(ਮਨੀਸ਼ ਆਜ਼ਾਦ ਇੱਕ ਰਾਜਨੀਤਕ ਕਾਰਕੁੰਨ ਹਨ। ਇਸ ਲਈ ਸੱਤਾ ਦੇ ਜ਼ਬਰ ਦਾ ਸ਼ਿਕਾਰ ਵੀ ਹੋ ਚੁੱਕੇ ਹਨ। 29 ਫਰਵਰੀ ਨੂੰ 8 ਮਹੀਨੇ ਬਾਅਦ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਹਨ। ਇਸ ਤੋਂ ਪਹਿਲਾਂ ਵੀ ਉਹ ‘ਦਸਤਕ’ ਲਈ ਲਿਖਦੇ ਰਹੇ ਹਨ। ਉਹਨਾਂ ਦਾ ਇਹ ਲੇਖ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੁੜੇ ਤਮਾਮ ਪਹਿਲੂਆਂ ਦੀ ਨਜ਼ਰਸਾਨੀ ਕਰਦਾ ਹੈ। ਇਹ ਲੇਖ ਇਸ ਮਾਅਨੇ ਵਿੱਚ ਬਹੁਤ ਮਹੱਤਵਪੂਰਨ ਹੈ ਕਿ ਜਿੱਥੇ ਅਮਰੀਕੀ ਸਾਮਰਾਜਵਾਦ ਚੀਨ ਨੂੰ ਇਸਦੇ ਲਈ ਦੋਸ਼ੀ ਗਰਦਾਨ ਰਿਹਾ ਹੈ, ਉੱਥੇ ਹੀ ਭਾਰਤ ਇਸਦਾ ਸਾਰਾ ਠੀਕਰਾ ਮੁਸਲਮਾਨਾਂ ਸਿਰ ਭੰਨ ਰਿਹਾ ਹੈ। ਇਹ ਲੇਖ ਇਸ ਮਹਾਂਮਾਰੀ ਦੇ ਕਾਰਨਾਂ ਉੱਪਰ ਵਿਗਿਆਨਕ ਰੂਪ ਵਿੱਚ ਚਾਨਣਾ ਪਾਉਂਦਾ ਹੈ, ਤਾਂ ਕਿ ਭਵਿੱਖ ਵਿੱਚ ਅਸੀਂ ਆਪਣੀ ਤਰੱਕੀ ਦਾ ਰਾਹ ਸਾਫ ਸਾਫ ਦੇਖ ਸਕੀਏ।)
ਨਾਜ਼ੀ ਜਰਮਨੀ ਵਿੱਚ ਜਦੋਂ ‘ਸੋਫੀ’ ਨਾਮ ਦੀ ਇੱਕ ਔਰਤ ਨੂੰ ਉਸਦੇ ਦੋ ਬੱਚਿਆਂ ਸਮੇਤ ਨਾਜ਼ੀ ਸਿਪਾਹੀ ਗੈਸ ਚੈਂਬਰ ਵਿੱਚ ਲੈ ਕੇ ਆਏ ਤਾਂ ਉਹਨਾਂ ਨੇ ਸੋਫੀ ਦੇ ਰੋਣ-ਕੁਰਲਾਉਣ ਤੋਂ ਮਗਰੋਂ ਉਸਦੇ ਦੋ ਬੱਚਿਆਂ ਵਿੱਚੋਂ ਇੱਕ ਨੂੰ ਜ਼ਿੰਦਾ ਛੱਡਣ ਦਾ ਵਾਅਦਾ ਕੀਤਾ, ਪਰ ਕੌਣ ਜ਼ਿੰਦਾ ਰਹੇਗਾ ਅਤੇ ਕੌਣ ਗੈਸ ਚੈਂਬਰ ਵਿੱਚ ਜਾਵੇਗਾ, ਇਸਦਾ ਫੈਸਲਾ ਉਹਨਾਂ ਨੇ ਸੋਫੀ ‘ਤੇ ਹੀ ਛੱਡ ਦਿੱਤਾ। 1979 ਵਿੱਚ ਇਸੇ ਕਹਾਣੀ ‘ਤੇ ਆਧਾਰਿਤ “ਸੋਫੀਜ਼ ਚੁਆਇਸ” ਨਾਮ ਦੇ ਨਾਵਲ ਦੀ ਸਫਲਤਾ ਤੋਂ ਬਾਅਦ ਅੰਗਰੇਜ਼ੀ ਵਿੱਚ ‘ਸੋਫੀਜ਼ ਚੁਆਇਸ’ (Sophie’s choice) ਇੱਕ ਮੁਹਾਵਰਾ ਹੀ ਚੱਲ ਪਿਆ। ਅੱਜ ਜਦੋਂ ਮੈਂ ਕੋਰੋਨਾ ਵਾਇਰਸ ਨਾਲ ਭਿਆਨਕ ਲੌਕਡਾਊਨ ਝੱਲ ਰਹੀ ਦੁਨੀਆ ਨੂੰ ਦੇਖਦਾ ਹਾਂ ਤਾਂ ਮੈਨੂੰ ਅੰਗਰੇਜ਼ੀ ਦਾ ਇਹ ਮੁਹਾਵਰਾ ਯਾਦ ਆਉੰਦਾ ਹੈ। ਜੇ ਲੌਕਡਾਊਨ ਵੱਧਦਾ ਹੈ ਤਾਂ ਦੁਨੀਆ ਦੀ ਅਰਥ ਵਿਵਸਥਾ ਇੱਕ ਡੂੰਘੇ ਟੋਏ ਵਿੱਚ ਡਿੱਗ ਪਵੇਗੀ, ਕਰੋੜਾਂ ਲੋਕਾਂ ਅੱਗੇ ਆਪਣੀ ਹੌਂਦ ਬਚਾਉਣ ਦਾ ਸੰਕਟ ਖੜਾ ਹੋ ਜਾਵੇਗਾ ਅਤੇ ਜੇਕਰ ਲੌਕਡਾਊਨ ਖੋਲਦੇ ਹਨ ਤਾਂ ਕੋਰੋਨਾ ਮਹਾਂਮਾਰੀ ਲੱਖਾਂ ਕਰੋੜਾਂ ਲੋਕਾਂ ਨੂੰ ਨਿਗਲ ਸਕਦੀ ਹੈ। ਲਗਭਗ ਹਰ ਦੇਸ਼ ਵਿੱਚ ਇਹ ਦੁਬਿਧਾ ਮੂੰਹ ਅੱਡੀ ਖੜੀ ਹੈ। ਪਰ ਅਸਲ ਸਵਾਲ ਤਾਂ ਇਹ ਹੈ ਕਿ ਅਸੀੰ ਇੱਥੇ ਤੱਕ ਪਹੁੰਚੇ ਕਿਵੇਂ? ਕੀ ਇਹ ਹੋਣਾ ਹੀ ਸੀ? ਕੋਰੋਨਾ ਨੇ ਆਉਣਾ ਹੀ ਸੀ? ਜਾਂ ਇਸ ਪਿੱਛੇ ਚੀਨ ਦੀ ਸਾਜਿਸ਼ ਹੈ ਜਿਸਨੇ ਵਿਸ਼ਵ-ਜੇਤੂ ਬਣਨ ਲਈ ਕੋਰੋਨਾ ਨਾਲ ਪਹਿਲਾਂ ਆਪਣੇ ਲੋਕਾਂ ਨੂੰ ਮਾਰਿਆ ਅਤੇ ਫਿਰ ਪੂਰੀ ਦੁਨੀਆ ਨੂੰ ਮਾਰ ਰਿਹਾ ਹੈ। ਜਾਂ ਫਿਰ ਚੀਨ ਦੀ ਗੱਲ ਸਹੀ ਹੈ ਜੋ ਕਹਿ ਰਿਹਾ ਹੈ ਕਿ ਅਮਰੀਕਾ ਨੇ ਉਲੰਪਿਕ ਖੇਡਾਂ ਦੌਰਾਨ ਇਹ ਵਾਇਰਸ ਚੀਨ ਵਿੱਚ ਛੱਡਿਆ ਸੀ, ਤਾਂ ਕਿ ਚੀਨ ਨੂੰ ਕਮਜ਼ੋਰ ਕੀਤਾ ਜਾ ਸਕੇ। ਜਾਂ ਫਿਰ ਕੋਈ ਹੋਰ ਗੱਲ ਹੈ। ਆਓ ਕੁੱਝ ਜਾਂਚ ਕਰਦੇ ਹਾਂ।
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ Scripps research institute ਸਮੇਤ ਹੋਰ ਅਨੇਕਾਂ ਪ੍ਰਯੋਗਸ਼ਾਲਾਵਾਂ ਨੇ ਕੋਵਿਡ-19 ਦੀ ਜੀਨ ਬਣਤਰ ਦਾ ਅਧਿਐਨ ਕਰਕੇ ਇਹ ਸਾਬਿਤ ਕੀਤਾ ਹੈ ਕਿ ਇਸਨੂੰ ਪ੍ਰਯੋਗਸ਼ਾਲਾਵਾਂ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹ ਆਪਣੇ ਆਪ ਵਿਕਸਤ (ਮਿਊਟੇਸ਼ਨ) ਹੋਇਆ ਹੈ। ਅਰਥਾਤ ਇਸ ਪਿੱਛੇ ਕਿਸੇ ਕਿਸੇ ਦੇਸ਼ ਦਾ ਹੱਥ ਨਹੀਂ ਹੈ। ਇਹ ਕੋਰੋਨਾ ਪਰਿਵਾਰ ਦਾ ਹੀ ਨਵਾਂ ਵਾਇਰਸ ਹੈ। ਇਸ ਪਰਿਵਾਰ ਦੇ ਹੀ ਸਾਰਸ ਨੇ ਵੀ 2003-04 ਵਿੱਚ ਦੁਨੀਆ ਦੇ ਕਈ ਦੇਸ਼ਾਂ ਵਿੱਚ ਤਬਾਹੀ ਮਚਾਈ ਸੀ। ਇਹ ਕੋਵਿਡ-19 ਸਾਰਸ-2 ਹੈ।
ਇਹ ਚੀਨ ਦੇ ਵੁਹਾਨ ਸ਼ਹਿਰ ਵਿੱਚ ਪੈਦਾ ਹੋਇਆ ਦੱਸਿਆ ਜਾਂਦਾ ਹੈ (ਹਾਲਾਂਕਿ ਨਾਮਵਰ ਮੈਡੀਕਲ ਜਰਨਲ ‘ਲੈਂਸੈੱਟ’ ਅਨੁਸਾਰ ਸ਼ੁਰੂਆਤੀ 43 ਕੋਰੋਨਾ ਦੇ ਮਰੀਜ਼ਾਂ ਵਿੱਚੋਂ 13 ਮਰੀਜ਼ ਵੁਹਾਨ ਤੋਂ ਬਾਹਰ ਦੇ ਸਨ ਅਤੇ ਉਹਨਾਂ ਦਾ ਵੁਹਾਨ ਦੇ ਕੋਰੋਨਾ ਮਰੀਜ਼ਾਂ ਜਾਂ ਉੱਥੋਂ ਦੀ ‘ਵੈੱਟ ਮਾਰਕਿਟ’ ਨਾਲ ਕੋਈ ਸੰਪਰਕ ਨਹੀਂ ਸੀ)। ਦੂਜੀ ਕਹਾਣੀ ਮੀਡੀਆ ਵਿੱਚ ਇਹ ਹੈ ਕਿ ਇਹ ਵਾਇਰਸ ਉੱਥੋਂ ਦੇ “ਵੈੱਟ ਬਾਜ਼ਾਰ” (ਮੱਛੀ ਅਤੇ ਤਰ੍ਹਾਂ ਤਰ੍ਹਾਂ ਦਾ ਮਾਸ ਵੇਚਣ ਵਾਲੇ ਛੋਟੇ ਬਾਜ਼ਾਰ ਜਿਵੇਂ ਆਪਣੇ ਇੱਥੋਂ ਦੀ ਕੋਈ ਮੱਛੀ ਮਾਰਕਿਟ) ਤੋਂ ਪੂਰੀ ਦੁਨੀਆ ਵਿੱਚ ਫੈਲਿਆ ਹੈ। Sਚਰਪਿਪਸ ੍ਰੲਸੲਅਰਚਹ ੀਨਸਟਟਿੁਟੲ ਨੇ ਆਪਣੇ ਅਧਿਐਨ ਵਿੱਚ ਇਸ ਤੋਂ ਇਨਕਾਰ ਕੀਤਾ ਹੈ। ਉਸਦੇ ਅਨੁਸਾਰ ਕੋਵਿਡ-19 ਜਿਸ ਤਰ੍ਹਾਂ ਵਿਕਸਿਤ (ਮਿਊਟੇਸ਼ਨ) ਹੋਇਆ ਹੈ ਅਤੇ ਜਿਸ ਤਰ੍ਹਾਂ ਦੀ ਉਸਦੀ ਜੀਨ ਬਣਤਰ ਹੈ, ਉਸਦੇ ਲਈ ਜਾਨਵਰਾਂ ਦੀ ਉੱਚ ਆਬਾਦੀ ਘਣਤਾ (High Population Density) ਜ਼ਰੂਰੀ ਹੈ। ਅਤੇ ਇਹ ਜਾਨਵਰਾਂ ਦੇ ਉਦਯੋਗਿਕ ਉਤਪਾਦਨ ਵਾਲੀਆਂ ਥਾਵਾਂ ‘ਤੇ ਹੀ ਸੰਭਵ ਹੈ। ਜਿੱਥੇ ਉਹਨਾਂ ਨੂੰ ਤੁੰਨ ਕੇ ਰੱਖਿਆ ਜਾਂਦਾ ਹੈ। ਚਿਕਨ ਅਤੇ ਸੂਰ ਦਾ ਉਤਪਾਦਨ ਵਿਸ਼ੇਸ਼ ਤੌਰ ‘ਤੇ ਇਹੋ ਜਿਹੀਆਂ ਹਾਲਤਾਂ ਵਿੱਚ ਹੀ ਹੁੰਦਾ ਹੈ। ਖੋਜ ਵਿੱਚ ਇਹ ਕਿਹਾ ਗਿਆ ਹੈ ਕਿ ਕਿਉਂਕਿ ਸੂਰ ਦਾ ‘ਇਮਿਊਨ ਸਿਸਟਮ’ ਤੁਲਨਾਤਮਕ ਤੌਰ ‘ਤੇ ਮਨੁੱਖ ਨਾਲ ਜ਼ਿਆਦਾ ਮੇਲ ਖਾਂਦਾ ਹੈ, ਇਸ ਲਈ ਇਹ ਕੋਵਿਡ-19 ਸੂਰਾਂ ਦੇ ਮਾਧਿਅਮ ਰਾਹੀਂ ਮਨੁੱਖ ਵਿੱਚ ਆਇਆ ਹੈ। ਇਸ ਖੇਤਰ ਵਿੱਚ ਕੰਮ ਕਰਨ ਵਾਲੀ ਮਸ਼ਹੂਰ ਵੈੱਬਸਾਈਟ ਗਰਅਨਿ।ੋਰਗ ਦਾ ਇਹ ਦਾਅਵਾ ਵੀ ਸਹੀ ਲੱਗਦਾ ਹੈ ਕਿ ਕੋਰੋਨਾ ਦੇ ਬਹਾਨੇ ਵੁਹਾਨ ਦੀ ‘ਵੈੱਟ ਮਾਰਕਿਟ’ ਨੂੰ ਬੰਦ ਕਰਨ ਦੀ ਸਾਜਿਸ਼ ਦੇ ਤਹਿਤ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਬਾਜ਼ਾਰ ਦੇ ਮਾਧਿਅਮ ਨਾਲ ਲੱਖਾਂ ਛੋਟੇ ਲੋਕਾਂ ਦਾ ਜੀਵਨ ਚੱਲਦਾ ਹੈ ਅਤੇ ਗਰੀਬ ਲੋਕਾਂ ਨੂੰ ਸਸਤਾ ਮੀਟ ਉਪਲਬਧ ਹੁੰਦਾ ਹੈ (ਇਹ ਛੋਟੇ ਅਤੇ ਗਰੀਬ ਲੋਕ ਆਮ ਤੌਰ ‘ਤੇ ਉਹ ਹੀ ਹਨ ਜਿਹਨਾਂ ਪਾਸੋਂ ਸਮਾਜਵਾਦ ਤੋਂ ਬਾਅਦ ਦੇ ਦੌਰ ਵਿੱਚ ਉੱਥੋਂ ਦੇ ‘ਕਾੱਪਰੇਟਿਵ’ ਅਤੇ ‘ਕਮਿਊਨਾਂ’ ਨੂੰ ਤੋੜ ਕੇ ਉਹਨਾਂ ਦੀ ਜ਼ਮੀਨ ਖੋਹ ਲਈ ਗਈ ਅਤੇ ਉਹਨਾਂ ਉੱਪਰ ਹੀ ਅਨੇਕਾਂ ਪ੍ਰਕਾਰ ਦੇ ਵੱਡੇ ਵੱਡੇ ਉਦਯੋਗ, ਜਿਹਨਾਂ ਵਿੱਚ ਮੀਟ ਉਦਯੋਗ ਵੀ ਸ਼ਾਮਿਲ ਹੈ, ਅਤੇ ਵੱਡੇ ਵੱਡੇ ਖੇਤੀ ਉਦਯੋਗਿਕ ਫਾਰਮਾਂ ਦੀ ਸਥਾਪਨਾ ਕੀਤੀ ਗਈ)। ਜ਼ਾਹਿਰ ਹੈ ਕਿ ਵੱਡੇ ਮੀਟ ਉਦਯੋਗਾਂ ਦਾ ਹਿੱਤ ਇਸ ਵਿੱਚ ਹੀ ਹੈ ਕਿ ਇਹ ‘ਵੈੱਟ ਮਾਰਕਿਟ’ ਬੰਦ ਹੋ ਜਾਵੇ ਅਤੇ ਉਹਨਾਂ ਦੇ ਆਪਣਾ ਬਾਜ਼ਾਰ ਦਾ ਹੋਰ ਵਧੇਰੇ ਵਿਸਤਾਰ ਹੋ ਜਾਵੇ।
ਇਸ ਤੋਂ ਪਹਿਲਾਂ ਕੋਰੋਨਾ ਪਰਿਵਾਰ ਦੇ ਸਾਰਸ ਕੋਰੋਨਾ ਨੇ ਵੀ 2003-04 ਵਿੱਚ ਕਾਫੀ ਲੋਕਾਂ ਦੀ ਜਾਨ ਲਈ ਸੀ। ਇਹ ਵਾਇਰਸ ਸਿਰਫ ਜਾਨਵਰਾਂ ਤੋਂ ਹੀ ਮਨੁੱਖਾਂ ਵਿੱਚ ਆਉਂਦਾ ਹੈ। ਇਸ ਤੋਂ ਪਹਿਲਾਂ ਸਵਾਈਨ ਫਲੂ H1N1) ਨੇ ਵੀ ਪੂਰੀ ਦੁਨੀਆ ਵਿੱਚ ਲੱਖਾਂ ਲੋਕਾਂ ਦੀ ਜਾਨ ਲਈ ਸੀ (ਇਕੱਲੇ ਅਮਰੀਕਾ ਵਿੱਚ ਹੀ ਇਸ ਨਾਲ 1200 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ)। ਇਹ ਮੈਕਸੀਕੋ ਤੋਂ ਸ਼ੁਰੂ ਹੋਇਆ ਸੀ ਅਤੇ ਸ਼ੁਰੂ ਵਿੱਚ ਇਸ ਨੂੰ ਵੀ ‘ਮੈਕਸੀਕਨ ਫਲੂ’ ਦਾ ਨਾਮ ਦਿੱਤਾ ਗਿਆ ਜਿਵੇੰ ਅੱਜ ਕੋਰੋਨਾ ਨੂੰ ‘ਚਾਇਨੀਜ਼ ਕੋਰੋਨਾ’ ਕਿਹਾ ਜਾ ਰਿਹਾ ਹੈ। ਪਰ ਹੁਣ ‘ਸਵਾਈਨ ਫਲੂ’ ਬਾਰੇ ਕਾਫੀ ਜਾਣਕਾਰੀ ਮਿਲ ਗਈ ਹੈ। ਇਹ ਉਦਯੋਗਿਕ ਉਤਪਾਦਨ ਵਾਲੇ ਸੂਰਾਂ ਤੋਂ ਮਨੁੱਖ ਵਿੱਚ ਆਇਆ। ਮੈਕਸੀਕੋ ਦੇ ਇੱਕ ਸੂਰ ਮੀਟ ਉਦਯੋਗ ਤੋਂ ਇਸਦੀ ਸ਼ੁਰੂਆਤ ਹੋਈ। ਇਸ ਸੂਰ ਮੀਟ ਉਦਯੋਗ ਦਾ ਨਾਮ ਸੀ- ‘ਸਮਿੱਥਫੀਲਡ ਫੂਡ ਕੰਪਨੀ’। ਇਹ ਅਮਰੀਕੀ ਕੰਪਨੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਸੂਰ ਦਾ ਉਤਪਾਦਨ ਅਤੇ ਉਸਦੀ ਪ੍ਰੋਸੈਸਿੰਗ ਕਰਨ ਵਾਲੀ ਕੰਪਨੀ ਹੈ। ਇਸਦੇ ਵੱਖ ਵੱਖ ਕਾਰਖਾਨਿਆਂ ਵਿੱਚ ਹਰ ਸਾਲ 28 ਮਿਲੀਅਨ ਸੂਰਾਂ ਨੂੰ ਕੱਟਿਆ ਜਾਂਦਾ ਹੈ ਅਤੇ ਪੂਰੇ ਦੁਨੀਆ ਵਿੱਚ ਅਨੇਕ ਰੂਪਾਂ (ਹਾਮ, ਸਾਸੇਸ ਬੇਕਨ, ਆਦਿ) ਵਿੱਚ ਉਸਦੀ ਸਪਲਾਈ ਹੁੰਦੀ ਹੈ। ਇਸਦੀਆਂ ਪ੍ਰਮੁੱਖ ਖਰੀਦਦਾਰ ਕੰਪਨੀਆਂ ਮੈਕਡਾਨਲਡ, ਕੇਐੱਫਸੀ, ਆਦਿ ਹਨ। ਇਹ ਵੀ ਅਮਰੀਕੀ ਕੰਪਨੀਆਂ ਹੀ ਹਨ। ਜਿਸ ਤਰ੍ਹਾਂ ਸਾਰੀਆਂ ਅਮਰੀਕੀ ਕੰਪਨੀਆਂ ਜਿਵੇੰ ਐਪਲ, ਪੈਪਸੀ, ਨਾਇਕ, ਜਨਰਲ ਮੋਟਰਜ਼, ਆਦਿ ਨੇ ਚੀਨ ਦੀ ਸਸਤੀ ਕਿਰਤ ਨੂੰ ਨਿਚੋੜਣ ਲਈ ਆਪਣੇ ਕਾਰਖਾਨੇ ਚੀਨ ਵਿੱਚ ਸਥਾਪਤ ਕੀਤੇ ਹਨ, ਇਸੇ ਤਰ੍ਹਾਂ ਇਸ ਕੰਪਨੀ ਦਾ ਇੱਕ ਵੱਡਾ ਕਾਰਖਾਨਾ ਚੀਨ ਵਿੱਚ ਵੀ ਹੈ। ਦੁਨੀਆ ਦੀ ਪੰਜਵੀਂ ਸੂਰ ਦਾ ਮਾਸ ਤਿਆਰ ਕਰਨ ਵਾਲੀ ਡੈਨਮਾਰਕ ਦੀ ਕੰਪਨੀ ‘ਡੈਨਿਸ ਕ੍ਰਾਊਨ’, ਸੂਰ ਮੀਟ ਉਤਪਾਦਨ ਵਿੱਚ ਦੁਨੀਆ ਦੀ ਸੱਤਵੀਂ ਵੱਡੀ ਕੰਪਨੀ ਜਰਮਨੀ ਦੀ ‘ਟੋਨੀ’, ਇਹਨਾਂ ਸਾਰਿਆਂ ਦੇ ਚੀਨ ਵਿੱਚ ਮੀਟ ਉਤਪਾਦਨ ਅਤੇ ਉਸਦੀ ਪ੍ਰੋਸੈਸਿੰਗ ਦੇ ਵੱਡੇ ਕਾਰਖਾਨੇ ਹਨ। ਇਹ ਮੀਟ ਇੱਥੋੰ ਚੀਨ ਸਮੇਤ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਸਪਲਾਈ ਕੀਤਾ ਜਾਂਦਾ ਹੈ। ‘ਮੈਕਡਾਨਲਡ’ ਅਤੇ ‘ਕੇਐੱਫਸੀ’ ਵਰਗੀਆਂ ਕੰਪਨੀਆਂ ਇਸਦੀਆਂ ਪ੍ਰਮੁੱਖ ਖਰੀਦਦਾਰ ਹਨ। ਇਹ ਵੀ ਸਪੱਸ਼ਟ ਹੈ ਕਿ ਚੀਨੀ ਕੰਪਨੀਆਂ ਵੀ ਇਸ ਦੌੜ ਵਿੱਚ ਸ਼ਾਮਲ ਹਨ। 2008 ਦੀ ਮੰਦੀ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਨਿਵੇਸ਼ਕ ਕੰਪਨੀ ‘ਗੋਲਡਮੈਮ ਸੈਸ਼’ ਨੇ ਆਪਣੇ ਨਿਵੇਸ਼ ਨੂੰ ਵਿਭਿੰਨ ਕਰਨ ਦੀ ਕੋਸ਼ਿਸ਼ ਵਿੱਚ 300 ਮਿਲੀਅਨ ਡਾਲਰ ਦਾ ਨਿਵੇਸ਼ ਕਰਦੇ ਹੋਏ ਚੀਨ ਦੇ 10 ਵੱਡੇ ਪੋਲਟਰੀ ਫਾਰਮਾਂ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਚੀਨ ਦੇ ਸੂਰ ਉਤਪਾਦਨ ਵਿੱਚ ਵੀ ਇਸਦਾ ਲਗਭਗ 200 ਮਿਲੀਅਨ ਡਾਲਰ ਦਾ ਨਿਵੇਸ਼ ਹੈ। ਇਸ ਤੋਂ ਇਲਾਵਾ ਦੂਜੀ ਵੱਡੀ ਅਮਰੀਕੀ ਕੰਪਨੀ ‘ਓਐੱਸਆਈ’ ਨਾਲ ਜੁੜਿਆ ਇੱਕ ਮਾਮਲਾ ਪਿਛਲੇ ਦਿਨੀਂ ਕਾਫੀ ਚਰਚਾ ਵਿੱਚ ਰਿਹਾ। ਇਹ ਕੰਪਨੀ ਚਿਕਨ ਮੀਟ ਨੂੰ ਪ੍ਰੋਸੈਸ ਕਰਦੀ ਹੈ ਅਤੇ ਇਸਦੇ ਵੀ ਚੀਨ ਵਿੱਚ 10 ਵੱਡੇ ਕਾਰਖਾਨੇ ਹਨ। ਇਹ ਵੀ ਮੈਕਡਾਨਲਡ ਅਤੇ ਕੇਐੱਫਸੀ ਵਰਗੀਆਂ ਅਮਰੀਕੀ ਕੰਪਨੀਆਂ ਦੇ ਮਾਧਿਅਮ ਨਾਲ ਹੀ ਚੀਨ ਸਮੇਤ ਪੂਰੀ ਦੁਨੀਆ ਦੇ ਬਾਜ਼ਾਰਾਂ ਵਿੱਚ ਮੀਟ ਦੇ ਵਿਭਿੰਨ ਰੂਪਾਂ ਦੀ ਸਪਲਾਈ ਕਰਦੀ ਹੈ। ਇਸਨੇ ਸੜੇ ਹੋਏ ਮਾਸ ਨੂੰ ਪ੍ਰੋਸੈਸ ਕਰਕੇ ਚੀਨ ਦੇ ਬਾਜ਼ਾਰਾਂ ਵਿੱਚ ਇਸਦੀ ਸਪਲਾਈ ਕਰ ਦਿੱਤੀ ਸੀ। ਜਿਸ ਕਾਰਨ ਚੀਨ ਮੇ ਇਸ ‘ਤੇ ਭਾਰੀ ਜੁਰਮਾਨਾ ਲਗਾਇਆ ਅਤੇ 10 ਕਰਮਚਾਰੀਆਂ ਨੂੰ ਜੇਲ੍ਹ ਭੇਜ ਦਿੱਤਾ।
ਇਹ ਵਿਸਥਾਰ ਇਸ ਲਈ ਜ਼ਰੂਰੀ ਹੈ ਤਾਂ ਕਿ ਅਸੀਂ ਦੇਖ ਸਕੀਏ ਕਿ ਦੁਨੀਆ ਦੇ ਲਗਭਗ 945 ਮਿਲੀਅਨ ਡਾਲਰ ਦੇ ਮੀਟ ਵਪਾਰ ਵਿੱਚ ਅਮਰੀਕਾ ਅਤੇ ਹੋਰ ਯੂਰਪੀ ਦੇਸ਼ਾਂ ਦੀ ਹਿੱਸੇਦਾਰੀ ਕੀ ਹੈ ਅਤੇ ਚੀਨ ਨਾਲ ਇਸਦਾ ਕੀ ਸੰਬੰਧ ਹੈ।
ਆਓ ਨਜ਼ਰ ਮਾਰਦੇ ਹਾਂ ਕਿ ਇੱਥੇ ਉਤਪਾਦਨ ਕਿਵੇੰ ਕੀਤਾ ਜਾਂਦਾ ਹੈ। 1906 ਵਿੱਚ ਅਪਟਨ ਸਿੰਕਲੇਅਰ ਦਾ ਪ੍ਰਸਿੱਧ ਨਾਵਲ ‘ਜੰਗਲ’ ਆਇਆ ਸੀ। ਇਸ ਵਿੱਚ ਅਮਰੀਕੀ ਮੀਟ ਉਦਯੋਗ ਦਾ ਬਹੁਤ ਹੀ ਗ੍ਰਾਫਿਕ ਵੇਰਵਾ ਮਿਲਦਾ ਹੈ। ਉਸਦੀ ਇੱਕ ਪੰਕਤੀ ਅੱਜ ਵੀ ਮੈਨੂੰ ਯਾਦ ਹੈ। ਲੇਖਕ ਕਹਿੰਦਾ ਹੈ ਕਿ ਇੱਥੇ ਸੂਰਾਂ ਦੀ ਚੀਖ ਤੋਂ ਬਿਨਾਂ ਸਭ ਕੁੱਝ ਵੇਚ ਦਿੱਤਾ ਜਾਂਦਾ ਹੈ। ਪਰ ਅੱਜ ਮਾਮਲਾ ‘ਜੰਗਲ’ ਤੋੰ ਵੀ ਕਿਤੇ ਅੱਗੇ ਨਿਕਲ ਚੁੱਕਾ ਹੈ। ਅੱਜ ਉਸਯੋਗਾਂ ਵਿੱਚ ਜਿਸ ਤਰ੍ਹਾਂ ਜੁੱਤੇ ਜਾਂ ਕੱਪੜੇ ਬਣਾਏ ਜਾਂਦੇ ਹਨ, ਠੀਕ ਉਸੇ ਤਰ੍ਹਾਂ ਹੀ ਇੱਥੇ ਜੀਵਤ ਜਾਨਵਰਾਂ ਜਿਵੇੰ ਸੂਰ, ਚਿਕਨ, ਆਦਿ ਦਾ ਮੀਟ ਤਿਆਰ ਕੀਤਾ ਜਾਂਦਾ ਹੈ। ਵੱਖ ਵੱਖ ਤਰ੍ਹਾਂ ਦੀਆਂ ਐਂਟੀਬਾਇਓਟਿਕ ਦਵਾਈਆਂ, ਹਾਰਮੋਨਜ਼ ਅਤੇ ਜੈਨੇਟਿਕ ਇੰਜੀਨੀਅਰਿੰਗ ਦੇ ਸਹਾਰੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ (ਇਸ ਲਈ ਹੁਣ ਤਾਂ ਉਹਨਾਂ ਨੂੰ ਚੀਖਣ ਦੀ ਵੀ ਇਜਾਜ਼ਤ ਨਹੀਂ ਹੈ ਜਾਂ ਇਹ ਕਹੋ ਕਿ ਚੀਖਣਾ ਇਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ)। ਜਲਦੀ ਵੱਡਾ ਕਰਨ ਲਈ ਤਮਾਮ ਕਿਸਮ ਦੀਆਂ ਦਵਾਈਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਹਨ। ਕਿਉਂਕਿ ਉਹ ਜਿੰਨਾ ਦੇਰੀ ਨਾਲ ਵੱਡੇ ਹੋਣਗੇ, ਓਨਾ ਹੀ ਵਧੇਰੇ ਖਰਚਾ ਹੋਵੇਗਾ। ਖਰਚਾ ਘਟਾਉਣ ਲਈ ਹੀ ਉਹਨਾਂ ਨੂੰ ਝੁੰਡ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਉਹਨਾਂ ਦਾ ਹਿੱਲਣਾ-ਜੁਲਣਾ ਵੀ ਮੁਸ਼ਕਿਲ ਹੁੰਦਾ ਹੈ। ਪੂੰਜੀਵਾਦੀ ਤਰਕ ਅਨੁਸਾਰ ਉਤਪਾਦਨ ਦੀ ਲਾਗਤ ਨੂੰ ਘਟਾਉਣ ਲਈ ਉਹ ਨਿਰੰਤਰ ਉਹਨਾਂ ਦੀ ਜੀਨ ਬਣਤਰ ਵਿੱਚ ਬਦਲਾਵ ਕਰਦੇ ਰਹਿੰਦੇ ਹਨ। ਉਦਾਹਰਣ ਦੇ ਤੌਰ ‘ਤੇ ਮੁਰਗੇ ਦੇ ਖੰਭ ਨੂੰ ਹਟਾਉਣਾ ਇੱਕ ਵਾਧੂ ਕੰਮ ਹੁੰਦਾ ਹੈ। ਜਿਸ ਵਿੱਚ ਕਿਰਤ ਅਤੇ ਸਮਾਂ ਦੋਵੇਂ ਲੱਗਦੇ ਹਨ। ਇਸ ਲਈ ਉਹਨਾਂ ਦੇ ਜੀਨਾਂ ਵਿੱਚ ਅਜਿਹੀ ਤਬਦੀਲੀ ਕੀਤੀ ਜਾਂਦੀ ਹੈ ਕਿ ਖੰਭ ਘੱਟ ਤੋਂ ਘੱਟ ਹੋਣ। ਇਸ ਤਰ੍ਹਾਂ ਚਿਕਨ, ਸੂਰ ਅਤੇ ਹੋਰ ਜਾਨਵਰਾਂ ਦੇ ਵੱਖ ਵੱਖ ਅੰਗ ਵੀ ਪੈਕ ਕਰਕੇ ਵੇਚੇ ਜਾਂਦੇ ਹਨ, ਜਿਵੇਂ ਮੁਰਗੇ ਦਾ ‘ਲੈਣਗ ਪੀਸ’। ਇਸ ਲਈ ਇਹਨਾਂ ਜਾਨਵਰਾਂ ਵਿੱਚ ਅਜਿਹੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਕਿ ਸਾਰੇ ਜਾਨਵਰਾਂ ਦਾ ਆਕਾਰ (ਅਤੇ ਉਹਨਾਂ ਦੇ ਖਾਸ ਅੰਗਾਂ ਦਾ ਆਕਾਰ) ਲਗਭਗ ਇੱਕ ਬਰਾਬਰ ਹੋਵੇ, ਭਾਵ ਉਹਨਾਂ ਵਿੱਚ ਇਕਸਾਰਤਾ ਰਹੇ, ਨਹੀਂ ਤਾਂ ਉਹਨਾਂ ਨੂੰ ਤੋਲਣ ਦਾ ਇੱਕ ਵਾਧੂ ਕੰਮ ਜੁੜ ਜਾਵੇਗਾ।
ਉਦਯੋਗਾਂ ਦੇ ਪੱਧਰ ‘ਤੇ ਪੈਦਾ ਹੋਣ ਵਾਲੇ ਇਹ ਜਾਨਵਰ ਕੁਦਰਤੀ ਵਾਤਾਵਰਣ ਵਿੱਚ ਨਹੀਂ ਜੀ ਸਕਦੇ। ਇਹਨਾਂ ਲਈ ਇੱਕ ਬਣਾਉਟੀ ਵਾਤਾਵਰਣ ਬਣਾਉਣਾ ਪੈਂਦਾ ਹੈ। ਜਿਵੇਂ ਬਿਨਾਂ ਖੰਭ ਵਾਲੇ ਮੁਰਗੇ ਇੱਕ ਵਿਸ਼ੇਸ਼ ਤਾਪਮਾਨ ‘ਤੇ ਹੀ ਜੀਵਤ ਰਹਿ ਸਕਦਾ ਹੈ। ਯਾਨੀ ਇੱਥੇ ਨਾ ਸਿਰਫ ਬਣਾਉਟੀ ਤਰੀਕੇ ਨਾਲ ਜਾਨਵਰਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਬਲਕਿ ਉਹਨਾਂ ਦੇ ਰਹਿਣ ਲਈ ਬਣਾਉਟੀ ਵਾਤਾਵਰਣ ਦਾ ਵੀ ਨਿਰਮਾਣ ਕੀਤਾ ਜਾਂਦਾ ਹੈ। ਪਰ ਇਸ ਪ੍ਰਕਿਰਿਆ ਵਿੱਚ ਹੁੰਦਾ ਇਹ ਹੈ ਕਿ ਇਹਨਾਂ ਜਾਨਵਰਾਂ ਦੀ ਪ੍ਰਤਿਰੋਧ ਸ਼ਕਤੀ ਲਗਭਗ ਖਤਮ ਹੋ ਜਾਂਦੀ ਹੈ। ਡਾਰਵਿਨ ਦਾ ‘ਕੁਦਰਤੀ ਚੋਣ’ ਦਾ ਨਿਯਮ ਇੱਥੇ ਕੰਮ ਨਹੀੰ ਕਰਦਾ। ਇਸ ਦੀ ਜਗ੍ਹਾ ‘ਪੂੰਜੀਵਾਦੀ ਚੋਣ’ ਲੈ ਲੈਂਦਾ ਹੈ। ਇਸ ਸਥਿਤੀ ਵਿੱਚ ਕੋਰੋਨਾ ਵਰਗੇ ਵਾਇਰਸ ਜਦੋਂ ਇਹਨਾਂ ਜਾਨਵਰਾਂ ਦੇ ਸੰਪਰਕ ਵਿੱਚ ਆਉੰਦੇ ਹਨ ਤਾਂ ਉਹਨਾਂ ਦੇ ਵਧਣ-ਫੁਲਣ ਦਾ (ਯਾਨੀ ਮਿਊਟੇਟ ਕਰਨ ਦਾ) ਅਤੇ ਹਜ਼ਾਰਾਂ ਲੱਖਾਂ ਜਾਨਵਰਾਂ ਦੇ ਇੱਕ ਝੁੰਡ ਵਿੱਚ ਹੋਣ ਕਰਕੇ ਤੇਜ਼ ਰਫਤਾਰ ਨਾਲ ਫੈਲਣਾ ਸੌਖਾ ਹੋ ਜਾਂਦਾ ਹੈ। ਜਦੋਂ ਇਹ ਜਾਨਵਰ ਆਪਣੇ ਕੁਦਰਤੀ ਵਾਤਾਵਰਣ ਵਿੱਚ ਕੁਦਰਤੀ ਢੰਗ ਨਾਲ ਮੁਕਾਬਲਤਨ ਦੂਰ ਦੂਰ ਪਲਦੇ ਹਨ ਤਾਂ ਉਹਨਾਂ ਦੀ ਪ੍ਰਤਿਰੋਧ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਵੱਖ ਵੱਖ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਜਦੋਂ ਕੋਈ ਵਾਇਰਸ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਅੱਗੇ ਵਧਣ ਅਤੇ ਫੈਲਣ ਦਾ ਰਾਹ ਬਹੁਤ ਮੁਸ਼ਕਲ ਹੁੰਦਾ ਹੈ। ਇੱਕ ਤਰ੍ਹਾਂ ਨਾਲ ਵਾਇਰਸ ਦੇ ਸਾਹਮਣੇ ਕਈ ਅੜਚਨਾਂ ਖੜ੍ਹੀਆਂ ਹੁੰਦੀਆਂ ਹਨ। ਅਤੇ ਕੁਦਰਤੀ ਚੋਣ ਦੁਆਰਾ ਵਾਇਰਸ ਨਾਲ ਬਿਹਤਰ ਤਰੀਕੇ ਨਾਲ ਲੜ ਸਕਣ ਵਾਲੇ ਜਾਨਵਰਾਂ ਦੀ ਚੋਣ ਹੁੰਦੀ ਰਹਿੰਦੀ ਹੈ। ਪਰ ਜਦੋਂ ਇਹਨਾਂ ਨੂੰ ਬਾਜ਼ਾਰ ਦੇ ਦਬਾਅ ਹੇਠ ਉਦਯੋਗਾਂ ਦੀ ਤਰਜ਼ ‘ਤੇ ਪੈਦਾ ਕੀਤਾ ਜਾਂਦਾ ਹੈ ਤਾਂ ਇੱਕ ਤਰ੍ਹਾਂ ਨਾਲ ਵਾਇਰਸ ਨੂੰ ਤੇਜ਼ੀ ਨਾਲ ਫੈਲਣ ਅਤੇ ਵਿਕਸਤ (ਮਿਊਟੇਟ) ਹੋਣ ਲਈ ਖੁੱਲ੍ਹਾ ਰਾਹ ਮਿਲ ਜਾਂਦਾ ਹੈ। ਇਸ ਉਦਯੋਗ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਇਹ ਫਿਰ ਪੂਰੇ ਸਮਾਜ ਅਤੇ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਪੂਰੀ ਦੁਨੀਆ ਵਿੱਚ ਫੈਲ ਜਾਂਦਾ ਹੈ। ਉਦਯੋਗਿਕ ਪੱਧਰ ‘ਤੇ ਉਤਪਾਦਨ ਦੇ ਕਾਰਨ ਲੱਖਾਂ ਲੋਕ, ਖਾਸਕਰ ਇਹਨਾਂ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ, 12-14 ਘੰਟੇ ਲਗਾਤਾਰ ਇਹਨਾਂ ਜਾਨਵਰਾਂ ਅਤੇ ਹੋਰ ਕਿਸਮਾਂ ਰਾਹੀਂ ਇਹਨਾਂ ਵਾਇਰਸਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਇੰਨੇ ਲੰਮੇ ਸਮੇਂ ਤੱਕ ਬਹੁਤ ਸਾਰੇ ਲੋਕਾਂ ਵਿੱਚ ਰਹਿਣ ਕਾਰਨ ਇਹਨਾਂ ਦੇ ਅੰਦਰ ਵੀ ਵਾਇਰਸ ਦੇ ‘ਮਿਊਟੇਟ’ ਕਰਨ ਦੀ ਪੂਰੀ ਸੰਭਾਵਨਾ ਰਹਿੰਦੀ ਹੈ। ਕੋਵਿਡ-19 ਵਾਇਰਸ ਅਤੇ ਇਸ ਤੋਂ ਪਹਿਲਾਂ ਆਉਣ ਵਾਲੇ ਅਨੇਕਾਂ ਵਾਇਰਸ ਜਿਵੇੰ ਸਾਰਸ, ਇਬੋਲਾ, ਸਵਾਈਨ ਫਲੂ, ਜ਼ੀਕਾ, ਐੱਮ।ਆਰ।ਐੱਸ। ਦਾ ਇਸ ਤਰ੍ਹਾਂ ਦੇ ਉਦਯੋਗਿਕ ਮੀਟ ਉਤਪਾਦਨ ਨਾਲ ਰਿਸ਼ਤਾ ਹੁਣ ਸਪੱਸ਼ਟ ਹੋ ਚੁੱਕਾ ਹੈ। ‘ਬਿੱਗ ਫਾਰਮਜ਼ ਮੇਕ ਬਿੱਗ ਫਲੂ’ (Big Farms Makes Big Flu) ਜਿਹੀ ਚਰਚਿਤ ਕਿਤਾਬ ਲਿਖਣ ਵਾਲੇ ਜੀਵ ਵਿਗਿਆਨੀ ‘ਰਾਬ ਵਾਲਸ’( Rob Wallace) ਕਹਿੰਦੇ ਹਨ- “ਜਿਹੜਾ ਵੀ ਇਹ ਸਮਝਣਾ ਚਾਹੁੰਦਾ ਹੈ ਕਿ ਵਾਇਰਸ ਨਿਰੰਤਰ ਇੰਨੇ ਘਾਤਕ ਕਿਉਂ ਹੋ ਰਹੇ ਹਨ, ਉਹਨਾਂ ਨੂੰ ਖੇਤੀ ਦੇ ਉਦਯੋਗਿਕ ਮਾਡਲ ਅਤੇ ਖਾਸਕਰ ਪਸ਼ੂ ਉਤਪਾਦਨ ਦੇ ਉਦਯੋਗਿਕ ਮਾਡਲ ਦੀ ਜਾਂਚ ਕਰਨੀ ਹੋਵੇਗੀ। ਇੱਕ ਸ਼ਬਦ ਵਿੱਚ ਕਹੀਏ ਤਾਂ ਪੂੰਜੀਵਾਦ ਨੂੰ ਸਮਝਣਾ ਹੋਵੇਗਾ।”
ਰਾਬ ਵਾਲਸ ਹੀ ਇੱਕ ਹੋਰ ਜਗ੍ਹਾ ਕਹਿੰਦੇ ਹਨ ਕਿ ਇਹ ਕੰਪਨੀਆਂ ਨਾ ਸਿਰਫ ਮੀਟ ਪੈਦਾ ਕਰਦੀਆਂ ਹਨ ਬਲਕਿ ਇਸਦੇ ਨਾਲ ਨਾਲ ਹੀ ਗੰਭੀਰ ਬਿਮਾਰੀ ਪੈਦਾ ਕਰਨ ਵਾਲੇ ਵਾਇਰਸ ਦੀ ਵੀ ਖੇਤੀ ਕਰਦੀ ਹੈ। ਲਗਭਗ ਇਹੀ ਸਥਿਤੀ ਖੇਤੀਬਾੜੀ ਦੀ ਹੈ। ਬਲਕਿ ਇੱਥੇ ਪੌਦਿਆਂ ਦੀ ਜੀਨ ਬਣਤਰ ਸਧਾਰਣ ਹੋਣ ਕਾਰਨ ਜੀਨ ਤਕਨਾਲੋਜੀ ਦੀ ਵੱਡੇ ਪੱਧਰ ‘ਤੇ ਵਰਤੋਂ ਹੋ ਰਹੀ ਹੈ। ਇਸਦੇ ਨਾਲ ਹੀ ਜਿਸ ਤਰੀਕੇ ਨਾਲ ‘ਕੀਟਨਾਸ਼ਕਾਂ’ ਅਤੇ ‘ਹਰਬੀਸਾਈਡਜ਼’ ਨੂੰ ਖੇਤੀਬਾੜੀ ਵਿੱਚ ਵੱਡੇ ਪੱਧਰ ‘ਤੇ ਵਰਤਿਆ ਜਾ ਰਿਹਾ ਹੈ, ਉਸਨੇ ਗਲੋਬਲ ਵਾਰਮਿੰਗ (Global Warming) ਵਿੱਚ ਤਾਂ ਆਪਣਾ ਯੋਗਦਾਨ ਪਾਇਆ ਹੀ ਹੈ, ਇਸਨੇ ਧਰਤੀ ਦੇ ਵਾਯੂਮੰਡਲ ਵਿੱਚ ਇੱਕ ਫੈਸਲਾਕੁੰਨ ਤਬਦੀਲੀ ਲਿਆਂਦੀ ਹੈ। ਸੂਰ ਨੂੰ ਚਰਾਉਣ ਲਈ ਸੋਇਆਬੀਨ ਦਾ ਆਟਾ ਦਿੱਤਾ ਜਾਂਦਾ ਹੈ, ਇਸ ਸੋਇਆਬੀਨ ਦੀ ਕਾਸ਼ਤ ਲਈ ਬ੍ਰਾਜ਼ੀਲ ਵਿੱਚ ਐਮਾਜ਼ਾਨ ਦੇ ਜੰਗਲ ਨੂੰ ਸਾਫ ਕੀਤਾ ਗਿਆ। ਨਤੀਜੇ ਵਜੋਂ ਨਾ ਸਿਰਫ ਵਾਤਾਵਰਣ ਦਾ ਸੰਤੁਲਨ ਪ੍ਰਭਾਵਿਤ ਹੋਇਆ ਹੈ, ਬਲਕਿ ਮਨੁੱਖ ਅਜਿਹੇ ਵਾਇਰਸਾਂ ਦੇ ਸੰਪਰਕ ਵਿੱਚ ਵੀ ਆ ਗਿਆ ਜੋ ਪਹਿਲਾਂ ਅਛੂਤ ਜੰਗਲਾਂ ਵਿੱਚ ਸਥਾਨਕ ਤੌਰ ‘ਤੇ ਬਣੇ ਹੋਏ ਸਨ। ਕੁਦਰਤ ਦੀ ਗੁੰਝਲਦਾਰ ਬਣਤਰ ਬਹੁਤ ਸਾਰੇ ਖਤਰਨਾਕ ਵਾਇਰਸਾਂ ਨੂੰ ਉਹਨਾਂ ਦੇ ਸਥਾਨਕ ‘ਘਰਾਂ’ ਵਿੱਚ ਕੈਦ ਰੱਖਦੀ ਹੈ। ਇੱਕ ਵਿਗਿਆਨਕ ਖੋਜ ਅਨੁਸਾਰ ਜਿਸ ਤਰੀਕੇ ਨਾਲ ਐਮਾਜ਼ਾਨ ਦੇ ਜੰਗਲਾਂ ਨੂੰ ਸਾਫ ਕੀਤਾ ਜਾ ਰਿਹਾ ਹੈ, ਇਸ ਨਾਲ ਅਗਲੇ 15 ਸਾਲਾਂ ਵਿੱਚ ਐਮਾਜ਼ਾਨ ਕਾਰਬਨ ਜਜ਼ਬ ਕਰਨ ਵਾਲਾ ਖੇਤਰ ਨਾ ਰਹਿ ਕੇ ਕਾਰਬਨ ਨਿਕਾਸੀ ਵਾਲਾ ਖੇਤਰ ਬਣ ਜਾਵੇਗਾ। ਜਦੋਂ ਪੂੰਜੀਵਾਦੀ ਲਾਲਚ ਵਿੱਚ ਅਸੀਂ ਇਸ ਗੁੰਝਲਦਾਰ ਕੁਦਰਤੀ ਬਣਤਰ ਵਿੱਚ ਦਖ਼ਲਅੰਦਾਜ਼ੀ ਕਰਕੇ ਉਸਨੂੰ ਇਕਸਾਰ ਬਣਾਉਂਦੇ ਹਾਂ ਤਾਂ ਇੱਕ ਤਰ੍ਹਾਂ ਨਾਲ ਅਸੀਂ ਇਹਨਾਂ ਵਾਇਰਸਾਂ ਲਈ ਖੁੱਲ੍ਹਾ ਰਾਹ ਤਿਆਰ ਕਰ ਦਿੰਦੇ ਹਾਂ। ਇਸ ਪ੍ਰਕਿਰਿਆ ਵਿੱਚ ਪੂੰਜੀਵਾਦੀ ਉਸਯੋਗਿਕ ਖੇਤੀ ਨੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਉਹਨਾਂ ਦੇ ਖੇਤਾਂ ਤੋਂ ਬੇਦਖਲ ਕਰ ਦਿੱਤਾ ਹੈ, ਉਹਨਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਦਿੱਤਾ (ਜਿਸਦੇ ਨਤੀਜੇ ਵਜੋੰ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਹੋਇਆ ਹੈ) ਅਤੇ ਸਾਰੇ ਵਾਤਾਵਰਣ ਵਿੱਚ ਜ਼ਹਿਰ ਘੋਲ ਦਿੱਤਾ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਜੋ ਕੰਪਨੀਆਂ ਬੀਜ ਅਤੇ ਕੀਟਨਾਸ਼ਕ ਖੇਤਰਾਂ ਵਿੱਚ ਹਨ, ਉਹਨਾਂ ਵਿੱਚੋਂ ਜ਼ਿਆਦਾਤਰ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਅਤੇ ਵੀਅਤਨਾਮ ਯੁੱਧ ਵਿੱਚ ਵਰਤੀਆਂ ਗਈਆਂ ਜ਼ਹਿਰੀਲੀਆਂ ਗੈਸਾਂ ਦੇ ਉਤਪਾਦਨ ਵਿੱਚ ਲੱਗੀਆਂ ਹੋਈਆਂ ਸਨ। Dupont, Monsanto, dow Chemical ਆਦਿ ਕੰਪਨੀਆਂ ਜਿੱਥੇ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਨੂੰ ਜ਼ਹਿਰੀਲੀਆਂ ਗੈਸਾਂ ਦੀ ਸਪਲਾਈ ਕਰਦੀਆਂ ਸਨ, ਉੱਥੇ ਹੀ ਅੱਜ ਦੀ ਭਅੇੲਰ ਵਰਗੀ ਕੀਟਨਾਸ਼ਕ ਖੇਤਰ ਦੀ ਪ੍ਰਮੁੱਖ ਕੰਪਨੀ ਹਿਟਲਰ ਨੂੰ ਜ਼ਹਿਰੀਲੀ ਗੈਸ ਦੀ ਸਪਲਾਈ ਕਰਦੀ ਰਹੀ ਹੈ। Dow Chemical ਅਤੇ Monsanto ਨੇ ਵੀਅਤਨਾਮ ਯੁੱਧ ਦੌਰਾਨ ਅਮਰੀਕੀ ਫੌਜ ਨੂੰ ਬਦਨਾਮ ‘ਏਜੰਟ ਓਰੇਂਜ’ ਗੈਸ ਅਤੇ ‘ਨਪਾਮ ਬੰਬ’ ਦੀ ਸਪਲਾਈ ਕੀਤੀ ਸੀ। ਸ਼ਾਂਤੀਕਾਲ ਵਿੱਚ ਹੁਣ ਇਹੀ ਕੰਪਨੀਆਂ ਉਹਨਾਂ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਇਸ ਵਾਤਾਵਰਣ ਦੇ ਖਿਲਾਫ ਕੀਟਨਾਸ਼ਕਾਂ ਦੇ ਰੂਪ ਵਿੱਚ ਕਰ ਰਹੀਆਂ ਹਨ। ਮਸ਼ਹੂਰ ਖੇਤੀਬਾੜੀ ਵਿਗਿਆਨੀ ਦਵੇਂਦਰ ਸ਼ਰਮਾ ਨੇ ਇੱਕ ਨਾਮਵਰ ਰਸਾਲੇ ਵਿੱਚ ਪ੍ਰਕਾਸ਼ਤ ਕੀਤੇ ਇੱਕ ਇੱਕ ਖੋਜ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਕੀਟਨਾਸ਼ਕਾਂ ਦਾ 99।9% ਸਿੱਧਾ ਵਾਤਾਵਰਣ ਵਿੱਚ ਚਲ ਜਾਂਦਾ ਹੈ ਅਤੇ ਸਿਰਫ 0।1% ਹੀ ਆਪਣੇ ਨਿਸ਼ਾਨੇ ‘ਤੇ ਵਾਰ ਕਰਦਾ ਹੈ। ਇਸ 99।9% ਕਾਰਨ ਕਿੰਨੇ ਹੀ ਦੋਸਤ ਬੈਕਟੀਰੀਆ ਅਤੇ ਹੋਰ ਫਾਇਦੇਮੰਦ ਜਾਨਵਰ ਜਿਵੇੰ ਕੀੜੇ ਖਤਮ ਹੋ ਗਏ ਹਨ। ਆਪਣੇ ਦੇਸ਼ ਦੇ ਪੰਜਾਬ ਸੂਬੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਅਤੇ ਖੇਤਾਂ ਵਿੱਚ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਵਿਚਾਲੇ ਸੰਬੰਧ ਹੁਣ ਕਿਸੇ ਤੋਂ ਲੁਕੇ ਨਹੀਂ ਹਨ। ਪੰਜਾਬ ਦੇ ਬਠਿੰਡੇ ਤੋਂ ਬੀਕਾਨੇਰ ਦੇ ਟੀਬੀ ਹਸਪਤਾਲ ਤੱਕ ਚੱਲਣ ਵਾਲੀ ਟਰੇਨ ਦਾ ਨਾਮ ਹੀ ‘ਕੈਂਸਰ ਐਕਸਪ੍ਰੈਸ’ ਪੈ ਗਿਆ ਹੈ। ਇਸਦੇ ਨਾਲ ਹੀ ਜੇਕਰ ‘ਜੀਓ ਇੰਜੀਨੀਅਰਿੰਗ’ ਅਤੇ ‘ਯੁੱਧ ਉਦਯੋਗ’ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਸਥਿਤੀ ਹੋਰ ਵੀ ਭਿਆਨਕ ਬਣ ਜਾਂਦੀ ਹੈ।
ਇਹ ਸਾਲ ਏਂਗਲਜ਼ ਦੇ ਜਨਮ ਦਾ 200ਵਾਂ ਸਾਲ ਹੈ। ਮਾਰਕਸ ਏਂਗਲਜ਼ ਨੇ ਪੂੰਜੀਵਾਦ ਦੇ ਇਸ ਰੁਝਾਨ ਨੂੰ ਆਪਣੇ ਸਮੇਂ ਵਿੱਚ ਹੀ ਸਮਝ ਲਿਆ ਸੀ ਅਤੇ ਆਪਣੇ ਪੂੰਜੀਵਾਦ ਦੇ ਅਧਿਐਨ ਵਿੱਚ ਇਸਨੂੰ ਸ਼ਾਮਲ ਕੀਤਾ ਸੀ। ਏਂਗਲਜ਼ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ- “ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਵਿਦੇਸ਼ੀ ਹਮਲਾਵਰ ਦੀ ਤਰ੍ਹਾਂ ਕੁਦਰਤ ‘ਤੇ ਰਾਜ ਨਹੀਂ ਕਰਦੇ, ਪਰ ਅਸੀਂ ਆਪਣੇ ਹੱਡ-ਮਾਸ ਅਤੇ ਦਿਮਾਗ ਨਾਲ ਕੁਦਰਤ ਦਾ ਹਿੱਸਾ ਹਾਂ ਅਤੇ ਇਸ ਕੁਦਰਤ ਨਾਲ ਹੀ ਸਾਡੀ ਹੌਂਦ ਬਰਕਰਾਰ ਹੈ। ਕੁਦਰਤ ਉੱਤੇ ਸਾਡਾ ਨਿਯੰਤਰਣ ਇਸ ਤੱਥ ਵਿੱਚ ਹੈ ਕਿ ਅਸੀਂ ਕੁਦਰਤੀ ਨਿਯਮਾਂ ਨੂੰ ਹੋਰ ਜੀਵ-ਜੰਤੂਆਂ ਦੇ ਮੁਕਾਬਲੇ ਬਿਹਤਰ ਜਾਣਦੇ ਹਾਂ ਅਤੇ ਸਹੀ ਤਰੀਕੇ ਨਾਲ ਲਾਗੂ ਕਰਦੇ ਹਾਂ।”
ਪੂੰਜੀਵਾਦ ਤੋਂ ਪਹਿਲਾਂ ਜੋ ਵੀ ਜਮਾਤੀ ਪ੍ਰਣਾਲੀ ਸੀ, ਉਹ ਸਿਰਫ ਕਿਰਤ ਦਾ ਸ਼ੋਸ਼ਣ ਕਰਦੀ ਸੀ। ਪੂੰਜੀਵਾਦ ਅਜਿਹੀ ਪਹਿਲੀ ਜਮਾਤੀ ਪ੍ਰਣਾਲੀ ਹੈ ਜੋ ਕਿਰਤ ਦੇ ਨਾਲ ਨਾਲ ਕੁਦਰਤ ਨੂੰ ਵੀ ਨਿਚੋੜ ਰਹੀ ਹੈ। ਅਤੇ ਸਾਰੀ ਮਨੁੱਖ ਜਾਤੀ ਨੂੰ ਇਸਦੇ ਨਤੀਜੇ ਭੁਗਤਣੇ ਲੈਂਦੇ ਹਨ।
2011 ਤੋਂ 2018 ਤੱਕ ਡਬਲਿਊ।ਐੱਚ।ਓ। ਨੇ 172 ਦੇਸ਼ਾਂ ਵਿੱਚ ਕੁੱਲ 1483 ਮਹਾਂਮਾਰੀਆਂ ਦੀ ਪਹਿਚਾਣ ਕੀਤੀ ਹੈ। ਇਹਨਾਂ ਵਾਇਰਸਾਂ (ਮੁੱਖ ਤੌਰ ‘ਤੇ ਇਨਫਲੂਐਂਜ਼ਾ, ਸਾਰਸ, ਐਮਈਆਰਐੱਸ, ਈਬੋਲਾ, ਜ਼ੀਕਾ, ਪਲੇਗ, ਪੀਲਾ ਬੁਖਾਰ, ਆਦਿ) ਦੇ ਅਧਿਐਨ ਦੇ ਆਧਾਰ ‘ਤੇ ਜੀਪੀਐੱਮਬੀ (Global Preparedness Monitoring Board) ਨੇ ਅੱਜ ਦੀ ਕੋਰੋਨਾ ਵਰਗੀ ਮਹਾਂਮਾਰੀ ਫੈਲਣ ਦੀ ਸਹੀ ਚੇਤਾਵਨੀ ਸਤੰਬਰ 2019 ਵਿੱਚ ਹੀ ਦੇ ਦਿੱਤੀ ਸੀ। ਰਿਪੋਰਟ ਦਾ ਨਾਮ ਹੀ ਸੀ- ‘A World At Risk’ ਪਰ ਇਸ ਰਿਪੋਰਟ ਵੱਲ ਧਿਆਨ ਦੇਣ ਵਾਲਾ ਕੋਈ ਵੀ ਨਹੀਂ ਸੀ। ਇਸ ਤੋਂ ਪਹਿਲਾਂ ਵੀ 2003-04 ਵਿੱਚ ਸਾਰਸ ਮਹਾਂਮਾਰੀ ਆਉਣ ਮਗਰੋਂ ਵੀ ਵਿਗਿਆਨੀਆਂ ਨੇ ਇਹ ਚੇਤਾਵਨੀ ਜਾਰੀ ਕੀਤੀ ਸੀ ਕਿ ਕੋਰੋਨਾ ਪਰਿਵਾਰ ਦਾ ਵਾਇਰਸ ਭਵਿੱਖ ਵਿੱਚ ਹੋਰ ਖ਼ਤਰਨਾਕ ਰੂਪ ਲੈ ਸਕਦਾ ਹੈ। ਇੱਥੋਂ ਤੱਕ ਕਿ ਵਿਸ਼ਵ ਸਿਹਤ ਸੰਗਠਨ ਨੇ ਤਿੰਨ ਸਾਲ ਪਹਿਲਾਂ ਸਾਰੇ ਦੇਸ਼ਾਂ ਦੀਆਂ ਜਨਤਕ ਸਿਹਤ ਸੰਸਥਾਵਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਕਿਸੇ ਖਾਸ ਵਾਇਰਸ ਦੇ ਕਾਰਨ ਭਿਆਨਕ ਮਹਾਂਮਾਰੀ ਫੈਲ ਸਕਦੀ ਹੈ ਅਤੇ ਸਾਰੀਆਂ ਸਰਕਾਰਾਂ ਨੂੰ ਇਸਦੇ ਲਈ ਹੁਣ ਤੋਂ ਹੀ ਤਿਆਰੀ ਕਰਨੀ ਪਵੇਗੀ। ਇਹਨਾਂ ਚੇਤਾਵਨੀਆਂ ਨੂੰ ਸੁਣਨ ਦਾ ਅਰਥ ਹੈ ਕਿ ਇਸ ਦੀ ਖੋਜ ਕਰਨਾ ਅਤੇ ਭਵਿੱਖ ਦੀ ਤਿਆਰੀ ਲਈ ਜਨਤਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ।
ਪਰ ਜਦੋਂ ਇਹ ਸਾਮਰਾਜਵਾਦੀ-ਪੂੰਜੀਵਾਦੀ ਪ੍ਰਣਾਲੀ ਵਿਸ਼ੇਸ਼ ਤੌਰ ‘ਤੇ 2007-08 ਦੀ ਮੰਦੀ ਤੋਂ ਬਾਅਦ ਖੁਦ ‘ਆਈਸੀਯੂ’ ਵਿੱਚ ਹੈ ਤਾਂ ਫਿਰ ਭਵਿੱਖ ਦੀ ਤਿਆਰੀ ਕੌਣ ਕਰੇ। 90 ਟ੍ਰਿਲੀਅਨ ਡਾਲਰ ਵਾਲਾ ਵਿਸ਼ਵ ਪੂੰਜੀਵਾਦ 270 ਟ੍ਰਿਲੀਅਨ ਡਾਲਰ ਦੇ ਕਰਜ਼ੇ ਹੇਠਾਂ ਕਲਪ ਰਿਹਾ ਹੈ। ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਨਿੱਜੀਕਰਨ ਦੇ ਤੂਫ਼ਾਨ ਵਿੱਚ ਜੋ ਕੁੱਝ ਵੀ ਜਨਤਕ ਸੀ, ਉਹ ਸਭ ਤਬਾਹ ਹੋ ਚੁੱਕਾ ਹੈ। ਸਭ ਕੁੱਝ ਨਿੱਜੀ ਹੱਥਾਂ ਵਿੱਚ ਜਾ ਚੁੱਕਾ ਹੈ। ਬਹੁਤੇ ਦੇਸ਼ਾਂ ਨੇ ਆਪਣੀਆਂ ਸਰਕਾਰੀ ਸਿਹਤ ਸੇਵਾਵਾਂ ਨੂੰ ਤਬਾਹ ਕਰ ਲਿਆ ਹੈ। ਅਮਰੀਕਾ ਅਤੇ ਬ੍ਰਿਟੇਨ ਨੇ ਕਿਵੇੰ ਆਪਣੀਆਂ ਸਰਕਾਰੀ ਸਿਹਤ ਸੇਵਾਵਾਂ ਨੂੰ ਤਬਾਹ ਕਰ ਦਿੱਤਾ ਹੈ, ਇਹ ਜਾਣਨ ਲਈ ‘ਮਾਈਕਲ ਮੂਰ’ ਅਤੇ ‘ਜੋਨ ਪਿਲਜ਼ਰ’ ਦੀ ਦਸਤਾਵੇਜ਼ੀ ਫਿਲਮ ਨੂੰ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ, ਨਿੱਜੀ ਕੰਪਨੀਆਂ ਇਸ ਉੱਪਰ ਖੋਜ ਕਿਉਂ ਕਰਨ ਜਿਸ ਵਿੱਚ ਕੋਈ ਫੌਰੀ ਲਾਭ ਨਹੀਂ ਹੈ। ਇਸਨੂੰ ਇੱਕ ਉਦਾਹਰਣ ਨਾਲ ਸਪੱਸ਼ਟ ਤੌਰ ‘ਤੇ ਸਮਝਿਆ ਜਾ ਸਕਦਾ ਹੈ। ‘ਜੀਨ ਥੈਰੇਪੀ’ ਉੱਪਰ ਰਿਸਰਚ ਕਰ ਰਹੀ ਇੱਕ ਕੰਪਨੀ ਨੂੰ ਉਸਦੇ ਫੰਡਰ ‘ਗੋਲਡਮੈਮ ਸਾਸ਼’ ਨੇ ਇੱਕ ਲੀਕ ਹੋਈ ਈ-ਮੇਲ ਵਿੱਚ ਕਿਹਾ ਕਿ ਜੀਨ ਵਿੱਚ ਬਦਲਾਅ ਕਰਕੇ ਬਿਮਾਰੀ ਨੂੰ ਸਦਾ ਲਈ ਖਤਮ ਕਰਨਾ ‘ਟਿਕਾਊ ਵਪਾਰਕ ਮਾਡਲ’ ਨਹੀਂ ਹੈ। ਕਿਉਂਕਿ ਇਸ ਨਾਲ ਨਿਰੰਤਰ ਲਾਭ ਹੋਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਸੱਚਾਈ ਤਾਂ ਇਹ ਹੈ ਕਿ 2020 ਦੀ ਸ਼ੁਰੂਆਤ ਵਿੱਚ ਜਿਸ ਦੁਨੀਆ ‘ਤੇ ਕੋਰੋਨਾ ਨੇ ਕਹਿਰ ਬਰਸਾਇਆ ਹੈ ਉਸਨੂੰ ਪਿਛਲੇ 30 ਸਾਲਾਂ ਦੀ ਨਵ-ਉਦਾਰਵਾਦੀ ਪ੍ਰਣਾਲੀ ਰੂਪੀ ਸਿਓਂਕ ਨੇ ਚੂਸ ਚੂਸ ਕੇ ਪਹਿਲਾਂ ਹੀ ਖੋਖਲਾ ਕਰ ਦਿੱਤਾ ਹੈ। ਅੱਜ ਇਹ ਦੁਨੀਆ ਕਿਸ ਤਰ੍ਹਾਂ ਦੀ ਹੈ, ਤੁਸੀਂ ਇਸਨੂੰ ਸਿਰਫ ਦੋ ਤੱਥਾਂ ਨਾਲ ਬਾਖ਼ੂਬੀ ਸਮਝ ਸਕਦੇ ਹੋ- ਸਾਡੇ ਕੋਲ ਧਰਤੀ ਨੂੰ 9 ਬਾਰ ਤਬਾਹ ਕਰਨ ਦਾ ਸਮਾਨ ਮੌਜੂਦ ਹੈ, ਪਰ ਜੀਵਨ ਦੇਣ ਵਾਲੇ ਮਾਮੂਲੀ ਵੈਂਟੀਲੇਟਰ ਦੀ ਭਾਰੀ ਕਮੀ ਹੈ। ਵੈਂਟੀਲੇਟਰ ਦੀ ਇਹ ਭਾਰੀ ਕਮੀ ਕੋਰੋਨਾ ਹੱਥੋਂ ਮਰਨ ਦਾ ਇੱਕ ਵੱਡਾ ਕਾਰਨ ਬਣ ਰਹੀ ਹੈ। ਦੂਜਾ, ਦੁਨੀਆ ਦੇ 2153 ਖਰਬਪਤੀਆਂ ਦੀ ਕੁੱਲ ਦੌਲਤ ਦੁਨੀਆ ਦੇ 4 ਅਰਬ 60 ਕਰੋੜ ਲੋਕਾਂ ਦੀ ਕੁੱਲ ਦੌਲਤ ਦੇ ਬਰਾਬਰ ਹੈ। ਇਹੀ ਕਾਰਨ ਹੈ ਕਿ ਨਵ-ਉਦਾਰਵਾਦੀ ਪ੍ਰਣਾਲੀ ਦਾ ਝੰਡਾਬਰਦਾਰ ਅਮਰੀਕਾ ਇਸ ਸਮੇੰ ਸਭ ਤੋਂ ਮਾੜੀ ਸਥਿਤੀ ਵਿੱਚ ਹੈ ਅਤੇ ਇਸਦੇ ਉਲਟ ਸਮਾਜਕ-ਆਰਥਕ ਪ੍ਰਣਾਲੀ ਵਾਲਾ ਕਿਊਬਾ ਸਭ ਤੋਂ ਚੰਗੀ ਸਥਿਤੀ ਵਿੱਚ ਹੈ। ਉਸਨੇ ਨਾ ਸਿਰਫ ਕੋਰੋਨਾ ਨੂੰ ਨਿਯੰਤਰਣ ਵਿੱਚ ਲਿਆ ਹੈ ਬਲਕਿ ਉਹ ਦੁਨੀਆ ਦੇ 62 ਦੇਸ਼ਾਂ ਵਿੱਚ ਆਪਣੇ ਡਾਕਟਰਾਂ ਅਤੇ ਦਵਾਈਆਂ ਦੇ ਨਾਲ ਕੋਰੋਨਾ ਖਿਲਾਫ ਲੜਾਈ ਵਿੱਚ ਸਭ ਤੋਂ ਅੱਗੇ ਖੜ੍ਹਾ ਹੈ। ਜਦੋਂ ਅਮਰੀਕਾ ਦੂਜੇ ਦੇਸ਼ਾਂ ਵਿੱਚ ਫੌਜ ਅਤੇ ਟੈਂਕ ਭੇਜ ਰਿਹਾ ਹੈ ਤਾਂ ਕਿਊਬਾ ਆਪਣੇ ਡਾਕਟਰ ਅਤੇ ਦਵਾਈਆਂ ਭੇਜ ਰਿਹਾ ਹੈ। ਇਹ ਦੋ ਵਿਪਰੀਤ ਸਮਾਜਕ ਪ੍ਰਣਾਲੀਆਂ ਦਾ ਹੀ ਫਰਕ ਹੈ ਕਿ ਇੱਕ ਮੌਤ ਦਾ ਨਿਰਯਾਤ ਕਰ ਰਿਹਾ ਹੈ ਅਤੇ ਦੂਜਾ ਜੀਵਨ ਦਾ। ਦਰਅਸਲ ਜਿਵੇਂ ਪ੍ਰਸਿੱਧ ਲੇਖਕ ਨਓਮੀ ਕਲੇਮ ਨੇ ਕਿਹਾ ਹੈ ਕਿ ਹਾਕਮ ਜਮਾਤ ਜਦੋਂ ਭੂਚਾਲ, ਤੂਫਾਨ ਜਾਂ ਮਹਾਂਮਾਰੀ ਵਰਗੀ ਬਿਪਤਾ ਦਾ ਸਾਹਮਣਾ ਕਰਦੀ ਹੈ ਤਾਂ ਉਹ ਆਪਣੀ ਵਿਚਾਰਧਾਰਾ ਕਿਤੇ ਛੱਡ ਕੇ ਨਹੀਂ ਆਉਂਦਾ ਬਲਕਿ ਆਪਣੇ ਨਾਲ ਹੀ ਲੈ ਕੇ ਆਉਂਦਾ ਹੈ। ਇਸ ਲਈ ਅਜਿਹੀ ਬਿਪਤਾ ਵਿੱਚ ਵੀ ਉਹ ਆਪਣੇ ਜਮਾਤੀ ਹਿੱਤ ਅਤੇ ਭਵਿੱਖ ਦੇ ਮੁਨਾਫਿਆਂ ਨੂੰ ਦੇਖਦਾ ਹੈ। ਉਸਦੀਆਂ ਦੱਬੀਆਂ ਇੱਛਾਵਾਂ ਵੀ ਇਸ ਸਮੇਂ ਹੀ ਉੱਭਰਦੀਆਂ ਹਨ ਅਤੇ ਉਹ ਉਹਨਾਂ ਨੂੰ ਪੂਰਾ ਕਰਨ ਲੲੌ ਹਰ ਕੋਸ਼ਿਸ਼ ਕਰਦਾ ਹੈ। 2019 ਸ਼ਾਨਦਾਰ ਪ੍ਰਦਰਸ਼ਨਾਂ ਅਤੇ ਅੰਦੋਲਨਾਂ ਦਾ ਸਾਲ ਸੀ। ਬਹੁਤ ਸਾਰੇ ਰਾਜਨੀਤਕ ਵਿਸ਼ਲੇਸ਼ਕ 2019 ਦੀ ਤੁਲਨਾ 1848 ਅਤੇ 1968 ਨਾਲ ਕਰਨ ਲੱਗ ਪਏ ਸਨ। ਇਸ ਸਾਲ ਧਰਤੀ ਦਾ ਕੋਈ ਵੀ ਕੋਨਾ ਵਿਸ਼ਾਲ ਲੋਕ ਲਹਿਰਾਂ ਤੋਂ ਵਾਂਝਾ ਨਹੀਂ ਰਿਹਾ ਸੀ। ਭਾਰਤ ਵਿੱਚ ਸੀਏਏ ਵਿਰੁੱਧ ਜਨਤਕ ਪ੍ਰਦਰਸ਼ਨ ਇਸ ਸਮੇੰ ਦੌਰਾਨ ਹੀ ਹੋ ਰਿਹਾ ਸੀ। ਕੋਰੋਨਾ ਦੇ ਬਹਾਨੇ ਹਾਕਮ ਜਮਾਤ ਇਹਨਾਂ ਸਾਰੇ ਅੰਦੋਲਨਾਂ ਨੂੰ ਫੌਰੀ ਤੌਰ ‘ਤੇ ਖਤਮ ਕਰਨ ਵਿੱਚ ਸੌਲ ਹੋ ਗਈ ਹੈ। ਕੋਰੋਨਾ ਦੇ ਬਹਾਨੇ ਪੂਰੇ ਦੁਨੀਆ ਵਿੱਚ ਏਨੇ ਵੱਡੇ ਪੱਧਰ ‘ਤੇ ਰਾਜਨੀਤਕ ਪ੍ਰਦਰਸ਼ਨਾਂ ਦੀ ਮੌਤ, ਉਹਨਾਂ ਮੌਤਾਂ ਨਾਲੋਂ ਘੱਟ ਨਹੀਂ ਹੈ, ਜਿਸਦੀਆਂ ਖਬਰਾਂ ਨਾਲ ਅੱਜ ਦੁਨੀਆ ਭਰ ਦੇ ਅਖਬਾਰ ਭਰੇ ਪਏ ਹਨ। ਤੁਸੀੰ ਜਾਣਦੇ ਹੀ ਹੋ ਕਿ ਆਪਣੇ ਦੇਸ਼ ਵਿੱਚ ਹੀ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਨੂੰ ਕਿਵੇੰ ਖ਼ਤਮ ਕਰਵਾਇਆ ਗਿਆ।
ਪੂਰੀ ਦੁਨੀਆ ਵਿੱਚ ਮੰਦੀ ਦੇ ਕਾਰਨ ਆਪਣੇ ਮੁਨਾਫੇ ਨੂੰ ਬਚਾਈ ਰੱਖਣ ਲਈ ਕੰਪਨੀਆਂ ਆਪਣੇ ਮਜ਼ਦੂਰਾਂ-ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਸਨ। ਪਰ ਉਹਨਾਂ ਨੂੰ ਮਜ਼ਦੂਰਾਂ-ਕਰਮਚਾਰੀਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ। ਕੋਰੋਨਾ ਨੇ ਉਹਨਾਂ ਨੂੰ ਇਹ ਸ਼ਾਨਦਾਰ ਮੌਕਾ ਦੇ ਦਿੱਤਾ। ਇਸ ਕੋਰੋਨਾ ਕਾਲ ਵਿੱਚ ਕਿੰਨੇ ਲੋਕਾਂ ਦੀ ਛਾਂਟੀ ਹੋਈ ਹੈ, ਇਸਦੇ ਅਸਲੀ ਅੰਕੜੇ ਤਾਂ ਬਾਅਦ ਵਿੱਚ ਆਉਣਗੇ। ਪਰ ਸਿਰਫ ਇੱਕ ਤੱਥ ਤੋਂ ਹੀ ਇਸਦਾ ਅੰਦਾਜ਼ਾ ਲਗਾ ਸਕਦੇ ਹਾਂ। ਇਕੱਲੇ ਅਮਰੀਕਾ ਵਿੱਚ ਹੀ ਪਿਛਲੇ 2 ਮਹੀਨਿਆਂ ਵਿੱਚ 1 ਕਰੋੜ 80 ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦਿੱਤੀ ਹੈ। 1929-30 ਦੀ ਮਹਾਂਮੰਦੀ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਹੈ। ਇਸ ਕੋਰੋਨਾ ਕਾਲ ਵਿੱਚ ਜਿਸ ਢੰਗ ਨਾਲ ਦੁਨੀਆ ਦੀਆਂ ਸਰਕਾਰਾਂ ਨੇ ਤਾਨਾਸ਼ਾਹੀ ਤਰੀਕੇ ਅਪਣਾਏ ਹਨ, ਉਹ ਉਹਨਾਂ ਦੀ ਦੱਬੀ ਹੋਈ ਇੱਛਾ ਦਾ ਹੀ ਪ੍ਰਗਟਾਵਾ ਹੈ। ਹੰਗਰੀ ਸਮੇਤ ਕਈ ਦੇਸ਼ਾਂ ਨੇ ਤਾਂ ਸਿੱਧੇ ਸਿੱਧੇ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਆਪਣੇ ਦੇਸ਼ ਭਾਰਤ ਵਿੱਚ ਵੀ ਮੋਦੀ ਨੇ ਸਾਫ ਸਾਫ ‘ਸਮਾਜਕ ਐਮਰਜੈਂਸੀ’ ਬੋਲ ਦਿੱਤੀ ਹੈ। ਭਾਰਤ ਵਰਗੇ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਸਥਿਤਝ ਬਦ ਤੋਂ ਬਦਤਰ ਹੈ। 21 ਮਾਰਚ ਨੂੰ ਕੋਲੰਬੀਆ ਦੀ ਬਗੋਟਾ ਜੇਲ੍ਹ ਵਿੱਚ ਕੋਰੋਨਾ ਨਾਲ ਨਜਿੱਠਣ ਲਈ ਬਿਹਤਰ ਹਾਲਤਾਂ ਦੀ ਮੰਗ ਕਰਦੇ ਕੈਦੀਆਂ ਉੱਪਰ ਪੁਲਿਸ ਨੇ ਹਮਲਾ ਕਰ ਦਿੱਤਾ ਅਤੇ 23 ਕੈਦੀਆਂ ਨੂੰ ਮਾਰ ਮੁਕਾਇਆ। ਕੀਨੀਆ ਦੀਆਂ ਸੜਕਾਂ ‘ਤੇ ਪੁਲਿਸ ਦੀ ਗੋਲੀਬਾਰੀ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ ਕੋਰੋਨਾ ਨਾਲ ਮਰਨ ਵਾਲਿਆਂ ਤੋਂ ਕਿਤੇ ਜ਼ਿਆਦਾ ਹੈ। ਇਹ ਆਮ ਸਮਿਆਂ ਵਿੱਚ ਇੱਕ ਵੱਡੀ ਖ਼ਬਰ ਬਣਦੀ। ਪਰ ਕੋਰੋਨਾ ਕਾਲ ਵਿੱਚ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ।
ਦੁਨੀਆ ਦੀਆਂ ਸਰਕਾਰਾਂ ਨੇ ਇੰਟਰਨੈੱਟ ਕੰਪਨੀਆਂ ਨਾਲ ਮਿਲ ਕੇ ਕੋਰੋਨਾ ਨਾਲ ਨਜਿੱਠਣ ਦੇ ਬਹਾਨੇ ਆਪਣੇ ਮੁਲਕਾਂ ਨੂੰ ‘ਐਕਏਰੀਅਮ’ ਵਿੱਚ ਤਬਦੀਲ ਕਰ ਦਿੱਤਾ ਹੈ। ਨਾਗਰਿਕਾਂ ਦੀ ਹਰ ਕਾਰਵਾਈ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਆਮ ਸਮੇਂ ਵਿੱਚ ਇਸਦੇ ਖਿਲਾਫ ਬਹੁਤ ਵਿਰੋਧ ਹੁੰਦਾ ਪਰ ਹੁਣ ਇਹ ‘ਨਿਊ ਨੋਰਮਲ’ ਬਣਦਾ ਜਾ ਰਿਹਾ ਹੈ। ‘ਸਰਵੇਲੈਂਸ ਕੈਪੀਟਲਿਜ਼ਮ’ (Surveillance Capitalism) ਆਪਣੇ ਸਭ ਤੋਂ ਨੰਗੇ ਰੂਪ ਵਿੱਚ ਅੱਜ ਸਾਡੇ ਸਾਹਮਣੇ ਹੈ। ‘1984’ ਫਿਲਮ ਹੁਣ ਫਿਲਮ ਨਹੀਂ ਬਲਕਿ ਇੱਕ ਹਕੀਕਤ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਹ ਫਿਲਮ ਸਮਾਜਵਾਦ ਨੂੰ ਬਦਨਾਮ ਕਰਨ ਲਈ ਬਣਾਈ ਗਈ ਸੀ, ਪਰ ਅੱਜ ਪੂੰਜੀਵਾਦ ਇਸ ‘ਤੇ ਪੂਰਾ ਖਰਾ ਉੱਤਰ ਰਿਹਾ ਹੈ। ‘ਥਾਟ ਪੁਲਿਸ’ (Thought Police) ਅਤੇ ‘ਥਾਟ ਕ੍ਰਾਈਮ’ (Thought Crime) ਦਾ ਸੰਕਲਪ ਕੋਰੋਨਾ ਕਾਲ ਦੌਰਾਨ ਘੱਟੋ ਘੱਟ ਭਾਰਤ ਵਰਗੇ ਦੇਸ਼ਾਂ ਵਿੱਚ ਹਕੀਕਤ ਬਣ ਚੁੱਕਿਆ ਹੈ। ਇਸ ਪੰਕਤੀ ਨੂੰ ਲਿਖਦੇ ਸਮੇਂ ਹੀ ਪਤਾ ਚੱਲਿਆ ਹੈ ਕਿ ਫੇਸਬੁੱਕ ‘ਤੇ ਕੋਰੋਨਾ ਪ੍ਰਤੀ ਸਰਕਾਰ ਦੀ ਨਾਕਾਮੀ ਬਾਰੇ ਇੱਕ ਪੋਸਟ ਲਿਖਣ ਲਈ ‘ਇਨਕਲਾਬੀ ਮਜ਼ਦੂਰ ਕੇਂਦਰ’ ਦੇ ਕੈਲਾਸ਼ ਭੱਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖਧਾਰਾ ਮੀਡੀਆ ਵੀ ਇਸ ਗੱਲ ‘ਤੇ ਨਿਰੰਤਰ ਜ਼ੋਰ ਦੇ ਰਿਹਾ ਹੈ ਕਿ ਕੋਰੋਨਾ ਅਮੀਰ ਗਰੀਬ ਵਿੱਚ ਫਰਕ ਨਹੀੰ ਕਰਦਾ। ਪਰ ਹਮੇਸ਼ਾ ਵਾਂਗ ਇਸ ਵਾਰ ਵੀ ਇਹ ਗਲਤ ਹੈ। ਕੋਰੋਨਾ ਸਾਰੀਆਂ ਆਰਥਕ ਸਮਾਜਕ ਵੰਡਾਂ ਦਾ ਪੂਰਾ ਖਿਆਲ ਰੱਖ ਰਿਹਾ ਹੈ। ਸਿਰਫ ਅਮਰੀਕਾ ਦੇ ਹੀ ਅੰਕੜਿਆਂ ਨੂੰ ਦੇਖੀਏ ਤਾਂ ਉੱਥੇ ਹੋ ਰਹੀਆਂ ਮੌਤਾਂ ਵਿੱਚ 70 ਫੀਸਦੀ ਮੌਤਾਂ ਕਾਲੇ ਅਤੇ ਅਫਰੀਕੀ-ਅਮਰੀਕੀਆਂ ਦੀਆਂ ਹਨ। ਹੁਣ ਬਹੁਤ ਸਾਰੀਆਂ ਸੰਸਥਾਵਾਂ ਨੇ ਫੋਨ ਲੋਕੇਸ਼ਨ ਦੇ ਆਧਾਰ ‘ਤੇ ਕੋਰੋਨਾ ਕਾਲ ਵਿੱਚ ਸਮਾਜਕ ਗਤੀਸ਼ੀਲਤਾ (Social Mobility) ਬਾਰੇ ਅੰਕੜਾ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਅਤੇ ਯੂਰਪ ਦੇ ਉਤਲੇ 10 ਫੀਸਦੀ ਲੋਕਾਂ ਵਿੱਚ ਲਗਭਗ ‘ਜ਼ੀਰੋ ਮੋਬਿਲਿਟੀ’ ਦਰਜ ਕੀਤੀ ਗਈ। ਭਾਵ, ਉਹ ਸਫਲਤਾਪੂਰਵਕ ਆਪਣੇ ਘਰਾਂ ਵਿੱਚ ਹਨ। ਉਸੇ ਸਮੇਂ ਹੇਠਲੇ 30 ਫੀਸਦੀ ਲੋਕਾਂ ਵਿੱਚ ਕਈ ਪੱਧਰਾਂ ‘ਤੇ ‘ਮੋਬਿਲਿਟੀ’ ਦੇਖੀ ਗਈ। ਇਹੀ ਆਬਾਦੀ ਕੋਰੋਨਾ ਦੀ ਸਭ ਤੋਂ ਵੱਧ ਸ਼ਿਕਾਰ ਹੋ ਰਹੀ ਹੈ। ਜਿਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਕੋਈ ਨਾ ਕੋਈ ਗਤੀਸ਼ੀਲਤਾ ਕਰਨੀ ਪੈਂਦੀ ਹੈ। ਭਾਵ ਕਿ ਘਰ ਤੋੰ ਬਾਹਰ ਨਿਕਲਣਾ ਪੈੰਦਾ ਹੈ। ਇਸ ਪ੍ਰਸੰਗ ਵਿੱਚ ਤੁਸੀਂ ਰਾਣਾ ਅਯੂਬ ਦਾ ਲੇਖ ‘ਸੋਸ਼ਲ ਡਿਸਟੈਂਸਿੰਗ ਇਜ਼ ਏ ਪ੍ਰੀਵਿਲੇਜ’ ਵੀ ਦੇਖ ਸਕਦੇ ਹੋ। ਭਾਰਤ ਅਤੇ ਦੁਨੀਆ ਦੀਆਂ ਤਮਾਮ ਝੁੱਗੀਆਂ ਝੌਂਪੜੀਆਂ ਵਿੱਚ ‘ਸੋਸ਼ਲ ਡਿਸਟੈਂਸਿੰਗ’ ਇੱਕ ਮਜ਼ਾਕ ਹੈ।
ਦਰਅਸਲ ਹੜ੍ਹਾਂ ਦੇ ਪਾਣੀ ਲੰਘਣ ਮਗਰੋੰ ਹੀ ਇਲਾਕੇ ਦੀ ਅਸਲ ਬਦਸੂਰਤੀ ਨਜ਼ਰ ਆਉਂਦੀ ਹੈ। ਕੋਰੋਨਾ ਦੇ ਲੰਘ ਜਾਣ ਮਗਰੋੰ ਹੀ ਇਸ ਪ੍ਰਣਾਲੀ ਦੀ ਅਸਲ ਬਦਸੂਰਤੀ ਦਿਖਾਈ ਦੇਵੇਗੀ। ਪਰ ਬਹੁਤ ਸਾਰੀਆਂ ਚੀਜ਼ਾਂ ਤੁਸੀੰ ਹੜ੍ਹ ਦੇ ਪਾਣੀ ਵਿੱਚ ਵੀ ਦੇਖ ਸਕਦੇ ਹੋ। ਸਪੇਨ ਦੇ ਸਿਹਤ ਮੰਤਰਾਲੇ ਨੇ ਇੱਕ ਗੁਪਤ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਕਿ 60 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਆਈਸੀਯੂ ਵਿੱਚ ਭਰਤੀ ਨਾ ਕੀਤਾ ਜਾਵੇ। ਇਸ ਦੀ ਬਜਾਏ, ਨੌਜਵਾਨ ਮਰੀਜ਼ਾਂ ਨੂੰ ਪਹਿਲ ਦਿੱਤੀ ਜਾਵੇ। ਅਮਰੀਕਾ ਦੇ ਟੈਕਸਾਸ ਰਾਜ ਦੇ ਗਵਰਨਰ ਡਾਨ ਪੈਟਰਿਕ ਨੇ ਹੋਰ ਵੀ ਬੇਰਹਿਮੀ ਦਿਖਾਉਂਦੇ ਹੋਏ ਕਿਹਾ ਕਿ ਬਜ਼ੁਰਗ ਲੋਕਾਂ ਨੂੰ ਅਮਰੀਕੀ ਅਰਥਚਾਰੇ ਅਤੇ ਨੌਜਵਾਨ ਪੀੜ੍ਹੀ ਲਈ ਆਪਣੀ ਜਾਨ ਦੇ ਦੇਣੀ ਚਾਹੀਦੀ ਹੈ। ਅਮਰੀਕੀ ਖਰਬਪਤੀ ਟੌਮ ਗਾਲੀਸੈਨੋ ਨੇ ਕਾਰੋਬਾਰੀ ਰਸਾਲੇ ‘ਬਲੂਮਬਰਗ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਸ ਬੇਸ਼ਰਮੀ ਨੂੰ ਹੋਰ ਅੱਗੇ ਵਧਾਇਆ। ਉਸਨੇ ਕਿਹਾ ਕਿ ਅਰਥ ਵਿਵਸਥਾ ਨੂੰ ਬੰਦ ਕਰਨ ਨਾਲੋੰ ਚੰਗਾ ਹੈ ਕਿ ਕੁੱਝ ਲੋਕ ਮਰ ਜਾਣ। ਇੰਗਲੈਂਡ ਦੇ ਪ੍ਰਧਾਨ ਮੰਤਰੀ ਇਸ ਤੋਂ ਵੀ ਅੱਗੇ ਗਏ ਕਿ ਜਦੋਂ ਲੋਕ ਮਰ ਜਾਣਗੇ ਤਾਂ ਕੋਰੋਨਾ ਦੇ ਉਲਟ ਵਿਰੋਧ ਵਿਕਸਿਤ ਹੋਵੇਗਾ। ਸ਼ਾਇਦ ਉਸਦੀ ਗੱਲ ਕੋਰੋਨਾ ਨੂੰ ਪਸੰਦ ਆਈ ਅਤੇ ਅੱਜ ਉਹ ਲੰਡਨ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਹੈ। ਇਹਨਾਂ ਬਿਆਨਾਂ ਨਾਲ ਚਰਚਿਲ ਦੇ ਉਸ ਬਿਆਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜੋ ਉਸਨੇ ਭਾਰਤ ਵਿਚਲੇ 1942 ਦੇ ਅਕਾਲ ਦੌਰਾਨ ਦਿੱਤਾ ਸੀ। ਚਰਚਿਲ ਦਾ ਕਹਿਣਾ ਸੀ ਕਿ ਭਾਰਤੀ ਚੂਹਿਆਂ ਦੀ ਤਰ੍ਹਾਂ ਆਪਣੀ ਆਬਾਦੀ ਵਧਾ ਰਹੇ ਸਨ। ਇਸ ਅਕਾਲ ਨਾਲ ਉਹ ਨਿਯੰਤਰਿਤ ਹੋ ਜਾਵੇਗੀ।
