ਭਗਤ ਪ੍ਰੇਮ

– ਮੇਘ ਰਾਜ ਮਿੱਤਰ

1. ਸਵੇਰੇ ਚਾਰ ਵਜੇ ਉੱਠਦਾ ਹੈ। ਹਜ਼ਾਰ ਵਾਰ ਇੱਕੋ ਗੱਲ ਨੂੰ ਵਾਰ-ਵਾਰ ਦੁਹਰਾਉਂਦਾ ਹੈ, ਰੱਟਾ ਲਾਉਂਦਾ ਹੈ। ਦੂਸਰਿਆਂ ਦੀ ਨੀਂਦ ਖਰਾਬ ਕਰਦਾ ਹੈ। ਸਪੀਕਰ, ਰੇਡੀਓ ਜਾਂ ਟੈਲੀਵਿਜ਼ਨ ਉੱਚੀ ਆਵਾਜ਼ ਵਿੱਚ ਲਗਾਉਂਦਾ ਹੈ।
2. ਅਧਿਆਤਮਵਾਦ ਵਿੱਚ ਡੂੰਘਾ ਯਕੀਨ ਹੈ। ਇਸ ਲਈ ਗਊ ਨੂੰ ਪਵਿੱਤਰ ਸਮਝਦਾ ਹੈ। ਉਸਦਾ ਪਿਸ਼ਾਬ ਪੀਂਦਾ ਹੈ ਅਤੇ ਦੇਸੀ ਘਿਉ ਵੱਧ ਤੋਂ ਵੱਧ ਮਾਤਰਾ ਵਿੱਚ ਵਰਤਣ ਵਿੱਚ ਯਕੀਨ ਕਰਦਾ ਹੈ। ਉਮਰ ਪ੍ਰਮਾਤਮਾ ਦੇ ਹੱਥ ਹੈ, ਇਸ ਸੋਚ ਦਾ ਧਾਰਨੀ ਹੋਣ ਕਾਰਨ ਡਾਕਟਰੀ ਹਦਾਇਤਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ।
3. ਆਪਣੇ ਅਦਾਰੇ ਵਿਚ ਜਾਣ ਤੋਂ ਪਹਿਲਾਂ ਆਪਣੀ ਬਹੁਤੀ ਊਰਜਾ ਆਪਣੇ ਧਾਰਮਿਕ ਸਥਾਨ ਤੇ ਲਾਉਣ ਵਿੱਚ ਯਕੀਨ ਕਰਦਾ ਹੈ। ਮਨੁੱਖ ਨਾਲੋਂ ਗ੍ਰੰਥਾਂ, ਅਸਥਾਨਾਂ ਤੇ ਬੁੱਤਾਂ ਨੂੰ ਚੰਗਾ ਸਮਝਦਾ ਹੈ। ਆਪਣੇ ਧਰਮ ਤੇ ਜਾਤ ਦੇ ਲੋਕਾਂ ਨੂੰ ਤਰਜੀਹ ਦਿੰਦਾ ਹੈ। ਸ਼ੂਦਰਾਂ ਨੂੰ ਤਾਂ ਨੇੜੇ ਬਿਠਾਉਣ ਤੋਂ ਵੀ ਸੰਕੋਚ ਕਰਦਾ ਹੈ। ਧਾਰਮਿਕ ਵ੍ਰਿਤੀ ਭੰਗ ਕਰਨ ਵਾਲੇ ਮਨੁੱਖਾਂ ਦੀ ਤਾਂ ਚੰਗੀ ਲਾਹ-ਪਾਹ ਕਰਦਾ ਹੈ। ਕਈ ਵਿਅਕਤੀ, ਸਮਾਂ, ਦਿਨ ਉਸ ਲਈ ਅਸ਼ੁਭ ਹਨ।
