ਬੈਂਕਾਕ ਦਾ ਹਵਾਈ ਅੱਡਾ…(5)

ਮੇਘ ਰਾਜ ਮਿੱਤਰ

ਬੈਂਕਾਕ ਹਵਾਈ ਅੱਡੇ ਉੱਤੇ ਉਤਰਨ ਤੋਂ ਬਾਅਦ ਸਾਡੇ ਕੋਲ ਲੱਗਭਗ 5 ਘੰਟੇ ਦਾ ਸਮਾਂ ਸੀ। ਅਸੀਂ ਹਵਾਈ ਅੱਡੇ ਦੀ ਇਮਾਰਤ ਅੰਦਰ ਘੁੰਮਣ ਦਾ ਮਨ ਬਣਾਇਆ। ਬਹੁਤ ਹੀ ਸੁੰਦਰ ਇਮਾਰਤ ਹੈ। ਦੁਕਾਨਾਂ ਬਹੁਤ ਹੀ ਸੁੰਦਰ ਸਮਾਨ ਨਾਲ ਸਜੀਆਂ ਹੋਈਆਂ ਹਨ। ਦੁਨੀਆਂ ਦਾ ਹਰ ਸਮਾਨ ਇਹਨਾਂ ਦੁਕਾਨਾਂ ਤੇ ਉਪਲਬਧ ਹੈ ਪਰ ਮਹਿੰਗਾ ਬਹੁਤ ਜ਼ਿਆਦਾ ਹੈ। ਸਾਡੇ ਵਰਗੇ ਮਿਹਨਤਕਸ਼ ਭਾਰਤੀਆਂ ਲਈ ਇੱਥੇ ਖ੍ਰੀਦਦਾਰੀ ਕਰਨਾ ਸੰਭਵ ਨਹੀਂ ਹੈ। ਇੱਥੋਂ ਦੀ ਕ੍ਰਾਂਸੀ ਵਾਹਟ ਹੈ। ਇੱਕ ਵਾਹਟ ਲਗਭਗ 1:06 ਪੈਸੇ ਦੇ ਬਰਾਬਰ ਹੁੰਦਾ ਹੈ। ਹਵਾਈ ਅੱਡੇ ਉੱਤੇ ਜਗ੍ਹਾ-ਜਗ੍ਹਾ ਜਹਾਜ਼ਾਂ ਦੀਆਂ ਉਡਾਨਾਂ ਦੇ ਵੇਰਵੇ ਦਰਸਾਉਣ ਲਈ ਟੀ. ਵੀ. ਸਕਰੀਨ ਲੱਗੇ ਹੋਏ ਸਨ। ਜਿੰਨ੍ਹਾਂ ਉੱਤੇ ਜਹਾਜ਼ਾਂ ਦੇ ਉਡਾਨ ਨੰਬਰ, ਉਡਾਨ ਸਥਾਨ, ਗੇਟ ਨੰਬਰ ਜਿੱਥੋਂ ਦਾਖਲ ਹੋਣਾ ਹੈ ਅਤੇ ਉਡਾਨ ਦਾ ਸਮਾਂ ਲਿਖਿਆ ਹੋਇਆ ਸੀ। ਚਾਈਨਾ ਨੂੰ ਜਾਣ ਵਾਲੇ ਕੁਝ ਹੋਰ ਪੰਜਾਬੀ ਵੀ ਸਾਨੂੰ ਇਸ ਸਥਾਨ ਉੱਤੇ ਮਿਲ ਗਏ। ਗੁੜਗਾਉਂ ਤੋਂ ਇੱਕ ਖੇਤੀਬਾੜੀ ਮਹਿਕਮੇ ਦਾ ਵਿਗਿਆਨੀ ਵੀ ਚਾਈਨਾ ਕਿਸੇ ਸੈਮੀਨਾਰ ਲਈ ਜਾ ਰਿਹਾ ਸੀ। ਜਾਣ-ਪਹਿਚਾਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਤਾਂ ਮੇਰਾ ਦੂਰ ਦਾ ਰਿਸ਼ਤੇਦਾਰ ਵੀ ਸੀ। ਇਸ ਤਰ੍ਹਾਂ ਹਸਦੇ-ਹਸਾਉਂਦੇ ਦੁਕਾਨਾਂ ਦੇਖਦੇ ਸਾਨੂੰ ਦੋ ਘੰਟੇ ਲੰਘ ਗਏ। ਇਸ ਤੋਂ ਬਾਅਦ ਸਾਡੇ ਧਿਆਨ ਵਿੱਚ ਆਇਆ ਕਿ ਵਾਪਸੀ ਉੱਤੇ ਅਸੀਂ ਬੈਂਕਾਕ ਰੁਕਣਾ ਹੈ ਕਿਉਂ ਨਾ ਇੱਥੋਂ ਦੇ ਵੀਜ਼ਾ ਲਵਾਉਣ ਦੇ ਢੰਗ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ।
ਅਸੀਂ ਬੈਂਕਾਕ ਦੇ ਏਅਰ ਪੋਰਟ ਉੱਤੇ ਹੀ ਸਥਿਤ ਥਾਈਲੈਂਡ ਦੇ ਵੀਜ਼ਾ ਦਫਤਰ ਜਾ ਪੁੱਜੇ। ਬੋਰਡ ਉੱਤੇ ਲਿਖੀਆਂ ਸੂਚਨਾਵਾਂ ਨੂੰ ਪੜ੍ਹਿਆ ਤਾਂ ਪਤਾ ਲੱਗਿਆ ਕਿ ਇੱਕ ਫੋਟੋ ਅਤੇ ਚਾਰ ਸੌ ਵਾਹਟ ਜਮ੍ਹਾਂ ਕਰਵਾ ਕੇ ਹਰ ਯਾਤਰੀ ਨੂੰ ਦੋ ਹਫਤੇ ਦਾ ਵੀਜਾ ਲਾ ਦਿੰਦੇ ਹਨ। ਸੋ ਵਾਪਸੀ `ਤੇ ਇਹਨਾਂ ਨੂੰ ਮਿਲਣ ਦਾ ਫੈਸਲਾ ਕਰਕੇ ਅਸੀਂ ਹਵਾਈ ਅੱਡੇ ਦੀਆਂ ਹੋਰ ਥਾਵਾਂ ਦੇਖਣ ਲੱਗ ਪਏ। ਜਹਾਜ਼ ਤੁਰਨ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਸਾਨੂੰ ਬਸ ਵਿੱਚ ਬਿਠਾ ਲਿਆ ਗਿਆ ਅਤੇ ਜਹਾਜ਼ ਕੋਲ ਲੈ ਗਏ। ਇਹ ਜਹਾਜ਼ ਪਹਿਲਾਂ ਨਾਲੋਂ ਕੁਝ ਛੋਟਾ ਸੀ। ਇਸ ਵਿੱਚ ਸਵਾਰ ਯਾਤਰੀਆਂ ਵਿੱਚੋਂ ਬਹੁਤੇ ਚੀਨੀ ਮੂਲ ਦੇ ਸਨ। ਇੱਕ ਯਾਤਰੀ ਦੇ ਮਾਓ ਦਾ ਬਿੱਲਾ ਵੀ ਲੱਗਿਆ ਹੋਇਆ ਸੀ। ਹਵਾਈ ਜਹਾਜ਼ ਦੀ ਖਿੜਕੀ ਰਾਹੀਂ ਹਵਾਈ ਅੱਡੇ ਤੇ ਖੜ੍ਹੇ ਬਹੁਤ ਸਾਰੇ ਜਹਾਜ਼ ਨਜ਼ਰ ਆ ਰਹੇ ਸਨ। ਇਹਨਾਂ ਵਿੱਚੋਂ ਬਹੁਤੇ ਥਾਈਏਅਰ ਵੇਜ਼ ਦੇ ਹੀ ਸਨ।
ਮੈਂ ਬਹੁਤ ਸਾਰੇ ਚੀਨੀ ਸਾਹਿਤ ਦਾ ਅਧਿਐਨ ਕੀਤਾ ਹੈ। ਇਹਨਾਂ ਵਿੱਚੋਂ ਕਿਤਾਬਾਂ ਮਾਓ ਦੀ ਰਚਨਾਵਲੀ ਦੇ ਚਾਰੇ ਭਾਗ, ਚਮਕਦਾ ਲਾਲ ਸਿਤਾਰਾ, ਮਾਓ ਦੀ ਜੀਵਨੀ, ਤਰੁਣਾਈ ਦਾ ਤਰਾਣਾ, ਝੱਖੜ ਦੇ ਦੋਵੇਂ ਭਾਗ ਆਦਿ ਜ਼ਿਕਰਯੋਗ ਹਨ। ਇਹਨਾਂ ਪੁਸਤਕਾਂ ਨੇ ਮੇਰੇ ਜੀਵਨ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ। ਇਸ ਲਈ ਮੇਰੇ ਮਨ ਅੰਦਰ ਚੀਨ ਨੂੰ ਵੇਖਣ ਲਈ ਬਹੁਤ ਹੀ ਉਤਸੁਕਤਾ ਸੀ। 1989 ਵਿੱਚ ‘….ਤੇ ਦੇਵ ਪੁਰਸ਼ ਹਾਰ ਗਏ’ ਪੁਸਤਕ ਦਾ ਟਾਈਟਲ ਵੀ ਮੈਂ ਚੀਨ ਦੀ ਮਿੱਟੀ ਦੇ ਬੁੱਤਾਂ ਦੇ ਚਿੱਤਰਾਂ ਵਾਲੀ ਕਿਤਾਬ ਵਿੱਚੋਂ ਬਣਾਇਆ ਸੀ।
