– ਮੇਘ ਰਾਜ ਮਿੱਤਰ
ਅਸੀਂ ਜਾਣਦੇ ਹਾਂ ਕਿ ਬ੍ਰਹਿਮੰਡ ਵਿੱਚ ਸਾਰੀਆਂ ਘਟਨਾਵਾਂ ਵਿਗਿਆਨ ਦੇ ਖਾਸ ਨਿਯਮਾਂ ਅਨੁਸਾਰ ਵਾਪਰ ਰਹੀਆਂ ਹਨ। ਭਾਵੇਂ ਬਹੁਤੇ ਵਿਗਿਆਨ ਦੇ ਨਿਯਮਾਂ ਦੀ ਖੋਜ ਹੋ ਚੁੱਕੀ ਹੈ ਪਰ ਅਜੇ ਵੀ ਕਾਫੀ ਨਿਯਮਾਂ ਦੀ ਖੋਜ ਹੋਣੀ ਬਾਕੀ ਹੈ। ਵਿਗਿਆਨੀ ਇਹ ਮੰਨ ਕੇ ਅਗਾਂਹ ਵਧ ਰਹੇ ਹਨ ਕਿ ਕੁਦਰਤ ਦੇ ਨਿਯਮਾਂ ਨੂੰ ਜਾਣ ਕੇ ਹੀ ਕੁਦਰਤ ਦੇ ਹੋਰ ਨਿਯਮਾਂ ਰਾਹੀਂ ਇਹਨਾਂ ਨੂੰ ਉਲਟੀ ਦਿਸ਼ਾ ਵਿੱਚ ਚਲਾਇਆ ਜਾ ਸਕਦਾ ਹੈ। ਵਿਗਿਆਨ ਦੀ ਇਸ ਤਰੱਕੀ ਨੂੰ ਵੇਖ ਕੇ ਕੁਝ ਲੋਕਾਂ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਉਹ ਆਪਣੀ ਅਧਿਆਤਮਕ ਸ਼ਕਤੀ ਨਾਲ ਜਾਂ ਦੈਵੀ ਸ਼ਕਤੀ ਨਾਲ ਵਿਗਿਆਨ ਦੇ ਨਿਯਮਾਂ ਦੇ ਉਲਟ ਕੁਝ ਕਰਕੇ ਲੋਕਾਂ ਨੂੰ ਵਿਖਾ ਸਕਣ ਤਾਂ ਜੋ ਲੋਕਾਂ ਦੇ ਪਰਮਾਤਮਾ ਵਿੱਚੋਂ ਜਾਂ ਦੈਵੀ ਸ਼ਕਤੀਆਂ ਵਿੱਚੋਂ ਉਠ ਰਹੇ ਵਿਸ਼ਵਾਸਾਂ ਨੂੰ ਮੁੜ ਬਹਾਲ ਕੀਤਾ ਜਾ ਸਕੇ। ਭਾਵੇਂ ਉਹਨਾਂ ਦੇ ਅਜਿਹੇ ਦਾਅਵਿਆਂ ਪਿੱਛੇ ਆਪਣਾ ਨਿੱਜੀ ਸੁਆਰਥ ਹੀ ਹੁੰਦਾ ਹੈ। ਪਰ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਅਧਿਆਤਮਕ ਸ਼ਕਤੀ ਨਾਲ ਜਾਂ ਦੈਵੀ ਸ਼ਕਤੀ ਨਾਲ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਸਕਦਾ। ਪਰ ਵਿਗਿਆਨਕ ਨਿਯਮਾਂ ਰਾਹੀਂ ਅਜੀਬ ਗੱਲਾਂ ਵੀ ਕੀਤੇ ਜਾਣ ਨੂੰ ਅਸੀਂ ਕਦੇ ਰੱਦ ਨਹੀਂ ਕਰਦੇ। ਅਸੀਂ ਅਖੌਤੀ ਚਮਤਕਾਰਾਂ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਦੇ ਪਰਦੇ ਫਾਸ਼ ਕਰਨ ਲਈ ਆਪਣੀਆਂ ਕਿਤਾਬਾਂ ਵਿੱਚ 23 ਸ਼ਰਤਾਂ ਦਰਜ ਕੀਤੀਆਂ ਹੋਈਆਂ ਹਨ। ਪਰ ਹੁਣ ਅਸੀਂ ਅਧਿਆਤਮਕ ਸ਼ਕਤੀਆਂ ਦੇ ਅਖੌਤੀ ਦਾਅਵੇਦਾਰਾਂ ਨੂੰ ਦੱਸਦੇ ਹਾਂ ਕਿ ਹੇਠ ਲਿਖੀਆਂ ਗੱਲਾਂ ਵਿੱਚੋਂ ਵੀ ਕੋਈ ਕਰਕੇ ਵਿਖਾਉਣ।
ਭੌਤਿਕ ਵਿਗਿਆਨ ਵਿਚੋਂ ਅਸੀਂ ਕੁਝ ਉਦਾਹਰਣਾਂ ਪੇਸ਼ ਕਰ ਰਹੇ ਹਾਂ।
1. ਵਿਗਿਆਨ ਦੇ ਇੱਕ ਨਿਯਮ ਅਨੁਸਾਰ ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਵਸਤੂਆਂ ਨੂੰ ਆਪਣੇ ਕੇਂਦਰ ਵੱਲ ਖਿੱਚਦੀ ਹੈ। ਇਸ ਲਈ ਧਰਤੀ ਤੇ ਸਾਰੀਆਂ ਵਸਤੂਆਂ ਜਦੋਂ ਵੀ ਸੰਭਵ ਹੋਵੇ ਧਰਤੀ ਦੇ ਕੇਂਦਰ ਵੱਲ ਨੂੰ ਜਾਂਦੀਆਂ ਹਨ। ਅਸੀਂ ਜਾਣਦੇ ਹਾਂ ਕਿ ਸੇਬ ਦੇ ਦਰੱਖਤ ਤੇ ਲੱਗੇ ਹੋਏ ਸੇਬ ਜਦੋਂ ਟੁੱਟ ਜਾਂਦੇ ਹਨ ਤਾਂ ਧਰਤੀ ਤੇ ਆ ਡਿੱਗਦੇ ਹਨ। ਤਾਂ ਕੀ ਕੋਈ ਅਧਿਆਤਮਕ ਸ਼ਕਤੀ ਦਾ ਅਖੌਤੀ ਦਾਅਵੇਦਾਰ ਆਪਣੀ ਅਧਿਆਤਮਕ ਸ਼ਕਤੀ ਰਾਹੀਂ ਸੇਬ ਦੇ ਦਰੱਖਤ ਤੋਂ ਟੁੱਟਣ ਵਾਲੇ ਸੇਬਾਂ ਨੂੰ ਅਸਮਾਨ ਵੱਲ ਉਤਾਂਹ ਨੂੰ ਜਾਣ ਲਈ ਮਜ਼ਬੂਰ ਕਰ ਸਕਦਾ ਹੈ? ਇਸ ਦਾ ਜੁਆਬ ਨਾਂਹ ਵਿਚ ਹੀ ਹੋਵੇਗਾ ਭਾਵੇਂ ਵਿਗਿਆਨਕ ਢੰਗਾਂ ਨਾਲ ਅਜਿਹਾ ਕਰਨਾ ਵੀ ਸੰਭਵ ਹੈ।
2. ਅਸੀਂ ਜਾਣਦੇ ਹਾਂ ਕਿ ਹਰ ਵਸਤੂ ਕਿਸੇ ਖਾਸ ਵਿਗਿਆਨਕ ਢੰਗ ਰਾਹੀਂ ਕੀਤੀ ਜਾ ਸਕਦੀ ਹੈ। ਅੱਜ ਸਾਈਂ ਬਾਬੇ ਵਰਗੇ ਅਨੇਕਾਂ ਠੱਗ ਲੋਕਾਂ ਨੂੰ ਚੀਜ਼ਾਂ ਆਪਣੇ ਪਾਸੋਂ ਪਰਗਟ ਕਰਕੇ ਦਿੰਦੇ ਹਨ। ਉਹਨਾਂ ਦਾ ਦਾਅਵਾ ਹੈ ਕਿ ਉਹ ਸਾਰਾ ਕੁਝ ਆਪਣੀ ਅਧਿਆਤਮਕ ਸ਼ਕਤੀ ਨਾਲ ਪ੍ਰਗਟ ਕਰਦੇ ਹਨ। ਪਰ ਕੀ ਇਹ ਜਾਂ ਅਜਿਹੇ ਹੋਰ ਪਾਖੰਡੀ ਸਾਡੇ ਕਹਿਣ ਤੇ ਸਾਬਤਾ ਪੇਠਾ ਜਾਂ ਰੇਲ ਗੱਡੀ ਦਾ ਇੰਜਣ ਪ੍ਰਗਟ ਕਰ ਦੇਣਗੇ?
3. ਕੀ ਸਾਰੀ ਦੁਨੀਆਂ ਵਿਚ ਅਜਿਹਾ ਇੱਕ ਵੀ ਵਿਅਕਤੀ ਹੈ ਜਿਹੜਾ ਅਧਿਆਤਮਕ ਸ਼ਕਤੀ ਨਾਲ ਧਰਤੀ ਨੂੰ ਚੰਦ ਦੁਆਲੇ ਘੁੰਮਣ ਲਾ ਦੇਵੇ ਜਾਂ ਸੂਰਜ ਨੂੰ ਧਰਤੀ ਦੁਆਲੇ ਘੁੰਮਣ ਲਾ ਦੇਵੇ? ਜੇ ਅਜਿਹਾ ਹੋ ਜਾਵੇ ਤਾਂ ਇਹ ਜ਼ਰੂਰ ਹੀ ਭੌਤਿਕ ਵਿਗਿਆਨ ਦਾ ਇੱਕ ਚਮਤਕਾਰ ਹੋਵੇਗਾ। ਪਰ ਨਹੀਂ ਇਹਨਾਂ ਦੇ ਸਾਰੇ ਦਾਅਵੇ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਲਈ ਹੀ ਹੁੰਦੇ ਹਨ।
