਜ਼ਿਕਰ ਵੀ ਜ਼ਰੂਰ ਕਰਨਾ ਚਾਹਾਂਗਾ। ਇਸ ਵਿਅਕਤੀ ਦੇ ਵਾਲ ਭੂਰੇ ਅਤੇ ਅੱਖਾਂ ਨੀਲੀਆਂ ਸਨ ਪਰ ਜਦੋਂ ਮੈਂ ਉਸਦੇ ਮਾਪਿਆਂ ਨੂੰ ਵੇਖਿਆ ਤਾਂ ਉਹਨਾਂ ਵਿੱਚੋਂ ਕਿਸੇ ਦਾ ਰੰਗ ਰੂਪ ਬੱਚੇ ਨਾਲ ਨਹੀਂ ਮਿਲਦਾ ਸੀ। ਕਾਫ਼ੀ ਘੋਖ ਪੜਤਾਲ ਕਰਨ ਤੋਂ ਬਾਅਦ ਮੈਂ ਇਸ ਨਤੀਜੇ ਤੇ ਪੁੱਜਿਆ ਕਿ ਲੱਗਭੱਗ ਇੱਕ ਸਦੀ ਪਹਿਲਾਂ ਉਸਦੀ ਦਾਦੀ ਦੀ ਪੜਦਾਦੀ ਇੱਕ ਅੰਗਰੇਜ਼ ਇਸਤਰੀ ਸੀ। ਇਸ ਤਰ੍ਹਾਂ ਮੈਂਡਲ ਦੁਆਰਾ ਦਿੱਤੀ ਜਾਣਕਾਰੀ ਨੂੰ ਵਰਤਦੇ ਹੋਏ ਚੋਣਵੀਂ ਨਸਲ ਵਿਧੀ ਰਾਹੀਂ ਘਰੇਲੂ ਜਾਨਵਰਾਂ ਤੇ ਪੰਛੀਆਂ ਦੀਆਂ ਨਵੀਆਂ ਨਸਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸਾਡੇ ਦੇਸ਼ ਵਿੱਚ ਅਮਰੀਕਨ ਗਾਵਾਂ ਦੀ ਨਸਲ ਇਸ ਵਿਧੀ ਦੀ ਹੀ ਦੇਣ ਹੈ। ਸ਼ੇਰ ਤੇ ਚੀਤੇ ਦੇ ਦੋਗਲੇਪਣ ਨਾਲ ਲਾਈਗੋਨ ਨਾਂ ਦੀ ਨਵੀਂ ਨਸਲ ਤਿਆਰ ਕੀਤੀ ਗਈ ਹੈ। ਬਾਜਰੇ, ਮਟਰ, ਛੋਲੇ ਤੇ ਗੁਲਾਬ ਦੀਆਂ ਬਹੁਤ ਸਾਰੀਆਂ ਦੋਗਲੀਆਂ ਨਸਲਾਂ ਅੱਜ ਬਜ਼ਾਰ ਵਿੱਚ ਉਪਲਬਧ ਹਨ। ਇਹ ਸਾਰਾ ਕੁਝ ਜੀਨਜ਼ ਇੰਜਨੀਅਰਿੰਗ ਦੇ ਮਾਹਰਾਂ ਦੁਆਰਾ ਨਵੇਂ ਜੀਨਾਂ ਰਾਹੀਂ ਕੀਤਾ ਜਾ ਰਿਹਾ ਹੈ। ਇਹ ਸਿੱਧ ਕਰਦਾ ਹੈ ਕਿ ਨਕਲੀ ਢੰਗ ਰਾਹੀਂ ਜੀਵਾਂ ਦੀ ਇੱਕ ਨਸਲ ਨੂੰ ਦੂਜੀ ਵਿੱਚ ਬਦਲਿਆ ਜਾ ਸਕਦਾ ਹੈ। ਜੇ ਨਕਲੀ ਢੰਗ ਰਾਹੀਂ ਇਹ ਵਿਕਾਸ ਕਰਵਾਇਆ ਜਾ ਸਕਦਾ ਹੈ ਤਾਂ ਕੁਦਰਤ ਵਿੱਚ ਆਪਣੇ ਆਪ ਅਜਿਹਾ ਕਿਉਂ ਨਹੀਂ ਹੋ ਸਕਦਾ ਹੈ?
ਕੁਦਰਤ ਵਿੱਚ ਹੋਏ ਇਸ ਵਿਕਾਸ ਦੀ ਪੁਸ਼ਟੀ ਵੀ ਹੁੰਦੀ ਹੈ। ਵਿਗਿਆਨੀਆਂ ਨੇ ਜੰਗਲੀ ਘਾਹ ਦਾ ਇੱਕ ਬਹੁਤ ਹੀ ਘਟੀਆ ਕਿਸਮ ਦਾ, ਕਣਕ ਨਾਲ ਦੋਗਲਾਪਣ ਕੀਤਾ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹਨਾਂ ਦੇਖਿਆ ਕਿ ਖਾਣ ਲਈ ਵਰਤੀ ਜਾਣ ਵਾਲੀ ਇੱਕ ਬਹੁਤ ਹੀ ਵਧੀਆ ਨਸਲ ਦੀ ਕਣਕ ਪੈਦਾ ਹੋ ਗਈ। ਇਸ ਤੋਂ ਸਿੱਧ ਹੁੰਦਾ ਹੈ ਕਿ ਕੁਦਰਤ ਵਿੱਚ ਜੀਵਾਂ ਤੇ ਪੌਦਿਆਂ ਦੀਆਂ ਨਸਲਾਂ ਕਿਸੇ ਹੋਰ ਘਟੀਆ ਜਾਂ ਵਧੀਆ ਨਸਲਾਂ ਵਿੱਚ ਆਪਣੇ ਆਪ ਵੀ ਤਬਦੀਲ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਹ ਦੋਗਲਾਪਣ ਵੀ ਜੀਵ ਵਿਕਾਸ ਦਾ ਵੱਡਾ ਸਬੂਤ ਹੈ।
