ਸਮੁੰਦਰੀ ਕਿਨਾਰੇ ਉੱਤੇ ਸ਼ੂਟਿੰਗ…(14)

ਮੇਘ ਰਾਜ ਮਿੱਤਰ

ਪਹਿਲੀ ਕਿਸ਼ਤ ਲਈ ਉਨ੍ਹਾਂ ਨੇ ਅੱਗ ਵਾਲੇ ਟ੍ਰਿੱਕਾਂ ਨੂੰ ਹੀ ਚੁਣਿਆ ਅਤੇ ਅਸੀਂ ਬੀਜ਼ਿੰਗ ਤੋਂ ਸੱਠ ਕਿਲੋਮੀਟਰ ਦੀ ਦੂਰੀ ਉੱਤੇ ਵਸੇ ਇੱਕ ਸ਼ਹਿਰ ਵੱਲ ਚੱਲ ਪਏ। ਸੜਕਾਂ ਬਹੁਤ ਹੀ ਸਾਫ ਸੁਥਰੀਆਂ ਸੀ। ਬਹੁਤੀਆਂ ਬਿਲਡਿੰਗਾਂ ਬਹੁ-ਮੰਜ਼ਿਲੀ ਇਮਾਰਤਾਂ ਸਨ। ਗੱਡੀਆਂ 110-115 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਜਾ-ਆ ਰਹੀਆਂ ਸਨ। ਕਿਤੇ ਵੀ ਕੋਈ ਵੱਡੀ ਭੀੜ ਨਜ਼ਰ ਨਹੀਂ ਆ ਰਹੀ ਸੀ। ਪੁਲਾਂ ਤੋਂ ਲੰਘਣ ਲਈ ਵੱਡੀ ਫੀਸ ਵਸੂਲੀ ਜਾ ਰਹੀ ਸੀ। ਕਾਰ ਦਾ ਵੀ ਟਿਕਟ ਚਾਲੀ-ਪੰਜਾਹ ਰੁਪਏ ਤੋਂ ਘੱਟ ਨਹੀਂ ਸੀ। ਮਿਥੇ ਪ੍ਰੋਗਰਾਮ ਅਨੁਸਾਰ ਅਸੀਂ ਠੀਕ ਸਮੇਂ ਸਿਰ ਸਟੂਡੀਓ ਵਿੱਚ ਪਹੁੰਚ ਗਏ। ਇਹ ਇੱਕ ਬਹੁਤ ਵੱਡੇ ਹੋਟਲ ਦਾ ਵੇਹੜਾ ਸੀ। ਇਸ ਵਿੱਚ ਵੀ ਸਾਡੇ ਲਈ ਕਮਰੇ ਬੁੱਕ ਕਰਵਾਏ ਹੋਏ ਸਨ। ਕਿਤੇ-ਕਿਤੇ ਬਹੁਤ ਸਾਰੀਆਂ ਥਾਵਾਂ `ਤੇ ਚੀਨੀ ਭਾਸ਼ਾ ਵਿੱਚ ਕੁਝ ਸ਼ਬਦ ਲਿਖੇ ਹੋਏ ਸਨ ਜਿਨ੍ਹਾਂ ਦੀ ਸਮਝ ਸਾਨੂੰ ਉੱਕਾ ਨਹੀਂ ਪੈਂਦੀ ਸੀ। ਇੱਕ ਦੋ ਥਾਵਾਂ `ਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਸ਼ਬਦ ਜ਼ਰੂਰ ਪੜ੍ਹੇ ਸਨ ਪਰ ਇਹ ਸ਼ਬਦ ਜਾਂ ਵਾਕ ਗਲਤ ਹੀ ਸਨ, ਜੋ ਚੀਨੀਆਂ ਦੀ ਅੰਗਰੇਜ਼ੀ ਪ੍ਰਤੀ ਅਰੁਚੀ ਨੂੰ ਦਰਸਾ ਰਹੇ ਸਨ।
