ਕਾਮੀ ਅਤੇ ਸ਼ਰਾਬੀ ਭੂਤ ਦਾ ਰਹੱਸ ਕਿਵੇਂ ਖੁੱਲਿਆ

-ਮੇਘ ਰਾਜ ਮਿੱਤਰ
ਮੌਜੂਦਾ ਭਾਰਤੀ ਸਮਾਜ ਅਨੇਕਾਂ ਕੁਰੀਤੀਆਂ ਦਾ ਸ਼ਿਕਾਰ ਹੋ ਚੁੱਕਿਆ ਹੈ। ਇਹ ਅਨੇਕਾਂ ਤਬਦੀਲੀਆਂ ਦੀ ਮੰਗ ਕਰਦਾ ਹੈ। ਇਹ ਕੁਰੀਤੀਆਂ ਸਮਾਜ ਦੇ ਹਰ ਵਰਗ ਵਿੱਚਬੁਰੀ ਤਰ੍ਹਾਂ ਘਰ ਕਰ ਚੁੱਕੀਆਂ ਹਨ। ਭੂਤ, ਪ੍ਰੇਤ, ਜਿੰਨ, ਪੌਣ ਆਦਿ ਇਹਨਾਂ ਕੁਰੀਤੀਆਂ ਤੋਂ ਘਬਰਾਏ ਤੇ ਡਰੇ ਮਨੁੱਖ ਦੇ ਦ੍ਰਿਸ਼ਟੀ ਭੁਲੇਖੇ ਹਨ। ਕਈ ਵਾਰ ਇਹ ਮਨੁੱਖ ਸਮਾਜ ਤੋਂ ਬਦਲਾ ਲਊ ਭਾਵਨਾ ਨਾਲ ਅਜਿਹਿਆਂ ਰਹੱਸਮਈ ਕਾਰਵਾਈਆਂ ਕਰਦੇ ਹਨ ਜਿੰਨਾ ਬਾਰੇ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਕੁਝ ਕਾਰਵਾਈਆਂ ਅਜਿਹੀਆਂ ਡਰਾਉਣੀਆਂ ਹੁੰਦੀਆਂ ਹਨ ਕਿ ਸਮੁੱਚੇ ਆਲੇ-ਦੁਆਲੇ ਵਿੱਚ ਦਹਿਸ਼ਤ ਪੈਦਾ ਕਰ ਦਿੰਦੀਆਂ ਹਨ। ਇਹ ਜ਼ਿੰਦਗੀ ਦੇ ਕੋਹਝੇ ਪੱਖਾਂ ਦੇ ਛੁਪੇ ਪਹਿਲੂ ਹੀ ਹੁੰਦੇ ਹਨ। ਇਹ ਪੱਖ ਘੋਰ ਨਿਰਾਸ਼ਤਾ ਵਿੱਚੋਂ ਉਪਜਦੇ ਹਨ। ਘਰ ਵਿੱਚ ਬੱਚੇ ਦੀ ਦੇਖ-ਰੇਖ ਮੁੱਢੋਂ ਹੀ ਇਸ ਢੰਗ ਨਾਲ ਕੀਤੀ ਜਾਂਦੀ ਹੈ ਕਿ ਬਚਪਨ ਤੋ ਹੀ ਕਈ ਡਰ ਤੇ ਵਹਿਮ ਉਸ ਦੇ ਜਿਹਨ ਵਿੱਚ ਉਤਾਰ ਦਿੱਤੇ ਜਾਂਦੇ ਹਨ। ਕਈ ਮਾਨਸਿਕ ਘੁੰਡੀਆਂ ਸਾਰੀ ਉਮਰ ਉਸ ਦੇ ਦਿਮਾਗ ‘ਚੋਂ ਸਾਫ ਨਹੀਂ ਹੁੰਦੀਆਂ। ਕਈ ਵਾਰ ਅਜਿਹੀਆਂ ਕਾਰਵਾਈਆਂ ਕਰ ਰਹੇ ਮਨੁੱਖ ਨੂੰ ਵੀ ਇੰਝ ਲੱਗਣ ਲੱਗ ਪੈਂਦਾ ਹੈ ਕਿ ਇਹ ਕਾਰਵਾਈਆਂ ਉਸ ਤੋਂ ਕਿਸੇ ਬਾਹਰੀ ਦਬਾ ਕਾਰਨ ਕਰਵਾਈਆਂ ਜਾ ਰਹੀਆਂ ਹਨ। ਉਹ ਖੁਦ ਮਹਿਸੂਸ ਕਰਨ ਲੱਗ ਪੈਂਦਾ ਹੈ ਕਿ ਉਸ ਵਿੱਚ ਕੋਈ ਗੈਬੀ ਸ਼ਕਤੀ ਪ੍ਰਵੇਸ਼ ਕਰ ਗਈ ਹੈ। ਇਹ ਮਹਿਜ਼ ਇੱਕ ਭੁਲੇਖਾ ਹੀ ਹੁੰਦਾ ਹੈ। ਕਈ ਵਾਰ ਉਸ ਦੇ ਮਨ ਵਿੱਚ ਪੈ ਗਈ ਗੁੰਝਲ ਦਾ ਕੋਈ ਹੱਲ ਨਹੀਂ ਲਭਦਾ। ਉਹ ਲਗਾਤਾਰ ਮਾਨਸਿਕ ਪੱਖੋਂ ਕਮਜ਼ੋਰ ਹੋਈ ਜਾਂਦਾ ਹੈ। ਘੋਰ ਨਿਰਾਸ਼ਤਾ ਉਸ ਨੂੰ ਨਿਢਾਲ ਕਰ ਸੁਟਦੀ ਹੈ। ਇਸ ਨਿਰਾਸ਼ਤਾ ਕਾਰਨ ਪੈਦਾ ਹੋਏ ਗੁੱਸੇ ਨੂੰ ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਕੱਢਣਾ ਹੁੰਦਾ ਹੈ। ਫਿਰ ਉਹ ਇਹ ਗੁੱਸਾ ਬਦਲਾ ਲਊ ਭਾਵਨਾ ਨਾਲ ਸਮਾਜ ਵਿਰੋਧੀ ਕੁਰੀਤੀਆਂ ਖਿਲਾਫ ਸੇਧਣ ਦੀ ਬਜਾਏ ਆਪਣੇ ਘਰਜਾਂ ਨਜ਼ਦੀਕੀਆਂ ਖਿਲਾਫ ਉਜਾਗਰ ਕਰਦਾ ਹੈ। ਉਹ ਅਨੇਕਾਂ ਰਹੱਸਮਈ ਕਾਰਨਾਮੇ ਕਰਕੇ ਘਰਾਂ ਵਿੱਚ ਦਹਿਸ਼ਤ ਫੈਲਾਉਂਦਾ ਹੈ। ਇਸ ਨਾਲ ਉਸ ਨੂੰ ਡੰਗਟਪਾਊ ਮਾਨਸਿਕ ਤ੍ਰਿਪਤੀ ਮਿਲਦੀ ਹੈ।
ਬੇ-ਰੁਜ਼ਗਾਰੀ, ਭੁਖ ਮਰੀ ਅਤੇ ਅੱਤ ਦੀ ਗਰੀਬੀ ਦਾ ਜਦ ਉਸ ਨੂੰ ਕੋਈ ਹੱਲ ਨਹੀਂ ਦਿਸਦਾ ਤਾਂ ਉਹ ਭੁਲੇਖਾ ਪਾਊ ਰਹੱਸ ਦਾ ਸਹਾਰਾ ਲੈਂਦਾ ਹੈ। ਮਨੋਕਲਪਤ ਗੈਬੀ ਸ਼ਕਤੀਆਂ ਤੋਂ ਆਪਣੀਆਂ ਸਮੱਸਿਆਵਾਂ ਚੁਟਕੀ ਵਿੱਚ ਹੱਲ ਕਰਨੀਆਂ ਲੋਚਦਾ ਹੈ। ਉਸ ਦੀਆਂ ਇਹ ਮਨੋਕਲਪਨਾਵਾਂ ਉਸ ਨੂੰ ਵਹਿਮਾਂ-ਭਰਮਾਂ ਦਾ ਮਰੀਜ਼ ਬਣਾ ਦਿੰਦੀਆਂ ਹਨ। ਅਜੋਕਾ ਸਮਾਜਿਕ ਢਾਂਚਾ ਜੋ ਸਰਮਾਏਦਾਰੀ ਦੇ ਪ੍ਰਛਾਵੇਂ ਅਧੀਨ ਕੰਮ ਕਰ ਰਿਹਾ ਹੈ, ਉਸ ਨੂੰ ਕੁਰਾਹੇ ਪਾਉਣ ਦਾ ਯਤਨ ਕਰਦਾ ਹੈ। ਇਸ ਸਰਮਾਏਦਾਰੀ ਨਿਜਾਮ ਵੱਲੋਂ ਟੇਢੇ ਢੰਗ ਨਾਲ ਉਸ ਵਿੱਚ ਭੈੜੀਆਂ ਵਾਦੀਆਂ ਜਿਵੇਂ ਨਸ਼ਿਆਂ ਦੀ ਵਰਤੋ, ਕਾਮੀ ਉਕਸਾਹਟ ਆਦਿ ਉਤਸ਼ਾਹਿਤ ਕੀਤੀਆਂ ਜਾਂਦੀਆਂ ਹਨ। ਉਹ ਮਾਰੂ ਰੂਚੀਆਂ ਵੱਲ ਪ੍ਰੇਰਤ ਹੋ ਜਾਂਦਾ ਹੈ।
ਹੁੰਦੇ ਨੁਕਸਾਨ ਨੂੰ ਦੇਖਦੇ ਹੋਏ ਜਗਦੀਪ ਦਾ ਸੁਸਾਇਟੀ ਪਾਸ ਆਉਣਾ:
ਅਪ੍ਰੈਲ 1986 ਦੇ ਪੱਧ ਦੇ ਕਰੀਬ ਸਮਰਾਲੇ ਦੇ ਪਿੰਡ ਮਾਦਪੁਰ ਦਾ ਜਗਦੀਪ ਸੁਸਾਇਟੀ ਪਾਸ ਆਇਆ ਅਤੇ ਘਰ ਵਿੱਚ ਹੋ ਰਹੇ ਨੁਕਸਾਨ ਦੇ ਵੇਰਵੇ ਦੇਣ ਲੱਗਾ। ਉਸ ਦਾਭੂਤ ਪ੍ਰੇਤਾਂ ਵਿੱਚ ਪੂਰਨ ਵਿਸ਼ਵਾਸ਼ ਸੀ। ਅਜਿਹਾ ਵਿਅਕਤੀ ਘਰ ਵਿੱਚ ਕਿਸੇ ਵੀ ਮੈਂਬਰ ਤੇ ਸ਼ੱਕ ਨਹੀਂ ਕਰੇਗਾ। ਉਸ ਦੇ ਕਹਿਣ ਅਨੁਸਾਰ ਕੋਈ ਬਾਹਰੀ ਪੌਣ ਉਸ ਦੇ ਘਰ ਵਿੱਚ ਪ੍ਰਵੇਸ਼ ਕਰਕੇ ਉਸ ਦੇ ਘਰ ਦਾ ਬਹੁਤ ਨੁਕਸਾਨ ਕਰਦੀ ਹੈ। ਉਸ ਦੇ ਘਰ ਪੇਟੀਆਂ, ਕੰਧਾਂ, ਮੰਜਿਆਂ ਉਪਰਲੇ ਕੱਪੜੇ ਕੱਟ ਦਿੱਤੇ ਜਾਂਦੇ ਹਨ। ਇੱਥੋਂ ਤੱਕ ਕਿ ਉਣੀ ਜਾ ਰਹੀ ਦਰੀ ਵੀ ਨਹੀਂ ਬਚੀ। ਨਵੇਂ ਸੀਤੇ ਤੇ ਅਣਸੀਤੇ ਸੂਟ ਵੀ ਕੱਟੇ ਗਏ ਹਨ। ਕਈ ਵਾਰ ਰਾਤ ਅਚਾਨਕ ਦਰਵਾਜ਼ੇ ਵੀ ਖੜਕਦੇ ਹਨ। ਰੋੜੇ ਵੀ ਡਿੱਗਦੇ ਹਨ। ਉਹ ਡਰਿਆ, ਘਬਰਾਇਆ ਤੇ ਸਹਿਮਿਆ ਲੱਗ ਰਿਹਾ ਸੀ।
ਸੁਸਾਇਟੀ ਦੇ ਮੈਂਬਰਾਂ ਨੇ ਉਸ ਪਾਸ ਪੁੱਜਣ ਦਾ ਦਿਨ ਨਿਸ਼ਚਿਤ ਕਰ ਲਿਆ। ਉਸਨੂੰ ਇਹ ਵੀ ਕਿਹਾ ਗਿਆ ਕਿ ਉਹ ਹੁਣ ਘਰ ਵਿੱਚ ਪੂਰਾ ਖਿਆਲ ਰੱਖੇ ਕਿ ਕਿਤੇ ਕੋਈ ਵਿਅਕਤੀ ਘਰੋਂ ਹੀ ਅਜਿਹੀਆਂ ਕਾਰਵਾਈਆਂ ਨਾ ਕਰ ਰਿਹਾ ਹੋਵੇ। ਉਹ ਪੂਰਾ ਧਿਆਨ ਰੱਖੇ ਅਤੇ ਜਿਸ ਦਿਨ ਸੁਸਾਇਟੀ ਦੇ ਮੈਂਬਰਾਂ ਪੁੱਜਣਾ ਹੈ ਘਰ ਦਾ ਕੋਈ ਵਿਅਕਤੀ ਬਾਹਰ ਨਾ ਜਾਵੇ
