ਮੇਘ ਰਾਜ ਮਿੱਤਰ
ਸਾਡੀ ਧਰਤੀ ਤੇ ਅਨੇਕਾਂ ਸਥਾਨ ਅਜਿਹੇ ਹਨ ਜਿੱਥੇ ਚਾਰ ਪਾਸੇ ਰੇਤਾ ਨਜ਼ਰ ਆਉਂਦਾ ਹੈ। ਸਾਡੇ ਭਾਰਤ ਵਿੱਚ ਰਾਜਸਥਾਨ ਸਭ ਤੋਂ ਵੱਡਾ ਰੇਗਿਸਤਾਨ ਹੈ ਤੇ ਦੁਨੀਆਂ ਦਾ ਸਭ ਤੋਂ ਵੱਡਾ ਮਾਰੂਥਲ ਅਫਰੀਕਾ ਵਿੱਚ ਸਹਾਰਾ ਹੈ। ਇਹ ਰੇਗਿਸਤਾਨ ਲਗਭਗ3200 ਮੀਲ ਲੰਬਾ ਅਤੇ 1100 ਮੀਲ ਚੌੜਾ ਹੈ। ਆਉ ਵੇਖੀਏ ਕਿ ਰੇਗਿਸਤਾਨ ਕਿਉਂ ਹੋਂਦ ਵਿੱਚ ਆਉਂਦੇ ਹਨ।
ਅਸੀਂ ਜਾਣਦੇ ਹਾਂ ਕਿ ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ। ਇਸ ਲਈ ਇਸ ਸਥਾਨ ਦਾ ਵਾਤਾਵਰਨ ਦੂਸਰੇ ਸਥਾਨਾਂ ਦੇ ਮੁਕਾਬਲੇ ਗਰਮ ਹੈ। ਦੁਨੀਆਂ ਦੇ ਬਹੁਤੇ ਰੇਗਿਸਤਾਨ ਇਹਨਾਂ ਥਾਵਾਂ ਤੇ ਹੀ ਸਥਿਤ ਹਨ। ਜਦੋਂ ਹਵਾਵਾਂ ਇੱਕ ਹੀ ਦਿਸ਼ਾਂ ਵੱਲ ਚਲਦੀਆਂ ਰਹਿਣ ਤਾਂ ਇਹ ਉਸ ਇਲਾਕੇ ਦੀ ਨਮੀ ਚੂਸ ਲੈਂਦੀਆਂ ਹਨ। ਸਿੱਟੇ ਵਜੋਂ ਪੌਦੇ ਸੁੱਕ ਜਾਂਦੇ ਹਨ। ਇਹ ਵੀ ਰੇਗਿਸਤਾਨ ਨੂੰ ਪੈਦਾ ਕਰਨ ਵਿੱਚ ਸਹਾਈ ਹੁੰਦਾ ਹੈ। ਜਦੋਂ ਕਿਸੇ ਸਥਾਨ ਦੇ ਇੱਕ ਪਾਸੇ ਸਮੁੰਦਰ ਹੋਵੇ ਤੇ ਵਿਚਕਾਰ ਉੱਚੇ ਪਹਾੜ ਹੋਣ ਤਾਂ ਇਹ ਪਹਾੜ ਸਮੁੰਦਰ ਤੋਂ ਆਉਣ ਵਾਲੀਆਂ ਹਾਵਾਵਾਂ ਨੂੰ ਆਪਣੇ ਵੱਲ ਹੀ ਰੋਕ ਲੈਂਦੇ ਹਨ ਤਾਂ ਉਹਨਾਂ ਪਰਬਤਾਂ ਦੇ ਦੂਸਰੇ ਪਾਸੇ ਵਰਖਾ ਨਹੀਂ ਹੋਵੇਗੀ। ਸਿੱਟੇ ਵਜੋਂ ਅਜਿਹੇ ਇਲਾਕੇ ਵੀ ਮਾਰੂਥਲ ਬਣ ਜਾਂਦੇ ਹਨ। ਅਜਿਹੇ ਖੇਤਰ ਵੀ ਮਾਰੂਥਲ ਬਣ ਸਕਦੇ ਹਨ ਜਿੱਥੇ ਬੱਦਲਾਂ ਨੂੰ ਰੋਕ ਕੇ ਬਰਸਾਤ ਕਰਵਾਉਣ ਲਈ ਪਹਾੜ ਉੱਚੇ ਨਾ ਹੋਣ।