ਚਲੋ ਹੁਣ ਇੱਕ ਝਾਤ ਭਾਰਤ ਵੱਲ ਮਾਰੀਏ। ਜਿਹਨਾਂ ਲੋਕਾਂ ਨੇ 5 ਅਪ੍ਰੈਲ ਦੀ ਦਿਵਾਲੀ ਨੂੰ ਭਗਤੀ ਭਾਵਨਾ ਵਿੱਚੋਂ ਨਹੀਂ ਦੇਖਿਆ ਹੋਵੇਗਾ, ਉਹਨਾਂ ਨੂੰ ਸ਼ਾਇਦ ਇਹ ਅਹਿਸਾਸ ਹੋਇਆ ਹੋਵੇਗਾ ਕਿ ਇਸ ਦਿਨ ਭਾਰਤ ਦਾ ਰਸਮੀ ਲੋਕਤੰਤਰ ਇੱਕ ਅਸਲ ਮੂਰਖਤੰਤਰ ਵਿੱਚ ਬਦਲ ਗਿਆ ਹੈ। ਭਾਰਤੀ ਹਾਕਮ ਜਮਾਤਾਂ ‘ਤੇ ਗਾਲਿਬ ਦਾ ਇੱਕ ਸ਼ੇਅਰ ਬਹੁਤ ਢੁੱਕਦਾ ਹੈ- ‘ਮਰਜ਼ ਬੜਤਾ ਗਯਾ ਜਿਓ ਜਿਓ ਦਵਾ ਕੀ’। ਨੋਟਬੰਦੀ ਨੂੰ ਯਾਦ ਕਰੋ। ਨੋਟਬੰਦੀ ਦਿਖਾਵੇ ਦੇ ਤੌਰ ‘ਤੇ ਇਸ ਲਈ ਕੀਤੀ ਗਈ ਕਿ ਕਾਲਾ ਧਨ ਫੜਿਆ ਜਾਵੇ। ਨੋਟਬੰਦੀ ਤੋੰ ਬਾਅਦ ਸਾਰਾ ਕਾਲਾ ਧਨ ਸਫੇਦ ਹੋ ਗਿਆ। ਜਿੰਨੇ ਨੋਟ ਬੰਦ ਹੋਏ ਸਨ, ਉਸ ਨਾਲੋਂ ਜ਼ਿਆਦਾ ਬੈਂਕਾਂ ਵਿੱਚ ਵਾਪਸ ਆ ਗਏ। ਪਰ ਤਾਨਾਸ਼ਾਹ ਦੇ ਇਸ ਪਾਗਲਪਨ ਨੇ ਕਰੋੜਾਂ ਲੋਕਾਂ ਦੀ ਰੋਜ਼ੀ ਰੋਟੀ ਖੋਹ ਲਈ ਅਤੇ ਭਾਰਤ ਦੀ ਅਰਥ ਵਿਵਸਥਾ ਨੂੰ ਲੀਹੋਂ ਲਾਹ ਦਿੱਤਾ। ਉਸੇ ਤਰ੍ਹਾਂ 24 ਤਰੀਕ ਦੇ ਲੌਕਡਾਊਨ ਤੋਂ ਬਾਅਦ ਬਣੀਆਂ ਸਥਿਤੀਆਂ ਨੇ ਕੋਰੋਨਾ ਦੇ ਬਿਹਤਰ ਢੰਗ ਨਾਲ ਫੈਲਣ ਵਿੱਚ ਸਹਾਇਤਾ ਕੀਤੀ। ਲੱਖਾਂ ਪਰਵਾਸੀ ਮਜ਼ਦੂਰ ‘ਰਿਵਰਸ ਲੋਂਗ ਮਾਰਚ’ ਕਰਨ ਲਈ ਮਜਬੂਰ ਹੋਏ। ਧੁੱਪ ਅਤੇ ਮੀਂਹ ਵਿੱਚ ਭੁੱਖੇ ਪਿਆਸੇ ਇਹ ਲੋਕ ਕੋਰੋਨਾ ਦੇ ਆਸਾਨੀ ਨਾਲ ਸ਼ਿਕਾਰ ਬਣੇ ਹੋਣਗੇ। ਚੰਦ ਕੁ ਰਹਿਣ ਬਸੇਰਿਆਂ ਵਿੱਚ ਲੋਕ ਉਵੇਂ ਹੀ ਤੁੰਨੇ ਪਏ ਹਨ ਜਿਵੇਂ ਉਹ ਆਪਣੀਆਂ ਮਜ਼ਦੂਰ ਬਸਤੀਆਂ ਵਿੱਚ ਰਹਿੰਦੇ ਸਨ। ਸੜਕ ਅਤੇ ਪਿੰਡਾਂ ਦੇ ਕਿਨਾਰੇ ਬਹੁਤ ਸਾਰੇ ‘ਕੁਆਰੰਟਾਈਨ ਸੈਂਟਰ’ ਸੱਪ ਅਤੇ ਬਿੱਛੂ ਦਾ ਕੇੰਦਰ ਬਣੇ ਹੋਏ ਹਨ। ਜ਼ਿਆਦਾਤਰ ਕੁਆਰੰਟਾਈਨ ਸੈਂਟਰ ਲਗਭਗ ਜੇਲ੍ਹਾਂ ਹਨ। ਜਿੱਥੇ ਬਿਨਾਂ ਕਿਸੇ ਜ਼ੁਰਮ ਦੇ ਲੱਖਾਂ ਲੋਕਾਂ ਨੂੰ ਰੱਖਿਆ ਗਿਆ ਹੈ। ਇਹ ਸਭ ਕੋਰੋਨਾ ਦੇ ਆਸਾਨ ਸ਼ਿਕਾਰ ਹਨ। ਹਾਂ, ਉੱਚ ਅਤੇ ਮੱਧ ਵਰਗ ਨਿਸ਼ਚਿਤ ਤੌਰ ‘ਤੇ ਆਪਣੇ ਘਰਾਂ ਵਿੱਚ ਸੁਰੱਖਿਅਤ ਹੈ। ਭਾਰਤ ਵਿੱਚ ਸੋਸ਼ਲ ਡਿਸਟੈਂਸਿੰਗ ਦਰਅਸਲ ‘ਕਲਾਸ ਡਿਸਟੈਂਸਿੰਗ’ ਹੈ। ਇਸਦੇ ਪਿੱਛੇ ਅਸਲ ਮਨੋਰਥ ਉੱਚ ਵਰਗ- ਮੱਧ ਵਰਗ ਅਤੇ ਗਰੀਬਾਂ ਦਰਮਿਆਨ ਦੂਰੀ ਨੂੰ ਵਧਾਉਣਾ ਹੈ। ਅਤੇ ਕੋਰੋਨਾ ਨੂੰ ਗਰੀਬਾਂ ਵੱਲ ਜਾਣ ਦਾ ਰਾਹ ਦੇਣਾ ਹੈ।
ਆਪਣੀਆਂ ਸਾਰੀਆਂ ਇੰਟਰਵਿਊਆਂ ਵਿੱਚ ਸੜਕ ‘ਤੇ ਆ ਗਏ ਇਹਨਾਂ ਮਜ਼ਦੂਰਾਂ ਨੇ ਕਿਹਾ ਹੈ ਕਿ ਸਾਨੂੰ ਕੋਰੋਨਾ ਤੋਂ ਓਨਾ ਡਰ ਨਹੀਂ, ਜਿੰਨਾ ਭੁੱਖਮਰੀ ਅਤੇ ਪੁਲਿਸ ਦੀਆਂ ਡਾਂਗਾਂ ਤੋਂ ਹੈ। ਇਹ ਬੇਸਹਾਰਾ ਲਾਚਾਰ ਮਜ਼ਦੂਰ ਖੁਸ਼ੀ ਖੁਸ਼ੀ ਆਪਣੇ ਪਿੰਡ ਨਹੀਂ ਪਰਤ ਰਹੇ। ਇਹ ਉਹਨਾਂ ਪਿੰਡਾਂ ਵੱਲ ਪਰਤ ਰਹੇ ਹਨ ਜਿੱਥੇ ਰੋਜ਼ਾਨਾ 31 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅਜਿਹੇ ਸੰਕਟ ਦੇ ਸਮੇਂ ਵਿੱਚ ਵੀ ਜਿਸ ਤਰ੍ਹਾਂ ਪੁਲਿਸ ਸੜਕਾਂ ‘ਤੇ ਮਜ਼ਦੂਰਾਂ ਤੋਂ ਬੈਠਕਾਂ ਲਵਾ ਰਹੀ ਹੈ ਅਤੇ ਉਹਨਾਂ ‘ਤੇ ਡਾਂਗਾਂ ਵਰ੍ਹਾ ਰਹੀ ਹੈ, ਇਹ ਬੇਹੱਦ ਸ਼ਰਮਨਾਕ ਹੈ ਅਤੇ ਇਹ ਹਾਕਮ ਜਮਾਤ ਦੇ ਜਮਾਤੀ/ਜਾਤੀ ਪੱਖਪਾਤ ਅਤੇ ਉਸਦੇ ਭੈੜੇ ਚਰਿੱਤਰ ਦਾ ਹੀ ਪਰਦਾਫਾਸ਼ ਕਰਦਾ ਹੈ।
ਉੱਤਰ ਪ੍ਰਦੇਸ਼ ਸਰਕਾਰ ਦੇ ਦੀਵਾਲੀਆਪਣ ਦੀ ਇਸ ਤੋੰ ਵਧੀਆ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਸੁਪਰੀਪ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਸਨੇ 11000 ਕੈਦੀਆਂ ਨੂੰ ਛੱਡਣ ਦਾ ਫੈਸਲਾ ਲਿਆ, ਪਰ ਲੌਕਡਾਊਨ ਦੀ ਕਥਿਤ ਉਲੰਘਣਾ ਦੇ ਦੋਸ਼ ਵਿੱਚ ਇਸ ਤੋਂ ਕਿਤੇ ਜ਼ਿਆਦਾ ਗਿਣਤੀ ਲੋਕਾਂ ਨੂੰ ਜੇਲ੍ਹਾਂ ਵਿੱਚ ਤੁੰਨ ਦਿੱਤਾ। ਇਸ ਤੋਂ ਤੁਸੀਂ ਸਰਕਾਰ ਦੇ ਕੰਮ ਕਰਨ ਦਾ ਦੀਵਾਲੀਆ ਤਰੀਕਾ ਸਮਝ ਸਕਦੇ ਹੋ। ਦਰਅਸਲ ਭਾਰਤ ਸਰਕਾਰ ਕੋਲ ਕੋਈ ਰਣਨੀਤੀ ਜਾਂ ਕੋਈ ਤਿਆਰੀ ਨਹੀਂ ਹੈ। ਇੱਥੋਂ ਤੱਕ ਕਿ ਉਸ ਕੋਲ ਕੋਈ ਭਰੋਸੇਮੰਦ ਅੰਕੜੇ ਵੀ ਨਹੀਂ ਹਨ। ਹਾਂ, ਹਰ ਮੌਕੇ ਨੂੰ ‘ਜਸ਼ਨ’ ਵਿੱਚ ਤਬਦੀਲ ਕਰਨਾ ਮੋਦੀ ਸਰਕਾਰ ਨੂੰ ਬਾਖ਼ੂਬੀ ਆਉਂਦਾ ਹੈ। ਫਿਰ ਚਾਹੇ ਕੋਈ ਮਾਤਮ ਹੀ ਕਿਉਂ ਨਾ ਹੋਵੇ। ਅਤੇ ਇਹ ਕੰਮ ਉਹ ਬਾਖ਼ੂਬੀ ਕਰ ਰਹੀ ਹੈ। ਯੂਰਪੀ ਦੇਸ਼ਾਂ ਦੀ ਨਕਲ ਕਰਦੇ ਹੋਏ ਭਾਰਤ ਸਰਕਾਰ ਨੇ ਬਿਨਾਂ ਕਿਸੇ ਤਿਆਰੀ ਦੇ ਅਚਾਨਕ ਲੌਕਡਾਊਨ ਕਰ ਦਿੱਤਾ। ਪਰ ਨਕਲ ਦੇ ਨਾਲ ਕੁੱਝ ਅਕਲ ਵੀ ਤਾਂ ਹੋਣੀ ਚਾਹੀਦੀ ਹੈ। ਰਾਤ ਅੱਠ ਵਜੇ ਲੌਕਡਾਊਨ ਦੀ ਘੋਸ਼ਣਾ ਹੁੰਦੇ ਹੀ ਲੋਕ ‘ਸੋਸ਼ਲ ਡਿਸਟੈਂਸਿੰਗ’ ਦੀਆਂ ਧੱਜੀਆਂ ਉਡਾਉਂਦੇ ਹੋਏ ਵੱਡੀ ਗਿਣਤੀ ਵਿੱਚ ਦੁਕਾਨਾਂ ‘ਤੇ ਆ ਗਏ। ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀ-ਨੌਜਵਾਨ ਅਤੇ ਅਸਥਾਈ ਮਜ਼ਦੂਰਾਂ ਦੇ ਝੁੰਡ ਸੜਕਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ‘ਤੇ ਆ ਪਹੁੰਚੇ। ਇਸ ਨੂੰ ਵੇਖਦਿਆਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਹ ਸਿਰਫ ਉੱਚੇ ਅਤੇ ਮੱਧ ਵਰਗ ਨੂੰ ਕੋਰੋਨਾ ਤੋਂ ਬਚਾਉਣ ਲਈ ਕੀਤਾ ਗਿਆ ਸੀ ਅਤੇ ਬਦਲੇ ਵਿੱਚ ਸਾਰੇ ਗਰੀਬ ਮਜ਼ਦੂਰਾਂ ਨੂੰ ਕੋਰੋਨਾ ਨਾਮੀ ਸ਼ੇਰ ਦੇ ਅੱਗੇ ਪਰੋਸ ਦਿੱਤਾ ਜਾਵੇ। ਭਾਰਤ ਵਿੱਚ ਹਰ ਸਾਲ 4 ਲੱਖ ਲੋਕ ਟੀਬੀ ਨਾਲ ਮਰਦੇ ਹਨ। ਜਿਸਦਾ ਇੱਕ ਵੱਡਾ ਕਾਰਨ ਗਰੀਬੀ ਹੈ। ਇਹ ਲੌਕਡਾਊਨ ਇਸ ਗਰੀਬੀ ਨੂੰ ਹੋਰ ਵਧਾਏਗਾ (ਆਈਐੱਲਓ ਦੀ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਲੌਕਡਾਊਨ ਤੋਂ ਬਾਅਦ ਭਾਰਤ ਦੀ 40 ਕਰੋੜ ਆਬਾਦੀ ਗਰੀਬੀ ਦੇ ਖੱਡੇ ਵਿੱਚ ਹੋਰ ਗਹਿਰੀ ਧਸ ਜਾਵੇਗੀ) ਅਤੇ ਟੀਬੀ ਨਾਲ ਮਰਨ ਵਾਲਿਆਂ ਦੀ ਗਿਣਤੀ ਇਸ ਸਾਲ ਵਧ ਸਕਦੀ ਹੈ। ਇਹ ਰਣਨੀਤੀ ਕਿੰਨੀ ਕੁ ਪ੍ਰਭਾਵਸ਼ਾਲੀ ਹੈ ਕਿ ਅਸੀਂ 1 ਵਿਅਕਤੀ ਨੂੰ ਕੋਰੋਨਾ ਤੋਂ ਬਚਾ ਕੇ ਬਦਲੇ ਵਿੱਚ 4 ਲੋਕਾਂ ਨੂੰ ਟੀਬੀ ਨਾਲ ਮਾਰ ਦਈਏ। ਇਸ ਕੋਰੋਨਾ ਕਾਲ ਵਿੱਚ ਲਗਭਗ ਸਾਰੇ ਹਸਪਤਾਲਾਂ ਦੀ ਓਪੀਡੀ ਬੰਦ ਹੈ। ਦਿੱਲੀ ਦੇ ਏਮਜ਼ ਵਰਗੇ ਹਸਪਤਾਲ ਨੇ ਵੀ ਆਪਣੀ ਓਪੀਡੀ ਬੰਦ ਕਰ ਦਿੱਤੀ ਹੈ। ਕੈਂਸਰ ਦੇ ਗੰਭੀਰ ਮਰੀਜ਼ਾਂ ਦਾ ਵੀ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਤਮਾਮ ਕੈਂਸਰ ਦੇ ਮਰੀਜ਼ ਏਮਜ਼ ਅਤੇ ਦਿੱਲੀ ਦੇ ਹੋਰ ਹਸਪਤਾਲਾਂ ਦੇ ਆਸ ਪਾਸ ਆਪਣੇ ਮਰਨ ਦਾ ਇੰਤਜ਼ਾਰ ਕਰ ਰਹੇ ਹਨ। ਪ੍ਰਾਈਵੇਟ ਕਲੀਨਿਕ ਚਲਾਉਣ ਵਾਲੇ ਬਹੁਤ ਸਾਰੇ ਡਾਕਟਰਾਂ ਨੇ ਆਪਣੀ ਸੁਰੱਖਿਆ ਦਾ ਖਿਆਲ ਰੱਖਦੇ ਹੋਏ ਆਪਣੇ ਕਲੀਨਿਕ ਬੰਦ ਕਰ ਰੱਖੇ ਹਨ। ਸ਼ਾਇਦ ਇਹ ਅੰਕੜਾ ਕਦੇ ਨਹੀਂ ਆਵੇਗਾ ਕਿ ਅਸੀਂ ਕਿੰਨੇ ਕੋਰੋਨਾ ਦੇ ਮਰੀਜ਼ਾਂ ਨੂੰ ਬਚਾਇਆ ਅਤੇ ਇਸਦੇ ਬਦਲੇ ਵਿੱਚ ਕਿੰਨੇ ਹੋਰ ਬਿਮਾਰ ਲੋਕਾਂ ਨੂੰ ਮਾਰ ਦਿੱਤਾ। ਆਖਿਰ ਭਾਰਤ ਕਰ ਵੀ ਕੀ ਸਕਦਾ ਹੈ। ਪਿਛਲੇ ਦਹਾਕਿਆਂ ਵਿੱਚ ਅਸੀਂ ਹਿੰਦੂ-ਮੁਸਲਿਮ ਕਰਨ ‘ਤੇ ਹੀ ਆਪਣਾ ਸਮਾਂ ਗਵਾਇਆ ਹੈ। ਸਾਡਾ ਬਾਕੀ ਕੰਮ ਤਾਂ ਵਿਸ਼ਵ ਬੈੰਕ, ਆਈਐੱਮਐੌੱਫ ਵਰਗੀਆਂ ਸਾਮਰਾਜਵਾਦੀ ਸੰਸਥਾਵਾਂ ਜਾਂ ਅਮਰੀਕਾ ਹੀ ਕਰਦਾ ਰਿਹਾ ਹੈ। ਅਤੇ ਇਹਨਾਂ ਦੇ’ਖੁਬਸੂਰਤ’ ਕੰਮਾਂ ਦਾ ਨਤੀਜਾ ਹੀ ਹੈ ਕਿ ਅੱਜ ਸਾਡੇ ਕੋਲ 10000 ਲੋਕਾਂ ਪਿੱਛੇ ਇੱਕ ਸਰਕਾਰੀ ਐੱਮਬੀਬੀਐੱਸ ਡਾਕਟਰ ਹੈ। ਇਹਨਾਂ ਸਥਿਤੀਆਂ ਦੇ ਕਾਰਨ ਭਾਰਤ ਵਿੱਚ ਹਰ ਸਾਲ 5 ਕਰੋੜ 5 ਲੱਖ ਲੋਕ ਸਿਰਫ ਸਿਹਤ ਖਰਚਿਆਂ ਕਰਕੇ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਂਦੇ ਹਨ।
ਭਾਰਤ ਕਿਸੇ ਵੀ ਲਿਹਾਜ਼ ਨਾਲ ਕੋਰੋਨਾ ਵਰਗੀ ਮਹਾਂਮਾਰੀ ਲਈ ਤਿਆਰ ਨਹੀਂ ਸੀ। ਪਰ ਇੱਥੋਂ ਦਾ ਮੀਡੀਆ ਹਰ ਚੀਜ਼ ਲਈ ਤਿਆਰ ਰਹਿੰਦਾ ਹੈ। ਕੋਰੋਨਾ ਲਈ ਵੀ ਇਹ ਪਹਿਲਾਂ ਤੋਂ ਹੀ ਤਿਆਰ ਸੀ। ਪਹਿਲਾਂ ਅਮਰੀਕਾ ਦੇ ਪਿੱਛੇ ਲੱਗ ਕੇ ਇਸਨੇ ਕੋਰੋਨਾ ਦੇ ਲਈ ਚੀਨ ਨੂੰ ਨਿਸ਼ਾਨਾ ਬਣਾਇਆ ਪਰ ਜਦੋਂ ਭਾਰਤ ਨੂੰ ‘ਵੈਂਟੀਲੇਟਰ’ ਅਤੇ ‘ਟੈਸਟਿੰਗ ਕਿੱਟਾਂ’ ਲਈ ਚੀਨ ਅੱਗੇ ਹੱਥ ਅੱਡਣੇ ਪਏ ਤਾਂ ਮੀਡੀਆ ਆਪਣਾ ਅਭਿਆਨ ਵਿਚਾਲੇ ਰੋਕ ਕੇ ਆਪਣੇ ਪਸੰਦੀਦਾ ਦੁਸ਼ਮਣ ਮੁਸਲਮਾਨ ‘ਤੇ ਆ ਗਿਆ ਅਤੇ ਕੋਰੋਨਾ ਦਾ ਸਾਰਾ ਠੀਕਰਾ ਮੁਸਲਮਾਨਾਂ ਸਿਰ ਭੰਨ ਦਿੱਤਾ। ਸੰਘ ਦੇ ਆਈ।ਟੀ। ਸੈੱਲ ਵਾਲੇ ਵੀ ਲੌਕਡਾਊਨ ਦੀ ਪੂਰੀ ਵਰਤੋਂ ਕਰਦੇ ਹੋਏ ਖੁਦ ਕੋਰੋਨਾ ਦੀ ਭੂਮਿਕਾ ਵਿੱਚ ਆ ਗਏ ਹਨ। ਅਤੇ ਲੋਕਾਂ ਨੂੰ ਨਵੇਂ ਰੂਪ ਵਿੱਚ ਸੰਕਰਮਿਤ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਸਰਕਾਰ ਨੂੰ ਸੀਏਏ ਦੇ ਮਾਮਲੇ ਵਿੱਚ ਮੁਸਲਮਾਨਾਂ ਦੀ ਭੂਮਿਕਾ ਦਾ ਬਦਲਾ ਲੈਣ ਦਾ ਮੌਕਾ ਮਿਲ ਗਿਆ ਹੈ। ਰਾਣਾ ਅਯੂਬ ਦੇ ਟਵਿੱਟਰ ਖਾਤੇ ‘ਤੇ ਜਾਰੀ ਕੀਤੀ ਗਈ ਵੀਡੀਓ ਨੂੰ ਕੌਣ ਭੁੱਲ ਸਕਦਾ ਹੈ ਜਿੱਥੇ ਇੱਕ ਮਸਜਿਦ ਵਿੱਚੋਂ ਬਾਹਰ ਨਿਕਲਦੇ ਮੁਸਲਮਾਨਾਂ ਉੱਪਰ ਪੁਲਿਸ ਡਾਂਗਾਂ ਵਰ੍ਹਾ ਰਹੀ ਹੈ। ਕਿੰਨੇ ਹੀ ਮੁਸਲਮਾਨਾਂ ਅਤੇ ਮੁਸਲਮਾਨ ਬਸਤੀਆਂ ਨੂੰ ਕੋਰੋਨਾ ਦੇ ਕਾਰਨ ਕੁਆਰੰਟਾਈਨ ਕੀਤਾ ਗਿਆ ਅਤੇ ਕਿੰਨਿਆਂ ਨੂੰ ਉਹਨਾਂ ਦੇ ਮੁਸਲਮਾਨ ਹੋਣ ਦੇ ਕਾਰਨ ਕੀਤਾ ਗਿਆ, ਇਹ ਹੁਣ ਕਿਸੇ ਤੋਂ ਲੁਕਿਆ ਨਹੀਂ ਹੈ। ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਜੀਨੋਮ ਦਾ ਅਧਿਐਨ ਕਰ ਰਹੀ ਹੈ ਤਾਂ ਅਸੀੰ ਕੋਰੋਨਾ ਦੇ ਧਰਮ ਦੇ ਅਧਿਐਨ ਵਿੱਚ ਰੁੱਝੇ ਹੋਏ ਹਾਂ।
ਦਰਅਸਲ ਭਾਰਤ ਵਰਗੇ ਗਰੀਬ ਦੇਸ਼ ਵਿੱਚ ਜਿੱਥੇ 94 ਫੀਸਦੀ ਮਜ਼ਦੂਰ ਸ਼ਕਤੀ ਅਸੰਗਠਿਤ ਖੇਤਰ ਵਿੱਚ ਕੰਮ ਕਰ ਰਹੀ ਹੈ, ਅੱਧੀ ਤੋਂ ਵੱਧ ਆਬਾਦੀ ਭਿਆਨਕ ਗਰੀਬੀ ਵਿੱਚ ਜੀ ਰਹੀ ਹੈ, ਮੁਕੰਮਲ ਤਾਲਾਬੰਦੀ ਸਹੀ ਬਦਲ ਕਦੇ ਨਹੀੰ ਹੋ ਸਕਦਾ। ਇੱਥੇ ਜ਼ਿਆਦਾ ਤੋਂ ਜ਼ਿਆਦਾ ਟੈਸਟ ਹੋਣੇ ਚਾਹੀਦੇ ਸਨ ਅਤੇ ਇਹਨਾਂ ਟੈਸਟਾਂ ਦੇ ਆਧਾਰ ‘ਤੇ ਸਥਾਨਕ ਲੌਕਡਾਊਨ/ਕੁਆਰੰਟਾਈਨ ਦਾ ਸਹਾਰਾ ਲੈਣਾ ਚਾਹੀਦਾ ਸੀ। ਪਰ ਸੱਚਾਈ ਇਹ ਹੈ ਕਿ ਭਾਰਤ ਪ੍ਰਤੀ 10 ਲੱਖ ਵਿਅਕਤੀ ਸਿਰਫ 137 ਟੈਸਟ ਹੀ ਕਰ ਪਾ ਰਿਹਾ ਹੈ। ਸਾਡੇ ਨਾਲੋਂ ਬਿਹਤਰ ਅੰਕੜਾ ਤਾਂ ਪਾਕਿਸਤਾਨ ਅਤੇ ਸ੍ਰੀਲੰਕਾ ਦਾ ਹੈ ਜੋ ਕ੍ਰਮਵਾਰ 262 ਅਤੇ 152 ਟੈਸਟ ਕਰ ਰਹੇ ਹਨ, ਜਦੋੰ ਕਿ ਇਟਲੀ ਅਤੇ ਜਰਮਨੀ ਦਾ ਅੰਕੜਾ 15000 ਦੇ ਆਸ ਪਾਸ ਹੈ। ਅੱਜ ਬੇਸ਼ੱਕ ਕੋਰੋਨਾ ਕਾਲ ਵਿੱਚ ਉਹਨਾਂ ਤਾਕਤਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਜੋ ਲਗਾਤਾਰ ਵਾਤਾਵਰਣ, ਸਿਹਤ, ਗਰੀਬੀ, ਜਲ-ਜੰਗਲ-ਜ਼ਮੀਨ ਦਾ ਮੁੱਦਾ ਪੁਰਜ਼ੋਰ ਢੰਗ ਨਾਲ ਚੁੱਕ ਰਹੇ ਸਨ, ਇਸ ਅਣਮਨੁੱਖੀ ਪ੍ਰਣਾਲੀ ਦੀ ਮੌਜੂਦਗੀ ‘ਤੇ ਹੀ ਸਵਾਲ ਖੜ੍ਹਾ ਕਰ ਰਹੇ ਸਨ ਅਤੇ ਆਪਣੇ ਆਪਣੇ ਤਰੀਕੇ ਨਾਲ ਲੜ ਵੀ ਰਹੇ ਸਨ। ਪਰ ਕੋਰੋਨਾ ਤੋਂ ਬਾਅਦ ਦੇ ਸਮੇਂ ਵਿੱਚ ਉਹਨਾਂ ਦੀ ਆਵਾਜ਼ ਹੋਰ ਤੇਜ਼ ਸੁਣਾਈ ਦੇਵੇਗੀ। 14ਵੀਂ ਸ਼ਤਾਬਦੀ ਵਿੱਚ ਜਦੋਂ ਯੂਰਪ ਪਲੇਗ ਨਾਮੀ ਮਹਾਂਮਾਰੀ ਦੀ ਮਾਰ ਹੇਠ ਆਇਆ ਸੀ ਅਤੇ ਇਸਦੇ ਕਾਰਨ ਯੂਰਪ ਦੀ ਇੱਕ ਤਿਹਾਈ ਆਬਾਦੀ ਨਸ਼ਟ ਹੋ ਗਈ ਸੀ, ਤਾਂ ਇਸਦਾ ਇੱਕ ਮਹੱਤਵਪੂਰਨ ਨਤੀਜਾ ਇਹ ਹੋਇਆ ਕਿ ਆਮ ਲੋਕਾਂ ਵਿੱਚ ਚਰਚ ਪ੍ਰਤੀ ਸ਼ਰਧਾ ਖ਼ਤਮ ਹੋ ਗਈ ਅਤੇ ਇਸਨੇ ਯੂਰਪ ਵਿੱਚ ਪੁਨਰ-ਜਾਗ੍ਰਿਤੀ ਸ਼ੁਰੂ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ, ਜਿਸਦੇ ਨਤੀਜੇ ਵਜੋਂ ਕਈ ਬੁਰਜੂਆ ਇਨਕਲਾਬ ਹੋਏ। ਕੀ ਇਸ ਵਾਰ ਵੀ ਅਜਿਹਾ ਹੋਵੇਗਾ? ਐਡਵਰਡੋ ਗੈਲੁਆਨੋ ਦਾ ਕਹਿਣਾ ਸੀ ਕਿ ਇਤਿਹਾਸ ਵਾਸਤਵ ਵਿੱਚ ਕਦੇ ਅਲਵਿਦਾ ਨਹੀਂ ਕਹਿੰਦਾ। ਉਹ ਕਹਿੰਦਾ ਹੈ- ਦੁਬਾਰਾ ਮਿਲਾਂਗੇ (History never really says goodbye. History says, ‘see you later.’)।
ਭਾਵੇਂ ਰਾਤ ਕਿੰਨੀ ਵੀ ਹਨੇਰੀ ਹੋਵੇ, ਉਸ ਵਿੱਚ ਆਉਣ ਵਾਲੀ ਸਵੇਰ ਦਸਤਕ ਦਿੰਦੀ ਹੈ। ਚਾਰਲਸ ਡਿਕਨਜ਼ ਦੇ ਮਸ਼ਹੂਰ ਨਾਵਲ ‘ਏ ਟੇਲ ਆਫ ਟੂ ਸਿਟੀਜ਼’ ਦੀ ਇਸ ਮਸ਼ਹੂਰ ਪੰਕਤੀ ਨੂੰ ਇੱਕ ਵਾਰ ਦੁਹਰਾਉਣ ਦਾ ਮਨ ਕਰ ਰਿਹਾ ਹੈ- “ਇਹ ਸਭ ਤੋਂ ਚੰਗਾ ਸਮਾਂ ਹੈ, ਇਹ ਸਭ ਤੋਂ ਖਰਾਬ ਸਮਾਂ ਹੈ। ਇਹ ਸਿਆਣਪ ਦਾ ਯੁੱਗ ਹੈ, ਇਹ ਮੂਰਖਤਾ ਦਾ ਯੁੱਗ ਹੈ। ਇਹ ਵਿਸ਼ਵਾਸ ਦਾ ਯੁੱਗ ਹੈ, ਇਹ ਅਵਿਸ਼ਵਾਸ ਦਾ ਯੁੱਗ ਹੈ। ਇਹ ਰੋਸ਼ਨੀ ਦਾ ਮੌਸਮ ਹੈ, ਇਹ ਹਨੇਰੇ ਦਾ ਮੌਸਮ ਹੈ। ਇਹ ਉਮੀਦ ਦੀ ਬਹਾਰ ਹੈ, ਇਹ ਨਿਰਾਸ਼ਾ ਦੀ ਸਰਦੀ ਹੈ।”
ਤਰਜ਼ਮਾ : ਅੰਤਰਪ੍ਰੀਤ