ਦੋ ਮੈਂਬਰੀ ਟੀਮ ਦਾ ਮਾਦਪੁਰ ਪੁੱਜਣਾ: ਮੈਂ ਤੇ ਸਾਥੀ ਮੇਘ ਰਾਜ ਪਿੱਤਰ ਨਿਸ਼ਚਿਤ ਦਿਨ 19-7-86 ਨੂੰ ਮਾਦਪੁਰ ਪੁੱਜ ਗਏ। ਜਗਦੀਪ ਤੋਂ ਪੁੱਛਿਆ ਗਿਆ ਕਿ ਹੁਣ ਕੋਈ ਘਟਨਾ ਵਾਪਰੀ ਹੈ। ਕੀ ਉਸ ਨੇ ਪੂਰਾ ਧਿਆਨ ਵੀ ਰੱਖਿਆ। ਉਸ ਦਾ ਜਵਾਬ ਸੀ ਕਿ ਉਹ ਪੂਰਾ ਸੁਚੇਤ ਰਿਹਾ ਪਰ ਫਿਰ ਵੀ ਕੰਧਾਂ ਉਪਰਲੇ ਕੱਪੜੇ ਕੱਟੇ ਗਏ ਹਨ। ਸਗੋਂ ਉਹ ਇਸੇ ਗੱਲ ਤੇ ਦ੍ਰਿੜ ਸੀ ਕਿ ਕੋਈ ਗੈਬੀ ਸ਼ਕਤੀ ਹੀ ਅਜਿਹਾ ਕਰ ਰਹੀ ਹੈ ਕੋਈ ਵਿਅਕਤੀ ਨਹੀ। ਜਦ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਕਿਸੇ ਸਿਆਣੇ ਦੀ ਵੀ ਸਲਾਹ ਲਈ ਹੈ ਤਾਂ ਉਸ ਦਾ ਉੱਤਰ ਸੀ ਕਿ ਕਈਆਂ ਪਾਸ ਗਏ ਹਾਂ ਤੇ ਉਹ ਕਹਿੰਦੇ ਹਨ ਕਿ ਕਾਲੀ ਮੁਰਗੀ ਦੇ ਲਹੂ ਦਾ ਘਰ ਵਿੱਚ ਟੂਣਾ ਕੀਤਾ ਗਿਆ ਹੈ। ਜੌਂ ਅਤੇ ਕਣਕ ਦੇ ਭੁੱਜੇ ਦਾਣੇ ਵੀ ਨਾਲ ਹੀ ਖਿਲਾਰੇ ਗਏ ਹਨ। ਕਈ ਪੰਡਤਾਂ ਨੇ ਵੀ ਇਹੋ ਕਿਹਾ ਹੈ। ਮਕਾਲੇ ਦੇ ਸਿਆਣੇ ਨੇ ਇਸ ਭੂਤ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਅਸਮਰਥ ਰਿਹਾ। ਪਿੰਡ ਦੇ ਸਿਆਣੇ ਦੇ ਤਬੀਤ ਨੇ ਵੀ ਕੋਈ ਅਸਰ ਨਾ ਕੀਤਾ।
