ਕੋਈ ਭੁੱਖਮਰੀ ਨਹੀਂ…(vi)

ਮੇਘ ਰਾਜ ਮਿੱਤਰ

ਨਿਊਜੀਲੈਂਡ ਦੀ ਠਹਿਰ ਦੌਰਾਨ ਮੈਂ ਇਹ ਵੇਖਿਆ ਕਿ ਇੱਥੇ ਮੰਗਣ ਵਾਲੇ ਨਾ ਮਾਤਰ ਹੀ ਹਨ ਕਿਉਂਕਿ ਇਥੋਂ ਦੀ ਸਰਕਾਰ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਇਸ ਦੇਸ਼ ਵਿੱਚ ਭੁੱਖੇ ਢਿੱਡ ਸੌਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਹੈ। ਜੇ ਕਿਸੇ ਕੋਲ ਖਾਣ ਲਈ ਕੁਝ ਨਹੀਂ ਤਾਂ ਇਹ ਸਰਕਾਰ ਦੇ ਇਸਟੇਟ ਆਫੀਸ ਜਾਵੇਗਾ ਉਸੇ ਸਮੇਂ ਉਸ ਨੂੰ ਢਿੱਡ ਭਰਨ ਲਈ ਦੋ ਸੌ ਡਾਲਰ ਦੇ ਦਿੱਤੇ ਜਾਣਗੇ। ਅਗਲੇ ਦਿਨ ਉਸਦੀ ਡੋਲ ਸ਼ੁਰੂ ਹੋ ਜਾਵੇਗੀ। ਜੇ ਕਿਸੇ ਕੋਲ ਜਾਇਦਾਦ ਹੈ ਤੇ ਫਿਰ ਵੀ ਉਹ ਸਰਕਾਰੀ ਸਹਾਇਤਾ ਜਾਂ ਆਸਰਾ ਚਾਹੁੰਦਾ ਹੈ ਤਾਂ ਉਸਦੀ ਜਾਇਦਾਦ ਵੇਚ ਦਿੱਤੀ ਜਾਵੇਗੀ। ਹਰ ਹਫਤੇ ਉਸਨੂੰ ਦਿੱਤੀ ਜਾਣ ਵਾਲੀ ਡੋਲ ਉਸ ਵਿਚੋਂ ਕੱਟਦੀ ਜਾਵੇਗੀ ਅਤੇ ਬਚਦਾ ਬਕਾਇਆ ਉਸਨੂੂੰ ਜਾਂ ਉਸਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇੱਕ ਇਸਤਰੀ ਮੈਂ ਅਜਿਹੀ ਵੀ ਵੇਖੀ ਜੋ ਆਪਣੇ ਬੱਚੇ ਦੇ ਜਨਮ ਦਿਨ ਮਨਾਉਣ ਲਈ ਉਸਨੂੰ ਤੋਹਫਾ ਦੇਣ ਵਾਸਤੇ ਮੰਗ ਰਹੀ ਸੀ। ਕੁਝ ਵਿਦਿਆਰਥੀ ਵੀ ਚੈਰਿਟੀ ਲਈ ਪੈਸੇ ਮੰਗ ਰਹੇ ਸਨ। ਚੈਰਿਟੀ ਦੇ ਕੰਮ ਕਰਨਾ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਸਿਖਾਇਆ ਵੀ ਜਾਂਦਾ ਹੈ।
ਗੋਰਿਆ ਦੀ ਵੇਖਾ ਵੇਖੀ ਪੰਜਾਬੀ ਮੁੰਡੇ ਤੇ ਕੁੜੀਆਂ ਵੀ ਉਹਨਾਂ ਦੀਆਂ ਆਦਤਾਂ ਗ੍ਰਹਿਣ ਕਰਨ ਲੱਗ ਪਏ ਹਨ। ਇੱਕ ਪੰਜਾਬੀ ਦੀ ਆਪਣੀ ਇਸਤਰੀ ਨਾਲ ਅਣਬਣ ਹੋਣ ਕਾਰਨ ਉਸਦੀ ਇਸਤਰੀ ਨੇ ਗਾਤਰੇ ਵਿਚੋਂ ਕਿਰਪਾਨ ਕੱਢਕੇ ਹੀ ਉਸਤੇ ਤਿੰਨ ਚਾਰ ਵਾਰ ਕਰ ਦਿੱਤੇ ਸਨ। ਰਿਸ਼ਤੇਦਾਰਾਂ ਦੇ ਸਮਝਾਉਣ ਕਰਕੇ ਉਹ ਆਪਣੇ ਪਰਿਵਾਰ ਵਿੱਚ ਹੀ ਰਹਿਣ ਲੱਗ ਪਿਆ। ਉਹ ਚਾਹੁੰਦਾ ਸੀ ਕਿ ਉਸਦੇ ਪੁੱਤਰ ਧੀਆਂ ਤੇ ਪਤਨੀ ਉਸਨੂੰ ਮਨਾਉਣ ਦਾ ਯਤਨ ਕਰਨ ਪਰ ਬੱਚੇ ਤਾਂ ਆਪਣੀ ਮਾਂ ਦੇ ਕਹੇ ਤੋਂ ਉਸ ਲਈ ਖਾਣਾ ਲੈ ਕੇ ਆਉਂਦੇ ਪਰ ਇੱਕ ਵਾਰ ਹੀ ਨਾਂਹ ਕਰਨ ਤੇ ਉਹ ਵਾਪਸ ਲੈ ਤੁਰਦੇ। ਉਹ ਚਾਹੁੰਦਾ ਸੀ ਕਿ ਉਹ ਉਸਨੂੰ ਖਾਣ ਲਈ ਦੋ ਚਾਰ ਵਾਰ ਤਾਂ ਕਹਿਣ ਤੇ ਉਹ ਖਾਣਾ ਫੜਕੇ ਖਾ ਲਵੇ। ਪਰ ਬੱਚੇ ਆਪਣੀ ਆਦਤ ਤੋਂ ਮਜਬੂਰ ਸਨ।

Back To Top