4. ਜੇ ਕੋਈ ਇਹ ਦਾਅਵਾ ਕਰਦਾ ਹੈ ਕਿ ਹਨੂਮਾਨ ਅਧਿਆਤਮਕ ਸ਼ਕਤੀ ਨਾਲ ਸਮੁੱਚਾ ਪਹਾੜ ਹੀ ਚੁੱਕ ਲਿਆਇਆ ਸੀ ਤਾਂ ਅਸੀਂ ਅਜਿਹੇ ਅਧਿਆਤਮਕ ਸ਼ਕਤੀ ਦੇ ਦਾਅਵੇਦਾਰ ਨੂੰ ਸੱਦਾ ਦਿੰਦੇ ਹਾਂ ਕਿ ਉਹ ਹਿਮਾਲਾ ਪਰਬਤ ਨੂੰ ਭਾਰਤ ਦੇ ਦੱਖਣ ਵਿਚ ਪੁਚਾ ਦੇਵੇ ਜਾਂ ਹਿੰਦ ਮਹਾਸਾਗਰ ਨੂੰ ਚੁੱਕ ਕੇ ਸਾਈਬੇਰੀਆ ਵਿਚ ਪਹੁੰਚਾ ਦੇਵੇ। ਪਰ ਨਹੀਂ ਸਾਥੀਓ ਕੋਈ ਅਜਿਹਾ ਨਹੀਂ ਕਰ ਸਕਦਾ।
5. ਅਸੀਂ ਵੇਖਦੇ ਹਾਂ ਕਿ ਭਾਰਤੀ ਫਿਲਮਾਂ ਵਿਚ ਵਿਖਾਇਆ ਜਾਂਦਾ ਹੈ, ਫਿਲਮੀ ਐਕਟਰ ਚਲਦੀਆਂ ਗੋਲੀਆਂ ਨੂੰ ਹੀ ਫੜ ਲੈਂਦੇ ਹਨ। ਲੋਕਾਂ ਦੇ ਮਨਾਂ ਵਿੱਚੋਂ ਅੰਧ ਵਿਸ਼ਵਾਸ ਕੱਢਣ ਲਈ ਅਸੀ ਂ ਇਹ ਚੁਣੌਤੀ ਦਿੰਦੇ ਹਾਂ ਕਿ ਕੋਈ ਵੀ ਵਿਅਕਤੀ ਚੱਲਦੀ ਹੋਈ ਤੇਜ਼ ਗੋਲੀ ਨੂੰ ਜਾਂ ਤੋਪ ਦੇ ਗੋਲੇ ਨੂੰ ਫੜ ਕੇ ਵਿਖਾ ਦੇਵੇ।
6. ਅੱਜ ਅਸੀਂ ਵੇਖਦੇ ਹਾਂ ਕਿ ਧਾਰਮਿਕ ਪੁਸਤਕਾਂ ਵਿਚ ਦਰਜ ਹੈ ਕਿ ਰਿਸ਼ੀ ਜੀ ਅੰਮ੍ਰਿਤ ਪੀਣ ਲਈ ਸਾਰਾ ਸਮੁੰਦਰ ਪੀ ਗਏ ਜਦੋਂ ਉਹਨਾਂ ਨੇ ਵੇਖਿਆ ਕਿ ਸਮੁੰਦਰੀ ਜਾਨਵਰ ਤੜਫ-ਤੜਫ ਕੇ ਜਾਨ ਦੇਣ ਲੱਗੇ ਹਨ ਤਾਂ ਉਹਨਾਂ ਨੇ ਪੇਸ਼ਾਬ ਕਰ ਦਿੱਤਾ। ਕਹਿੰਦੇ ਹਨ ਕਿ ਇਸ ਲਈ ਹੀ ਸਮੁੰਦਰੀ ਪਾਣੀ ਖਾਰਾ ਹੁੰਦਾ ਹੈ। ਅਜਿਹੇ ਦਾਅਵੇਦਾਰਾਂ ਨੂੰ ਸਾਡੀ ਚੁਣੌਤੀ ਹੈ ਕਿ ਉਹ ਗੋਬਿੰਦ ਸਾਗਰ ਦਾ ਸਾਰਾ ਪਾਣੀ ਹੀ ਪੀ ਕੇ ਵਿਖਾ ਦੇਵੇ।
7. ਬਹੁਤ ਸਾਰੇ ਲਾਈ ਲੱਗ ਵਿਅਕਤੀ ਇਹ ਦਾਅਵਾ ਕਰਦੇ ਹਨ ਕਿ ਯੱਗ ਕਰਨ ਨਾਲ ਹੜ ਨਹੀਂ ਆਉਂਦੇ ਜਾਂ ਗੁੱਡੀਆਂ ਫੂਕਣ ਨਾਲ ਮੀਂਹ ਪੈ ਜਾਂਦੇ ਹਨ। ਅਸੀਂ ਜਾਣਦੇ ਹਾਂ ਕਿ ਪਾਣੀ ਸਮੇਤ ਸਾਰੇ ਤਰਲ ਪਰਦਾਰਥ ਧਰਤੀ ਦੇ ਕੇਂਦਰ ਤੋਂ ਆਪਣੀ ਦੂਰੀ ਬਰਾਬਰ ਰੱਖਣ ਦਾ ਯਤਨ ਕਰਦੇ ਹਨ। ਇਸ ਲਈ ਹੀ ਪਾਣੀ ਉ=ੱਚੇ ਤਲ ਤੋਂ ਨੀਵੇਂ ਤਲ ਵੱਲ ਨੂੰ ਵਗਦਾ ਹੈ। ਵਿਗਿਆਨੀਆਂ ਨੇ ਆਪਣੀਆਂ ਕਾਢਾਂ ਰਾਹੀਂ ਪਾਣੀ ਨੀਵੇਂ ਥਾਵਾਂ ਤੋਂ ਉ=ੱਚ ਥਾਵਾਂ ਵੱਲ ਪੁਚਾ ਦਿੱਤਾ ਹੈ। ਪਰ ਕੋਈ ਅਧਿਆਤਮਕ ਸ਼ਕਤੀ ਦਾ ਦਾਅਵੇਦਾਰ ਜੇ ਪਾਣੀ ਨੂੰ ਨੀਵੇਂ ਥਾਂ ਤੋਂ ਉ=ੱਚੇ ਥਾਂ ਵੱਲ ਆਪਣੀ ਸ਼ਕਤੀ ਰਾਹੀਂ ਲੈ ਜਾਣ ਨੂੰ ਤਿਆਰ ਹੋਵੇ ਤਾਂ ਅਸੀਂ ਅਜਿਹੇ ਵਿਅਕਤੀ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ।
