? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤਰਕਸ਼ੀਲ ਰੱਬ ਨੂੰ ਨਹੀਂ ਮੰਨਦੇ। ਕਿਸੇ ਧਾਰਮਿਕ ਸਥਾਨ ਨੂੰ ਨਹੀਂ ਮੰਨਦੇ। ਠੀਕ ਹੈ ਕਿ ਜੇ ਕੋਈ ਰੱਬ ਨੂੰ ਨਹੀਂ ਮੰਨਦਾ ਪਰ ਕੀ ਉਹ ਗੁਰਦੁਆਰੇ ਜਾਣ ਨੂੰ ਇੱਕ ਪੰਜਾਬੀ ਸਭਿਆਚਾਰ ਮੰਨ ਕੇ ਜਾ ਸਕਦਾ ਹੈ।

ਮੇਘ ਰਾਜ ਮਿੱਤਰ

? ਕੀ ਕੋਈ ਤਰਕਸ਼ੀਲ ਵਿਅਕਤੀ ਕਿਸੇ ਤਿਉਹਾਰ ਦੀਆਂ ਰਸਮਾਂ-ਰੀਤਾਂ ਜੋ ਧਾਰਮਿਕ ਭਾਵਨਾ ਵਾਲੀਆਂ ਹੋਣ ਉਹਨਾਂ ਤੋਂ ਸੰਕੋਚ ਨਹੀਂ ਕਰਦਾ?

-ਗੁਰਦੀਪ ਸਿੰੰਘ, ਲਹਿਰਾਗਾਗਾ,
ਤਹਿ. ਮੂਨਕ, ਜ਼ਿਲ੍ਹਾ ਸੰਗਰੂਰ

– ਤਰਕਸ਼ੀਲ ਵਿਚਾਰਧਾਰਾ ਅਤੇ ਧਾਰਮਿਕ ਵਿਚਾਰਧਾਰਾ ਵਿੱਚ ਮੁੱਖ ਅੰਤਰ ਇਹ ਹੁੰਦਾ ਹੈ ਕਿ ਧਾਰਮਿਕ ਵਿਅਕਤੀ ਪਵਿੱਤਰ ਮੂਰਤੀਆਂ, ਪਵਿੱਤਰ ਗ੍ਰੰਥਾਂ ਤੇ ਪਵਿੱਤਰ ਅਸਥਾਨਾਂ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ। ਇਸ ਦੇ ਉਲਟ ਤਰਕਸ਼ੀਲ ਸਿਰਫ ਇਨਸਾਨੀਅਤ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਲਈ ਤਰਕਸ਼ੀਲਾਂ ਲਈ ਤਾਂ ਹਰ ਕਸੌਟੀ ਮਾਨਵਤਾ ਦੀ ਭਲਾਈ ਹੀ ਹੁੰਦੀ ਹੈ। ਜੋ ਕਾਜ ਮਾਨਵਤਾ ਦੇ ਪੱਖ ਵਿੱਚ ਜਾਂਦਾ ਹੈ ਉਹ ਹੀ ਕੰਮ ਉਨ੍ਹਾਂ ਨੇ ਕਰਨਾ ਹੁੰਦਾ ਹੈ ਪਰ ਜਿਹੜਾ ਕੰਮ ਮਾਨਵਤਾ ਦੀ ਭਲਾਈ ਵਿੱਚ ਨਹੀਂ ਜਾਂਦਾ ਅਜਿਹੇ ਕੰਮ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੁੰਦੀ। ਪਿੰਡਾਂ ਵਿੱਚ ਗੁਰਦੁਆਰੇ ਅੱਜਕੱਲ੍ਹ ਸਭਿਆਚਾਰ ਦਾ ਕੇਂਦਰ ਬਣੇ ਹੋਏ ਹਨ। ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਵੀ ਗੁਰਦੁਆਰਿਆਂ ਵਿੱਚ ਉਲੀਕੀਆਂ ਜਾਂਦੀਆਂ ਹਨ। ਸੋ ਅਜਿਹੀਆਂ ਮਾਨਵ ਭਲਾਈ ਸਕੀਮਾਂ ਵਿੱਚ ਤਰਕਸ਼ੀਲਾਂ ਦੀ ਸ਼ਮੂਲੀਅਤ ਵੀ ਜ਼ਰੂਰੀ ਹੋਣੀ ਚਾਹੀਦੀ ਹੈ। ਗੁਰਦੁਆਰੇ ਜਾਂ ਮੰਦਰ ਕਲਾ ਦੇ ਪੱਖੋਂ ਵੀ ਅਹਿਮ ਹੁੰਦੇ ਹਨ। ਕਿਉਂਕਿ ਬਹੁਤ ਸਾਰੇ ਧਾਰਮਿਕ ਵਿਅਕਤੀ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਅਥਾਹ ਪੈਸਾ ਇਨ੍ਹਾਂ `ਤੇ ਖਰਚ ਕਰਦੇ ਹਨ। ਇਸ ਲਈ ਇਨ੍ਹਾਂ ਕਲਾਕ੍ਰਿਤੀਆਂ ਦੀ ਕਲਾ ਦੇਖਣ ਲਈ ਵੀ ਇਨ੍ਹਾਂ ਸਥਾਨਾਂ `ਤੇ ਜਾਇਆ ਜਾ ਸਕਦਾ ਹੈ।
– ਤਰਕਸ਼ੀਲਾਂ ਨੂੰ ਫਜ਼ੂਲ ਦੇ ਧਾਰਮਿਕ ਅੰਧਵਿਸ਼ਵਾਸਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਅਜਿਹੇ ਰਸਮ-ਰਿਵਾਜ ਬਣਾਉਣੇ ਚਾਹੀਦੇ ਹਨ ਜਿਹੜੇ ਧਾਰਮਿਕ ਅੰਧਵਿਸ਼ਵਾਸਾਂ ਤੋਂ ਮੁਕਤ ਹੋਣ। ਜਿਵੇਂ ਹਰ ਪਰਿਵਾਰ ਵਿੱਚ 5-7 ਜੀਅ ਹੁੰਦੇ ਹਨ। ਹਰੇਕ ਦੇ ਜਨਮ ਦਿਨ ਵੀ ਆਉਂਦੇ ਹਨ। ਇਸ ਲਈ ਤਰਕਸ਼ੀਲ ਪਰਿਵਾਰਾਂ ਨੂੰ ਅਜਿਹੇ ਦਿਨ ਮਨਾਉਣੇ ਚਾਹੀਦੇ ਹਨ। ਇਸ ਤਰ੍ਹਾਂ ਹੀ ਵਿਆਹ ਵਰ੍ਹੇ-ਗੰਢਾਂ ਵਿੱਚ ਕੀਤਾ ਜਾ ਸਕਦਾ ਹੈ।

Back To Top