ਮੇਘ ਰਾਜ ਮਿੱਤਰ
ਸਾਡੀ ਧਰਤੀ ਚਾਰ ਕਿਸਮ ਦੀਆਂ ਗਤੀਆਂ ਕਰਦੀ ਹੈ। ਪਹਿਲੀ ਗਤੀ ਇਹ ਆਪਣੇ ਧੁਰੇ ਦੁਆਲੇ ਘੁੰਮਦੀ ਹੈ। ਇਸੇ ਗਤੀ ਨਾਲ ਚੌਵੀ ਘੰਟੇ ਵਿੱਚ ਆਪਣੀ ਧੁਰੀ ਦੁਆਲੇ ਇੱਕ ਚੱਕਰ ਪੂਰਾ ਕਰਦੀ ਹੈ। ਦਿਨ ਰਾਤ ਬਣਨ ਦਾ ਕਾਰਨ ਵੀ ਇਹ ਹੀ ਹੈ। ਰਾਤ ਨੂੰ ਅੱਠ ਘੰਟੇ ਸੁੱਤੇ ਹੀ ਤੁਸੀਂ 13360 ਕਿਲੋਮੀਟਰ ਦਾ ਸਫ਼ਰ ਸਿਰਫ਼ ਇਸੇ ਗਤੀ ਕਾਰਨ ਕਰ ਜਾਂਦੇ ਹੋ। ਸਾਡੀ ਧਰਤੀ ਦੀ ਦੂਸਰੀ ਗਤੀ ਇਸਦਾ ਸੂਰਜ ਦੁਆਲੇ 365 ਦਿਨ 5 ਘੰਟੇ 48 ਮਿੰਟ ਅਤੇ 45 ਸੈਕਿੰਡ ਵਿੱਚ ਇੱਕ ਚੱਕਰ ਲਾਉਣਾ ਹੈ। ਇਹ ਗਤੀ ਐਨੀ ਜ਼ਿਆਦਾ ਹੈ ਕਿ ਤੁਸੀਂ ਸਿਰਫ਼ ਇੱਕ ਘੰਟੇ ਵਿੱਚ ਇੱਕ ਲੱਖ ਕਿਲੋਮੀਟਰ ਦਾ ਫਾਸਲਾ ਤੈਅ ਕਰ ਜਾਂਦੇ ਹੋ। ਸਾਡੀ ਧਰਤੀ ਦਾ ਧੁਰਾ ਲਾਟੂ ਦੀ ਤਰ੍ਹਾਂ ਘੁੰਮਦਾ ਛੱਬੀ ਹਜ਼ਾਰ ਵਰਿ੍ਹਆਂ ਵਿੱਚ ਇੱਕ ਚੱਕਰ ਲਾਉਂਦਾ ਹੈ। ਇਹ ਇਸਦੀ ਤੀਜੀ ਗਤੀ ਹੈ। ਪ੍ਰਿਥਵੀ ਦਾ ਘੁੰਮਣ ਧੁਰਾ ਕੁਝ ਟੇਢਾ ਹੈ। ਇਸ ਦੇ ਟੇਢਾ ਹੋਣ ਕਾਰਨ ਹੀ ਰੁੱਤਾਂ ਬਣਦੀਆਂ ਹਨ। ਧਰਤੀ ਦੀ ਚੌਥੀ ਗਤੀ ਸੂਰਜ ਦਾ ਧਰਤੀ ਸਮੇਤ ਇਸ ਗਲੈਕਸੀ ਦੇ ਕੇਂਦਰ ਦੇ ਆਲੇ ਦੁਆਲੇ ਚੱਕਰ ਲਾਉਣਾ ਹੈ। ਇਹ ਚੱਕਰ ਵੀ ਚੌਵੀ ਕ੍ਰੋੜ ਸਾਲਾਂ ਵਿੱਚ ਪੂਰਾ ਹੁੰਦਾ ਹੈ।
