ਸਾਡਾ ਗ੍ਰਹਿ ਮੰਡਲ

ਮੇਘ ਰਾਜ ਮਿੱਤਰ

ਅਰਸਤੂ ਨੇ ਕਲਪਨਾ ਕੀਤੀ ਸੀ ਕਿ ਚੰਦਰਮਾ ਅਤੇ ਬਾਕੀ ਗ੍ਰਹਿ ਧਰਤੀ ਦੁਆਰੇ ਚੱਕਰ ਲਾਗਾਉਂਦੇ ਹਨ। ਪਟੋਲਮੀ ਨੇ ਵੀ ਦੂਜੀ ਸਤਾਬਦੀ ਵਿੱਚ ਇਸੇ ਵਿਚਾਰ ਦੀ ਪੁਸ਼ਟੀ ਕੀਤੀ। ਇਹ ਇਕ ਅਜਿਹਾ ਸਮਾਂ ਸੀ ਜਦੋਂ ਇਸ ਖੇਤਰ ਵਿੱਚ ਈਸਾਈ ਧਰਮ ਦਾ ਪੂਰਨ ਦਬਦਬਾ ਸੀ। ਕਿਉਂਕਿ ਈਸਾਈਆਂ ਦੀ ਧਾਰਮਿਕ ਪੁਸਤਕ ਬਾਈਬਲ ਵਿੱਚ ਦਰਜ ਸੀ ਕਿ ਸੂਰਜ ਸਮੇਤ ਸਾਰੇ ਗ੍ਰਹਿ ਧਰਤੀ ਦੇ ਦੁਆਲੇ ਚੱਕਰ ਲਗਾਉਂਦੇ ਹਨ। ਇਸ ਲਈ ਸਾਡੀ ਧਰਤੀ ਨੂੰ ਹੀ ਸੂਰਜ ਦਾ ਕੇਂਦਰ ਸਮਝਿਆ ਗਿਆ ਪਰ ਅੱਜ ਦੇ ਵਿਗਿਆਨਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਸਾਡੇ ਗ੍ਰਹਿ ਮੰਡਲ ਦਾ ਮੁਖੀਆ ਸੂਰਜ ਹੈ। ਇਹ ਇੱਕ ਦਰਮਿਆਨੇ ਆਕਾਰ ਦਾ ਤਾਰਾ ਹੈ। ਸਾਡੇ ਸਾਰੇ ਗ੍ਰਹਿ ਇਸ ਦੇ ਦੁਆਲੇ ਨਿਸ਼ਚਿਤ ਸਮਿਆਂ ਵਿੱਚ ਚੱਕਰ ਕੱਟਦੇ ਹਨ। ਪ੍ਰਿਥਵੀ ਦੇ ਨਜ਼ਦੀਕ ਹੋਣ ਕਰਕੇ ਹੀ ਇਹ ਸਿਰਫ਼ ਦੂਸਰੇ ਤਾਰਿਆਂ ਦੇ ਮੁਕਾਬਲੇ ਚਮਕਦਰ ਤੇ ਵੱਡਾ ਨਜ਼ਰ ਆਉਂਦਾ ਹੈ। ਇਸਦੀ ਧਰਤੀ ਤੋਂ ਦੂਰੀ ਪੰਦਰਾਂ ਕਰੋੜ ਕਿਲੋਮੀਟਰ ਜਾਨੀ `ਚ ਇੱਕ ਸੌ ਪੰਜਾਹ ਮਿਲੀਅਨ ਕਿਲੋਮੀਟਰ ਹੈ ਤੇ ਸੂਰਜ ਤੋਂ ਚੱਲਿਆ ਹੋਇਆ ਪ੍ਰਕਾਸ਼ ਧਰਤੀ ਤੇ ਅੱਠ ਮਿੰਟ ਵੀਹ ਸੈਕਿੰਡ ਵਿੱਚ ਪੁੱਜਦਾ ਹੈ। ਇਸਦਾ ਅਰਧ ਵਿਆਸ ਛੇ ਲੱਖ ਛਿਆਨਵੇਂ ਹਜ਼ਾਰ ਕਿਲੋਮੀਟਰ ਹੈ ਤੇ ਧਰਤੀ ਦਾ ਅਰਧ ਵਿਆਸ 6378 ਕਿਲੋਮੀਟਰ ਹੈ। ਇਸ ਤਰ੍ਹਾਂ ਸੂਰਜ ਧਰਤੀ ਨਾਲੋਂ ਆਕਾਰ ਵਿੱਚ ਤੇਰਾਂ ਲੱਖ ਗੁਣਾ ਵੱਡਾ ਹੈ ਪਰ ਇਸਦਾ ਭਾਰ ਧਰਤੀ ਤੋਂ ਤਿੰਨ ਲੱਖ ਵੀਹ ਹਜ਼ਾਰ ਗੁਣਾ ਹੀ ਵੱਧ ਹੈ।
ਸਾਡਾ ਸੂਰਜ ਮਿਲਕੀ ਵੇ ਦੇ ਕੇਂਦਰ ਤੋਂ ਬੱਤੀ ਹਜ਼ਾਰ ਪ੍ਰਕਾਸ਼ ਵਰੇ੍ਹ ਦੂਰ ਇਸ ਗਲੈਕਸੀ ਦੇ ਇੱਕ ਕੋਨੇ ਵਿੱਚ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਬ੍ਰਹਿਮੰਡ ਵਿੱਚ ਸਾਰੇ ਤਾਰੇ, ਗ੍ਰਹਿ ਤੇ ਉਪ ਗ੍ਰਹਿ ਘੁੰਮ ਰਹੇ ਹਨ ਇਸ ਤਰ੍ਹਾਂ ਸੂਰਜ ਵੀ ਆਪਣੇ ਪ੍ਰੀਵਾਰ ਸਮੇਤ ਆਪਣੀ ਆਕਾਸ਼ ਗੰਗਾ ਦੇ ਕੇਂਦਰ ਦੁਆਲੇ ਚੱਕਰ ਲਾਉਂਦਾ ਰਹਿੰਦਾ ਹੈ। ਇਸਨੂੰ ਦੋ ਸੋ ਪੰਜਾਹ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਗਤੀ ਨਾਲ ਇੱਕ ਚੱਕਰ ਪੂਰਾ ਕਰਨ ਵਿੱਚ ਚੌਵੀ ਕਰੋੜ ਸਾਲ ਲੱਗ ਜਾਂਦੇ ਹਨ। ਧਰਤੀ ਤੇ ਮਨੁੱਖ ਜਾਤੀ ਦੇ ਪੈਦਾ ਹੋਣ ਤੋਂ ਬਾਅਦ ਸੂਰਜ ਨੇ ਆਪਣੀ ਧੁਰੀ ਦੁਆਲੇ ਇੱਕ ਵੀ ਚੱਕਰ ਪੂਰਾ ਨਹੀਂ ਕੀਤਾ ਹੈ। ਸੂਰਜ ਦੇ ਕੇਂਦਰ ਦਾ ਤਾਪਮਾਨ ਲੱਗਭੱਗ ਡੇਢ ਲੱਖ ਡਿਗਰੀ ਸੈਲਸੀਅਸ ਤੋਂ ਵੀ ਵੱਧ ਹੈ। ਇਸ ਦੀ ਬਾਹਰੀ ਪਰਤ ਦਾ ਤਾਪਮਾਨ ਲੱਗਭੱਗ ਛੇ ਹਜ਼ਾਰ ਦਰਜੇ ਸੈਲਸੀਅਸ ਹੈ। ਇਸ ਤਰ੍ਹਾਂ ਧਰਤੀ ਤੇ ਉਪਲਬਧ ਕੋਈ ਵੀ ਵਸਤੂ ਸੂਰਜ ਤੇ ਠੋਸ ਹਾਲਤ ਵਿੱਚ ਨਹੀਂ ਰਹਿ ਸਕਦੀ ਹੈ। ਸੂਰਜ ਸਾਡੇ ਗ੍ਰਹਿਮੰਡਲ ਵਿੱਚ ਧਰਤੀ ਤੇ ਉਪਲਬਧ ਜੀਵ ਜੰਤੂਆਂ ਦਾ ਪਾਲਣਹਾਰਾ ਹੈ। ਸੂਰਜ ਤੋਂ ਬਿਨਾਂ ਧਰਤੀ ਤੇ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ।
ਸੂਰਜ ਮੰਡਲ ਦਾ ਜਨਮ ਕਿਵੇਂ ਹੋਇਆ ? ਸੂਰਜੀ ਪਰਿਵਾਰ ਵਿੱਚ ਸੂਰਜ ਸਮੇਤ ਨੌ ਗ੍ਰਹਿ ਕੋਈ ਛਿਆਲੀ ਉਪਗ੍ਰਹਿ, ਇੱਕ ਹਜ਼ਾਰ ਛੇ ਸੌ ਦੇ ਕਰੀਬ ਛੋਟੇ ਗ੍ਰਹਿ, ਪੂਛਲ ਤਾਰੇ ਤੇ ਉਲਕਾਵਾਂ ਸ਼ਾਮਿਲ ਹਨ। ਸੂਰਜੀ ਪ੍ਰੀਵਾਰ ਦੇ ਸਾਰੇ ਮੈਂਬਰ ਇੱਕੋ ਹੀ ਦਿਸ਼ਾ ਵਿੱਚ ਸੂਰਜ ਦੁਆਲੇ ਚੱਕਰ ਲਾਉਂਦੇ ਹਨ। ਸੂਰਜੀ ਪ੍ਰੀਵਾਰ ਦਾ ਜਨਮ ਗੈਸ ਤੇ ਗਰਦ ਦੇ ਭਰੇ ਇੱਕ ਬਹੁਤ ਵੱਡੇ ਬੱਦਲ ਤੋਂ ਚਾਰ ਸੌ ਸੱਠ ਕੋ੍ਰੜ ਵਰੇ੍ਹ ਪਹਿਲਾਂ ਹੋਇਆ ਹੈ। ਗੁਰੂਤਾ ਆਕਰਸ਼ਣ ਕਾਰਨ ਇਸ ਬੱਦਲ ਦੇ ਕਣ ਲੱਖਾਂ ਸਾਲਾਂ ਬਾਅਦ ਇੱਕ ਦੂਜੇ ਦੇ ਨੇੜੇ ਆਉਣੇ ਸ਼ੁਰੂ ਹੋ ਗਏ। ਸਮੇਂ ਅਨੁਸਾਰ ਇਹ ਬੱਦਲ ਇੱਕ ਤਵੇ ਦੇ ਰੂਪ ਵਿੱਚ ਬਦਲ ਗਿਆ ਅਤੇ ਆਪਣੀ ਧੁਰੀ ਦੁਆਲੇ ਚੱਕਰ ਕੱਟਦਾ ਰਿਹਾ। ਕੁਝ ਹੋਰਾਂ ਸਾਲਾਂ ਬਾਅਦ ਨਿੜਾਨਵੇਂ ਪ੍ਰਤੀਸ਼ਤ ਪਦਾਰਥ ਇਸ ਤਵੇ ਦੇ ਕੇਂਦਰ ਵਿੱਚ ਇਕੱਠਾ ਹੋ ਗਿਆ। ਰਹਿੰਦਾ ਇੱਕ ਪ੍ਰਤੀਸ਼ਤ ਭਾਗ ਛੱਲਿਆਂ ਦੇ ਰੂਪ ਵਿੱਚ ਇਸ ਤਵੇ ਦੇ ਕੇਂਦਰ ਦੁਆਲੇ ਚੱਕਰ ਕੱਟਣ ਲੱਗ ਗਿਆ। ਤਵੇ ਦੇ ਕੇਂਦਰ ਵਾਲਾ ਪਦਾਰਥ ਸੂਰਜ ਬਣ ਗਿਆ ਤੇ ਬਾਕੀ ਛੱਲੇ ਗ੍ਰਹਿਾਂ ਦੇ ਰੂਪ ਵਿੱਚ ਹੋਂਦ `ਚ ਆ ਗਏ। ਗੁਰੂਤਾ ਆਕਰਸ਼ਣ ਕਾਰਨ ਹੀ ਇਹ ਗੋਲਾ ਹੋਰ ਸੁੰਗੜਣ ਲੱਗ ਪਿਆ। ਸਿੱਟੇ ਵਜੋਂ ਇਸਦੇ ਕੇਂਦਰ ਵਿੱਚ ਦਬਾਉ ਤੇ ਤਾਪਮਾਨ ਦਾ ਵਾਧਾ ਹੋ ਗਿਆ। ਜਿਵੇਂ ਅਸੀਂ ਜਾਣਦੇ ਹਾਂ ਕਿ ਵੱਧ ਤਾਪਮਾਨ ਤੇ ਦਬਾਉ ਤੇ ਹਾਈਡ੍ਰੋਜਨ ਬੰਬਾਂ ਦੇ ਬਣਨ ਵਾਲੀ ਕ੍ਰਿਆ ਸ਼ੁਰੂ ਹੋ ਜਾਂਦੀ ਹੈ। ਇਸ ਕਿਰਿਆ ਨੂੰ ਵਿਗਿਆਨਕ ਸ਼ਬਦਾਵਲੀ ਵਿੱਚ ਨਿਊਕਲੀ ਸੰਯੋਜਨ ਵੀ ਆਖਿਆ ਜਾਂਦਾ ਹੈ। ਇਸ ਨਿਊਕਲੀ ਸੰਯੋਜਕ ਕਿਰਿਆ ਕਰਕੇ ਸੂਰਜ ਦੀ ਹਾਈਡ੍ਰੋਜਨ ਹੀਲੀਅਮ ਵਿੱਚ ਬਦਲਣੀ ਸ਼ੁਰੂ ਹੋ ਗਈ। ਸਿੱਟੇ ਵਜੋਂ ਵੱਡੀ ਮਾਤਰਾ ਵਿੱਚ ਊਰਜਾ ਨਿਕਲਣੀ ਸ਼ੁਰੂ ਹੋ ਗਈ। ਉਪਰੋਕਤ ਕਾਰਨਾਂ ਕਰਕੇ ਹੀ ਸੂਰਜ, ਪ੍ਰਕਾਸ਼ ਤੇ ਤਾਪ ਊਰਜਾ ਦਾ ਸੋਮਾ ਬਣਿਆ ਹੈ। ਪਰ ਅੱਜ ਤੋਂ ਪੰਜ ਸੌ ਕੋ੍ਰੜ ਵਰਿ੍ਹਆਂ ਨੂੰ ਇਸਦੇ ਕੇਂਦਰ ਵਿਚਲੀ ਸਾਰੀ ਹਾਈਡੋ੍ਰਜਨ, ਹੀਲੀਅਮ ਵਿੱਚ ਬਦਲ ਜਾਵੇਗੀ। ਪਰ ਇਸ ਦੀ ਸਤਾ ਤੇ ਹਾਈਡੋ੍ਰਜਨ ਹੀਲੀਅਮ ਵਿੱਚ ਬਦਲਣਾ ਜਾਰੀ ਰਹੇਗੀ ਅਤੇ ਇਸ ਦੀ ਸਤਾ ਫੈਲਣਾ ਸ਼ੁਰੂ ਹੋ ਜਾਵੇਗੀ। ਇਹ ਨੇੜੇ ਦੇ ਦੋਨੇ ਗ੍ਰਹਿਾਂ ਬੁੱਧ ਅਤੇ ਸ਼ੁੱਕਰ ਨੂੰ ਪਿਘਲਾ ਦੇਵੇਗਾ। ਧਰਤੀ ਦੇ ਸਮੁੰਦਰ ਸੁੱਕ ਜਾਣਗੇ। ਸੂਰਜ ਇਸ ਤੋਂ ਬਾਅਦ ਲਾਲ ਦਾਨਵ ਬਣ ਜਾਵੇਗਾ। ਇਸ ਤੋਂ ਦਸ ਕ੍ਰੋੜ ਵਰੇ੍ਹ ਬਾਅਦ ਇਹ ਇੱਕ ਚਿੱਟਾ ਬੌਣਾ ਬਣ ਕੇ ਮੰਗਲ ਦੇ ਆਕਾਰ ਦਾ ਰਹਿ ਜਾਵੇਗਾ। ਧਰਤੀ ਅਤੇ ਬਾਕੀ ਗ੍ਰਹਿ ਇਸ ਦੁਆਲੇ ਚੱਕਰ ਲਾਉਂਦੇ ਰਹਿਣਗੇ।

Back To Top