8. ਹਰ ਕੋਈ ਜਾਣਦਾ ਹੈ ਕਿ ਮਨੁੱਖੀ ਸਰੀਰ ਲਗਾਤਾਰ 14 ਦਿਨ ਕੁਝ ਵੀ ਖਾਣ ਜਾਂ ਪੀਣ ਤੋਂ ਬਗੈਰ ਜਿਉਂਦਾ ਨਹੀਂ ਰਹਿ ਸਕਦਾ। ਫਿਰ ਵੀ ਕੁਝ ਵਿਅਕਤੀ ਕਹਿੰਦੇ ਹਨ ਕਿ ਇਹ ਸੰਤ ਬਹੁਤ ਕਰਨੀ ਵਾਲੇ ਹਨ ਇਹ ਪੌਣਹਾਰੀ ਹਨ। ਅਜਿਹੇ ਵਿਅਕਤੀ ਲਈ ਸਾਡਾ ਦਾਅਵਾ ਹੈ ਕਿ ਉਹ ਕਿਸੇ ਇੰਜਣ ਨੂੰ ਹੀ ਤੇਲ ਜਾਂ ਕਿਸੇ ਹੋਰ ਕਿਸਮ ਦੀ ਊਰਜਾ ਤੋਂ ਬਗੈਰ ਚਾਲੂ ਰੱਖ ਕੇ ਵਿਖਾਉਣ।
ਆਉ ਹੁਣ ਕੁਝ ਉਦਾਹਰਣਾਂ ਰਸਾਇਣਕ ਵਿਗਿਆਨ ਵਿੱਚੋਂ ਲਈਏ।
1. ਅਸੀਂ ਹਰ ਰੋਜ਼ ਅਖਬਾਰਾਂ ਵਿੱਚ ਪੜਦੇ ਹਾਂ ਕਿ ਫਲਾਣੇ ਪਿੰਡ ਵਿਚ ਕੋਈ ਔਰਤ ਸੋਨਾ ਦੁੱਗਣਾ ਕਰਨ ਵਾਲੇ ਠੱਗਾਂ ਹੱਥੋਂ “ਲੁੱਟੀ ਗਈ ਪਰ ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਭੁਲੇਖਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕੋਈ ਵੀ ਸਾਧ, ਸੰਤ ਜਾਂ ਸਵਾਮੀ ਲੋਹੋ ਨੂੰ ਸੋਨੇ ਵਿਚ ਨਹੀਂ ਬਦਲ ਸਕਦਾ ਹੈ। ਫਿਰ ਵੀ ਜੇ ਕੋਈ ਵਿਅਕਤੀ ਆਪਣੀ ਅਧਿਆਤਮਕ ਸ਼ਕਤੀ ਰਾਹੀਂ ਇਕ ਧਾਤ ਨੂੰ ਦੂਜੀ ਧਾਤ ਵਿਚ ਬਦਲ ਸਕਦਾ ਹੈ। ਅਸੀਂ ਇਸ ਨੂੰ ਜ਼ਰੂਰ ਹੀ ਚਮਤਕਾਰ ਸਮਝਾਂਗੇ।
2. ਬਹੁਤ ਸਾਰੇ ਪੜੇ• ਲਿਖੇ ਵਿਅਕਤੀ ਜਾਣਦੇ ਹਨ ਕਿ ਹਾਈਡ੍ਰੋਜਨ ਤੇ ਆਕਸੀਜਨ ਗੈਸਾਂ ਨੂੰ ਮਿਲਾਉਣ ਨਾਲ ਪਾਣੀ ਬਣ ਜਾਂਦਾ ਹੈ। ਪਰ ਜੇ ਕੋਈ ਅਧਿਆਤਮਕ ਸ਼ਕਤੀ ਦਾ ਦਾਅਵੇਦਾਰ ਨਾਈਟ੍ਰੋਜਨ ਤੇ ਕਾਰਬਨ ਡਾਈਆਕਸਾਈਡ ਮਿਲਾ ਕੇ ਪਾਣੀ ਬਣਾ ਦੇਵੇ ਤਾਂ ਉਹ ਜ਼ਰੂਰ ਇਹ ਚਮਤਕਾਰ ਵਿਖਾ ਕੇ ਸਾਨੂੰ ਆਪਣੇ ਚੇਲੇ ਬਣਾ ਸਕਦਾ ਹੈ। ਹੋ ਸਕਦਾ ਹੈ ਕਿ ਸਾਡੇ ਨਾਲ ਸਾਡੀ ਵਿਚਾਰਧਾਰਾ ਦੇ ਹਜ਼ਾਰਾਂ ਹੀ ਤਰਕਸ਼ੀਲ ਵੀ ਉਸਦੇ ਚੇਲੇ ਬਣ ਜਾਣ।
