ਮੇਘ ਰਾਜ ਮਿੱਤਰ
ਕੁਝ ਸਦੀਆਂ ਪਹਿਲਾਂ ਲੋਕਾਂ ਕੋਲ ਸਮਾਂ ਮਾਪਣ ਲਈ ਅੱਜ ਦੀਆਂ ਆਧੁਨਿਕ ਘੜੀਆਂ ਨਹੀਂ ਹੁੰਦੀਆਂ ਸਨ। ਇਸ ਲਈ ਉਹ ਕਿਸੇ ਕੌਲੀ ਵਿੱਚ ਬਰੀਕ ਸੁਰਾਖ ਕਰਕੇ ਉਸ ਵਿੱਚ ਪਾਣੀ ਵਿੱਚ ਰੱਖ ਦਿੰਦੇ ਸਨ। ਜਦੋਂ ਇਹ ਕੌਲੀ ਪਾਣੀ ਵਿੱਚ ਡੁੱਬ ਜਾਂਦੀ ਸੀ ਤਾਂ ਇਸ ਨੂੰ ਉਹ ਇੱਕ ਪਹਿਰ ਕਹਿ ਦਿੰਦੇ ਸਨ। ਜਾਂ ਉਹਨਾਂ ਨੇ ਇਸ ਕੰਮ ਲਈ ਕੱਚ ਦੇ ਇੱਕੋ ਜਿਹੇ ਦੋ ਬਰਤਨਾਂ ਜੁੜਿਆ ਹੁੰਦਾ ਸੀ। ਇਹਨਾਂ ਵਿੱਚੋਂ ਇੱਕ ਰੇਤ ਭਰੀ ਹੁੰਦੀ ਸੀ। ਇਹ ਰੇਤ ਬਾਰੀਕ ਸੁਰਾਖ ਰਾਹੀਂ ਦੂਸਰੇ ਬਰਤਨ ਵਿੱਚ ਲਗਾਤਾਰ ਡਿਗਦੀ ਰਹਿੰਦੀ ਸੀ। ਜਦੋਂ ਸਾਰੀ ਰੇਤ ਡਿੱਗ ਪੈਂਦੀ ਸੀ ਤਾਂ ਉਹ ਇਸਨੂੰ ਸਮੇਂ ਦੀ ਇਕਾਈ ਦੇ ਤੌਰ ਤੇ ਮੰਨ ਲੈਂਦੇ ਸਨ। ਫਿਰ ਉਸ ਬਰਤਨ ਨੂੰ ਉਲਟਾ ਕਰਕੇ ਰੱਖ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਦਿਮਾਗ ਦੀ ਵਰਤੋਂ ਕਰਦੇ ਹੋਏ ਪ੍ਰਾਚੀਨ ਲੋਕਾਂ ਨੇ ਸਮੇਂ ਨੂੰ ਮਾਪਣ ਦੇ ਅਜੀਬ ਢੰਗ ਵਿਕਸਿਤ ਕੀਤੇ ਹੋਏ ਸਨ।