ਮੇਘ ਰਾਜ ਮਿੱਤਰ
ਇਹ ਇੱਕ ਸੱਚਾਈ ਹੈ ਕਿ ਧਰਤੀ `ਤੇ ਰਹਿਣ ਵਾਲੇ ਸਾਰੇ ਜੀਵਾਂ ਵਿੱਚੋਂ ਮਨੁੱਖ ਨੇ ਹਰ ਘਟਨਾ ਨੂੰ ਕਿਉਂ ਤੇ ਕਿਵੇਂ ਕਸੌਟੀ ਤੇ ਪਰਖਿਆ ਹੈ। ਪ੍ਰਾਚੀਨ ਸਮੇਂ ਵਿੱਚ ਮਨੁੱਖ ਦਾ ਵਿਸ਼ਵਾਸ ਸੀ ਕਿ ਧਰਤੀ ਤੇ ਮਿਲਣ ਵਾਲੇ ਲੱਖਾਂ ਹੀ ਕਿਸਮ ਦੇ ਪ੍ਰਾਣੀਆਂ ਤੇ ਪੌਦਿਆਂ ਦੀ ਸਿਰਜਣਾ ‘‘ਸਰਬ ਸ਼ਕਤੀਮਾਨ ਪ੍ਰਮਾਤਮਾ’’ ਨੇ ਕੀਤੀ ਹੈ। ਅੱਡ ਅੱਡ ਧਰਮਾਂ ਦੀਆਂ ਪੁਸਤਕਾਂ ਵਿੱਚ ‘‘ਸਰਬ ਸ਼ਕਤੀਮਾਨ’’ ਦੁਆਰਾ ਸਿਰਜਣਾ ਲਈ ਲਏ ਗਏ ਸਮੇਂ ਤੇ ਢੰਗਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਦਰਸਾਇਆ ਗਿਆ ਹੈ। ਗਿਰਜਾ ਭਗਤ ਇਸਾਈਆਂ ਅਨੁਸਾਰ ਤਾਂ ਪ੍ਰਮਾਤਮਾ ਨੇ ਈਸਾ ਮਸੀਹ ਤੋਂ 4004 ਸਾਲ ਪਹਿਲਾਂ ਐਂਤਵਾਰ ਦੀ ਸਵੇਰ ਨੂੰ ਸਭ ਪੌਦਿਆਂ ਤੇ ਪ੍ਰਾਣੀਆਂ ਦੀ ਸਿਰਜਣਾ ਸ਼ੁਰੂ ਕੀਤੀ ਸੀ। ਸਿਰਫ਼ ਛੇ ਦਿਨਾਂ ਵਿੱਚ ਹੀ ਉਹਨਾਂ ਨੇ ਸਮੁੱਚੇ ਬ੍ਰਹਿਮੰਡ ਦੀ ਰਚਨਾ ਕੀਤੀ ਤੇ ਇਸ ਤੋਂ ਬਾਅਦ ਹੀ ਸੱਤਵੇਂ ਦਿਨ ਉਹਨਾਂ ਨੇ ਆਰਾਮ ਕੀਤਾ। ਭਾਵੇਂ ਦੁਨੀਆਂ ਦੇ ਬਹੁਤ ਸਾਰੇ ਬੁੱਧੀਮਾਨ ਲੋਕਾਂ ਨੇ ਧਾਰਮਿਕ ਪੁਸਤਕਾਂ ਵਿੱਚ ਦਰਜ ਇਹਨਾਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ ਪਰ ਸਾਡੇ ਦੇਸ਼ ਦੇ ਕਰੋੜਾਂ ਪੁਰਾਤਨ ਪੰਥੀ ਇਹਨਾਂ ਵਿਚਾਰਾਂ ਨੂੰ ਆਪਣੇ ਅਣਵਰਤੇ ਦਿਮਾਗਾਂ ਵਿੱਚ ਅਜੇ ਵੀ ਸਾਂਭੀ ਬੈਠੇ ਹਨ।
