-ਮੇਘ ਰਾਜ ਮਿੱਤਰ
ਮੋਗਾ
31-10-85
ਮੈਂ ਆਪ ਜੀ ਵੱਲੋਂ ਅਨੁਵਾਦ ਕੀਤੀਆਂ ਪੁਸਤਕਾਂ `ਤੇ ਦੇਵ ਪੁਰਸ਼ ਹਾਰ ਗਏ ਅਤੇ ‘‘ਦੇਵ ਦੈਂਤ ਅਤੇ ਰੂਹਾਂ’’ ਪੜ੍ਹੀਆਂ ਹਨ। ਇਕ ਦੋ ਅਖ਼ਬਾਰਾਂ ਵਿਚ ਵੀ ਆਪ ਜੀ ਦੀ ਖ਼ਬਰ ਲੱਗੀ ਹੈ ਕਿ ਆਪ ਨੇ ਭੂਤਾਂ-ਪ੍ਰੇਤਾਂ ਦੀਆਂ ਗੱਲਾਂ ਦਾ ਪਰਦਾ ਫਾਸ਼ ਕੀਤਾ ਹੈ।
ਮੈਂ ਵੀ ਬਹੁਤ ਸਾਲਾਂ ਤੋਂ ਪੇ੍ਰਸ਼ਾਨ ਹਾਂ। ਮੇਰੀ ਜੇਬ ਵਿਚੋਂ, ਜਿੰਦਰੇ ਅੰਦਰੋਂ ਰੁਪਏ ਗਾਇਬ ਹੋ ਜਾਂਦੇ ਹਨ। ਬੜੀ ਭੱਜ ਨੱਠ ਕੀਤੀ ਹੈ। ਪਰ ਕੁਝ ਪੱਲੇ ਨਹੀਂ ਪਿਆ।
ਸਿਆਣੇ ਆਖਦੇ ਹਨ ਕਿ ਇਹ ਕੰਮ ਪ੍ਰੇਤ ਕਰਦਾ ਹੈ। ਪਹਿਲਾਂ ਤਾਂ ਮੈਂ ਯਕੀਨ ਨਹੀਂ ਕਰਦਾ ਸੀ। ਪਰ ਹੁਣ ਮੇਰਾ ਵਿਸ਼ਵਾਸ ਹੁੰਦਾ ਜਾ ਰਿਹਾ ਹੈ ਕਿ ਕੋਈ ਸ਼ਕਤੀ ਹੀ ਇਹ ਕੰਮ ਕਰ ਰਹੀ ਹੈ। ਕੱਲ੍ਹ ਦੀ (1.11.85) ਸ਼ਾਮ 6.30 ਦੀ ਗੱਲ ਹੈ। ਮੈਂ ਆਪਣੀ ਅਲਮਾਰੀ ਵਿਚ ਇਕ ਜਗ੍ਹਾ `ਤੇ 250/-ਅਤੇ ਦੂਜੀ ਜਗ੍ਹਾ `ਤੇ 1000/- ਰੱਖ ਕੇ ਪਿਆ ਸਾਂ। ਚਾਬੀ ਮੇਰੀ ਜੇਬ ਵਿਚ ਹੈ ਅੱਜ ਸਵੇਰੇ ਦੇਖਿਆ ਤਾਂ ਹਜ਼ਾਰ ਵਿਚੋਂ 200/- ਘੱਟ ਅਤੇ 250/- ਬਿਲਕੁਲ ਗਾਇਬ ਸਨ। ਆਪ ਜੇ ਮੇਰੀ ਇਹ ਗੁੰਝਲ ਸੁਲਝਾ ਸਕਦੇ ਹੋ ਤਾਂ ਆਪ ਦੀ ਬੜੀ ਮਿਹਰਬਾਨੀ ਹੋਵੇਗੀ।
ਧੰਨਵਾਦ ਸਹਿਤ।
ਗੁਰਬਖ਼ਸ਼ ਸਿੰਘ
ਇਹ ਸਭ ਗੱਲਾਂ ਅਸਾਧਾਰਣ ਵਿਅਕਤੀਆਂ ਦੁਆਰਾ ਹੀ ਨੀਮ ਬੇਹੋਸ਼ੀ ਦੀ ਹਾਲਤ ਵਿਚ ਹੁੰਦੀਆਂ ਹਨ। ਪਰ ਜਦੋਂ ਇਹ ਵਿਅਕਤੀ ਆਮ ਹਾਲਤ ਵਿਚ ਆ ਜਾਂਦੇ ਹਨ ਤਾਂ ਉਸ ਸਮੇਂ ਇਹਨਾਂ ਦੁਆਰਾ ਖ਼ੁਦ ਹੀ ਕੀਤੀਆਂ ਸ਼ਰਾਰਤਾਂ ਯਾਦ ਨਹੀਂ ਰਹਿੰਦੀਆਂ। ਇਸ ਲਈ ਇਹ ਦੱਸ ਨਹੀਂ ਸਕਦੇ ਕਿ ਉਹਨਾਂ ਨੇ ਪਾਗਲਪਣ ਦੀ ਹਾਲਤ ਵਿਚ ਕੀ ਕੁਝ ਕੀਤਾ ਸੀ। ਭਿੰਨ-ਭਿੰਨ ਸੁਝਾਵਾਂ ਦੀ ਮਦਦ ਨਾਲ ਇਹਨਾਂ ਨੂੰ ਸਾਰੀਆਂ ਘਟਨਾਵਾਂ ਯਾਦ ਕਰਵਾਈਆਂ ਜਾ ਸਕਦੀਆਂ ਹਨ। ਘਟਨਾਵਾਂ ਕਰਦੇ ਸਮੇਂ ਇਹ ਵਿਅਕਤੀ ਬਹੁਤ ਹੀ ਚੌਕੰਨੇ ਹੁੰਦੇ ਹਨ। ਇਹ ਵਿਅਕਤੀ ਕਮਜ਼ੋਰ ਦਿਮਾਗ ਦੇ ਹੁੰਦੇ ਹਨ। ਭਿੰਨ-ਭਿੰਨ ਸੁਝਾਵਾਂ ਰਾਹੀਂ ਇਹਨਾਂ ਨੂੰ ਛੇਤੀ ਹੀ ਹਿਪਨੋਟਾਈਜ਼ ਕੀਤਾ ਜਾ ਸਕਦਾ ਹੈ। ਇਸ ਹਾਲਤ ਵਿਚ ਕੀਤਾ ਵਾਅਦਾ ਅਕਸਰ ਕਾਇਮ ਰਹਿੰਦਾ ਹੈ ਤੇ ਮੁੜ ਘਟਨਾਵਾਂ ਨਹੀਂ ਵਾਪਰਦੀਆਂ। ਸਾਡੀ ਸੁਸਾਇਟੀ ਨੇ ਹੁਣ ਤੱਕ ਤਿੰਨ ਸੌ ਤੋਂ ਵੱਧ ਅਜਿਹੇ ਕੇਸ ਹੱਲ ਕੀਤੇ ਹਨ। ਇਹਨਾਂ ਕੇਸਾਂ ਵਿਚ ਇਕ ਵੀ ਕੇਸ ਅਜਿਹਾ ਨਹੀਂ ਜਿਸ ਵਿਚ ਦੁਬਾਰਾ ਘਟਨਾਵਾਂ ਵਾਪਰੀਆਂ ਹੋਣ।