ਚੀਨ ਮੇਰੇ ਸੁਪਨਿਆਂ ਦੀ ਧਰਤੀ ਰਿਹਾ ਹੈ। ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਮੈਂ ਭਾਰਤ ਵਿੱਚ ਚੀਨ ਵਰਗਾ ਸਮਾਜ ਸਿਰਜਣ ਲਈ ਤਰਲੋ-ਮੱਛੀ ਹੋਇਆ ਰਹਿੰਦਾ ਸਾਂ। ਦਿਨ-ਰਾਤ ਇਸ ਕੰਮ ਦੀਆਂ ਵਿਉਂਤਾਂ ਹੀ ਬਣਦੀਆਂ ਰਹਿੰਦੀਆਂ ਸਨ। ਏਥੇ ਇੱਕ ਘਟਨਾ ਦਾ ਜ਼ਿਕਰ ਕਰਨੋਂ ਮੈਂ ਨਹੀਂ ਰਹਿ ਸਕਦਾ। ਮੇਰਾ ਵਿਆਹ ਨਵਾਂ-ਨਵਾਂ ਹੋਇਆ ਸੀ। ਮੈਂ ਆਪਣੀ ਜੀਵਨ-ਸਾਥਣ ਸ਼੍ਰੀਮਤੀ ਕੁਸਮ ਲਤਾ, ਜੋ ਅੱਜਕੱਲ੍ਹ ਸੰਗਰੂਰ ਜ਼ਿਲ੍ਹੇ ਦੇ ਕਸਬੇ ਮਹਿਲ ਕਲਾਂ ਵਿੱਚ ਬਤੌਰ ਸੀ. ਡੀ. ਪੀ. ਓ. ਨਿਯੁਕਤ ਹੈ, ਨਾਲ ਹਰਿਆਣੇ ਦੇ ਸ਼ਹਿਰ ਸੋਨੀਪਤ ਦੇ ਸਟੇਸ਼ਨ `ਤੇ ਬਰਨਾਲੇ ਆਉਣ ਲਈ ਰੇਲ ਗੱਡੀ ਦਾ ਇੰਤਜ਼ਾਰ ਕਰ ਰਿਹਾ ਸਾਂ। ਕੁਝ ਯਾਤਰੀਆਂ ਨਾਲ ਭਾਰਤ-ਚੀਨ ਦੀ ਲੜਾਈ ਬਾਰੇ ਬਹਿਸ ਛਿੜ ਪਈ। ਮੈਂ ਭਾਰਤੀ ਹੁੰਦਾ ਹੋਇਆ ਵੀ ਕੁਝ ਪੱਖਾਂ ਤੋਂ ਚੀਨ ਦੀਆਂ ਪੁਜੀਸ਼ਨਾਂ ਨੂੰ ਦਰੁੱਸਤ ਕਹਿਣ ਲੱਗਿਆ। ਤਾਂ ਇੱਕ ਭਾਈ ਸਾਹਿਬ ਗੁੱਸੇ ਨਾਲ ਲਾਲ-ਪੀਲੇ ਹੋਣ ਲੱਗ ਪਏ ਅਤੇ ਕਹਿਣ ਲੱਗੇ ਕਿ ‘‘ਮੈਨੂੰ ਪਤਾ ਹੈ ਇਹ ਕਿਹੜਾ ਰੇਡੀਓ ਸਟੇਸ਼ਨ ਬੋਲ ਰਿਹਾ ਹੈ ? ਇਹ ਪੀਕਿੰਗ ਰੇਡੀਓ ਹੈ।’’ ਬਹੁਤੇ ਲੋਕਾਂ ਦਾ ਰੁਝਾਨ ਮੈਂ ਆਪਣੇ ਵਿਰੁੱਧ ਦੇਖਦੇ ਹੋਏ ਇਸ ਬਹਿਸ ਤੋਂ ਪੱਲਾ ਛੁਡਾਉਣ ਦਾ ਯਤਨ ਕਰਨ ਲੱਗ ਪਿਆ ਅਤੇ ਆਪਣੀ ਪਤਨੀ ਨੂੰ ਲੈ ਕੇ ਕਿਸੇ ਹੋਰ ਬੈਂਚ `ਤੇ ਜਾ ਬੈਠਾ। ਇਹ ਕੋਈ ਇੱਕ ਘਟਨਾ ਨਹੀਂ। ਜ਼ਿੰਦਗੀ ਦੇ ਉੱਨੀ-ਵੀਹ ਵਰ੍ਹੇ ਮੈਂ ਆਪਣੇ ਉੱਤੇ ਚੀਨ ਪੱਖੀ ਹੋਣ ਦੇ ਤਾਹਨੇ-ਮਿਹਣੇ ਸੁਣਦਾ ਰਿਹਾ ਸਾਂ। ਸੋ ਆਪਣੇ ਸੁਪਨਿਆਂ ਦੀ ਧਰਤੀ ਤੇ ਪੁੱਜਣ ਲਈ ਬਹੁਤ ਹੀ ਬੇਸਬਰਾ ਸਾਂ।

Back To Top