ਪਰਿਵਾਰ ਦਾ ਵੇਰਵਾ: ਜਗਦੀਪ ਤੇ ਹਰਜੀਤ ਦੋਵੇਂ ਭਰਾ ਇਕੱਠੇ ਸਨ। ਦੋਵਾਂ ਦੇ ਬੱਚੇ ਵੀ ਕਾਫੀ ਵੱਡੇ ਸਨ। ਦੋਵਾਂ ਦੀਆਂ ਘਰਵਾਲੀਆਂ ਸਕੀਆਂ ਭੈਣਾਂ ਸਨ। ਜਗਦੀਪ ਲਗਭਗ 40 ਸਾਲ ਦਾ ਸੀ ਅਤੇ ਹਰਜੀਤ 47 ਸਾਲ ਦੇ ਲਗਭਗ ਸੀ। ਹਰਜੀਤ ਦੀਆਂ ਦੋ ਲੜਕੀਆਂ ਮੈਟਰਿਕ ਪਾਸ ਸਨ ਅਤੇ ਇੱਕ ਨੌਵੀਂ ਵਿੱਚ ਪੜਦੀ ਸੀ ਦੂਸਰੀ ਦਸਵੀਂ ਵਿੱਚ। ਲੜਕਾ ਅੱਠਵੀਂ ਕਲਾਸ ਦਾ ਵਿਦਿਆਰਥੀ ਸੀ। ਜਗਦੀਪ ਦੀ ਵੱਡੀ ਲੜਕੀ ਨੌਵੀਂ ਕਲਾਸ ਵਿੱਚ ਪੜਦੀ ਸੀ। ਲੜਕਾ ਅੱਠਵੀਂ ਵਿੱਚ ਅਤੇ ਛੋਟੀ ਲੜਕੀ ਛੇਵੀਂ ਕਲਾਸ ਦੀ ਵਿਦਿਆਰਥਣ ਸੀ। ਜਗਦੀਪ ਦੀ ਬਜੁਰਗ ਮਾਂ ਵੀ ਅਜੇ ਜਿਉਂਦੀ ਸੀ।
ਸੁਸਾਇਟੀ ਵਲੋਂ ਕੇਸ ਦੀ ਪੜਤਾਲ: ਘਰ ਦੇ ਸਭ ਮੈਂਬਰਾਂ ਨੂੰ ਇਕੱਲੇ-ਇਕੱਲੇ ਬੁਲਾ ਕੇ ਪੁੱਛ ਗਿੱਛ ਕੀਤੀ ਗਈ। ਹਰੇਕ ਮੈਂਬਰ ਨੂੰ ਹਦਾਇਤ ਸੀ ਕਿ ਉਹ ਸੱਚ ਬੋਲੇ ਅਤੇ ਫਿਰ ਹੀ ਇਲਾਜ ਸੰਭਵ ਹੋਵੇਗਾ। ਘਰ ਵਿੱਚ ਇੱਕੋ ਕੈਂਚੀ ਸੀ ਜੋ ਆਮ ਤੌਰ ਤੇ ਜਗਦੀਪ ਦੀ ਘਰਵਾਲੀ ਦੀ ਸਲਾਈ ਮਸ਼ੀਨ ਵਿੱਚ ਰੱਖੀ ਹੁੰਦੀ ਸੀ। ਕੇਵਲ ਉਹ ਹੀ ਕੱਪੜੇ ਸਿਉਣ ਦਾ ਕੰਮ ਕਰਦੀ ਸੀ। ਘਰ ਵਿੱਚ ਇੱਕ ਲੜਕੀ ਦਾ ਸਿਰ ਦੁਖਣ ਦੀ ਸ਼ਿਕਾਇਤ ਦਾ ਵੀ ਮੁਤਾਲਿਆ ਕੀਤਾ ਗਿਆ। ਇੱਕ ਵਾਰ ਤਾਂ ਸੁਸਾਇਟੀ ਮੈਂਬਰ ਵੀ ਸ਼ਸ਼ੋਪੰਜ ਵਿੱਚ ਪੈ ਗਏ ਕਿਉਂਿਕ ਘਰ ਵਿੱਚ ਕੋਈ ਵੀ ਅਜਿਹਾ ਮਰੀਜ ਨਹੀਂ ਲਗਦਾ ਸੀ।
ਘਰ ਦੇ ਵੱਖ-ਵੱਖ ਮੈਂਬਰਾਂ ਤੋਂ ਆਏ ਵੇਰਵੇ ਵਾਰ-ਵਾਰ ਪੜਤਾਲੇ ਗਏ ਅਤੇ ਅਖੀਰ ਭੂਤ ਕਾਬੂ ਆ ਗਿਆ। ਜਦ ਪੜਤਾਲ ਇਸ ਗੱਲ ਤੇ ਪੁੱਜੀ ਕਿ ਜੇ ਘਰ ਵਿੱਚ ਕੋਈ ਵੱਧ ਖਰਾਬੀ ਕਰਦਾ ਹੈ ਤਾਂ ਘਰ ਦਾ ਮੁਖੀ ਹਰਜੀਤ ਹੀ ਹੈ। ਉਹ ਸ਼ਰਾਬ ਪੀ ਕੇ ਕਈ ਵਾਰ ਗੰਦੀਆਂ ਗਾਲਾਂ ਵੀ ਕੱਢਦਾ ਹੈ। ਆਪੇ ਹੀ ਕਹਿਣ ਲੱਗ ਜਾਂਦਾ ਹੈ ਕਿ ਮੈਨੂੰ ਕਸਰ ਹੁੰਦੀ ਹੈ। ਇਤਨਾ ਹੀ ਨਹੀਂ ਉਸ ਦੇ ਪਿੰਡ ਦੀ ਕਿਸੇ ਮਕਾਰ ਔਰਤ ਨਾਲ ਨਜ਼ਾਇਜ ਸਬੰਧਾਂ ਦਾ ਵੀ ਵੇਰਵਾ ਆਇਆ। ਅਸਲ ਗੱਲ ਇਹ ਸੀ ਕਿ ਘਰ ਜਵਾਨ ਧੀਆਂ ਹੋਣ ਕਰਕੇ ਉਸ ਨੂੰ ਆਪਣੀ ਕਾਮ ਤ੍ਰਿਪਤੀ ਦਾ ਕੋਈ ਮੌਕਾ ਨਹੀਂ ਲਗਦਾ ਸੀ। ਇਸੇ ਕਾਰਨ ਉਹ ਬਾਹਰ ਇਸ ਇਸਤਰੀ ਕੋਲ ਜਾਣ ਲੱਗ ਪਿਆ। ਇਹ ਇਸਤਰੀ ਇਤਨੀ ਚਲਾਕ ਤੇ ਮਕਾਰ ਸੀ ਕਿ ਵੱਖ-ਵੱਖ ਥਾਵਾਂ ਤੇ ਜਾ ਕੇ ਟੂਣੇ ਟਾਮਣਾ ਵਿੱਚ ਰੁੱਝੀ ਰਹਿੰਦੀ। ਹਰਜੀਤ ਨੂੰ ਬੱਸ ਵਿੱਚ ਕਰਕੇ ਉਹ ਉਸ ਦੀ ਘਰੇਲੂ ਹਾਲਤ ਦਾ ਫਾਇਦਾ ਉਠਾਉਂਦੀ। ਇੱਕ ਤਾਂ ਉਸ ਦੀ ਉਕਸਾਹਟ ਦੂਸਰਾ ਮਾਨਸਿਕ ਕਮਜੋਰੀ ਉਸ ਤੋਂ ਅਜਿਹੀਆਂ ਕਾਰਵਾਈਆਂ ਕਰਵਾਉਂਦੀ ਸੀ।
ਕੱਪੜੇ ਕੱਟਣ ਦਾ ਅਨੋਖਾ ਢੰਗ: ਆਮ ਤੌਰ ਤੇ ਉਹ ਕੱਪੜੇ ਸ਼ਰਾਬੀ ਹਾਲਤ ਵਿੱਚ ਕੱਟਦਾ। ਕੈਂਚੀ ਚੁਕਦਾ ਥਰਕਦੇ ਕੰਬਦੇ ਹੱਥਾਂ ਨਾਲ ਨਿੱਕੇ-ਨਿੱਕੇ ਕੱਟ ਲਾਉਂਦਾ ਜਿਸ ਤਰ੍ਹਾਂ ਕਿਸੇ ਅਨਜਾਣ ਦਾ ਕੱਟ-ਵਰਕ ਦਾ ਕੰਮ ਕੀਤਾ ਹੋਇਆ ਹੋਵੇ। ਅਜਿਹਾ ਕਰਦੇ ਸਮੇਂ ਉਹ ਬਹੁਤ ਹੀ ਚੁਸਤੀ ਤੋਂ ਕੰਮ ਲੈਂਦਾ ਤਾਂ ਕਿ ਕੋਈ ਦੇਖ ਨਾ ਸਕੇ। ਚੂਹੇ ਵਾਂਗ ਉਹ ਕੱਪੜੇ ਕੁਤਰ-ਕੁਤਰ ਰੱਖ ਦਿੰਦਾ। ਕਦੇ ਕੰਸਾਂ ਦਾਅ ਥੱਲੇ ਆ ਗਈਆਂ, ਕਦੇ ਦਰੀ ਤੇ ਕਦੇ ਅਣਸੀਤੇ ਸੂਟ, ਕਦੇ ਸੀਤੇ ਸੂਟ। ਕੈਂਚੀ ਦਾ ਕੱਟ ਸਿੱਧਾ ਜਾਣ ਦੀ ਬਜਾਏ ਦੰਦੇ ਛੱਡਦਾ ਜਾਂਦਾ। ਕੱਪੜੇ ਕੱਟਣ ਤੋਂ ਪਹਿਲਾਂ ਅਤੇ ਬਾਅਦ ਉਹ ਘਬਰਾ ਜਾਂਦਾ ਅਤੇ ਕਈ ਵਾਰ ਗਰਮੋਂ ਗਰਮੀ ਹੋਇਆ ਸਿਰ ਵੀ ਮਾਰਨ ਲੱਗ ਜਾਂਦਾ। ਕਈ ਵਾਰ ਸ਼ਰਾਬੀ ਹਾਲਤ ਵਿੱਚ ਉਸ ਨੂੰ ਬਾਹਰੋਂ ਚੁੱਕ ਕੇ ਵੀ ਲਿਆਂਦਾ ਗਿਆ। ਸਰੀਰਕ ਪੱਖੋਂ ਉਹ ਕਾਫੀ ਮਜ਼ੁਬੂਤ, ਤਕੜਾ ਅਤੇ ਸਿਹਤਮੰਦ ਲਗਦਾ ਸੀ। ਸਿਆਣੀ ਉਮਰ ਦਾ ਹੋਣ ਕਾਰਨ ਇਸ ਉੱਪਰ ਸ਼ੱਕ ਕਰਨਾ ਤਾਂ ਬਹੁਤ ਹੀ ਮੁਸ਼ਕਲ ਲਗਦਾ ਸੀ। ਫਿਰ ਜਦੋਂ ਘਰ ਵਿੱਚ ਉਸ ਦੀ ਪੁੱਛ ਗਿੱਛ ਵੀ ਚੰਗੀ ਸੀ ਤੇ ਉਹ ਮੁਖੀ ਸੀ। ਆਰਥਿਕ ਪੱਖੋਂ ਵੀ ਪਰਿਵਾਰ ਠੀਕ ਸੀ।
ਭੂਤ ਪਕੜਿਆ ਕਿਸ ਤਰ੍ਹਾਂ: ਸਭ ਤੋਂ ਅਖੀਰ ਤੇ ਪੁੱਛ ਪੜਤਾਲ ਲਈ ਹਰਜੀਤ ਨੂੰ ਬੁਲਾਇਆ ਗਿਆ। ਉਹ ਜਿਉਂ ਹੀ ਕੁਰਸੀ ਤੇ ਆ ਕੇ ਬੈਠਾ ਉਬਾਸੀਆਂ ਲੈਣ ਲੱਗ ਪਿਆ। ਜਿਉਂ ਹੀ ਉਸ ਤੋਂ ਉਬਾਸੀਆਂ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਉਸ ਥਿੜਕਦੇ ਹੋਏ ਕਿਹਾ, “ਮੈਂ ਸੌਂ ਗਿਆ ਸੀ, ਤੇ ਸੁੱਤਾ ਉਠ ਕੇ ਆਇਆ ਹਾਂ। ” ਫਿਰ ਮੁੜ ਤੁਰੰਤ ਕਿਹਾ ਕਿ ਮੈਂ ਅਸਲੋਂ ਡਾਕਟਰ ਦੀ ਦਵਾਈ ਲਈ ਹੈ। ਉਸ ਦਾ ਸਾਰਾ ਸ਼ਰੀਰ ਪਸੀਨੋ-ਪਸੀਨੀ ਹੋਇਆ ਪਿਆ ਸੀ। ਜਦ ਉਸ ਦੇ ਨਜਾਇਜ਼ ਸਬੰਧਾਂ ਤੇ ਗੱਲ ਆਈ ਤਾਂ ਉਹ ਅਸਲੋਂ ਬਿਲਕੁਲ ਹੀ ਥਿੜਕ ਗਿਆ। ਫਿਰ ਕਹਿਣ ਲੱਗਾ ਕਿ ਉਸ ਨੇ ਸਾਲ ਪਹਿਲਾਂ ਮੈਨੂੰ ਇੱਕ ਦੁੱਧ ਦਾ ਗਿਲਾਸ ਪਿਲਾਇਆ ਸੀ ਉਸ ਤੋਂ ਬਾਅਦ ਮੇਰੇ ਬੱਸ ਨਹੀਂ ਰਿਹਾ। ਪਰ ਅਜਿਹਾ ਉਸ ਦੀ ਕਾਮ ਸਬੰਧੀ ਕਮਜ਼ੋਰੀ ਕਾਰਨ ਸੀ। ਇਸ ਕਮਜ਼ੋਰੀ ਨੂੰ ਵਰਤ ਕੇ ਉਹ ਔਰਤ ਉਸ ਤੋਂ ਅਜਿਹੇ ਕੰਮ ਕਰਵਾਉਂਦੀ ਸੇ।
