ਪੰਜਾਬੀਆਂ ਦੀ ਆਮਦ

ਮੇਘ ਰਾਜ ਮਿੱਤਰ

ਅਠਾਰਵੀਂ ਸਦੀ ਦੇ ਅੱਧ ਵਿਚਕਾਰ ਅੰਗਰੇਜ਼ ਭਾਰਤ ਤੇ ਪੂਰੀ ਤਰ੍ਹਾਂ ਕਾਬਜ ਹੋ ਚੁੱਕੇ ਸਨ। ਆਪਣੇ ਰਾਜ ਭਾਗ ਨੂੰ ਹੋਰ ਫੈਲਾਉਣ ਲਈ ਉਹਨਾਂ ਨੇ ਨਿਊਜੀਲੈਂਡ ਦੇ ਚੱਕਰ ਵੀ ਮਾਰਨੇ ਸ਼ੁਰੂ ਕੀਤੇ ਹੋਏ ਸਨ। ਉਹਨਾਂ ਦੇ ਸਮੁੰਦਰੀ ਜਹਾਜ ਅਕਸਰ ਹੀ ਭਾਰਤ ਹੋ ਕੇ ਆਸਟਰੇਲੀਆ ਜਾਂਦੇ ਤੇ ਕਈ ਵਾਰੀ ਉਹ ਨਿਉਜੀਲੈਂਡ ਤੋਂ ਵੀ ਸਮਾਨ ਲੱਦ ਲੈਂਦੇ। ਇਸ ਤਰ੍ਹਾਂ ਇਹ ਲੁੱਟ ਦੇ ਖਜਾਨੇ ਇੰਗਲੈਂਡ ਪਹੁੰਚਾਉਣ ਦਾ ਸਿਲਸਿਲਾ ਜਹਾਜਾਂ ਰਾਹੀਂ ਸਿਰੇ ਚੜ੍ਹਦਾ ਸੀ। ਭਾਰਤ ਦੇ ਵਸਨੀਕਾਂ ਨੂੰ ਨਾ ਤਾਂ ਵਧੀਆ ਰੁਜਗਾਰ ਤੇ ਨਾ ਹੀ ਗੁਜਾਰੇ ਤੋਂ ਵੱਧ ਉਜਰਤਾ ਮਿਲਦੀਆਂ ਸਨ। ਇਸ ਲਈ ਉਹ ਇਹਨਾਂ ਜਹਾਜਾਂ ਵਿੱਚ ਮਾਲ ਉਤਾਰਨ ਚੜ੍ਹਾਉਣ ਦਾ ਕੰਮ ਕਰਦੇ ਤੇ ਕਈ ਇਸ ਤਰ੍ਹਾਂ ਦੂਜੇ ਦੇਸ਼ਾਂ ਵਿੱਚ ਰਿਹਾਇਸ਼ ਵੀ ਕਰ ਲੈਂਦੇ। ਇਸ ਤਰ੍ਹਾਂ ਅਠਾਰਵੀਂ ਸਦੀ ਦੇ ਅੰਤ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਇੱਕ ਜਹਾਜ਼ੀ ਬੇੜੇ ਵਿੱਚੋਂ ਭੱਜੇ ਇੱਕ ਦੋ ਭਾਰਤੀਆਂ ਨੇ ਆਪਣੀ ਰਿਹਾਇਸ਼ ਨਿਊਜੀਲੈਂਡ ਵਿੱਚ ਕਰ ਲਈ। ਜਹਾਜੀ ਰਿਕਾਰਡ ਅਨੁਸਾਰ ਇੱਕ ਬੰਗਾਲੀ ਨੇ 1810 ਵਿੱਚ ਜਹਾਜ ਵਿੱਚੋਂ ਛਾਲ ਮਾਰ ਕੇ ਨਿਊਜੀਲੈਂਡ ਦੀ ਧਰਤੀ ਤੇ ਪਨਾਹ ਲੈ ਲਈ। ਹੌਲੀ-ਹੌਲੀ ਉਸਨੇ ਇੱਕ ਮੌਰੀ ਇਸਤਰੀ ਨਾਲ ਵਿਆਹ ਕਰਵਾ ਲਿਆ 1814-15 ਵਿੱਚ ਵੀ ਕੁਝ ਗੁਜਰਾਤੀ ਤੇ ਪੰਜਾਬੀ ਇੱਥੇ ਰਹਿੰਦੇ ਵੇਖੇ ਗਏ। 1886 ਦੀ ਮਰਦਮ ਸੁਮਾਰੀ ਵਿੱਚ ਇੱਥੇ ਰਹਿਣ ਵਾਲੇ ਛੇ ਭਾਰਤੀਆਂ ਦਾ ਜਿਕਰ ਮਿਲਦਾ ਹੈ। ਇਹ ਛੇ ਭਾਰਤੀ ਅਜਿਹੇ ਸਨ ਜਿਹੜੇ ਉਹਨਾਂ ਅੰਗਰੇਜ਼ ਅਫਸਰਾਂ ਦੇ ਨੌਕਰ ਸਨ ਜਿਹੜੇ ਕਿਸੇ ਵੇਲੇ ਭਾਰਤ ਵਿੱਚ ਨਿਯੁਕਤ ਸਨ। ਆਪਣੀ ਰਿਟਾਇਰਮੈਂਟ ਤੋਂ ਬਾਅਦ ਇਹ ਅਫਸਰ ਆਪਣੇ ਨੌਕਰਾਂ ਸਮੇਤ ਇੱਥੇ ਆ ਵਸੇ। ਇਸ ਤਰ੍ਹਾਂ ਇਹਨਾਂ ਭਾਰਤੀਆਂ ਦੀ ਆਬਾਦੀ ਵਧਦੀ ਗਈ ਤੇ 1896 ਦੀ ਮਰਦਮ ਸੁਮਾਰੀ ਵਿੱਚ ਇਹ ਗਿਣਤੀ 46 ਹੋ ਗਈ। ਕਿਉਂਕਿ ਨਿਉਜੀਲੈਂਡ ਵਿੱਚ ਮਰਦਮ ਸੁਮਾਰੀ ਹੀ ਦਸ ਸਾਲਾਂ ਬਾਅਦ ਹੁੰਦੀ ਸੀ। 1916 ਦੀ ਮਰਦਮ ਸੁਮਾਰੀ ਵਿੱਚ ਦਰਜ ਭਾਰਤੀਆਂ ਦੀ ਗਿਣਤੀ 181 ਸੀ ਜਿਹਨਾਂ ਵਿੱਚ 14 ਇਸਤਰੀਆਂ ਵੀ ਸਨ। ਇਹਨਾਂ ਵਿੱਚੋਂ ਕੁਝ ਜਲੰਧਰ ਤੇ ਹੁਸ਼ਿਆਰਪੁਰ ਜਿਲਿਆਂ ਦੇ ਪੰਜਾਬੀ ਵੀ ਸਨ। ਇਹਨਾਂ ਵਿੱਚੋਂ ਬਹੁਤੇ ਹੋਕਾ ਦੇ ਕੇ ਤੁਰ ਫਿਰ ਕੇ ਸਮਾਨ ਵੇਚਿਆ ਕਰਦੇ ਸਨ। ਬਾਅਦ ਵਿੱਚ ਇਹਨਾਂ ਨੇ ਸੜਕਾਂ ਵਿਛਾਉਣ ਤੇ ਇੱਟਾਂ ਬਣਾਉਣ ਦੇ ਰੁਜਗਾਰ ਅਪਣਾ ਲਏ। ਇਹਨਾਂ ਵਿੱਚੋਂ ਕੁਝ ਪ੍ਰੀਵਾਰ ਡਾਇਰੀ ਫਾਰਮ ਦੇ ਧੰਦੇ ਨਾਲ ਜੁੜ ਗਏ। ਕਈਆਂ ਨੇ ਭੇਡਾਂ, ਗਾਵਾਂ ਪਾਲਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਕੱਲ੍ਹ ਤਾਂ ਇਹ ਹਾਲ ਹੈ ਕਿ ਸਿਰਫ ਪੰਜਾਬੀਆਂ ਦੇ ਹੀ ਨਿਉਜੀਲੈਂਡ ਵਿੱਚ 13 ਗੁਰਦੁਆਰੇ ਹਨ, ਹਿੰਦੂ ਮੰਦਰਾਂ ਦੀ ਕੋਈ ਗਿਣਤੀ ਹੀ ਨਹੀਂ। ਦੋ ਤਿੰਨ ਦਹਾਕੇ ਪਹਿਲਾਂ ਆਉਣ ਵਾਲੇ ਪੰਜਾਬੀ, ਰਾਤਾਂ ਨੂੰ ਹੋਣ ਵਾਲੇ ਨਾਚ ਕਲੱਬਾਂ ਵਿੱਚ ਜਾਂਦੇ ਤੇ ਕਿਸੇ ਮੌਰੀ ਜਾਂ ਅੰਗਰੇਜ਼ ਇਸਤਰੀ ਨਾਲ ਨੇੜਤਾ ਵਧਾ ਕੇ ਵਿਆਹ ਕਰ ਲੈਂਦੇ ਤੇ ਇਸ ਤਰ੍ਹਾਂ ਨਿਊਜੀਲੈਂਡ ਦੇ ਪੱਕੇ ਵਸਨੀਕ ਬਣ ਜਾਂਦੇ। ਉਸ ਸਮੇਂ ਦੀਆਂ ਵਿਆਹੀਆਂ ਗੋਰੀਆਂ ਮੌਰੀ ਇਸਤਰੀਆਂ ਅੱਜ ਵੀ ਪੰਜਾਬੀ ਘਰਾਂ ਦਾ ਸ਼ਿੰਗਾਰ ਹਨ। ਪੂਰੀ ਵਫਾਦਾਰੀ ਨਾਲ ਉਹ ਪੰਜਾਬੀਆਂ ਦੇ ਹੋਰ ਪ੍ਰੀਵਾਰਾਂ ਨੂੰ ਨਿਉਜੀਲੈਂਡ ਵਿੱਚ ਬੁਲਾਉਣ ਤੇ ਸੈੱਟ ਕਰਨ ਲਈ ਉਹਨਾਂ ਦੀ ਮੱਦਦ ਕਰ ਰਹੀਆਂ ਹਨ।

Back To Top