ਇੱਥੇ ਹੋਰਨਾਂ ਤੋਂ ਇਲਾਵਾ ਸਾਨੂੰ ਚੀਨ ਦੀ ਰਾਜਧਾਨੀ ਬੀਜ਼ਿੰਗ ਵਿੱਚ ਕੰਮ ਕਰ ਰਹੇ ਤਰਕਸ਼ੀਲਾਂ ਦੀ ਜਥੇਬੰਦੀ ਦੇ ਕੁਝ ਅਹੁਦੇਦਾਰਾਂ ਨੂੰ ਮਿਲਾਇਆ ਗਿਆ, ਜਿਨ੍ਹਾਂ ਵਿੱਚ ਇਸ ਜਥੇਬੰਦੀ ਦੇ ਪ੍ਰਧਾਨ ਸ਼ੀਮਾ ਨੈਣ ਵੀ ਸ਼ਾਮਿਲ ਸਨ। ਇੱਥੇ ਜਗਦੇਵ ਵੱਲੋਂ ਅੱਗ ਨਾਲ ਸਬੰਧਿਤ ਟ੍ਰਿੱਕ ਹੀ ਦਿਖਾਏ ਗਏ। ਉਨ੍ਹਾਂ ਨੇ ਇੱਕ ਅਜਿਹੇ ਵਿਹੜੇ ਵਿੱਚ, ਜਿਸ ਦੇ ਤਿੰਨ ਪਾਸੇ ਵਰਾਂਡਾ ਬਣਿਆ ਹੋਇਆ ਸੀ, ਆਪਣੇ ਕੈਮਰੇ ਫਿੱਟ ਕੀਤੇ ਹੋਏ ਸਨ। ਇਸ ਐਪੀਸੋਡ ਵਿੱਚ ਉਨ੍ਹਾਂ ਨੇ ਮੈਨੂੰ ਮੁੱਖ-ਮਹਿਮਾਨ ਬਣਾਇਆ ਹੋਇਆ ਸੀ। ਇਸੇ ਕੜੀ ਦੇ ਇਸ ਤੋਂ ਪਹਿਲਾਂ ਵਾਲੇ ਐਪੀਸੋਡ ਵਿੱਚ ਸੰਸਾਰ ਦਾ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਮੁੱਖ ਮਹਿਮਾਨ ਸੀ। ਉਨ੍ਹਾਂ ਨੇ ਮੇਰੀ ਜਾਣ-ਪਹਿਚਾਣ ਕਰਵਾਈ ਅਤੇ ਦੱਸਿਆ ਕਿ ਕਿਵੇਂ ਭਾਰਤ ਵਿੱਚ ਤਰਕਸ਼ੀਲਾਂ ਦੀ ਇੱਕ ਵੱਡੀ ਜਥੇਬੰਦੀ ਕੰਮ ਕਰ ਰਹੀ ਹੈ ਜਿਸਦਾ ਆਧਾਰ ਹੀ ਜਨਤਕ ਹੈ। ਇਸ ਤੋਂ ਬਾਅਦ ਮਿਸਟਰ ਸੂਈ ਨੇ ਜਿਹੜਾ ਕਿ ਚੀਨ ਦੇ ਵਧੀਆ ਫਿਲਮੀ ਐਕਟਰਾਂ ਵਿੱਚੋਂ ਇੱਕ ਹੈ, ਸ਼ੀਮਾ ਨੈਣ ਦੀ ਜਾਣ-ਪਹਿਚਾਣ ਕਰਵਾਈ। ਮਿਸਟਰ ਸੂਈ ਦਾ ਲੋਕਾਂ ਵਿੱਚ ਹਰਮਨ ਪਿਆਰਾ ਹੋਣ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਉਹ ਜਾਂਦਾ ਹੈ ਉੱਥੇ ਹਜ਼ਾਰਾਂ ਵਿਅਕਤੀ ਉਸ ਤੋਂ ਹਸਤਾਖਰ ਲੈਣ ਲਈ ਲਾਈਨਾਂ ਬਣਾ ਲੈਂਦੇ ਹਨ।
ਇੱਥੇ ਅਸੀਂ ਲੋਕਾਂ ਨੂੰ ਵਿਖਾਇਆ ਕਿ ਭਾਰਤ ਵਿੱਚ ਕੁਝ ਪਾਖੰਡੀ ਅੱਗ ਦੇ ਉੱਪਰ ਕਿਵੇਂ ਤੁਰਦੇ ਹਨ। ਇਸ ਕੰਮ ਲਈ ਅਸੀਂ 50 ਕਿਲੋ ਕੋਲਾ ਮੰਗਵਾਇਆ ਅਤੇ ਲਗਭਗ 10-12 ਫੁੱਟ ਲੰਬਾ ਅਤੇ ਦੋ ਫੁੱਟ ਚੌੜਾ ਇੱਕ ਕੱਚੇ ਕੋਲੇ ਦਾ ਬੈੱਡ ਤਿਆਰ ਕੀਤਾ। ਇਸ ਅੱਗ ਉੱਪਰੋਂ ਪਹਿਲਾਂ ਜਗਦੇਵ ਨੇ ਦੋ-ਤਿੰਨ ਚੱਕਰ ਲਗਾਏੇ। ਫਿਰ ਉਸ ਉੱਤੋਂ ਦੀ ਕਈ ਦਰਜਨ ਚੀਨੀ ਕੁੜੀਆਂ ਅਤੇ ਮੁੰਡਿਆਂ ਨੂੰ ਲੰਘਾਇਆ ਗਿਆ। ਬੀਜ਼ਿੰਗ ਦੀ ਤਰਕਸ਼ੀਲ ਜਥੇਬੰਦੀ ਦੇ ਪ੍ਰਧਾਨ ਸ਼੍ਰੀ ਸ਼ੀਮਾ ਨੈਣ ਵੀ ਚੱਕਰ ਕੱਟਣ ਲੱਗੇ ਪਰ ਉਨ੍ਹਾਂ ਨੇ ਚੀਨੀਆਂ ਨੂੰ ਵਿਖਾਉਣ ਲਈ ਆਪਣੀ ਗਤੀ ਥੋੜ੍ਹੀ ਜਿਹੀ ਧੀਮੀ ਕਰ ਦਿੱਤੀ। ਸਿੱਟੇ ਵਜੋਂ ਉਨ੍ਹਾਂ ਦੇ ਪੈਰ ਹੀ ਸੜ ਗਏ। ਜਿੰਨੀ ਦੇਰ ਅਸੀਂ ਬੀਜ਼ਿੰਗ ਵਿੱਚ ਰਹੇ ਉਨ੍ਹਾਂ ਨੂੰ ਵ੍ਹੀਲ-ਚੇਅਰ ਉੱਪਰ ਰਹਿੰਦੇ ਹੋਏ ਹੀ ਸਾਡਾ ਸਾਥ ਦੇਣਾ ਪਿਆ।
ਅਗਲੇ ਟ੍ਰਿੱਕ ਵਿੱਚ ਉਬਲਦੇ ਹੋਏ ਤੇਲ ਵਿੱਚ ਹੱਥ ਪਾਇਆ ਗਿਆ। ਜਗਦੇਵ ਅਤੇ ਸ਼ੀਮਾ ਨੈਣ ਸਮੇਤ ਬਹੁਤ ਸਾਰੇ ਸਾਥੀਆਂ ਨੇ ਇੰਝ ਕੀਤਾ। ਇਸ ਕੰਮ ਲਈ ਨਿੰਬੂਆਂ ਦੀ ਵਰਤੋਂ ਵੀ ਕੀਤੀ ਗਈ ਪਰ ਚੀਨੀ ਨਿੰਬੂਆਂ ਦਾ ਆਕਾਰ ਭਾਰਤੀ ਨਿੰਬੂਆਂ ਦੇ ਮੁਕਾਬਲੇ ਕਿਤੇ ਵੱਡਾ ਸੀ। ਇਸੇ ਕੜੀ ਨੂੰ ਹੋਰ ਅੱਗੇ ਤੋਰਦਿਆਂ ਜਗਦੇਵ ਨੇ ਬਲ਼ਦੇ ਹੋਏ ਸੰਗਲਾਂ ਨੂੰ ਠੰਢਾ ਕੀਤਾ।
ਸਾਡਾ ਮੰਤਵ ਸਿਰਫ ਟੈਲੀਵਿਜ਼ਨ `ਤੇ ਟ੍ਰਿੱਕ ਵਿਖਾਉਣਾ ਹੀ ਨਹੀਂ ਸੀ, ਸਗੋਂ ਉੱਥੋਂ ਦੀ ਜਨਤਾ ਅਤੇ ਤਰਕਸ਼ੀਲਾਂ ਨੂੰ ਇਨ੍ਹਾਂ ਟ੍ਰਿੱਕਾਂ ਦੀ ਟਰੇਨਿੰਗ ਦੇਣਾ ਵੀ ਸੀ। ਇੰਝ ਕਰਦੇ ਹੋਏ ਅਸੀਂ ਉੱਥੋਂ ਬਹੁਤ ਕੁਝ ਸਿੱਖਿਆ ਵੀ ਤੇ ਸਿਖਾਇਆ ਵੀ। ਸਿੱਕਾ ਗਰਮ ਕਰਨਾ, ਨਾਰੀਅਲ ਵਿੱਚੋਂ ਅੱਗ ਪ੍ਰਗਟ ਕਰਨਾ, ਮੂੰਹ ਵਿੱਚੋਂ ਲਾਟਾਂ ਪ੍ਰਗਟ ਕਰਨਾ, ਅੱਖਾਂ `ਤੇ ਪੱਟੀ ਬੰਨ੍ਹ ਕੇ ਮੋਟਰ-ਸਾਈਕਲ ਚਲਾਉਣਾ, ਇਹ ਸੱਭੇ ਅਜਿਹੇ ਟ੍ਰਿੱਕ ਸਨ ਜਿਹੜੇ ਅਸੀਂ ਉਹਨਾਂ ਤੋਂ ਸਿੱਖੇ ਅਤੇ ਉਨ੍ਹਾਂ ਸਿਖਾਏ।
