– ਮੇਘ ਰਾਜ ਮਿੱਤਰ
ਟਿਕਲੇ ਨੇ ਦੱਸਿਆ ਕਿ ਇਹਨਾਂ ਚੀਜ਼ਾਂ ਦਾ ਧੂੰਆਂ ਜ਼ਹਿਰੀਲਾ ਹੁੰਦਾ ਹੈ ਅਤੇ ਇਹ ਵਿਅਕਤੀ ਦੇ ਸਿਰ ਨੂੰ ਚਕਰਾਉਣ ਲਾ ਦਿੰਦਾ ਹੈ। ਇਹ ਹੀ ਕਾਰਨ ਹੈ ਕਿ ਭੂਤਾਂ ਕੱਢਣ ਵਾਲੇ ਆਮ ਤੌਰ ਤੇ ਬਹੁਤਾ ਧੂੰਆ ਕਰਦੇ ਹਨ। ਧੂੰਆਂ ਦਿਮਾਗ ਨੂੰ ਹਿਲਾ ਦਿੰਦਾ ਹੈ ਅਤੇ ਵਿਅਕਤੀ ਆਪਣਾ ਸਿਰ ਘੁਮਾਉਣ ਲੱਗ ਜਾਂਦਾ ਹੈ। ਅਤੇ ਕਿਹਾ ਜਾਂਦਾ ਹੈ ਕਿ ਸਬੰਧਿਤ ਵਿਅਕਤੀ ਵਿਚ ਅਸਰ ਆ ਗਿਆ ਹੈ।  ਕਿਉਂਕਿ ਅਸਰ ਵਾਲੇ ਵਿਅਕਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੁੰਦੀ ਇਸ ਲਈ ਉਹ ਸੁਆਲਾਂ ਦਾ ਜੁਆਬ ਉਘੜੇ ਦੁਘੜੇ ਢੰਗ ਨਾਲ ਦੇਣ ਲੱਗ ਜਾਂਦਾ ਹੈ। ਸੱਚਾਈ ਇਹ ਹੈ ਕਿ ਉਸ ਵਿਅਕਤੀ ਨੂੰ ਖੁਦ ਹੀ ਪਤਾ ਨਹੀਂ ਹੁੰਦਾ ਕਿ ਉਹ ਕੀ ਬੋਲ ਰਿਹਾ ਹੈ। ਇਹ ਹੀ ਗੁਪਤ ਭੇਦ ਹੈ ਜਿਸ ਰਾਹੀਂ ਅਸਰ ਵਾਲੇ ਵਿਅਕਤੀ ਨੂੰ ਬੁਲਾਇਆ ਜਾਂਦਾ ਹੈ। ਥੋੜੇ ਜਿਹੇ ਅਭਿਆਸ ਨਾਲ ਹੀ ਕੋਈ ਵੀ ਵਿਅਕਤੀ ਇਸ ਭੂਤਾਂ ਕੱਢਣ ਦੇ ਢੰਗ ਨੂੰ ਚੰਗੀ ਤਰ੍ਹਾਂ ਸਿੱਖ ਸਕਦਾ ਹੈ।
ਮੈਂ ਪਹਿਲਾਂ ਹੀ ਟਿਕਲੇ ਦੇ ਭੂਤਾਂ ਕੱਢਣ ਦੇ ਢੰਗ ਨੂੰ ਵੇਖ ਚੁੱਕਿਆ ਸੀ। ਹੁਣ ਮੈਂ ਉਸਦੀ ਦੇਖ ਭਾਲ ਅਧੀਨ ਇਸ ਆਉਣ ਵਾਲੀ ਪ੍ਰਦਰਸ਼ਨੀ ਲਈ ਕਾਫੀ ਤਿਆਰੀ ਕੀਤੀ। ਮੈਂ ਲੜਕੀ ਵਿੱਚੋਂ ਭੂਤ ਕੱਢਣ ਵਾਲੇ ਸਿਆਣੇ ਦਾ ਕੰਮ ਕਰਨਾ ਸੀ।
ਮੇਰਾ ਮਰੀਜ਼ ਮੈਥੋਂ 3-4 ਫੁੱਟ ਦੀ ਦੂਰੀ ਤੇ ਬੈਠ ਗਿਆ। ਉਸਨੂੰ ਚੌਂਕੜੀ ਮਾਰ ਕੇ ਬੈਠਣ ਲਈ ਕਿਹਾ ਗਿਆ ਅਤੇ ਉਸਨੇ ਆਪਣੇ ਹੱਥ ਜ਼ਮੀਨ ਨਾਲ ਅੱਗੇ ਵੱਲ ਰੱਖਣੇ ਸਨ। ਸਾਡੇ ਦੋਹਾਂ ਦੇ ਵਿਚਕਾਰ ਸੱਤ ਕਿਸਮ ਦੇ ਅਨਾਜ ਦੀਆਂ ਸੱਤ ਢੇਰੀਆਂ ਲਵਾਈਆਂ ਗਈਆਂ ਸਨ। ਇਹਨਾਂ ਢੇਰੀਆਂ ਬਾਰੇ ਦੱਸਿਆ ਗਿਆ ਕਿ ਇਹ ਵੱਖ-ਵੱਖ ਕਿਸਮ ਦੇ ਸੱਤ ਭੂਤਾਂ ਦੀਆਂ ਢੇਰੀਆਂ ਹਨ। ਕਿਹਾ ਜਾਂਦਾ ਸੀ ਕਿ ਭੂਤ ਦੇ ਅਸਰ ਵਾਲੇ ਵਿਅਕਤੀ ਦੇ ਹੱਥ ਉਸ ਖਾਸ ਢੇਰੀ ਨੂੰ ਸਪੱਰਸ਼ ਕਰਨਗੇ ਜਿਸ ਕਿਸਮ ਦੀ ਭੂਤ ਉਸ ਵਿਅਕਤੀ ਵਿਚ ਹੋਵੇਗੀ।
ਇਸ ਤਰ੍ਹਾਂ ਭੂਤ ਕੱਢਣ ਵਾਲੇ ਨੇ ਇਹ ਦੱਸਣਾ ਸੀ ਕਿ ਅਸਰ ਵਾਲੇ ਵਿਅਕਤੀ ਵਿਚ ਜਿੰਨ, ਚੁੜੇਲ, ਕੁਚੀਲ ਜਾਂ ਬ੍ਰਹਮਰਾਖਸ਼ ਹੈ? ਫਿਰ ਪੂਜਾ ਭੂਤ ਦੀ ਹੈਸੀਅਤ ਅਨੁਸਾਰ ਕਰਨੀ ਸੀ। ਭੂਤ ਕੱਢਣ ਵਾਲੇ ਵਿਅਕਤੀ ਨੇ ਸਪੱਗਰੀ ਅਤੇ ਆਪਣਾ ਮੇਹਨਤਾਨਾ ਇਸ ਦੇ ਆਧਾਰ ਤੇ ਹੀ ਵਸੂਲ ਕਰਨਾ ਸੀ।
                        
                        
                        
                        
                        
                        
                        
                        
                        
		