– ਮੇਘ ਰਾਜ ਮਿੱਤਰ
ਇਸ ਲਿਖਾਰੀ ਨੇ ਭੂਤਾਂ-ਪ੍ਰੇਤਾਂ ਦੀ ਖੋਜ ਵਿਚ ਆਪਣੀ ਜ਼ਿੰਦਗੀ ਦੇ ਕਈ ਸਾਲ ਬਰਬਾਦ ਕੀਤੇ ਹਨ। ਇਹ ਭੂਤਾਂ-ਪ੍ਰੇਤਾਂ ਨੂੰ ਭਜਾਉਣਾ ਸਿੱਖਣ ਵਾਸਤੇ ਬਹੁਤ ਸਾਰੇ ਚੇਲਿਆਂ ਤੇ ਸਿਆਣਿਆਂ ਪਿੱਛੇ ਦੌੜਿਆ ਹੈ। ਇਸ ਭੱਜ ਦੌੜ ਵਿਚ ਉਸ ਨੇ ਜੋ ਕੁਝ ਲਿਖਿਆ ਹੈ ਉਹ ਦਿਲਚਸਪ ਹੀ ਨਹੀਂ ਸਗੋਂ ਇਸ ਧੋਖੇ ਵਾਲੇ ਪਾਖੰਡ ਦੇ ਪਰਦੇ ਵੀ ਫਾਸ਼ ਕਰਦਾ ਹੈ।
ਭੂਤਾਂ, ਪ੍ਰੇਤਾਂ, ਸ਼ੈਤਾਨਾਂ ਅਤੇ ਬੁਰੀਆਂ ਆਤਮਾਵਾਂ ਤੋਂ ਖਹਿੜਾ ਛੁਡਾਉਣ ਵਾਲੀ ਵਿੱਦਿਆ ਅਤੇ ਕਾਲਾ ਜਾਦੂ ਅੱਜ ਵੀ ਭਾਰਤੀਆਂ ਦੀ ਜ਼ਿੰਦਗੀ ਤੇ ਆਪਣਾ ਪ੍ਰਭਾਵ ਪਾ ਰਿਹਾ ਹੈ। ਭਾਵੇਂ ਵਿੱਦਿਆ ਦੇ ਪਸਾਰੇ ਨਾਲ ਇਹ ਅੰਧ-ਵਿਸ਼ਵਾਸ ਦਿਨੋਂ ਦਿਨ ਘਟ ਰਹੇ ਹਨ ਪਰ ਫਿਰ ਲੱਖਾਂ ਹੀ ਵਿਅਕਤੀ ਅਜਿਹੇ ਹਨ ਜਿਹੜੇ ਅਜੇ ਵੀ ਤੰਤਰਿਕਾਂ, ਔਲੀਆਂ, ਓਝਿਆਂ, ਚੇਲਿਆਂ, ਸਿਆਣਿਆਂ ਅਤੇ ਅਖੌਤੀ ਬਾਬਿਆਂ ਵਿਚ ਅਟੁੱਟ ਵਿਸ਼ਵਾਸ ਰੱਖਦੇ ਹਨ। ਅਖੌਤੀ ਚਮਤਕਾਰਾਂ ਦਾ ਇਹ ਖੇਤਰ ਬਹੁਤ ਹੀ ਦਿਲਚਸਪ ਹੈ।
1950 ਵਿਚ ਪੱਧ ਪ੍ਰਦੇਸ਼ ਦੇ ਭਿੰਡਵਾਲਾ ਕਸਬੇ ਵਿਖੇ ਮੇਰੀ ਜਾਣ ਪਹਿਚਾਨ ਇਕ ਤਾਂਤਰਿਕ ਜਿਸ ਦਾ ਨਾਂ ਟਿਕਲੇ ਸੀ ਨਾਲ ਕਰਵਾਈ ਗਈ। ਮੈਨੂੰ ਦੱਸਿਆ ਗਿਆ ਕਿ ਇਹ ਤਾਂਤਰਿਕ ਆਪਣੇ ਕਿੱਤੇ ਵਿਚ ਪੂਰੀ ਤਰ•ਾਂ ਨਿਪੁੰਨ ਹੈ ਅਤੇ ਇਸ ਦਾ ਬਾਪ ਵੀ ਇਹ ਕੰਮ ਹੀ ਕਰਦਾ ਸੀ। ਇਹ ਦਾਅਵਾ ਕੀਤਾ ਜਾਂਦਾ ਸੀ ਕਿ ਉਸ ਨੇ ਮੰਤਰਾਂ ਦੇ ਜਾਪ ਰਾਹੀਂ ਦੈਵੀ ਸ਼ਕਤੀ ਕਾਬੂ ਕੀਤੀ ਹੋਈ ਹੈ। ਤੰਤਰਿਕ ਨੇ ਮੈਨੂੰ ਆਪ ਦੱਸਿਆ ਕਿ ਉਸ ਨੇ ਇਕ ਗੁਜਰਾਤੀ ਜਾਦੂਗਰ ਤੋਂ ਵਿੱਦਿਆ ਹਾਸਲ ਕੀਤੀ ਹੈ। ਤੰਤਰਿਕ ਅਤੇ ਮੈਂ ਹਰ ਸ਼ਾਮ ਨੂੰ ਘੁੰਮਣ ਲਈ ਜਾਂ ਕਿਸੇ ਫਿਲਮ ਵੇਖਣ ਲਈ ਨਿਕਲ ਜਾਂਦੇ। ਉਸ ਨਾਲ ਨੇੜਤਾ ਵਧਾ ਕੇ ਇੱਕ ਦਿਨ ਮੈਂ ਉਸ ਨੂੰ ਭੂਤ ਵਿੱਦਿਆ ਸਿੱਖਣ ਦੀ ਆਪਣੀ ਇੱਛਾ ਜ਼ਾਹਰ ਕੀਤੀ। ਪਰੰਤੂ ਉਸ ਨੇ ਕੋਈ ਹੁੰਗਾਰਾ ਨਾ ਭਰਿਆ। ਪਰੰਤੂ ਮੈਂ ਉਸ ਨੂੰ ਬਹੁਤ ਸਾਰੀ ਫੂਕ ਛਕਾਉਣ ਤੋਂ ਬਾਅਦ ਆਖਰ ਰਜ਼ਾਮੰਦ ਕਰ ਹੀ ਲਿਆ।
ਮੁਸਲਮਾਨੀ ਮੰਤਰ –
ਉਸ ਨੇ ਮੈਨੂੰ ਇਕ ਮੁਸਲਮਾਨੀ ਮੰਤਰ ਸਭ ਤੋਂ ਪਹਿਲਾਂ ਲਿਖਵਾਇਆ। ਉਸ ਨੇ ਦੱਸਿਆ ਕਿ ਭਾਰਤੀ ਦੇਵੀਆਂ, ਦੇਵਤੇ, ਭੂਤਾਂ ਅਤੇ ਆਤਮਾਵਾਂ ਮੁਸਲਮਾਨੀ ਮੰਤਰਾਂ ਤੋਂ ਬਹੁਤ ਡਰਦੇ ਹਨ। ਇਕ ਵੀ ਅਜਿਹੀ ਭੂਤ ਨਹੀਂ ਜਿਸ ਨੂੰ ਮੁਸਲਮਾਨੀ ਮੰਤਰ ਨਾਲ ਭਜਾਇਆ ਨਾ ਜਾ ਸਕਦਾ ਹੋਵੇ। ਮੁਸਲਮਾਨੀ ਮੰਤਰ ਥੋੜ•ੇ ਸਮੇਂ ਵਿਚ ਹੀ ਸਿੱਖੇ ਜਾ ਸਕਦੇ ਹਨ ਜਦ ਕਿ ਹਿੰਦੂ ਮੰਤਰਾਂ ਨੂੰ ਯਾਦ ਕਰਨਾ ਔਖਾ ਹੁੰਦਾ ਹੈ।
ਉਸ ਨੇ ਮੈਨੂੰ ਘਰ ਵਿਚ ਇਕ ਪਿੱਟੀ ਦੀ ਕਬਰ ਬਣਾ ਕੇ ਉਸ ਨੂੰ ਹਰੇ ਕੱਪੜੇ ਨਾਲ ਢੱਕਣ ਲਈਂ ਕਿਹਾ ਅਤੇ ਮੈਂ ਉਸ ਤੇ ਰੋਜ਼ ਧੂਫ਼ ਬੱਤੀ ਕਰਨੀ ਵੀ ਸ਼ੁਰੂ ਕਰ ਦਿੱਤੀ। ਇਸ ਤਰ•ਾਂ ਇਹ ਕਬਰ ਬਣਾਉਣ ਤੋਂ ਬਾਅਦ ਮੈਂ ਦਿਨ ਵਿਚ ਅੱਠ ਵਾਰ ਮੰਤਰ ਪੜਨਾ ਸੀ।
ਇਹ ਮੰਤਰ ਮੈਂ 21 ਦਿਨ ਪੜਨੇ ਸਨ। ਉਸ ਨੇ ਮੈਨੂੰ ਵਿਸ਼ਵਾਸ ਦਵਾਇਆ ਸੀ ਕਿ 21ਵੇਂ ਦਿਨ ਭੂਰੀ ਦਾਹੜੀ ਵਾਲਾ ਅਤੇ ਚਿੱਟੀ ਪੁਸ਼ਾਕ ਵਾਲਾ ਬੁੱਢਾ ਆਦਮੀ ਮੈਨੂੰ ਸੁਫਨੇ ਵਿਚ ਵਿਖਾਈ ਦੇਵੇਗਾ। ਪੀਰ ਸਾਹਿਬ ਦੇ ਮੇਰੇ ਵੱਸ ਵਿਚ ਹੋਣ ਦੀ ਇਹ ਪੱਕੀ ਨਿਸ਼ਾਨੀ ਹੋਵੇਗੀ।
ਜਿਵੇਂ ਹਦਾਇਤ ਦਿੱਤੀ ਗਈ ਸੀ ਮੈਂ 21 ਦਿਨ ਇਹ ਰਸਮਾਂ ਪੂਰੀ ਇਮਾਨਦਾਰੀ ਨਾਲ ਨਿਭਾਈਆਂ ਅਤੇ 21ਵੇਂ ਦਿਨ ਮੈਂ ਪੀਰ ਸਾਹਿਬ ਬਾਰੇ ਸੋਚਦਾ ਹੀ ਮੰਜੇ ਵਿਚ ਸੌਂ ਗਿਆ ਅਤੇ ਉਸੇ ਰਾਤ ਪੀਰ ਸਾਹਿਬ ਮੈਨੂੰ ਸੁਫਨੇ ਵਿਚ ਮਿਲ ਗਏ।
ਅਗਲੀ ਸਵੇਰ ਟਿਕਲੇ ਨੇ ਐਲਾਨ ਕਰ ਦਿੱਤਾ ਕਿ ਹੁਣ ਤੇਰੀ ਮੰਤਰਾਂ ਵਿੱਚ ਮੁਹਾਰਤ ਹੋ ਗਈ ਅਤੇ ਤੂੰ ਦੁਨੀਆਂ ਦੀਆਂ ਸਭ ਤੋਂ ਸ਼ਕਤੀਸ਼ਾਲੀ ਭੂਤਾਂ ਨੂੰ ਵੀ ਕਾਬੂ ਵਿਚ ਕਰ ਸਕਦਾ ਹੈਂ। ਕੁਝ ਦਿਨਾਂ ਬਾਅਦ ਹੀ ਮੈਨੂੰ ਆਪਣੀ ਮੁਹਾਰਤ ਨੂੰ ਪਰਖਣ ਦਾ ਇਕ ਚੰਗਾ ਮੌਕਾ ਵੀ ਮਿਲ ਗਿਆ।
ਮੇਰਾ ਗੁਰੂ ਆਪਣੇ ਸਿਆਣਪ ਦੇ ਕੰਮ ਵਿਚ ਇਲਾਕੇ ਵਿਚ ਮੰਨਿਆ ਪ੍ਰਮੰਨਿਆ ਸੀ। ਇਕ ਦਿਨ ਇਕ ਆਦਮੀ ਉਸ ਡੇਰੇ ਵਿਚ ਆਇਆ ਤੇ ਬੇਨਤੀ ਕੀਤੀ ਕਿ ਉਸ ਦੀ ਲੜਕੀ ਦਾ ਭੂਤ ਤੋਂ ਖਹਿੜਾ ਛੁਡਵਾਇਆ ਜਾਵੇ। ਟਿਕਲੇ ਨੇ ਉਸ ਵਿਅਕਤੀ ਨੂੰ ਮੇਰੇ ਬਾਰੇ ਦੱਸਿਆ ਕਿ “ਉਹ ਬੰਗਾਲੀ ਜਾਦੂ ਜਾਣਦਾ ਹੈ ਅਤੇ ਮੈਂ ਉਸ ਨੂੰ ਲੈ ਕੇ ਤੁਹਾਡੇ ਘਰ ਆਵਾਂਗਾ। ”
ਉਸ ਆਦਮੀ ਦੇ ਜਾਣ ਤੋਂ ਬਾਅਦ ਟਿਕਲੇ ਨੇ ਮੈਨੂੰ ਇਸ ਕਿੱਤੇ ਬਾਰੇ ਬਹੁਤ ਸਾਰੇ ਗੁਪਤ ਭੇਦ ਦੱਸੇ।
ਗੁਪਤ ਭੇਦ–
ਉਸਨੇ ਕਿਹਾ, “ਇਸ ਕਿੱਤੇ ਵਿਚ ਸਿਰਫ ਮਾਨਸਿਕ ਪ੍ਰਭਾਵ ਹੀ ਹੁੰਦਾ ਹੈ ਜੋ ਆਪਣਾ ਅਸਰ ਵਿਖਾਉਂਦਾ ਹੈ। ਇਸ ਲਈ ਭੂਤਾਂ ਨੂੰ ਕੱਢਣ ਵਾਲੇ ਵਿਅਕਤੀ ਦੀ ਹਰ ਗੱਲ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਉਸਦੀ ਪੁਸ਼ਾਕ ਨੂੰ ਹੀ ਲਉ। ਜੇ ਤੁਸੀਂ ਕੋਟ ਪੈਂਟ ਪਾ ਕੇ ਚਲੇ ਜਾਓ ਨਾ ਤਾਂ ਇਹ ਵੇਖਣ ਵਾਲਿਆਂ ਤੇ ਹੀ ਪ੍ਰਭਾਵ ਪਵੇਗਾ ਅਤੇ ਨਾ ਹੀ ਜਿਸ ਵਿਅਕਤੀ ਵਿਚੋਂ ਤੁਸੀਂ ਭੂਤ ਕੱਢਣੀ ਹੈ ਉਸ ਤੇ ਆਪਣਾ ਅਸਰ ਵਿਖਾਵੇਗਾ। ਇਸ ਲਈ ਤੁਹਾਡੀ ਪੁਸ਼ਾਕ ਜ਼ਰੂਰ ਹੀ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ”
“ਤਾਜ਼ਾ ਮੁੰਨਿਆ ਹੋਇਆ ਅਤੇ ਤੇਲ ਨਾਲ ਚੋਪੜਿਆ ਹੋਇਆ ਸਿਰ, ਇਕ ਹੱਥ ਵਿਚ ਚਿਮਟਾ ਦੂਜੇ ਵਿਚ ਖੋਪੜੀ ਵੱਧ ਪ੍ਰਭਾਵ ਪਾਉਂਦੀਆਂ ਹਨ। ਜੇ ਇਹ ਸੰਭਵ ਨਾ ਹੋਵੇ ਤਾਂ ਗੋਡਿਆਂ ਤੋਂ ਹੇਠਾਂ ਤੱਕ ਲਮਕਦਾ ਕਮੀਜ਼ ਅਤੇ ਕਮਰ ਦੁਆਲੇ ਇਕ ਲੂੰਗੀ ਜ਼ਰੂਰ ਪਹਿਣ ਲੈਣੀ ਚਾਹੀਦੀ ਹੈ ਅਤੇ ਥੋੜ•ਾ ਜਿਹਾ ਸੰਧੂਰ ਵੀ ਲਾ ਲੈਣਾ ਚਾਹੀਦਾ ਹੈ। ਆਪਣੀ ਬਾਂਹ ਵਿਚ 5-6 ਕੜੇ ਪਾ ਲੈਣੇ ਚਾਹੀਦੇ ਹਨ ਅਤੇ ਗਲ ਵਿਚ 5-6 ਮਾਲਾ ਪਾ ਲੈਣੀਆਂ ਚਾਹੀਦੀਆਂ ਹਨ। ਚੰਗਾ ਹੋਏ ਜੇ ਤੁਸੀਂ ਆਪਣੀਆਂ ਬਾਹਾਂ ਤੇ ਕੁਝ ਤਬੀਤ ਵੀ ਬੰਨ ਲਵੋ। ਇਹ ਸਾਰਾ ਕੁਝ ਨਾਸਤਿਕਾਂ ਤੇ ਵੀ ਪ੍ਰਭਾਵ ਪਾ ਸਕਦਾ ਹੈ। ”
“ਇਸ ਤੋਂ ਅਗਲਾ ਕੰਮ ਇਹ ਕਰੋ ਕਿ ਵੱਧ ਤੋਂ ਵੱਧ ਮਾਤਰਾ ਵਿਚ ਗੁੱਗਲ ਤੇ ਧੂਫ਼ ਜਲਾਓ ਤਾਂ ਜੋ ਮਾਹੌਲ ਕਾਫੀ ਸਾਰਾ ਧੂੰਅੇ ਵਾਲਾ ਹੋ ਜਾਵੇ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਬਹੁਤਾ ਧੂੰਆ ਭੂਤ ਦੇ ਅਸਰ ਵਾਲੇ ਵਿਅਕਤੀ ਦੇ ਕੋਲ ਕੀਤਾ ਜਾਵੇ ਤਾਂ ਜੋ ਉਹ ਲਗਾਤਾਰ ਧੂੰਏ ਵਿਚ ਸਾਹ ਲੈਂਦਾ ਰਹੇ। ”