ਇਨ੍ਹਾਂ ਟ੍ਰਿੱਕਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਅਸੀਂ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਪੰਜਾਬ ਦੇ ਬਹੁਤ ਸਾਰੇ ਪਾਖੰਡੀ ਸਾਧ ਮੰਤਰਾਂ ਦੇ ਜਾਪ ਰਾਹੀਂ ਅਗਨੀ ਪ੍ਰਗਟ ਕਰ ਦਿੰਦੇ ਹਨ। ਭਾਰਤ ਦੀ ਰਹਿ ਚੁੱਕੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਵੀ ਧਰਿੰਦਰ ਬ੍ਰਹਮਚਾਰੀ ਨਾਂ ਦੇ ਇੱਕ ਵੱਡੇ ਪਾਖੰਡੀ ਨੇ ਮੰਤਰਾਂ ਦੇ ਜਾਪ ਦਾ ਬਹਾਨਾ ਬਣਾਉਂਦੇ ਹੋਏ ਅਗਨੀ ਪ੍ਰਗਟ ਕਰਨ ਦੀ ਪ੍ਰਕਿਰਿਆ ਰਾਹੀਂ ਲੁੱਟ ਹੀ ਲਿਆ ਸੀ। ਇਸ ਟ੍ਰਿੱਕ ਵਿੱਚ ਲੁਕਵੇਂ ਢੰਗ ਰਾਹੀਂ ਕੁਝ ਲਾਲ ਦਵਾਈ ਪਹਿਲਾਂ ਹੀ ਮਿਲਾਈ ਹੁੰਦੀ ਹੈ। ਫਿਰ ਦੇਸੀ ਘਿਓ ਪਾਉਣ ਦੇ ਬਹਾਨੇ ਕੁਝ ਗਲਾਈਸ੍ਰੀਨ ਹਵਨ ਵਿੱਚ ਪਾ ਦਿੱਤੀ ਜਾਂਦੀ ਹੈ। ਲਾਲ ਦਵਾਈ ਅਤੇ ਗਲਾਈਸ੍ਰੀਨ ਦੀ ਰਸਾਇਣਿਕ ਕਿਰਿਆ ਰਾਹੀਂ ਅਗਨੀ ਪ੍ਰਗਟ ਹੋ ਜਾਂਦੀ ਹੈ।
ਉਪਰੋਕਤ ਟ੍ਰਿੱਕ ਵਿਖਾਉਣ ਅਤੇ ਸਿਖਾਉਣ ਤੋਂ ਬਾਅਦ ਜਗਦੇਵ ਨੇ ਅਗਨੀ-ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ। ਲੋਹੇ ਦੀ ਸਿਲਾਈ ਨਾਲ ਬੰਨ੍ਹੇ ਹੋਏ ਕੱਪੜੇ ਨੂੰ ਮਿੱਟੀ ਦੇ ਤੇਲ ਵਿੱਚ ਡੁਬੋਇਆ ਗਿਆ ਅਤੇ ਫਿਰ ਇਸਨੂੰ ਅੱਗ ਲਾ ਕੇ ਆਪਣੀਆਂ ਬਾਹਾਂ ਅਤੇ ਛਾਤੀ `ਤੇ ਫੇਰਿਆ ਗਿਆ। ਇਸ ਤੋਂ ਬਾਅਦ ਉਸ ਨੇ ਮੁਸ਼ਕ-ਕਾਫੂਰ ਦੇ ਕੁਝ ਟੁਕੜੇ ਲਏੇ। ਇਨ੍ਹਾਂ ਨੂੰ ਅੱਗ ਲਾ ਕੇ ਆਪਣੇ ਹੱਥਾਂ `ਤੇ ਉਛਾਲਦਾ ਰਿਹਾ। ਅਗਲੀ ਵਾਰੀ ਰੂੰ ਦੇ ਮਿੱਟੀ ਦੇ ਤੇਲ ਵਿੱਚ ਡੁਬੋਏ ਹੋਏ ਟੁਕੜਿਆਂ ਦੀ ਸੀ। ਇਸ ਤਰ੍ਹਾਂ ਉਹ ਅੱਗ ਖਾ ਕੇ ਵਿਖਾਉਂਦਾ ਰਿਹਾ। ਉਸਨੇ ਇੱਕ ਚੀਨੀ ਲੜਕੀ ਨੂੰ ਮੇਜ਼ `ਤੇ ਬਿਠਾਇਆ ਅਤੇ ਉਸਦੇ ਸਿਰ ਉੱਤੇ ਹੀ ਚਾਹ ਬਣਾ ਕੇ ਵਿਖਾ ਦਿੱਤੀ। ਇਸ ਕੜੀ ਦਾ ਆਖਰੀ ਟ੍ਰਿੱਕ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਮੋਟਰ-ਸਾਈਕਲ ਚਲਾਉਣ ਦਾ ਸੀ। ਵਿਹੜਾ ਛੋਟਾ ਹੋਣ ਕਰਕੇ ਅਤੇ ਉਸ ਵਿੱਚ ਲੱਗੇ ਫੁੱਲਾਂ ਅਤੇ ਘਾਹ ਨੂੰ ਨਸ਼ਟ ਹੋਣੋਂ ਬਚਾਉਣ ਲਈ ਅਸੀਂ ਮੋਟਰ-ਸਾਈਕਲ ਦੀ ਬਜਾਏ ਸਾਈਕਲ ਚਲਾਉਣ ਦਾ ਹੀ ਫੈਸਲਾ ਲਿਆ ਕਿਉਂਕਿ ਅਸੀਂ ਇਹ ਸਾਰਾ ਕੁਝ ਉਨ੍ਹਾਂ ਨੂੰ ਹੀ ਸਿਖਾਉਣਾ ਸੀ। ਇਸ ਲਈ ਸਾਈਕਲ ਚਲਾਉਣ ਵਾਲੇ ਲੜਕੇ ਦੀ ਚੋਣ ਵੀ ਚੀਨੀਆਂ ਵਿੱਚੋਂ ਇੱਕ ਦੀ ਕਰ ਲਈ ਗਈ। ਇਸ ਤਰ੍ਹਾਂ ਪੂਰੀ ਤਰ੍ਹਾਂ ਸਫਲਤਾਪੂਰਵਕ ਅਤੇ ਤਾੜੀਆਂ ਦੀ ਗੜਗੜਾਹਟ ਵਿੱਚ ਅਸੀਂ ਇਹ ਕਿਸ਼ਤ ਪੂਰੀ ਕਰ ਦਿੱਤੀ। ਇਸ ਤੋਂ ਬਾਅਦ ਚੀਨੀ ਸਾਨੂੰ ਆਪਣੇ ਰੈਸਟੋਰੈਂਟ ਵਿੱਚ ਲੈ ਗਏ। ਜਿੱਥੇ ਸੈਂਕੜੇ ਕਿਸਮ ਦੇ ਪਕਵਾਨ ਸਾਨੂੰ ਉਡੀਕ ਰਹੇ ਸਨ। ਕੁਝ ਚੀਨੀ ਮਠਿਆਈਆਂ ਸਾਨੂੰ ਪਹਿਲੀ ਵਾਰ ਨਜ਼ਰੀਂ ਆਈਆਂ। ਰਾਤੀਂ ਲੱਗਭਗ 9 ਵਜੇ ਦੇ ਕਰੀਬ ਅਸੀਂ ਆਪਣੇ ਹੋਟਲ ਵਿੱਚ ਵਾਪਸ ਪੁੱਜ ਗਏ। ਅਸੀਂ ਆਪਣੇ ਘਰਾਂ ਨੂੰ ਫੋਨ ਮਿਲਾਏ, ਰਾਜ਼ੀ ਖੁਸ਼ੀ ਪੁੱਛੀ ਤੇ ਇਸ ਸਭ ਬਾਰੇ ਵੀ ਸੂਚਨਾ ਦਿੱਤੀ।

Back To Top