ਮੇਘ ਰਾਜ ਮਿੱਤਰ
? ਮਨੁੱਖ ਆਤਮ-ਹੱਤਿਆ ਕਿਉਂ ਕਰਦਾ ਹੈ? ਕਈ ਵਾਰੀ ਚੰਗੇ ਭਲੇ, ਸਮਝਦਾਰ ਪੜ੍ਹੇ-ਲਿਖੇ ਸਿਆਣੇ ਵਿਅਕਤੀ ਵੀ ਖੁਦਕਸ਼ੀ ਕਰ ਲੈਂਦੇ ਹਨ, ਕਿਉਂ।
? ਦੋ ਤਿੰਨ ਮਹੀਨੇ ਪਿੱਛੋਂ ਆਦਮੀ ਨੂੰ ਉਦਾਸੀ ਜਿਹੀ ਕਿਉਂ ਆ ਜਾਂਦੀ ਹੈ-ਜਦੋਂ ਉਹ ਖ਼ੁਸ਼ੀ ਵਿੱਚ ਖੇਡ ਰਿਹਾ ਹੁੰਦਾ ਹੈ, ਉਦੋਂ ਹੀ ਕਿਉਂ ਉਹਦਾ ਮਨ ਡਿੱਗੂੰ-ਡਿੱਗੂੰ ਕਰਨ ਲੱਗ ਪੈਂਦਾ ਹੈ।
– ਰੁਪਿੰਦਰ ਰਮਨ, ਪਿੰਡ ਧਰੌੜ, ਡਾਕ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ
– ਹਰੇਕ ਵਿਅਕਤੀ ਨੂੰ ਜਿਉਂਦੇ ਰਹਿਣ ਲਈ ਆਪਣੇ ਆਲੇ-ਦੁਆਲੇ ਨਾਲ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਦੌਰਾਨ ਕਿਸੇ ਵੀ ਵਿਅਕਤੀ ਨੂੰ ਬਹੁਤ ਸਾਰੀਆਂ ਖੁਸ਼ੀਆਂ ਅਤੇ ਨਿਰਾਸ਼ਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਵੇਦਨਸ਼ੀਲ ਵਿਅਕਤੀ ਅਜਿਹੇ ਮੌਕਿਆਂ `ਤੇ ਕਈ ਵਾਰੀ ਨਿਰਾਸ਼ਾਵਾਦ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਨਿਰਾਸ਼ਾਵਾਦ ਸਰੀਰ ਵਿੱਚ ਰਸਾਂ ਦੇ ਸੰਤੁਲਨ ਵਿੱਚ ਗੜਬੜ ਕਾਰਨ ਵੀ ਪੈਦਾ ਹੋ ਜਾਂਦਾ ਹੈ। ਸੋ, ਨਿਰਾਸ਼ਾਵਾਦ ਦੇ ਪੈਦਾ ਹੋਣ ਦੇ ਕਾਰਨ ਸਮਾਜਿਕ ਜਾਂ ਸਰੀਰਕ ਹੁੰਦੇ ਹਨ।
– ਜਿਵੇਂ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਜਿਉਂਦੇ ਰਹਿਣ ਲਈ ਸੰਘਰਸ਼ ਵਿੱਚ ਟੋਏ ਜਾਂ ਟਿੱਬੇ ਹੁੰਦੇ ਹੀ ਹਨ। ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨ ਵਾਲੇ ਵਿਅਕਤੀ ਢੇਰੀ ਢਾਹ ਬੈਠਦੇ ਹਨ ਤੇ ਆਪਣੇ ਆਲੇ-ਦੁਆਲੇ ਦਾ ਦਲੇਰੀ ਨਾਲ ਸਾਹਮਣਾ ਕਰਨ ਦੀ ਬਜਾਇ ਉਹ ਇਸ ਸਮਾਜ ਤੋਂ ਸਦਾ ਲਈ ਆਪਣੇ-ਆਪ ਨੂੰ ਜੁਦਾ ਕਰ ਲੈਂਦੇ ਹਨ। ਪੜ੍ਹੇ-ਲਿਖੇ ਜਾਂ ਅਨਪੜ੍ਹ ਦਾ ਇੱਥੇ ਬਹੁਤਾ ਰੋਲ ਨਹੀਂ ਹੁੰਦਾ। ਰੋਲ ਹੁੰਦਾ ਹੈ ਤਾਂ ਸਿਰਫ ਸਮਾਜਿਕ ਚੇਤਨਤਾ ਦਾ।
– ਇਸਦਾ ਕਾਰਨ ਵੀ ਸਾਰੀਆਂ ਗੱਲਾਂ ਆਪਣੀ ਇੱਛਾ ਅਨੁਸਾਰ ਨਾ ਹੋਣਾ ਹੁੰਦਾ ਹੈ ਕਿਉਂਕਿ ਕਿਸੇ ਪਰਿਵਾਰ ਵਿੱਚ ਜਾਂ ਦਫ਼ਤਰ ਵਿੱਚ ਹਰੇਕ ਵਿਅਕਤੀ ਦੀਆਂ ਇੱਛਾਵਾਂ ਹੁੰਦੀਆਂ ਹਨ। ਕਈ ਵਾਰ ਕਿਸੇ ਹੋਰ ਵਿਅਕਤੀ ਦੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ ਹਨ। ਇਸ ਲਈ ਅਪੂਰਨ ਇੱਛਾਵਾਂ ਵਾਲੇ ਵਿਅਕਤੀਆਂ `ਤੇ ਨਿਰਾਸ਼ਤਾ ਛਾ ਜਾਂਦੀ ਹੈ।
                        
                        
                        
                        
                        
                        
                        
                        
                        
		