4. ਭਗਤ ਰਾਮ ਜੀ ਤਿੰਨ ਹਜ਼ਾਰ ਸਾਲ ਪਹਿਲਾਂ ਲਿਖੇ ਵੇਦਾਂ, ਉਪਨਿਸ਼ਦਾਂ, ਗ੍ਰੰਥਾਂ ਨੂੰ ਬਗੈਰ ਅਮਲ ਕਰੇ ਪਾਠ ਕਰਦਾ ਹੈ। ਉਹਨਾਂ ਵਿੱਚ ਦਰਜ ਕਲਪਿਤ ਕਿੱਸਿਆਂ, ਕਹਾਣੀਆਂ ਦਾ ਪ੍ਰਚਾਰ ਆਪਣੇ ਨਜ਼ਦੀਕੀਆਂ ਵਿੱਚ ਕਰਦਾ ਹੈ।
5. ਅਣਹੋਂਦ ਵਾਲੀਆਂ ਚੀਜ਼ਾਂ ਭੂਤਾਂ, ਪ੍ਰੇਤਾਂ, ਆਤਮਾ, ਪ੍ਰਮਾਤਮਾ, ਸਵਰਗਾਂ, ਨਰਕਾਂ, ਜੂਨੀਆਂ ਵਿੱਚ ਯਕੀਨ ਕਰਦਾ ਹੈ। ਇਹਨਾਂ ਰਾਹੀਂ ਆਪਣੇ ਆਪ ਨੂੰ ਸਵਰਗ ਵਿੱਚ ਲਿਜਾਣ ਲਈ ਹਰ ਹੀਲਾ-ਵਸੀਲਾ ਕਰਦਾ ਹੈ। ਵਰਤ ਰੱਖਦਾ ਹੈ। ਨਰਕਾਂ ਤੋਂ ਡਰਦਾ ਹੈ, ਹੱਥ ਜੋੜਦਾ ਹੈ ਤੇ ਮਿੰਨਤਾਂ ਕਰਦਾ ਹੈ। ਸਵੈ-ਵਿਸ਼ਵਾਸ ਦੀ ਪੂਰਨ ਘਾਟ ਹੈ। ਯੋਜਨਾਬੰਦੀ ਨਾ ਕਰਨ ਕਰਕੇ 90% ਕੰਮਾਂ ਵਿੱਚ ਅਸਫਲ ਹੀ ਹੁੰਦਾ ਹੈ।
6. ਧਾਰਮਿਕ ਸਥਾਨਾਂ ਵਿੱਚ ਡੂੰਘੀ ਸ਼ਰਧਾ ਹੈ। ਇਸ ਲਈ ਉਥੋਂ ਦੇ ਤਲਾਅ ਦੇ ਗੰਦੇ ਪਾਣੀ ਨੂੰ ਅਮਰਿਤ ਸਮਝਦਾ ਹੈ ਤੇ ਇਸ਼ਨਾਨ ਕਰਦਾ ਹੈ। ਇਹ ਪਾਣੀ ਪੀਂਦਾ ਹੈ। ਠੰਡੀ ਤੇ ਬਾਸੀ ਪ੍ਰਸ਼ਾਦ ਨੂੰ ਵੀ ਅਥਾਹ ਸ਼ਰਧਾ ਨਾਲ ਛਕਦਾ ਹੈ। ਬਾਬਿਆਂ ਦੇ ਪੈਰ ਧੋ ਕੇ ਪੀਂਦਾ ਹੈ।
7. ਅਖੌਤੀ ਠੱਗ ਬਾਬਿਆਂ ਨੂੰ ਪਿਉ ਕਹਿੰਦਾ ਹੈ। ਉਹਨਾਂ ਦੇ ਜਨਮ ਦਿਨ ਮਨਾਉਂਦਾ ਹੈ। ਉਹਨਾਂ ਦੇ ਡੇਰਿਆਂ ਤੇ ਜਾ ਕੇ ਆਪਣੀ ਸਰੀਰਕ, ਆਰਥਿਕ ਤੇ ਮਾਨਸਿਕ ਲੁੱਟ ਕਰਵਾਉਂਦਾ ਹੈ।

Back To Top