ਧਰਤੀ ਤੇ ਅਜਿਹੇ ਵਿਅਕਤੀ ਵੀ ਹੋਏ ਹਨ ਤੇ ਅੱਜ ਵੀ ਹਨ ਜਿਹਨਾਂ ਨੇ ਧਰਤੀ ਤੇ ਮੌਜ਼ੂਦ ਪੌਦਿਆਂ ਤੇ ਜੀਵਾਂ ਦੀ ਬਣਤਰ ਵਿਚਲੇ ਫ਼ਰਕ ਨੂੰ ਸਮਝਣਾ ਤੇ ਇਸਨੂੰ ਇੱਕ ਲੜੀ ਵਿੱਚ ਪਰੋਣਾ ਸ਼ੁਰੂ ਕੀਤਾ। ਅਜਿਹੇ ਮਹਾਨ ਵਿਅਕਤੀਆਂ ਵਿੱਚੋਂ ਹੀ ਸਨ ਚਾਰਲਸ ਡਾਰਵਿਨ। ਚਾਰਲਸ ਡਾਰਵਿਨ ਦਾ ਜਨਮ 12 ਫਰਵਰੀ 1809 ਨੂੰ ਹੋਇਆ ਸੀ। ਇਸ ਨਾਸਤਿਕ ਵਿਚਾਰਾਂ ਵਾਲੇ ਵਿਅਕਤੀ ਨੇ ਸਮੁੰਦਰੀ ਜਹਾਜ਼ ਬੀਗਲ ਰਾਹੀਂ 1831 ਤੋਂ 1836 ਤੱਕ ਪੰਜ ਸਾਲ ਵੱਖ-ਵੱਖ ਦੇਸ਼ਾਂ ਵਿੱਚੋਂ ਜੀਵਾਂ ਅਤੇ ਪੌਦਿਆਂ ਦੇ ਜੀਵਤ ਅਤੇ ਮਿਰਤਕ ਸਰੀਰਾਂ ਦੇ ਨਮੂਨੇ ਇਕੱਠੇ ਕਰਨ ਵਿੱਚ ਬਤੀਤ ਕੀਤੇ ਅਤੇ ਲੱਗਭੱਗ ਵੀਹ ਸਾਲ ਵਿੱਚ ਇਹਨਾਂ ਦਾ ਅਧਿਐਨ ਕਰਨ ਪਿੱਛੋਂ ‘ਜੀਵਾਂ ਦੀ ਉਤਪਤੀ’ ਨਾਂ ਦੀ ਕਿਤਾਬ ਲਿਖੀ ਸੀ। ਇਸ ਕਿਤਾਬ ਦੇ ਛਪਣ ਨਾਲ ਹੀ ਕਈ ਦੇਸ਼ਾਂ ਵਿੱਚ ਇਸ ਕਿਤਾਬ ਨੂੰ ਪੜ੍ਹਨ ਅਤੇ ਪੜ੍ਹਾਉਣ ਤੇ ਪਾਬੰਦੀ ਲਾ ਦਿੱਤੀ ਗਈ। ਕਿਉਂਕਿ ਇਹ ਕਿਤਾਬ ਇਸਾਈਆਂ ਦੀ ਇਸ ਧਾਰਨਾ ਕਿ ਧਰਤੀ ਦੀ ਸਿਰਜਨਾ ‘‘ਪਰਮਾਤਮਾ’’ ਨੇ ਕੀਤੀ ਹੈ ਨੂੰ ਰੱਦ ਕਰਕੇ ਜੀਵਾਂ ਵਿੱਚ ਹੋਏ ਵਿਕਾਸ ਦੀ ਪੁਸ਼ਟੀ ਕਰਦੀ ਸੀ। ਪਰ ਤਰਕ ਤੇ ਤੱਥਾਂ ਨੂੰ ਕਦੋਂ ਤੱਕ ਦਬਾਇਆ ਜਾ ਸਕਦਾ ਹੈ। ਲੱਖਾਂ ਰੋਕਾਂ ਦੇ ਬਾਵਜੂਦ ਅੱਜ ਡਾਰਵਿਨ ਦੀ ਕਿਤਾਬ ਦੁਨੀਆਂ ਦੇ ਕੋਨੇ ਕੋਨੇ ਵਿੱਚ ਉਪਲਬਧ ਹੈ। ਹੁਣ ਤਾਂ ਬਾਈਬਲ ਨੇ ਵੀ ਇਸ ਤੱਥ ਨੂੰ ਸਵੀਕਾਰ ਕਰ ਲਿਆ ਹੈ ਅਤੇ ਆਪਣੇ ਦੁਆਰਾ ਕੀਤੀ ਗਲਤੀ ਦੀ ਮੁਆਫੀ ਵੀ ਮੰਗ ਲਈ ਹੈ।