3. ਬਹੁਤ ਸਾਰੇ ਵਿਅਕਤੀ ਕਿਸੇ ਸਾਧ ਜਾਂ ਸੰਤ ਦੀ ਪੜਤ ਬਣਾਉਣ ਲਈ ਉਸ ਬਾਰੇ ਨਵੀਆਂ ਨਵੀਆਂ ਅਫਵਾਹਾਂ ਉਡਾਉਣ ਲੱਗ ਜਾਂਦੇ ਹਨ। ਜਿਵੇਂ ਸੰਤਾਂ ਨੂੰ ਹੁਣੇ ਹੀ ਬਰਨਾਲੇ ਵੇਖਿਆ ਸੀ ਉਸ ਸਮੇਂ ਹੀ ਉਹ “ਲੁਧਿਆਣੇ ਵੇਖੇ ਗਏ। ਅਜਿਹੇ ਅਧਿਆਤਮਕ ਸ਼ਕਤੀ ਦੇ ਦਾਅਵੇਦਾਰਾਂ ਨੂੰ ਸਾਡੀ ਚਣੌਤੀ ਹੈ ਕਿ ਉਹ ਬਾਬੇ ਨੂੰ ਖਿੱਚੀ ਹੋਈ ਫੋਟੋ ਤੋਂ ਅਲੋਪ ਕਰਕੇ ਵਿਖਾ ਦੇਣ।
4. ਬਹੁਤ ਸਾਰੇ ਪਾਖੰਡੀ ਇਹ ਦਾਅਵਾ ਕਰਦੇ ਹਨ ਹਿਮਾਲੀਆ ਵਿਚ ਅਜਿਹੇ ਸੰਤ ਰਹਿੰਦੇ ਹਨ ਜਿਹੜੇ ਜ਼ਹਿਰ ਖਾ ਸਕਦੇ ਹਨ। ਅਜਿਹੇ ਸੰਤਾਂ ਨੂੰ ਸਾਡੀ ਚੁਣੌਤੀ ਹੈ ਕਿ ਉਹ ਪੋਟਾਸ਼ੀਅਮ ਸਾਇਆਨਾਈਡ ਦਾ ਇਕ ਟੀਕਾ ਲਵਾਉਣ ਤੋਂ ਬਾਅਦ ਬਚ ਕੇ ਵਿਖਾਉਣ।
5. ਜਿਹੜੇ ਪਾਖੰਡੀ ਇਹ ਦਾਅਵਾ ਕਰਦੇ ਹਨ ਕਿ ਸੰਤ ਆਪਣੀ ਅਧਿਆਤਮਕ ਸ਼ਕਤੀ ਨਾਲ ਗੱਡੀ ਰੋਕ ਦਿੰਦੇ ਹਨ। ਅਜਿਹੇ ਵਿਅਕਤੀ ਨੂੰ ਭਜਾਉਣ ਲਈ ਅਸੀਂ ਚੁਣੌਤੀ ਦਿੰਦੇ ਹਾਂ ਕਿ ਗੱਡੀ ਰੋਕਣੀ ਤਾਂ ਦੂਰ ਦੀ ਗੱਲ ਹੈ, ਉਹ ਸੋਡੀਅਮ ਨੂੰ ਪਾਣੀ ਨਾਲ ਕਿਰਿਆ ਕਰਨੋਂ ਹੀ ਰੋਕ ਕੇ ਵਿਖਾਉਣ।
6. ਕੁਝ ਵਿਅਕਤੀ ਇਹ ਵੀ ਦਾਅਵਾ ਕਰਦੇ ਹਨ ਕਿ ਤੁਸੀਂ ਸੰਤਾਂ ਦੇ ਡੇਰੇ ਵਿਚ ਸ਼ਰਾਬ ਦੀ ਬੋਤਲ ਲੈ ਜਾਓ ਉਹ ਪਾਣੀ ਬਣ ਜਾਵੇਗੀ। ਅਜਿਹੇ ਵਿਅਕਤੀਆਂ ਨੂੰ ਭਜਾਉਣ ਲਈ ਸਾਡੀ ਚੁਣੌਤੀ ਹੈ ਕਿ ਕੋਈ ਵੀ ਵਿਅਕਤੀ ਸ਼ਰਾਬ ਨੂੰ ਪਾਣੀ ਵਿਚ ਜਾਂ ਖੂਨ ਨੂੰ ਪਾਣੀ ਵਿਚ ਬਦਲ ਕੇ ਵਿਖਾਵੇ।
ਇਸ ਤਰ•ਾਂ ਹੀ ਅਸੀਂ ਹੇਠਾਂ ਜੀਵ ਵਿਗਿਆਨ ਦੇ ਕੁਝ ਚਮਤਕਾਰਾਂ ਦਾ ਵਰਨਣ ਕਰ ਰਹੇ ਹਾਂ।
1. ਅਖਬਾਰਾਂ ਵਿਚ ਛਪੀਆਂ ਇਹ ਖਬਰਾਂ ਬਹੁਤ ਸਾਰੇ ਵਿਅਕਤੀਆਂ ਨੇ ਪੜ•ੀਆਂ ਹੋਣਗੀਆਂ ਕਿ ਚੰਡੀਗੜ, ਗੁਰਦਾਸਪੁਰ ਤੇ ਕਾਨਪੁਰ ਵਿਖੇ ਕੁਝ ਪਾਖੰਡੀਆਂ ਨੇ ਮਨੁੱਖੀ ਲਾਸ਼ਾਂ ਨੂੰ ਇਸ ਲਈ ਰੱਖਿਆ ਹੋਇਆ ਸੀ ਕਿ ਉਹ ਆਪਣੀ ਅਧਿਆਤਮਕ ਸ਼ਕਤੀ ਨਾਲ ਉਹਨਾਂ ਵਿਚ ਜਾਨ ਪਾ ਦੇਣਗੇ। ਅਸੀਂ ਜਾਣਦੇ ਹਾਂ ਕਿ ਮਨੁੱਖੀ ਸਰੀਰ ਦੀ ਮੌਤ ਹੋਣ ਤੋਂ 5 ਮਿੰਟ ਬਾਅਦ ਹੀ ਸੈਲਾਂ ਵਿਚ ਅਜਿਹੀਆਂ ਰਸਾਇਣਕ ਕ੍ਰਿਆਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਉਹ ਮਰ ਜਾਂਦੇ ਹਨ। ਉਹਨਾਂ ਸੈਲਾਂ ਨੂੰ ਜਿਉਂਦੇ ਕਰਨਾ ਅਜੇ ਵਿਗਿਆਨਕ ਢੰਗ ਨਾਲ ਵੀ ਅਸੰਭਵ ਹੈ ਅਜਿਹੇ ਦਾਅਵਾ ਕਰਨ ਵਾਲਿਆਂ ਨੂੰ ਸਾਡੀ ਚਣੌਤੀ ਹੈ ਕਿ ਉਹ ਮੁਰਦਿਆਂ ਨੂੰ ਆਪਣੀ ਅਧਿਆਤਮਕ ਸ਼ਕਤੀ ਨਾਲ ਜਿਉਦੇਂ ਕਰਨ ਤੇ ਸਾਥੋਂ ਇਕ ਲੱਖ ਰੁਪਏ ਦਾ ਇਨਾਮ ਜਿੱਤਣ।
2. ਡਾਕਟਰੀ ਵਿਗਿਆਨ ਨਾਲ ਸਬੰਧਿਤ ਹਰ ਪੜਿ•ਆ ਲਿਖਿਆ ਜਾਣਦਾ ਹੈ ਕਿ ਗਰਭ ਧਾਰਨ ਦੇ ਪਹਿਲੇ ਦਿਨ ਹੀ ਗਰਭ ਵਿਚ ਮੁੰਡਾ ਜਾਂ ਕੁੜੀ ਹੋਣਾ ਨਿਸ਼ਚਿਤ ਹੋ ਜਾਂਦਾ ਹੈ। ਪਰ ਫਿਰ ਵੀ ਬਹੁਤ ਸਾਰੇ ਸਾਧ ਜਾਂ ਸੰਤ ਗਰਭਵਤੀ ਹੋ ਚੁੱਕੀਆਂ ਔਰਤਾਂ ਨੂੰ ਹੀ ਲੜਕਾ ਹੋਣ ਦਾ ਉਪਾਅ ਦੱਸਦੇ ਰਹਿੰਦੇ ਹਨ। ਅਜਿਹੇ ਪਾਖੰਡੀਆਂ ਨੂੰ ਅਸੀਂ ਚਣੌਤੀ ਦਿੰਦੇ ਹਾਂ ਕਿ ਗਰਭ ਵਿਚ ਮੁੰਡੇ ਨੂੰ ਕੁੜੀ ਵਿਚ ਜਾਂ ਕੁੜੀ ਨੂੰ ਮੁੰਡੇ ਵਿਚ ਬਦਲ ਕੇ ਵਿਖਾਉਣ ਤਾਂ ਅਸੀਂ ਇਸ ਨੂੰ ਚਮਤਕਾਰ ਹੀ ਮੰਨਾਗੇ।
3. ਅਸੀਂ ਜਾਣਦੇ ਹਾਂ ਕਿ ਮਨੁੱਖੀ ਸਰੀਰ ਪਾਣੀ ਨਾਲੋਂ ਮਾਮੂਲੀ ਜਿਹਾ ਭਾਰਾ ਹੁੰਦਾ ਹੈ। ਇਹੀ ਕਾਰਨ ਹੈ ਇਹ ਲੂਣ ਵਾਲੇ ਪਾਣੀ ਵਿਚ ਡੁੱਬਦਾ ਨਹੀਂ। ਪਰ ਕੁਝ ਪਾਖੰਡੀ ਕਹਿੰਦੇ ਹਨ ਕਿ ਸੰਤ ਹਵਾ ਵਿਚ ਉਡ ਜਾਂਦੇ ਸਨ। ਕੋਈ ਵੀ ਅਜਿਹਾ ਵਿਅਕਤੀ ਜੋ ਸਰੀਰ ਨੂੰ ਹਵਾ ਵਿਚ ਉਡਾ ਸਕੇ ਜਾਂ ਮਨੁੱਖੀ ਸਰੀਰ ਦੀ ਘਣਤਾ ਹਵਾ ਨਾਲੋਂ ਘੱਟ ਕਰ ਦੇਵੇ ਇਸ ਨੂੰ ਅਸੀਂ ਚਮਤਕਾਰ ਹੀ ਮੰਨਾਂਗੇ ਪਰ ਇਸ ਵਿਚ ਵਿਗਿਆਨ ਦੇ ਕਿਸੇ ਨਿਯਮ ਦੀ ਵਰਤੋਂ ਨਹੀਂ ਹੋਣੀ ਚਾਹੀਦੀ।
4. ਕੁਝ ਸ਼ਰਧਾਲੂ ਆਪਣੇ ਸੰਤਾਂ ਨੂੰ ਮਹਾਂਪੁਰਸ਼ ਸਿੱਧ ਕਰਨ ਲਈ ਤਰ•ਾਂ ਤਰ•ਾਂ ਦੇ ਗੱਪ ਮਾਰਦੇ ਹਨ। ਉਹ ਕਹਿੰਦੇ ਹਨ ਕਿ ਸੰਤਾਂ ਨੇ ਸੋਟੀ ਘੁਮਾਈ ਤੇ ਖੇਤਾਂ ਵਿਚ ਬਾਗ ਲੱਗ ਗਏ। ਅਜਿਹੇ ਪਾਖੰਡੀਆਂ ਨੂੰ ਭਜਾਉਣ ਲਈ ਅਸੀਂ ਚੁਣੌਤੀ ਦਿੰਦੇ ਹਾਂ ਕਿ ਉਹ ਅੰਬ ਦੀ ਗੁਠਲੀ ਬੀਜ ਕੇ ਸੇਬ ਦਾ ਦਰੱਖਤ ਲਾ ਕੇ ਵਿਖਾਉਣ। ਪਰ ਅਸੀਂ ਜਾਣਦੇ ਹਾਂ ਕਿ ਕੋਈ ਵੀ ਅਧਿਆਤਮਕ ਸ਼ਕਤੀ ਦਾ ਦਾਅਵਾ ਕਰਨ ਵਾਲਾ ਸਾਡੀ ਚੁਣੌਤੀ ਨੂੰ ਕਬੂਲ ਕਰਨ ਲਈ ਮੈਦਾਨ ਵਿਚ ਨਹੀਂ ਨਿਤਰੇਗਾ।