ਅਖੀਰ ਭੂਤ ਸਿੱਧਾ ਹੋ ਗਿਆ: ਅਖੀਰ ਤੇ ਜਿਉਂ ਹੀ ਉਸ ਉੱਤੇ ਸਵਾਲਾਂ ਦੀ ਵਾਛੜ ਹੋਣ ਲੱਗੀ ਤਾਂ ਉਹ ਬੁਰੀ ਤਰ੍ਹਾਂ ਘਬਰਾ ਗਿਆ। ਅਸੀਂ ਉਸ ਦੇ ਸਾਰੇ ਭੇਦ ਗੁਪਤ ਰੱਖਣ ਦੀ ਤਸੱਲੀ ਦਵਾਈ ਤੇ ਉਸ ਨੇ ਸਾਰਾ ਵੇਰਵਾ ਸਾਫ-ਸਾਫ ਦੱਸ ਦਿੱਤਾ। ਉਸ ਦੇ ਡੌਲੇ ਉੱਪਰ ਬੰਨਿਆ ਪਿੰਡ ਦੇ ਸਿਆਣੇ ਦਾ ਤਬੀਤ ਲਾਹ ਕੇ ਅਸੀਂ ਨਾਲ ਲੈ ਆਏ ਅਤੇ ਉਸ ਨੂੰ ਅਜਿਹਾ ਨਾ ਕਰਨ ਤੋਂ ਵਰਜਿਆ ਗਿਆ।
ਪਰਿਵਾਰ ਨੂੰ ਸੰਬੋਧਨ ਕਰਨਾ: ਸਾਥੀ ਮੇਘ ਰਾਜ ਪਿੱਤਰ ਪ੍ਰਧਾਨ ਰੈਸ਼ਨਲਿਸਟ ਸੁਸਾਇਟੀ ਨੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭੂਤ-ਪ੍ਰੇਤ ਨਾਂ ਦੀ ਕੋਈ ਚੀਜ਼ ਨਹੀ। ਸਰੀਰਕ ਸ਼ਕਤੀ ਬਿਨਾਂ ਕੋਈ ਸ਼ੈ ਤੁਰ ਫਿਰ ਨਹੀਂ ਸਕਦੀ। ਰਾਖ ਬਣ ਚੁੱਕੇ ਮਨੁੱਖ ਆਤਮਾਵਾਂ ਦੇ ਰੂਪ ਵਿੱਚ ਕਦੇ ਵੀ ਵਾਪਸ ਨਹੀਂ ਆ ਸਕਦੇ ਨਾ ਹੀ ਕੋਈ ਅਜਿਹੀ ਕਾਰਵਾਈ ਕਰ ਸਕਦੇ ਹਨ। ਜੇ ਕੋਈ ਅਜਿਹਾ ਸ਼ਖਸ ਹੋਵੇ ਜੋ ਭੂਤ-ਪ੍ਰੇਤ ਦਿਖਾ ਸਕੇ ਜਾਂ ਬਿਨਾਂ ਹੱਥ ਲਾਏ ਕਿਸੇ ਵਸਤੂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਬਦਲ ਦੇਵੇ ਤਾਂ ਸੁਸਾਇਟੀ ਉਸ ਨੂੰ 100000 ਰੁਪਏ ਦਾ ਇਨਾਮ ਦੇਵੇਗੀ। ਲੋਕਾਂ ਨੂੰ ਗੈਬੀ ਸ਼ਕਤੀ ਦੇ ਦਾਅਵੇਦਾਰਾਂ ਦੇ ਚੁੰਗਲ’ ਚੋਂ ਨਿਕਲਣ ਦੀ ਪ੍ਰੇਰਨਾ ਦਿੱਤੀ। ਪਰਿਵਾਰ ਨੂੰ ਵਿਗਿਆਨਕ ਤੇ ਤਰਕਵਾਦੀ ਲੀਹਾਂ ਤੇ ਚੱਲਣ ਲਈ ਕਿਹਾ।

Back To Top