5. ਅੰਧ ਵਿਸ਼ਵਾਸੀ ਵਿਅਕਤੀਆਂ ਦੀ ਪਿੱਛਲੱਗ ਸੋਚ ਦਾ ਨਜਾਇਜ਼ ਫਾਇਦਾ ਉਠਾਉਣ ਲਈ ਕਈ ਮਕਾਰ ਕਿਸਮ ਦੇ ਲੋਕ ਨਵੀਆਂ ਹੀ ਗੱਲਾਂ ਦਾ ਇਸਤੇਮਾਲ ਕਰਦੇ ਹਨ। ਕਦੇ ਕਹਿੰਦੇ ਹਨ ਕਿ ਸਾਡੇ ਘਰ ਹਨੂੰਮਾਨ ਪੈਦਾ ਹੋਇਆ ਸੀ ਜਾਂ ਸਾਡੀ ਸੂਰੀ ਦੇ ਗਨੇਸ਼ ਪੈਦਾ ਹੋਇਆ ਸੀ ਜਾਂ ਸਾਡੇ ਪਪੀਤੇ ਨੂੰ ਕੱਟਣ ਤੇ ਉਸ ਵਿੱਚੋਂ ਸ਼ਿਵ-ਲਿੰਗ ਨਿਕਲਿਆ ਹੈ ਆਦਿ। ਇਹ ਠੀਕ ਹੈ ਕਈ ਵਾਰੀ ਕਿਸੇ ਨਾ ਕਿਸੇ ਜਮਾਂਦਰੂ ਬਿਮਾਰੀ ਕਾਰਨ ਬੇਢਬੇ ਕਿਸਮ ਦੇ ਬੱਚੇ ਜਾਂ ਜਾਨਵਰ ਪੈਦਾ ਹੋ ਸਕਦੇ ਹਨ। ਪਰ ਇਹਨਾਂ ਨੂੰ ਆਪਣੇ ਨਿੱਜੀ ਲਾਭ ਲਈ ਵਰਤਣਾ ਨਿੰਦਨ ਯੋਗ ਹੈ। ਸੋ ਅਜਿਹੇ ਪਾਖੰਡੀਆਂ ਨੂੰ ਭਜਾਉਣ ਲਈ ਅਸੀਂ ਚਣੌਤੀ ਦਿੰਦੇ ਹਾਂ ਕਿ ਉਹ ਆਪਣੀ ਅਧਿਆਤਮਕ ਸ਼ਕਤੀ ਨਾਲ ਕਿਸੇ ਗਾਂ ਦੇ ਕੱਟਾ ਜਾਂ ਸੂਰੀ ਦੇ ਖਰਗੋਸ਼ ਪੈਦਾ ਕਰਕੇ ਵਿਖਾਉਣ ਇਸਨੂੰ ਅਸੀਂ ਚਮਤਕਾਰ ਹੀ ਸਮਝਾਂਗੇ।
6. ਕੁਝ ਸਾਧ, ਸੰਤ ਜਾਂ ਅਖੌਤੀ ਸਿਆਣੇ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਅਜਿਹੇ ਮਰੀਜ਼ਾਂ ਨੂੰ ਠੀਕ ਕੀਤਾ ਹੈ ਜਿਹਨਾਂ ਨੂੰ ਸਾਡੇ ਵੱਡੇ ਵੱਡੇ ਡਾਕਟਰਾਂ ਨੇ ਲਾਇਲਾਜ ਐਲਾਨ ਕਰ ਦਿੱਤਾ ਸੀ। ਜਾਂ ਉਹਨਾਂ ਨੇ ਅਜਿਹੇ ਮਰੀਜ਼ਾਂ ਨੂੰ ਠੀਕ ਕੀਤਾ ਹੈ ਜਿਹਨਾਂ ਦੇ ਦੋਵੇਂ ਗੁਰਦੇ ਫੇਲ ਹੋ ਗਏ ਸਨ ਜਾਂ ਦੋਵੇਂ ਫੇਫੜੇ ਗਲ ਗਏ ਸਨ ਆਦਿ। ਅੱਜ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਵਿਅਕਤੀਆਂ ਦੀਆਂ ਬਾਹਵਾਂ ਕਣਕ ਕੱਢਣ ਵਾਲੇ ਥਰੈਸ਼ਰਾਂ ਵਿਚ ਕੱਟੀਆਂ ਜਾਂਦੀਆਂ ਹਨ। ਸੋ ਅਸੀਂ ਦੁਨੀਆਂ ਭਰ ਦੇ ਸਾਰੇ ਚਮਤਕਾਰਾਂ ਦੇ ਦਾਅਵੇਦਾਰਾਂ ਨੂੰ ਚਣੌਤੀ ਦਿੰਦੇ ਹਾਂ ਕਿ ਕਿਸੇ ਇਕ ਵੀ ਅਜਿਹੇ ਵਿਅਕਤੀ ਦੀ ਬਾਂਹ ਦੁਬਾਰਾ ਪੈਦਾ ਕਰਕੇ ਆਪਣੀ ਅਧਿਆਤਮਕ ਸ਼ਕਤੀ ਨਾਲ ਦੁਬਾਰਾ ਜੋੜ ਕੇ ਵਿਖਾਉਣ।
ਅਸੀਂ ਸਮੂਹ ਲੋਕਾਂ ਨੂੰ ਦੱਸਦੇ ਹਾਂ ਕਿ ਧਰਤੀ ਤੇ ਵਾਪਰਨ ਵਾਲੀ ਹਰ ਘਟਨਾ ਕਿਸੇ ਨਾ ਕਿਸੇ ਵਿਗਿਆਨਕ ਨਿਯਮ ਦੇ ਤਹਿਤ ਹੀ ਵਾਪਰਦੀ ਹੈ। ਵਿਗਿਆਨੀ ਇਨ•ਾਂ ਨਿਯਮਾਂ ਨੂੰ ਖੋਜਦੇ ਹਨ। ਇਕ ਵਾਰ ਨਿਯਮ ਨੂੰ ਖੋਜਣ ਤੋਂ ਬਾਅਦ ਉਹ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹਨ।
ਉਹ ਕਿਸੇ ਇੱਕ ਵਿਗਿਆਨਕ ਨਿਯਮ ਦੇ ਅਸਰ ਨੂੰ ਘਟਾਉਣ ਲਈ, ਵਧਾਉਣ ਲਈ ਜਾਂ ਖਤਮ ਕਰਨ ਲਈ ਕੁਝ ਹੋਰ ਵਿਗਿਆਨਕ ਨਿਯਮਾਂ ਦੀ ਵੀ ਲੋੜ ਅਨੁਸਾਰ ਵਰਤੋਂ ਕਰ ਲੈਂਦੇ ਹਨ। ਸੋ ਚਮਤਕਾਰ ਇਕ ਗੈਰ ਵਿਗਿਆਨਕ ਸ਼ਬਦ ਹੈ। ਜਿਸਦਾ ਅਰਥ ਹੈ ਪਾਠ, ਪੂਜਾ ਰਾਹੀਂ ਪ੍ਰਾਪਤ ਕੀਤੀ ਅਧਿਆਤਮਕ ਸ਼ਕਤੀ ਨਾਲ ਕੋਈ ਅਣਹੋਣੀ ਗੱਲ ਕਰਕੇ ਵਿਖਾਉਣਾ। ਅਸੀਂ ਸਮਝਦੇ ਹਾਂ ਕਿ ਪਾਠ ਪੂਜਾ ਨਾਲ ਕਿਸੇ ਕਿਸਮ ਦੀ ਅਜਿਹੀ ਸ਼ਕਤੀ ਪੈਦਾ ਨਹੀਂ ਕੀਤੀ ਜਾ ਸਕਦੀ ਹੈ। ਜੋ ਵਿਗਿਆਨ ਦੇ ਨਿਯਮਾਂ ਦੀ ਉਲੰਘਣਾ ਕਰ ਸਕੇ। ਜ਼ਰਾ ਸੋਚੋ ਜੇ ਅਸੀਂ ਪੂਜਾ ਕਰਕੇ ਕੋਈ ਚੀਜ਼ ਉਤਾਂਹ ਨੂੰ ਸੁੱਟ ਦਿੰਦੇ ਹਾਂ ਕੀ ਉਹ ਧਰਤੀ ਤੇ ਨਹੀਂ ਆਵੇਗੀ।
ਅੰਤ ਵਿਚ ਅਸੀਂ ਸਮੂਹ ਲੋਕਾਂ ਤੋਂ ਮੰਗ ਕਰਦੇ ਹਾਂ ਕਿ ਉਹ ਹਰ ਘਟਨਾ ਨੂੰ ਜਾਂ ਗੱਲ ਨੂੰ ਕਿਉਂ ਤੇ ਕਿਵੇਂ ਦੀ ਆਪਣੀ ਕਸੌਟੀ ਤੇ ਪਰਖਿਆ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਜਿੱਥੇ ਚਮਤਕਾਰ ਅਧਿਆਤਮਕ ਸ਼ਕਤੀਆਂ ਰਾਹੀਂ ਨਹੀਂ ਸਗੋਂ ਬਹੁਤ ਸਾਰੇ ਮਿਹਨਤ ਕਰਨ ਵਾਲਿਆਂ ਦੇ ਇਕਮੁੱਠ ਹੋਏ ਹੱਥ ਕਰਨਗੇ। ਯਾਦ ਰੱਖੋ ਸਿਰਫ ਮਨੁੱਖੀ ਹੱਥ ਹੀ ਪਹਾੜਾਂ ਨੂੰ ਪੱਧਰ ਕਰ ਸਕਦੇ ਹਨ ਅਤੇ ਦਰਿਆਵਾਂ ਦੇ ਰਾਹ ਮੋੜ ਸਕਦੇ ਹਨ। ਬਹੁ ਮੰਜ਼ਲੀਆਂ ਇਮਾਰਤਾਂ ਬਣਾ ਸਕਦੇ ਹਨ ਅਤੇ ਢਾਹ ਸਕਦੇ ਹਨ।